“ਭਾਵੇਂ ਮੈਂਡਾ ਯਾਰ ਪਰਲੇ ਦਰਜੇ ਨਾ ਆਕੜ-ਫ਼ੂੰ ਤੇ ਬੇਪਰਵਾਹ ਅਹੀਆ, ਪਰ ਤੁਸਾਂ ਰਲ ਕੇ ...”
(7 ਮਈ 2026)
ਇਨਸਾਨੀ ਕਿਰਦਾਰ ਦੋਹਰੇ ਮਿਆਰ ਉਦੋਂ ਉੱਘੜ ਕੇ ਸਾਹਮਣੇ ਆਉਂਦੇ ਹਨ, ਜਦੋਂ ਕੋਈ ਸ਼ਖ਼ਸ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ। ਮੌਤ ਵਰਗੀ ਅਟੱਲ ਹਕੀਕਤ ਅੱਜ ਸਾਡੀ ਝੂਠੀ ਅਲਫ਼ਾਜ਼ੀ ਹੇਠ ਦੱਬ ਕੇ ਰਹਿ ਗਈ ਹੈ। ਅਸੀਂ ਵਿਛੋੜੇ ਦੀ ਉਸ ਸੰਜੀਦਾ ਘੜੀ ਵਿੱਚ ਨਿਮਰ ਹੋਣ ਦੀ ਬਜਾਏ, ਸੱਚ ਦੀ ਸੰਘੀ ਨੱਪਣ ਨੂੰ ਤਰਜੀਹ ਦਿੰਦੇ ਹਾਂ। ਅੰਨ੍ਹੇਵਾਹ ਅਪਣਾਏ ਇਸੇ ਕੂੜ-ਵਰਤਾਰੇ ਰਾਹੀਂ ਅਸੀਂ ਮੌਤ ਵਰਗੀ ਕਰੜੀ ਸਚਾਈ ਨੂੰ ਵੀ ਮਹਿਜ਼ ਇੱਕ ਲੋਕਾਚਾਰੀ ਵਾਲੇ ਢਕਵੰਜ ਵਿੱਚ ਬਦਲ ਦਿੱਤਾ ਹੈ।
ਸਾਡੇ ਮੌਜੂਦਾ ਧਾਰਮਿਕ ਅਤੇ ਸਮਾਜਿਕ ਤਾਣੇਬਾਣੇ ਵਿੱਚ ਇਹ ਦਿਖਾਵਾ ਇੰਨਾ ਕੁ ਪੁਖ਼ਤਾ ਹੋ ਚੁੱਕਾ ਹੈ ਕਿ ਹੁਣ ਅੰਤਿਮ ਅਰਦਾਸ ਜਾਂ ਰਸਮ ਉਠਾਲੇ ਵਰਗੇ ਸੰਜੀਦਾ ਮੌਕੇ ਨਾ ਤਾਂ ਵਿਛੜੀ ਰੂਹ ਪ੍ਰਤੀ ਕੋਈ ਸੱਚੀ ਸ਼ਰਧਾ ਜਤਾਉਣ ਦਾ ਵਸੀਲਾ ਰਹਿ ਗਏ ਹਨ ਅਤੇ ਨਾ ਹੀ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਉਣ ਦਾ ਜ਼ਰੀਆ। ਸਗੋਂ ਇਹ ‘ਸ਼ਰਧਾ ਦੇ ਫੁੱਲ’ ਭੇਟ ਕਰਨ ਦੇ ਨਾਂ ਹੇਠ ਜੀਵਨ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਘਾਣ ਕਰਕੇ ਝੂਠੀਆਂ ਸਿਫਤਾਂ ਦੇ ਇੱਕ ਅਜਿਹੇ ਅਡੰਬਰ ਦੀ ਸ਼ਕਲ ਅਖ਼ਤਿਆਰ ਕਰ ਚੁੱਕੇ ਹਨ, ਜਿੱਥੇ ਓੜਕ ਸੱਚ ਦੀ ਬਲੀ ਦੇਣਾ ਹੀ ਇੱਕ ‘ਸਮਾਜਿਕ ਦਸਤੂਰ’ ਹੋ ਨਿੱਬੜਿਆ ਹੈ।
ਇਹ ਵਾਕਿਆ 1985 ਦੇ ਆਸ-ਪਾਸ ਦਾ ਹੈ ਜਦੋਂ ਮੇਰੀ ਨਵੀਂ-ਨਵੀਂ ਸਰਕਾਰੀ ਨੌਕਰੀ ਲੱਗੀ ਸੀ। ਜ਼ਿੰਦਗੀ ਦੇ ਉਸ ਮੋੜ ’ਤੇ ਮੈਂ ਦੁਨੀਆਦਾਰੀ ਦੇ ਰੰਗਾਂ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਅਜੇ ਮਾੜਾ-ਮੋਟਾ ਸਮਝਣ ਹੀ ਲੱਗਿਆ ਸਾਂ। ਸਾਡੀਆਂ ਜੜ੍ਹਾਂ ਲਹਿੰਦੇ ਪੰਜਾਬ ਦੇ ਪੋਠੋਹਾਰੀ ਖ਼ਿੱਤੇ, ਜ਼ਿਲ੍ਹਾ ਕੈਂਬਲਪੁਰ ਦੇ ਪਿੰਡ ‘ਦੁੱਲਾ’ ਦੇ ਅਦਬੀ ਸੱਭਿਆਚਾਰ ਵਿੱਚ ਸਨ। ਭਾਵੇਂ ਸੰਤਾਲੀ ਦੀ ਵੰਡ ਦੇ ਕਹਿਰ ਨੇ ਸਾਡੇ ਵੱਡੇ-ਵਡੇਰਿਆਂ ਨੂੰ ਆਪਣੀ ਜਨਮ ਭੋਏਂ ਤੋਂ ਉਖੇੜ ਕੇ ਰੋਪੜ ਦੀ ਮਿੱਟੀ ਵਿੱਚ ਆ ਵਸਣ ਲਈ ਮਜਬੂਰ ਕਰ ਦਿੱਤਾ, ਪਰ ਸਾਡੇ ਵਿਹੜਿਆਂ ਵਿੱਚ ਉਸ ਸ਼ੀਰੀਂ ਬੋਲੀ ਦਾ ਨਿੱਘ ਅਤੇ ਵਿਛੜੀ ਮਿੱਟੀ ਦਾ ਮੋਹ ਉਵੇਂ ਹੀ ਜਿਊਂਦਾ ਰਿਹਾ।
ਪਰ ਇਹ ਸਾਡੀ ਬਦਨਸੀਬੀ ਨਹੀਂ ਤਾਂ ਹੋਰ ਕੀ ਸੀ ਕਿ ਜਿਨ੍ਹਾਂ ਨੇ ਵਤਨ ਦੀ ਖ਼ਾਤਰ ਆਪਣਾ ਸਭ ਕੁਝ ਉੱਧਰ ਵਾਰ ਕੇ ਉਸ ਕੁਲੱਛਣੇ ਉਜਾੜੇ ਨੂੰ ਆਪਣੇ ਪਿੰਡੇ ’ਤੇ ਹੰਢਾਇਆ, ਇੱਧਰਲੇ ਸਮਾਜ ਨੇ ਉਨ੍ਹਾਂ ਦੀ ਹੋਂਦ ਨੂੰ ‘ਸ਼ਰਣਾਰਥੀ’ ਜਾਂ ‘ਰਫਿਊਜੀ’ ਵਰਗੇ ਸੱਲਵੇ ਬੋਲਾਂ ਦੀ ਚੋਭ ਰਾਹੀਂ ਹਮੇਸ਼ਾ ਮਤਰੇਏ ਹੋਣ ਦਾ ਅਹਿਸਾਸ ਕਰਵਾਇਆ। ਇਹ ਬੋਲ ਕਿਸੇ ਨਿਸ਼ਤਰ ਵਾਂਗ ਰੂਹ ਵਿੱਚ ਉੱਤਰਦੇ ਸਨ, ਪਰ ਸਦਕੇ ਜਾਈਏ ਸਾਡੇ ਉਨ੍ਹਾਂ ਸਿਆਣਿਆਂ ਦੇ, ਜਿਨ੍ਹਾਂ ਨੇ ਅਜਿਹੀਆਂ ਮਾਨਸਿਕ ਸੱਟਾਂ ਦੇ ਬਾਵਜੂਦ ਉਸ ਪੋਠੋਹਾਰੀ ਤਹਿਜ਼ੀਬ ਅਤੇ ਵਿਰਾਸਤੀ ਸਾਂਝ ਨੂੰ ਅੰਤਲੇ ਸਵਾਸਾਂ ਤਕ ਬੜੇ ਸਿਦਕ ਨਾਲ ਨਿਭਾਇਆ।
ਸਾਡੇ ਰੋਮ-ਰੋਮ ਵਿੱਚ ਰਮੇ ਪੋਠੋਹਾਰੀ ਲਹਿਜੇ ਸਦਕਾ ਰਿਸ਼ਤਿਆਂ ਵਿੱਚ ਨਵੇਕਲੀ ਅਪਣੱਤ ਝਲਕਦੀ ਸੀ। ਅਸੀਂ ਦਾਦਾ ਜੀ ਨੂੰ ‘ਭਾਪਾ ਜੀ’, ਦਾਦੀ ਨੂੰ ‘ਭਾਬੀ ਜੀ’, ਪਿਤਾ ਜੀ ਨੂੰ ‘ਦਾਰ ਜੀ’ ਅਤੇ ਮਾਤਾ ਜੀ ਨੂੰ ‘ਬੀਜੀ’ ਕਹਿ ਕੇ ਬੁਲਾਉਂਦੇ ਸਾਂ। ਉਸ ਬੋਲੀ ਵਿੱਚ ‘ਮਾਊ-ਪਿਊ’ ਕਹਿਣ ਦੇ ਅੰਦਾਜ਼ ਵਿੱਚ ਜੋ ਸਤਿਕਾਰ ਸੀ, ਉਹ ਸ਼ਬਦਾਂ ਦੇ ਬਿਆਨ ਤੋਂ ਪਰੇ ਸੀ। ਅਦਬ ਦੀ ਮਿਸਾਲ ਸੀ ਕਿ ਭਣੋਈਏ ਨੂੰ ‘ਭਾਈਆ ਜੀ’ ਅਤੇ ਪਿਤਾ ਜੀ ਦੇ ਨਾਨੀ ਜੀ, ਜੋ ਉਸ ਵੇਲੇ ਸਾਡੇ ਸਿਰਾਂ ’ਤੇ ਸਲਾਮਤ ਸਨ, ਉਨ੍ਹਾਂ ਨੂੰ ‘ਬੇਜੀ’ ਸਦਦੇ ਸਾਂ। ‘ਭਿਰਾਊ’ ਤੇ ‘ਭੈਣੂੰ’ ਵਰਗੇ ਸ਼ਬਦਾਂ ਦੀ ਖੰਡ-ਮਿਸ਼ਰੀ ਵਰਗੀ ਮਿਠਾਸ ਅੱਜ ਦੇ ਮਸ਼ੀਨੀ ਦੌਰ ਵਿੱਚ ਵਿੱਸਰ ਹੀ ਗਈ ਜਾਪਦੀ ਹੈ।
ਵਕਤ ਦੀਆਂ ਗਰਦਿਸ਼ਾਂ ਨੇ ਭਾਵੇਂ ਸਾਥੋਂ ਸਾਡੀ ਸਰ-ਜ਼ਮੀਨ ਖੋਹ ਲਈ ਸੀ, ਪਰ ਰੂਹਾਂ ਵਿੱਚ ਵਸੀ ਰਿਸ਼ਤਿਆਂ ਦੀ ਪੁਖ਼ਤਗੀ ਨੂੰ ਉਹ ਮਧੋਲ ਨਾ ਸਕੀਆਂ। ਇੱਕ ਬੰਨੇ ਦੀਵਾਨ ਚੰਦ ਦੀ ਭਾਪਾ ਜੀ ਨਾਲ ਸਾਂਝ ਕੋਈ ਇਤਫ਼ਾਕੀਆ ਮੇਲ ਨਹੀਂ ਸੀ, ਸਗੋਂ ਦਿਲਾਂ ਦਾ ਉਹ ਰਾਬਤਾ ਸੀ ਜਿਸਦੀਆਂ ਜੜ੍ਹਾਂ ਪੋਠੋਹਾਰ ਦੀ ਪਾਕਿ ਮਿੱਟੀ ਵਿੱਚ ਬੜੀਆਂ ਡੂੰਘੀਆਂ ਸਨ। ਦੀਵਾਨ ਚੰਦ ਭਾਪਾ ਜੀ ਦੇ ਸਿਰਫ ਜਿਗਰੀ ਯਾਰ ਹੀ ਨਹੀਂ, ਸਗੋਂ ਸਾਡੇ ਵਿਹੜੇ ਦੇ ਅਜਿਹੇ ਜੀਅ ਸਨ, ਜੋ ਉਨ੍ਹਾਂ ਨੂੰ ਆਪਣੇ ਸਕੇ ਭਰਾਵਾਂ ਨਾਲੋਂ ਵੀ ਵੱਧ ਅਜ਼ੀਜ਼ ਸਨ। ਦੀਵਾਨ ਚੰਦ ਦਾ ਪਿਛੋਕੜ ਵੀ ਲਹਿੰਦੇ ਪੰਜਾਬ ਦੇ ਸਾਡੇ ਵਾਂਗ ਸੈਂਕੜੇ ਉਨ੍ਹਾਂ ਸਹਿਜਧਾਰੀ ਪਰਿਵਾਰਾਂ ਵਿੱਚੋਂ ਸੀ, ਜਿਨ੍ਹਾਂ ਲਈ ਗੁਰੂ-ਘਰ ਪ੍ਰਤੀ ਨਿਸ਼ਚਾ ਹੀ ਜੀਵਨ ਦੀ ਅਸਲੀ ਪੂੰਜੀ ਸੀ। ਉਨ੍ਹਾਂ ਦੇ ਘਰ ਦੀ ਆਬੋ-ਹਵਾ ਨਾਮ-ਬਾਣੀ ਦੇ ਰੰਗ ਵਿੱਚ ਰੰਗੀ ਰਹਿੰਦੀ। ਕਮੜਿਆਲ ਦੀ ਅਣਖੀਲੀ ਮਿੱਟੀ ਦੇ ਇਸ ਜੰਮਪਲ ਨੂੰ ਅਜਿਹੇ ਰੂਹਾਨੀ ਮਾਹੌਲ ਵਿੱਚੋਂ ਹੀ ਅੱਲ੍ਹੜ ਉਮਰੇ ਸੁਚੱਜੀ ਜਿਊਣ-ਜਾਚ ਅਤੇ ਭਾਣਾ ਮੰਨਣ ਦੀ ਗੁੜ੍ਹਤੀ ਮਿਲੀ ਸੀ। ਭਾਵੇਂ ਉਸਦੇ ਮਸਤ-ਮੌਲਾ ਅਤੇ ਅੱਖੜ ਸੁਭਾਅ ਨੇ ਇਸ ਰੂਹਾਨੀ ਅਸਰ ਨੂੰ ਉੱਕਾ ਹੀ ਨਹੀਂ ਸੀ ਕਬੂਲਿਆ, ਪਰ ਉਹ ਭਾਪਾ ਜੀ ਲਈ ਉੱਜੜ ਕੇ ਵਸਣ ਦੇ ਸਾਂਝੇ ‘ਦਰਦ-ਏ-ਆਲਮ’ ਦਾ ਸੱਚਾ ਹਮਰਾਜ਼ ਸੀ।
ਦੂਜੇ ਬੰਨੇ, ਭਾਪਾ ਜੀ ਸਾਡੇ ਪਰਿਵਾਰ ਦੇ ਅਜਿਹੇ ਸਰਬਰਾਹ (ਨੇਤਾ) ਸਨ, ਜਿਨ੍ਹਾਂ ਦੀ ਸ਼ਖ਼ਸੀਅਤ ਸਬਰ-ਸੰਤੋਖ ਅਤੇ ਗੁਰਸਿੱਖੀ ਅਸੂਲਾਂ ਨੂੰ ਪ੍ਰਣਾਏ ਅਟੁੱਟ ਨਿਸ਼ਚੇ ਦਾ ਅਜਿਹਾ ਸੁਮੇਲ ਸੀ ਕਿ ਦੇਸ਼ ਵੰਡ ਦੇ ਉਸ ਅਕਹਿ ਦੁਖਾਂਤ ਨੂੰ ਵੀ ਉਨ੍ਹਾਂ ‘ਰੱਬੀ ਭਾਣਾ’ ਮੰਨ ਕੇ ਖਿੜੇ-ਮੱਥੇ ਪ੍ਰਵਾਨ ਕੀਤਾ। ਉਹ ਤਾਂ ਅੱਠੇ ਪਹਿਰ ਨਾਮ-ਸਿਮਰਨ ਦੀ ਖ਼ੁਮਾਰੀ ਵਿੱਚ ਰੰਗੀ-ਰੱਤੀ ਅਜਿਹੀ ਰੂਹ ਸਨ ਜਿਸ ਸਦਕਾ ਉਨ੍ਹਾਂ ਬਿਖੜੇ ਸਮੇਂ ਦੀਆਂ ਤਮਾਮ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝੱਲਦਿਆਂ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਸਗੋਂ ਅਣਥੱਕ ਘਾਲਣਾ ਘਾਲਦਿਆਂ ਅਤੇ ਰੁੱਖੀ-ਮਿੱਸੀ ਖਾ ਕੇ ਗੁਜ਼ਰ-ਬਸਰ ਕੀਤਾ ਤੇ ਆਪਣੀ ਕਬੀਲਦਾਰੀ ਬਖੂਬੀ ਨਿਭਾਈ। ਉਨ੍ਹਾਂ ਦੀ ਫਿਤਰਤ ਵਿੱਚ ਨਾ ਤਾਂ ਕਿਸੇ ਦੀ ਝੂਠੀ ਖ਼ੁਸ਼ਾਮਦ ਸੀ ਅਤੇ ਨਾ ਹੀ ਗੱਲਾਂ ਵਿੱਚ ਕੋਈ ਵਲ਼-ਫੇਰ; ਉਹ ਤਾਂ ਹੱਕ-ਸੱਚ ਦੀ ਗੱਲ ਮੂੰਹ ’ਤੇ ਕਹਿਣ ਦੀ ਅਜਿਹੀ ਜੁਰਅਤ ਰੱਖਦੇ ਸਨ ਕਿ ਭਾਵੇਂ ਅਗਲੇ ਦੇ ਗਿੱਟੇ ਲੱਗੇ ਜਾਂ ਗੋਡੇ। ਇਸੇ ਅਕੀਦੇ ਦੀ ਜਿਊਂਦੀ-ਜਾਗਦੀ ਮਿਸਾਲ ਸੀ ਕਿ ਉਹ ਆਪਣੇ ਜੀਵਨ ਪੰਧ ਦੌਰਾਨ ਭਜਨ-ਬੰਦਗੀ ਤੋਂ ਇਲਾਵਾ ਸਿਦਕ ਅਤੇ ਗੁਰਮਤਿ ਮਰਯਾਦਾ ਦੇ ਧਾਰਨੀ ਰਹਿੰਦਿਆਂ ‘ਗਿਆਨ ਚੰਦ’ ਤੋਂ ‘ਗਿਆਨ ਸਿੰਘ’ ਸਜ ਗਏ ਅਤੇ ਲੋਕਾਂ ਦੇ ਮਨਾਂ ਵਿੱਚ ‘ਭਗਤ ਜੀ’ ਵਜੋਂ ਆਪਣੀ ਖ਼ਾਸ ਪਛਾਣ ਬਣਾ ਲਈ।
ਆਪਣੀ ਜ਼ਿੰਦਗੀ ਦਾ ਸਫਰ ਕੱਖਾਂ ਤੋਂ ਸ਼ੁਰੂ ਕਰਕੇ ਦੀਵਾਨ ਚੰਦ ਨੇ ਹੱਡ-ਭੰਨਵੀਂ ਮਿਹਨਤ ਸਦਕਾ ਰੋਪੜ ਵਿਖੇ ਸੀਮੈਂਟ-ਸਰੀਏ ਦੇ ਕਾਰੋਬਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਵਪਾਰ ਦੇ ਦਾਅ-ਪੇਚਾਂ ਵਿੱਚ ਮਾਹਿਰ ਹੋਣ ਕਰਕੇ ਉਸਨੇ ਅਜਿਹਾ ਨਾਮਣਾ ਖੱਟਿਆ ਕਿ ਉਹ ਆਪਣੀ ਕਾਮਯਾਬੀ ਦਾ ਸਾਰਾ ਸਿਹਰਾ ਸਿਰਫ ਆਪਣੀ ਘਾਲਣਾ ਸਿਰ ਹੀ ਬੰਨ੍ਹਦਾ। ਉਹ ਹਮੇਸ਼ਾ ਸੂਖਮ ਹਉਮੈਂ ਨਾਲ ਭਰੀ ਇਹੀ ਹੇਕ ਲਾਉਂਦਾ- “ਹਿਹ ਮੈਂਡੀ ਘੱਲੀ ਦਿਨ-ਰਾਤੈਂ ਨਹੀਂ ਡਾਢੀ ਮੁਸ਼ੱਕਤ ਨਾ ਹੀ ਨਤੀਜਾ ਅਹੀਆ! ਹਿਸ ਵਿੱਚ ਕਿਸੈ ਹੋਰਨੈ ਨਾ ਕਾਈ ਹੱਥ ਨੱਹੀਂਉ!” ਉਸਦੀ ਖ਼ੁਦ ਪ੍ਰਸਤੀ ਇਸ ਕਦਰ ਵਧ ਚੁੱਕੀ ਸੀ ਕਿ ਉਹ ਆਪਣੀ ਪ੍ਰਾਪਤੀ ਵਿੱਚੋਂ ‘ਰੱਬੀ ਰਹਿਮਤ’ ਨੂੰ ਵੀ ਮਨਫ਼ੀ ਕਰੀ ਬੈਠਾ ਸੀ। ਉਹ ਸ਼ੁਕਰਾਨੇ ਦੀ ਬਜਾਏ ਆਪਣੀ ਖੂਨ-ਪਸੀਨੇ ਦੀ ਕਮਾਈ ਨੂੰ ਮਹਿਜ਼ ਇੱਕ ਨਿੱਜੀ ‘ਮਿਹਨਤਨਾਮਾ’ ਮੰਨਣ ਦੀ ਹਿਮਾਕਤ ਕਰ ਬੈਠਦਾ।
ਜੇ ਕਦੇ ਕਦਾਈਂ ਭਾਪਾ ਜੀ ਨੇ ਉਸ ਨੂੰ ਆਖਣਾ, “ਭਿਰਾਵਾ, ਵਾਹਿਗੁਰੂ ਨਾ ਸ਼ੁਕਰਾਨਾ ਕੀਤਾ ਕਰ... ਘੱਟੋ-ਘੱਟ ਮੱਸਿਆ-ਸੰਗਰਾਂਦ ਆਲੇ ਦਿਹਾੜੇ ਹੀ ਗੁਰਦੁਆਰੇ ਵੰਜ ਕੇ ਮੱਥਾ ਟੇਕ ਘਿਧਾ ਕਰ” ਤਾਂ ਉਸਨੇ ਬੜੀ ਬੇਪਰਵਾਹੀ ਨਾਲ ਹੱਸ ਕੇ ਕਹਿਣਾ, “ਹਿਹ ਸਭ ਕੁਝ ਕਰਨੈ ਜੋਗਾ ਤੂੰ ਅਹੀਐ ਨਾ ਮੈਂਡਾ ਭਿਰਾ... ਤੂੰ ਹੀ ਟੇਕ ਘਿਧਾ ਕਰ ਮੱਥਾ, ਤੇ ਨਾਲੇ ਕਰਿ ਛੋੜਿਆ ਕਰ ਮੈਂਡੇ ਵੰਡੇ ਨਾ ਸ਼ੁਕਰਾਨਾ!”
ਇਸਦੇ ਉਲਟ ਸਾਡੇ ਭਾਪਾ ਜੀ ਨੇ ਕਿਸੇ ਦੁਨਿਆਵੀ ਸਹਾਰੇ ਦੀ ਬਜਾਏ ਗੁਰੂ ਚਰਨਾਂ ਦੀ ਓਟ ਲੈ ਕੇ ਬੇਕਰੀ ਦੀ ਹੱਟੀ ਪਾਈ। ਆਪਣੀ ਨੇਕ-ਨੀਅਤੀ ਅਤੇ ਸਿਦਕ ਸਦਕਾ ਉਨ੍ਹਾਂ ਨੇ ਇਸ ਕੰਮ ਨੂੰ ਕਾਮਯਾਬੀ ਦੀ ਉਸ ਟੀਸੀ ’ਤੇ ਪਹੁੰਚਾਇਆ, ਜਿਸਦੀ ਬੁਨਿਆਦ ਸਿਰਫ ਮੁਨਾਫ਼ਾ ਨਹੀਂ ਸਗੋਂ ਸੱਚਾ-ਸੁੱਚਾ ਕਿਰਦਾਰ ਸੀ। ਭਾਪਾ ਜੀ ਦੀ ਰਸਨਾ ’ਤੇ ਹਮੇਸ਼ਾ ਇੱਕੋ ਅਰਜੋਈ ਹੁੰਦੀ- “ਮਿਹਨਤ ਮੈਂਡੀ, ਰਹਿਮਤ ਤੈਂਡੀ!”
ਪਰ ਉਹ ਤਾਂ ਜਵਾਨੀ ਦੀਆਂ ਬਰੂਹਾਂ ’ਤੇ ਪੈਰ ਧਰਦਿਆਂ ਹੀ ਆਪਣੀ ਧੁਨ ਵਿੱਚ ਮਸਤ ਰਹਿਣ ਵਾਲਾ ਇੱਕ ਅੱਲ੍ਹੜ-ਬੇਪਰਵਾਹ ਜੀਅ ਹੋ ਨਿਕਲਿਆ। ਉਹ ਨਿਰਾ ਰੰਗੀਲਾ ਤੇ ਮਨ-ਮੌਜੀ ਸੀ; ਸੁਣਦਾ ਸਭ ਦੀ, ਪਰ ਕਰਦਾ ਹਮੇਸ਼ਾ ਆਪਣੇ ਚਿੱਤ ਦੀ। ਉਹਦਾ ਤਾਂ ਉਹੀ ਹਾਲ ਸੀ ਕਿ ਪੰਚਾਂ ਦਾ ਕਿਹਾ ਸਿਰ-ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ। ਆਪਣੇ ਸੰਗੀ-ਸਾਥੀਆਂ ਦੀ ਰੌਣਕ ਵਿੱਚ ਗੁਆਚਿਆ ਰਹਿਣ ਵਾਲਾ ਉਹ ਅਜਿਹਾ ਅਲਬੇਲਾ ਜੀਅ ਸੀ, ਜਿਸ ’ਤੇ ਪੋਠੋਹਾਰੀ ਅਖਾਣ - ਭੈੜੇ ਭੈੜੇ ਯਾਰ ਮੈਂਡੀ ਫਤੋ ਨੇ - ਸੋਲਾਂ ਆਨੇ ਖ਼ਰਾ ਉੱਤਰਦਾ। ਉਸਦੀ ਚੰਡਾਲ ਚੌਕੜੀ ਦੀ ਸੋਹਬਤ ਉਹਦੇ ਅਵੈੜੇ ਮਿਜ਼ਾਜ ਨੂੰ ਹੋਰ ਸ਼ਹਿ ਦਿੰਦੀ। ਆਪਣੀ ਹੀ ਰੂਹ ਦੇ ਹੁਲਾਰੇ ਵਿੱਚ ਫੈਸਲੇ ਲੈਣ ਵਾਲੇ ਇਸ ਬੰਦੇ ਦੇ ਸੁਭਾਅ ਵਿੱਚ ਅਜਿਹੀ ਬੇਮੁਹਾਰ ਖੁੱਲ੍ਹ ਸੀ ਕਿ ਉਹ ਆਪਣੀ ਮਰਜ਼ੀ ਦਾ ਆਪ ਹੀ ਸ਼ਾਹ-ਅਸਵਾਰ ਸੀ!
ਅੱਜ ਵੀ ਮੇਰੇ ਚੇਤਿਆਂ ਵਿੱਚ ਰੋਪੜ ਦੇ ਘਰ ਤੋਂ ਫਰਲਾਂਗ ਕੁ ਦੀ ਵਿੱਥ ’ਤੇ, ਸਰਹੰਦ ਨਹਿਰ ਦੇ ਸੱਜੇ ਪਾਸੇ ਟਿੱਬੀ ਉੱਤੇ ਸੁਸ਼ੋਭਿਤ ਉਸ ਰਮਣੀਕ ਗੁਰਦੁਆਰਾ ਸਾਹਿਬ ਦਾ ਮੰਜ਼ਰ ਉਵੇਂ ਹੀ ਉੱਕਰਿਆ ਹੋਇਆ ਹੈ। ਇਹ ਪਵਿੱਤਰ ਅਸਥਾਨ ਸਾਡੇ ਆਂਢ-ਗੁਆਂਢ ਵਿੱਚ ਸਰਬ-ਸਾਂਝੀਵਾਲਤਾ ਦਾ ਅਜਿਹਾ ਸੋਮਾ ਸੀ, ਜਿੱਥੇ ਲੋਕ ਜਾਤਾਂ-ਪਾਤਾਂ ਅਤੇ ਮਜ਼੍ਹਬਾਂ ਦੇ ਵਖਰੇਵਿਆਂ ਨੂੰ ਭੁਲਾ ਕੇ ਸਵੇਰੇ-ਆਥਣੇ ਬੜੀ ਅਥਾਹ ਸ਼ਰਧਾ ਨਾਲ ਨਤਮਸਤਕ ਹੁੰਦੇ। ਦੀਵਾਨ ਚੰਦ ਦੇ ਵਡੇਰਿਆਂ ਦੀ ਗੁਰੂ ਘਰ ਪ੍ਰਤੀ ਅਟੱਲ ਆਸਥਾ ਅਤੇ ਸਾਡੇ ਦੋਵਾਂ ਪਰਿਵਾਰਾਂ ਦੀ ਪੀਡੀ ਲਿਹਾਜ਼ਦਾਰੀ ਸਦਕਾ ਹੀ ਉਨ੍ਹਾਂ ਦੇ ਅੰਤਿਮ ਸਫਰ ਦੀ ਅਰਦਾਸ ਲਈ ਇਸੇ ਮੁਕੱਦਸ ਥਾਂ ਨੂੰ ਚੁਣਿਆ ਗਿਆ। ਭਾਵੇਂ ਉਹ ਸਾਰੀ ਉਮਰ ਅਜਿਹੀਆਂ ਦੁਨਿਆਵੀ ਰਸਮਾਂ ਅਤੇ ਬੰਧਨਾਂ ਨੂੰ ਟਿੱਚ ਜਾਣ ਕੇ ਆਪਣੀ ਹੀ ਮੌਜ ਵਿੱਚ ਵਿਚਰਦਾ ਰਿਹਾ, ਪਰ ਪੁਰਖਿਆਂ ਦੇ ਪਾਏ ਸੱਭਿਆਚਾਰਕ ਪੂਰਨਿਆਂ ਅਤੇ ਸਾਡੇ ਨਹੁੰ-ਮਾਸ ਦੇ ਰਿਸ਼ਤੇ ਨੇ ਉਸਦੀ ਇਸ ਅੰਤਿਮ ਵਿਦਾਇਗੀ ਨੂੰ ਇੱਕ ਸਾਂਝਾ ਫਰਜ਼ ਬਣਾ ਦਿੱਤਾ ਸੀ।
ਇਸੇ ਦੌਰਾਨ ਰਾਗੀ ਸਿੰਘਾਂ ਵੱਲੋਂ ਜਦੋਂ ‘ਧੁਰ ਕੀ ਬਾਣੀ’ ਦਾ ਰਸਭਿੰਨਾ ਕੀਰਤਨ-ਪ੍ਰਵਾਹ ਚੱਲਿਆ ਤਾਂ ਸਮੁੱਚੀ ਫਿਜ਼ਾ ਵਿੱਚ ਇੱਕ ਅਲੌਕਿਕ ਵਿਸਮਾਦ ਪਸਰ ਗਿਆ। ਇਲਾਹੀ ਸੁਰਾਂ ਵਿੱਚ ਜਦੋਂ ‘ਜੋ ਉਪਜਿਓ ਸੋ ਬਿਨਸਿ ਹੈ ...’, ‘ਜੋ ਆਇਆ ਸੋ ਚਲਸੀ...’ ਅਤੇ ‘ਸਜਣ ਮੇਰੇ ਰੰਗੁਲੇ...’ ਵਰਗੇ ਵੈਰਾਗਮਈ ਸ਼ਬਦ ਗੂੰਜੇ ਤਾਂ ਮਨੁੱਖੀ ਮਨ ਸੰਸਾਰਕ ਮੋਹ ਦੀ ਪਕੜ ਛੱਡ ਕੇ ਉਸ ‘ਪਰਮ-ਸੱਚ’ ਦੇ ਸਨਮੁਖ ਹੋਣ ਲੱਗਾ। ਇਸ ਉਪਰੰਤ ਜਦੋਂ ਤਾਬਿਆ ਵਿੱਚ ਬੈਠੇ ਗ੍ਰੰਥੀ ਸਿੰਘ ਨੇ ਪਾਵਨ ਹੁਕਮਨਾਮੇ- ‘ਜੋ ਨਰੁ ਦੁੱਖ ਮੈਂ ਦੁਖੁ ਨਹੀਂ ਮਾਨੈ’ - ਦੀ ਕਥਾ-ਵਿਚਾਰ ਰਾਹੀਂ ਜੀਵਨ ਦੀ ਨਿਮਖ-ਭਰ ਹੋਂਦ ਦਾ ਚਿੱਤਰ ਉਲੀਕਿਆ ਤਾਂ ਵੈਰਾਗੀ ਹਿਰਦੇ ਅਕਾਲ ਪੁਰਖ ਦੇ ਭਾਣੇ ਵਿੱਚ ਪਰੁੱਚ ਕੇ ਅੰਦਰੋਂ ਝੰਜੋੜੇ ਗਏ।
ਅੰਤਿਮ ਅਰਦਾਸ ਪਿੱਛੋਂ ਜਿਵੇਂ ਹੀ ਸ਼ਰਧਾਂਜਲੀਆਂ ਦਾ ਦੁਨਿਆਵੀ ਸਿਲਸਿਲਾ ਤੁਰਿਆ ਤਾਂ ਗੁਰਦੁਆਰਾ ਕਮੇਟੀ ਦੇ ਸਕੱਤਰ ਨੇ ਇੱਕ ਪਾਸੇ ਪਏ ਮਾਈਕ ਸਟੈਂਡ ਨੂੰ ਸੰਭਾਲਦਿਆਂ ਇੱਕ ਨਿਮਾਣੇ ਸੇਵਾਦਾਰ ਵਾਲੀ ਰਸਮੀ ਨਿਮਰਤਾ ਸਹਿਤ ਬੋਲਣਾ ਅਰੰਭਿਆ- “ਸਾਧ ਸੰਗਤ ਜੀ, ਗੁਰਬਾਣੀ ਦੇ ਮਹਾਂਵਾਕ- ‘ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥ ਘਲੇ ਆਵਹਿ ਨਾਨਕਾ ਸਦੇ ਉੱਠੀ ਜਾਹਿ॥’- ਮੁਤਾਬਿਕ ਗੁਰੂ-ਘਰ ਦੇ ਪ੍ਰੀਤਵਾਨ ਅਤੇ ਸਾਡੇ ਸਤਿਕਾਰਯੋਗ ਭਗਤ ਜੀ ਦੇ ਸਕੇ ਭਰਾਵਾਂ ਵਰਗੇ ਮਿੱਤਰ, ਬਾਊ ਦੀਵਾਨ ਚੰਦ ਜੀ ਸਭਨਾਂ ਨੂੰ ਅਸਹਿ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਹਨ। ਸਮੁੱਚੀ ਸੰਗਤ ਵੱਲੋਂ ਗੁਰੂ-ਚਰਨਾਂ ਵਿੱਚ ਇਹੀ ਅਰਦਾਸ-ਜੋਦੜੀ ਹੈ ਕਿ ਅਕਾਲ ਪੁਰਖ ਦੀਵਾਨ ਚੰਦ ਜੀ ਵੱਲੋਂ ਇਸ ਮਾਤ-ਲੋਕ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ-ਚੁੱਕਾਂ ਨੂੰ ਅਣਡਿੱਠ ਕਰਦਿਆਂ, ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”
ਦੀਵਾਨ ਚੰਦ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੱਤਰ ਨੇ ਮੁਲੰਮੇਦਾਰ ਵਡਿਆਈ ਦੀ ਉਸ ਰਵਾਇਤੀ ਮੁਹਾਰਨੀ ਦੀ ਅੱਤ ਹੀ ਕਰ ਦਿੱਤੀ, ਜਦੋਂ ਉਸਨੇ ਆਖਿਆ- “ਸਾਧ ਸੰਗਤ ਜੀ, ਦੀਵਾਨ ਚੰਦ ਜੀ ਗੁਰੂ-ਮੋਹ ਵਿੱਚ ਭਿੱਜੀ ਅਜਿਹੀ ਰੂਹ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖੀ ਸੇਵਾ ਅਤੇ ਪਰਉਪਕਾਰ ਦੇ ਲੇਖੇ ਲਾਇਆ।” ਭਾਵੇਂ ਉਹ ਇਹ ਸਭ ਕੁਝ ਭਾਪਾ ਜੀ ਦੇ ਮੂੰਹ-ਮੁਲਾਹਜ਼ੇ ਅਤੇ ਪਰਿਵਾਰਕ ਸਾਂਝ ਕਰਕੇ ਹੀ ਆਖ ਰਿਹਾ ਸੀ, ਪਰ ਬਾਹਰ ਹੋਈ ਗੂੜ੍ਹੀ ਬੱਦਲਵਾਈ ਨੂੰ ਦੇਖਦਿਆਂ ਉਸਨੇ ਛੇਤੀ ਹੀ ਗੱਲ ਸਮੇਟਣੀ ਚਾਹੀ- “ਬਹਰਹਾਲ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ ਕਿਉਂਕਿ ਮੌਸਮ ਸਾਜ਼ਗਾਰ ਨਹੀਂ ਲੱਗ ਰਿਹਾ। ਮੈਨੂੰ ਡਰ ਹੈ ਕਿ ਕਿਤੇ ਇਹ ਮੀਂਹ-ਕਣੀ ਦੂਰੋਂ-ਨੇੜਿਓਂ ਆਈ ਸੰਗਤ ਲਈ ਘਰ ਪਰਤਦਿਆਂ ਕੋਈ ਦਿੱਕਤ ਨਾ ਖੜ੍ਹੀ ਕਰ ਦੇਵੇ। ਬੋਲਣ ਵਾਲੇ ਸੱਜਣਾਂ ਦੀ ਸੂਚੀ ਤਾਂ ਕਾਫ਼ੀ ਲੰਮੀ ਹੈ ਪਰ ਵਕਤ ਦੀ ਘਾਟ ਕਰਕੇ ਜਿਨ੍ਹਾਂ ਨੂੰ ਮੈਂ ਮੌਕਾ ਨਹੀਂ ਦੇ ਸਕਿਆ, ਉਨ੍ਹਾਂ ਤੋਂ ਮੈਂ ਮੁਆਫ਼ੀ ਚਾਹੁੰਦਾ ਹਾਂ। ਹੁਣ ਮੈਂ ਪਰਿਵਾਰ ਦੇ ਸਿਰਫ ਪੰਜ-ਸੱਤ ਨਜ਼ਦੀਕੀ ਜੀਆਂ ਨੂੰ ਹੀ ਬੇਨਤੀ ਕਰਾਂਗਾ ਕਿ ਉਹ ਦੋ-ਦੋ ਮਿੰਟਾਂ ਵਿੱਚ ਆਪਣੀ ਗੱਲ ਸੰਖੇਪ ਵਿੱਚ ਸਾਂਝੀ ਕਰਨ।”
ਸਕੱਤਰ ਦੇ ਇਨ੍ਹਾਂ ਬੋਲਾਂ ਤੋਂ ਬਾਅਦ ਜਿਵੇਂ ਹੀ ਬੁਲਾਰਿਆਂ ਦਾ ਸਿਲਸਿਲਾ ਤੁਰਿਆ, ਹਰ ਕੋਈ ਦੋ ਮਿੰਟ ਦੀ ਮੁਹਲਤ ਮੰਗ ਕੇ ਮਾਈਕ ਫੜਦਾ, ਪਰ ਸਪੀਕਰ ਦੀ ਧਮਕ ਸੁਣਦਿਆਂ ਹੀ ਵਕਤ ਦੀ ਪਾਬੰਦੀ ਵਿਸਾਰ ਕੇ ਆਪਣੀ ਹੀ ਰਾਗਣੀ ਵਿੱਚ ਗੁਆਚ ਜਾਂਦਾ। ਕੋਈ ਦੀਵਾਨ ਚੰਦ ਦੀ ‘ਦਰਵੇਸ਼ੀ’ ਦੇ ਬਹਾਨੇ ਸਵੈ ਵਡਿਆਈ ਦੇ ਪੁਲ ਬੰਨ੍ਹਦਾ, ਕੋਈ ਉਨ੍ਹਾਂ ਦੀ ਸਮਾਜ-ਸੇਵਾ ਦਾ ਹਵਾਲਾ ਦੇ ਕੇ ਆਪਣੇ ਸਿਆਸੀ ਰਸੂਖ਼ ਦਾ ਮੁਜ਼ਾਹਰਾ ਕਰ ਜਾਂਦਾ। ਸਕੱਤਰ ਵੱਲੋਂ ਵਾਰ-ਵਾਰ ਟੋਕਣ ਦੇ ਬਾਵਜੂਦ ਬੋਲਣ ਵਾਲਿਆਂ ਦੀ ਇਹ ‘ਨੁਮਾਇਸ਼ੀ ਉਪਮਾ’ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਇਸ ਮਾਹੌਲ ਵਿੱਚ ਸ਼ਰਧਾਂਜਲੀਆਂ ਦੇ ਮੁਲੰਮੇ ਹੇਠ ਸਿਫਤਾਂ ਦੇ ਉਹ ਸੋਹਲੇ ਗਾਏ ਜਾ ਰਹੇ ਸਨ, ਜਿਨ੍ਹਾਂ ਦਾ ਹਕੀਕਤ ਨਾਲ ਦੂਰ ਦਾ ਵਾਸਤਾ ਨਹੀਂ ਸੀ। ਕੋਈ ਉਨ੍ਹਾਂ ਨੂੰ ‘ਕਰਮ-ਯੋਗੀ’ ਗਰਦਾਨ ਰਿਹਾ ਸੀ, ਕੋਈ ‘ਗਰੀਬਾਂ ਦਾ ਮਸੀਹਾ’ ਅਤੇ ਕਿਸੇ ਨੇ ਤਾਂ ਉਨ੍ਹਾਂ ਨੂੰ ‘ਬ੍ਰਹਮ-ਗਿਆਨੀ’ ਆਖ ਕੇ ਅਸਮਾਨ ਨੂੰ ਟਾਕੀ ਲਾਉਣ ਵਾਲਾ ਹੀ ਕੰਮ ਕਰ ਦਿੱਤਾ। ਜਦੋਂ ਕੋਈ ਨਾਮ-ਨਿਹਾਦ ਸੱਜਣ ਦੀਵਾਨ ਚੰਦ ਨੂੰ ‘ਯੁੱਗ-ਪੁਰਸ਼’ ਐਲਾਨਦਿਆਂ ਉਨ੍ਹਾਂ ਦੇ ਸਦਾਚਾਰਕ ਜੀਵਨ ਦੀਆਂ ਅਜਿਹੀਆਂ ਅਣਹੋਣੀਆਂ ਮਿਸਾਲਾਂ ਦੇਣ ਲੱਗਾ, ਜੋ ਸ਼ਾਇਦ ਜਿਊਂਦੇ ਜੀ ਖ਼ੁਦ ਦੀਵਾਨ ਚੰਦ ਨੇ ਵੀ ਕਦੇ ਨਹੀਂ ਸਨ ਸੁਣੀਆਂ, ਤਾਂ ਜਾਪਦਾ ਸੀ ਜਿਵੇਂ ਖੁਸ਼ਾਮਦੀ ਲਫਜ਼ਾਂ ਨੇ ਸਾਰੀਆਂ ਹੱਦਾਂ ਮੇਟ ਦਿੱਤੀਆਂ ਹੋਣ।
ਇਸ ਪਾਕ-ਪਵਿੱਤਰ ਅਸਥਾਨ ਦੇ ਇਲਾਹੀ ਅਤੇ ਰੂਹਾਨੀ ਮਾਹੌਲ ਵਿੱਚ, ਜਿੱਥੇ ਪਰਦਾ-ਪੋਸ਼ੀ ਤੋਂ ਗੁਰੇਜ਼ ਕਰਦਿਆਂ ਸਿਰਫ ਸੱਚ ਦਾ ਹੋਕਾ ਗੂੰਜਣਾ ਚਾਹੀਦਾ ਸੀ, ਉੱਥੇ ਝੂਠੀ ਵਡਿਆਈ ਅਤੇ ਲੱਲਿਆਂ-ਭੱਭਿਆਂ ਦਾ ਸ਼ਬਦ-ਅਡੰਬਰ ਰਚਿਆ ਜਾਵੇਗਾ, ਇਹ ਭਾਪਾ ਜੀ ਦੇ ਚਿੱਤ-ਚੇਤੇ ਵੀ ਨਹੀਂ ਸੀ। ਉੱਥੇ ਪੜ੍ਹੇ ਜਾ ਰਹੇ ਇਹ ‘ਸਿਫਤਾਂ ਦੇ ਕਸੀਦੇ’ ਉਨ੍ਹਾਂ ਦੇ ਮਨ ਨੂੰ ਧੁਰ ਅੰਦਰੋਂ ‘ਧੂਹ’ ਪਾ ਰਹੇ ਸਨ। ਉਹ ਇਸ ਸਭ ਕਾਸੇ ਤੋਂ ਅੰਦਰੋ-ਅੰਦਰੀ ਲੂਹੇ ਜਾ ਰਹੇ ਸਨ ਕਿ ਅਕਾਲ ਚਲਾਣਾ ਕਰ ਗਏ ਉਸ ਸ਼ਖ਼ਸ ਦੇ ਅਖੌਤੀ ਗੁਣਾਂ ਦੀਆਂ ਖੋਖਲੀਆਂ ਮੀਨਾਰਾਂ ਉਸਾਰੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਚਿਹਰੇ ਦੀ ਸੰਜੀਦਗੀ ਹੁਣ ਇੱਕ ‘ਜਲਾਲੀ ਰੋਹ’ ਵਿੱਚ ਬਦਲ ਚੁੱਕੀ ਸੀ। ਅਖ਼ੀਰ ਜਦੋਂ ਸਬਰ ਦੀ ਇੰਤਹਾ ਹੋ ਗਈ ਤਾਂ ਲੋਹੇ-ਲਾਖੇ ਹੋਏ ਭਾਪਾ ਜੀ ਆਪ-ਮੁਹਾਰੇ ਉੱਠੇ ਅਤੇ ਸਕੱਤਰ ਦੇ ਹੱਥੋਂ ਮਾਈਕ ਖੋਹ ਲਿਆ।
ਭਾਪਾ ਜੀ ਦੇ ਇਸ ਦਲੇਰਾਨਾ ਕਦਮ ਨਾਲ ਉੱਥੇ ਅਜਿਹੀ ਸੁੰਨ-ਮਸੁੰਨ ਪਸਰ ਗਈ ਕਿ ਸਾਹਾਂ ਦੀ ਆਵਾਜ਼ ਵੀ ਸਾਫ ਸੁਣਾਈ ਦੇ ਰਹੀ ਸੀ। ਜੁੜੀ ਹੋਈ ਸੰਗਤ ਡੌਰ-ਭੌਰ ਸੀ ਕਿ ਹੁਣ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਕਿਸੇ ਰਸਮੀ ਭੂਮਿਕਾ ਦੀ ਪਰਵਾਹ ਕੀਤੇ ਬਿਨਾਂ ਆਪਣੇ ਉਸ ਠੇਠ ਪੋਠੋਹਾਰੀ ਲਹਿਜੇ ਵਿੱਚ ਸੱਚ ਦੀ ਪੈਰਵੀ ਲਈ ਅਜਿਹਾ ‘ਹਾਅ ਦਾ ਨਾਅਰਾ’ ਮਾਰਿਆ, ਜਿਸਨੇ ਅਖੌਤੀ ਸ਼ਰਧਾਂਜਲੀਆਂ ਦੀ ਥੋਥੀ ਅਲਫ਼ਾਜ਼ੀ ਦੇ ਗੁਬਾਰੇ ਵਿੱਚ ਸੂਈ ਮਾਰਦਿਆਂ ਪਲਾਂ ਵਿੱਚ ਹੀ ਸਭ ਦੇ ਪਾਜ ਉਘੇੜ ਦਿੱਤੇ।
ਉਨ੍ਹਾਂ ਨੇ ਆਪਣੇ ਹਿਰਦੇ ਦੀ ਪੀੜ ਸਾਂਝੀ ਕਰਦਿਆਂ ਬੜੀ ਸੰਜੀਦਗੀ ਨਾਲ ਆਖਿਆ ਕਿ ਵਿਛੜੀ ਰੂਹ ਦੀ ਪਰਥਾਏ ਸਤਿਗੁਰਾਂ ਦੀ ਹਜ਼ੂਰੀ ਵਿੱਚ ਅੰਤਿਮ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਬਾਅਦ ਕਿਸੇ ਵੀ ਦੁਨਿਆਵੀ ਸ਼ਰਧਾਂਜਲੀ ਦੀ ਕੋਈ ਲੋੜ ਨਹੀਂ ਰਹਿ ਜਾਂਦੀ; ਕਿਉਂਕਿ ਅੰਤਰਜਾਮੀ ਗੁਰੂ ਤਾਂ ਆਪ ਹੀ ਘਟ-ਘਟ ਦੀ ਜਾਣਨਹਾਰ ਹੈ। ਅਜਿਹਾ ਕਰਨਾ ਗੁਰਮਤਿ ਮਰਯਾਦਾ ਦਾ ਘੋਰ ਨਿਰਾਦਰ ਹੀ ਨਹੀਂ, ਸਗੋਂ ਸਰਾਸਰ ਮਨਮਤ ਹੈ। ਵੱਧ ਤੋਂ ਵੱਧ ਜੇ ਕੁਝ ਕੀਤਾ ਜਾ ਸਕਦਾ ਹੈ, ਉਹ ਹੈ ਇਸ ਵੈਰਾਗਮਈ ਘੜੀ ਵਿੱਚ ਸਿਰਫ ਪਰਿਵਾਰ ਦੇ ਕਿਸੇ ਜੀਅ ਜਾਂ ਅਤਿ ਨਜ਼ਦੀਕੀ ਸਨੇਹੀ ਵੱਲੋਂ ਹਾਜ਼ਰ ਹੋਈ ਸੰਗਤ ਦਾ ਸ਼ੁਕਰਾਨਾ ਕਰਨਾ; ਇਸ ਤੋਂ ਇਲਾਵਾ ਹੋਰ ਕੁਝ ਵੀ ਕਰਨਾ ਮਹਿਜ਼ ਪਖੰਡ ਅਤੇ ਕਰਮ ਕਾਂਡ ਹੈ।
ਭਾਪਾ ਜੀ ਨੇ ਸੰਗਤ ਵਿਚਲੀ ਓਪਰੀ ਖ਼ਾਮੋਸ਼ੀ ਨੂੰ ਤੋੜਦਿਆਂ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੱਚ ਦਾ ਪਹਿਰਾ ਦੇਣ ਲਈ ਕੁਝ ਇਸ ਤਰ੍ਹਾਂ ਫਤਿਹ ਦੀ ਗੁੰਜਾਰ ਪਾਈ:
“ਧਨ-ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੀ ਨਿੱਘੀ ਗੋਦ ਵਿੱਚ ਸਾਜੀ-ਨਿਵਾਜ਼ੀ ਗੁਰੂ-ਰੂਪੀ ਸਾਧ ਸੰਗਤ ਜੀਓ, ਗੱਜ-ਵੱਜ ਕੇ ਫਤਿਹ ਨੀ ਸਾਂਝ ਪਾਵਣਾ ਜੀ, ਹਿੱਕ ਵੀ ਰਸਨਾ ਖਾਲੀ ਨਾ ਰਹਿ ਵੰਝੇ- ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।’
ਮੈਂਡੇ ਆਦਰਾਂ ਜੋਗੇ ਮਾਈਓ, ਭਾਈਓ ਤੇ ਬਜ਼ੁਰਗੋ... ਤੁਸਾਂ ਸਾਰਿਆਂ ਨਾ ਮੈਂ ਦਿਲੇ ਨੀਆਂ ਡੂੰਘਾਈਆਂ ਤੋਂ ਬਹੂੰ ਮਸ਼ਕੂਰ ਥੀਨਾਂ ਕਿ ਆਪਣੇ ਕੰਮ-ਧੰਦੇ ਵਿਚੈ ਛੋੜ ਕੇ ਮੈਂਡੇ ਭਿਰਾਊ ਵਰਗੇ ਮਿੱਤਰ ਦੀਵਾਨ ਚੰਦੇ ਨੇ ਭੋਗੇ ’ਤੇ ਹਿਥੈ ਹਾਜ਼ਰ ਥੀਏ ਓ। ਅਸਾਂ ਦੂੰਆਂ ਪਰਿਵਾਰਾਂ ਵਾਸਤੈ ਹਿਹ ਬਹੂੰ ਮਾਣ ਨੀ ਗੱਲ ਹਾਈ ਕਿ ਤੁਸਾਂ ਅਸਾਡੇ ਦੁਖੇ ਨੀ ਇਸ ਆਉਖੀ ਘੜੀ ਵਿੱਚ ਬਾਂਹ ਫੜੀ ਘਿਧੀ ਐ... ਪਰ ਆਖਰ ਹਿੱਕ ਗੱਲ ਮੈਂਕੂੰ ਡਾਢਾ ਆਵਾਜ਼ਾਰ ਕੀਤਾ ਹੈ ਕਿ ਜਿਨ੍ਹਾਂ ਮੋਹਤਬਰ ਸੱਜਣਾਂ ਗੁਰੂ ਨੀ ਹਜ਼ੂਰੀ ਵਿੱਚ ਮੈਂਡੇ ਭਿਰਾ ਨੀ ਆਨ-ਓ-ਸ਼ਾਨ ਵਿੱਚ ਕਸੀਦੇ ਪੜ੍ਹੀਂ ਛੋੜੈ ਅਨ, ਜਿਨ੍ਹਾਂ ਜੋਗਾ ਹੁਹ ‘ਉੱਕਾ’ ਹੀ ਲੈਕ (ਲਾਇਕ) ਨਾ ਅਹੀਆ... ਹਿਹ ਸਾਰੇ ਨਾ ਸਾਰਾ ਵਰਤਾਰਾ ‘ਕਾਅਬੇ ਵਿੱਚ ਕੁਫਰ’ ਤੋਲਣੈ ਬਰਾਬਰ ਹਾਈ!”
ਮੈਂਡੇ ਸਤਿਗੁਰ ਜੀ ਫਰਮਾਨੈ ਅਨ:
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
ਲੋਕਾਂ ਨ ਸਾਲਾਹਿ ਜੋ ਮਰਿ ਖਾਕੁ ਥੀਈ ॥
ਵਾਹੁ ਮੇਰੇ ਸਾਹਿਬਾ ਵਾਹੁ ॥
ਗੁਰਮੁਖਿ ਸਦਾ ਸਲਾਹੀਐ ਸੱਚਾ ਵੇਪਰਵਾਹੁ ॥ (ਅੰਗ 755)
‘ਮੈਂਕੂੰ ਹਿੱਕ ਗੱਲ ਤਾਂ ਦੱਸੋ ਹਿਨ੍ਹਾਂ ਝੂਠੀਆਂ ਖੁਸ਼ਾਮਦਾਂ ਨੀ ਝੜੀ ਲਾਈ ਕੇ ਵਤ ਅਸਾਂ ਕਿਸ ਆਂਹ ਪਏ ਖੁਸ਼ ਕਰਨੈ ਆਂ? ਤੁਸਾਂ ਸਾਰਿਆਂ ਪਤਾ ਹਾਈ ਕਿ ਮੈਂਡਾ ਸੱਜਣ ਬੇਲੀ ਝਾਣੀਆਂ ਵਿੱਚ ਬਲੀ ਕੇ ਖੇਹ ਥੀ ਗਿਆ ਹੈ। ਹਿਹ ਸਭ ਕੁਛ ਜਾਣਨਿਆਂ ਵੀ ਤੁਸਾਂ ਕੂੜ ਨੀਆਂ ਗੰਠੜੀਆਂ ਖੋਲ੍ਹ-ਖੋਲ੍ਹ ਕੇ ਹੁਸ ਆਂਹ ਹਿੱਕ ‘ਬ੍ਰਹਮ ਗਿਆਨੀ’, ‘ਮਹਾਂਪੁਰਖ’ ਤੇ ‘ਰੱਬ ਨੇ ਰੰਗੇ ਵਿੱਚ ਰੱਤੀ ਰੂਹ’ ਆਖਣੈ ਵਿੱਚ ਕਾਈ ਕਸਰ ਨਾ ਛੋੜੀ ਐ! ਰੱਬੇ ਵਾਸਤੈ, ਹੁਸ ਪਰਵਰਦਿਗਾਰ ਨੀ ਹਜ਼ੂਰੀ ਵਿੱਚ ਕੰਮ-ਅਜ਼-ਕੰਮ ਝੂਠ ਤਾਂ ਨਾ ਬੋਲੋ... ਮੈਂ ਆਪਣੀ ਸਾਰੀ ਉਮਰੇ ਨਾ ਕਧੇ ਕੂੜ ਨਾ ਆਸਰਾ ਘਿੱਧਾ ਐ ਤੇ ਨਾ ਕਧੇ ‘ਘਿੰਨਸਾਂ’, ਨਾ ਕਧੇ ਝੂਠ ਬੋਲਿਐ ਤੇ ਨਾ ਕਧੇ ਬੋਲਸਾਂ।”
ਭਾਪਾ ਜੀ ਨੇ ਆਪਣੇ ਅੰਦਰਲੇ ‘ਸੱਚ ਦੇ ਜਲਾਲ’ ਨੂੰ ਜ਼ਬਾਨ ਦਿੰਦਿਆਂ ਬੜੀ ਬੇਬਾਕੀ ਨਾਲ ਅੱਗੇ ਆਖਿਆ:
“ਦੀਵਾਨ ਚੰਦੇ ਨਾਲ ਮੈਂਡਾ ਦੋਸਤੰਮਾ ਭਾਵੇਂ ਸਗੇ ਭਿਰਾਊ ਨਾਲੋਂ ਵੀ ਕਿਤੇ ਵੱਧ ਅਹੀਆ, ਪਰ ਮੈਂ ਹਿਹ ਗੱਲ ਆਖਣੈ ਵਿੱਚ ਰੱਤੀ ਕੁ ਵੀ ਓਹਲਾ ਨਾ ਰੱਖਸਾਂ ਕਿ ਹੁਹ ਪਰਲੇ ਦਰਜੇ ਨਾ ਹੰਕਾਰੀ ਤੇ ਆਪ-ਹੁਦਰਾ ਬੰਦਾ ਅਹੀਆ, ਜਿਸ ਕਧੇ ਵੀ ਗੁਰਦੁਆਰੇ ਨੀ ‘ਡੇਲੀ’ ਨਾ ਚਾ ਉਲੰਘੀ ਹੋਸੀ! ਹੁਹ ਕਿਸੈ ਮਰਤਬੇ ਨਾ ਬੰਦਾ ਨਾ ਅਹੀਆ, ਸਾਰੀ ਉਮਰੈ ਮਨਮੁਖ ਥੀ ਕੇ ਹੀ ਜੀਵਿਐ ਤੇ ਮਨਮੁਖ ਜੀ ਕੇ ਹੀ ਮੋਇਐ! ਮੈਂ ਵੀ ਸਾਰੀ ਹਯਾਤੀ ਹੁਸ ਕੀ ਗੁਰੂ ਚਰਨਾਂ ਨਾਲ ਜੋੜਨੇ ਨਾ ਪੂਰਾ ਵਾਹ ਲਾ ਛੋੜਿਐ, ਪਰ ਹੁਸ ਮੈਂਡੀ ‘ਹਿੱਕ’ ਨਾ ਮੰਨੀ। ਜਦੋਂ ਹੁਹ ‘ਨਿੱਕੜਾ ਜਿਹਾ ਜਾਤਕ’ ਹੋਨਾ ਅਹੀਆ, ਸ਼ੈਦ ਕਧੇ ਆਪਣੇ ‘ਮਾਊ-ਪਿਊ’ ਨੀ ਉਂਗਲ ਫੜੀਂ ਜਾਂ ਹੁਨਾਂ ਕੀ ‘ਕੁਛੜ ਚੜ੍ਹੀ’ ਕੇ ਗੁਰੂ ਘਰੇ ਜੁਲਿਆ ਹੋਸੀ, ਪਰ ਮੈਂਡੇ ਨਾਲ ਤਾਂ ਹੁਹ ਹਿੱਕ ਵਾਰੀ ਵੀ ਨਾ ਵੰਝੀਂ ਥੀਆ!
“ਅਸਾਂ ਸਾਰਿਆਂ ਨੀ ਬਦਬਖਤੀ ਤੱਕੋ, ਭਾਵੇਂ ਮੈਂਡਾ ਯਾਰ ਪਰਲੇ ਦਰਜੇ ਨਾ ਆਕੜ-ਫ਼ੂੰ ਤੇ ਬੇਪਰਵਾਹ ਅਹੀਆ, ਪਰ ਤੁਸਾਂ ਰਲ ਕੇ ‘ਹੁਸ ਆਂਹ’ ਜੋ ਅੱਜ ਮਸੀਹਾ ਬਣਾਈਂ ਕੇ ਪੇਸ਼ ਕੀਤਾ ਹੈ, ਹੁਹ ਤਾਂ ਸੱਚ ਤੋਂ ਕੋਹਾਂ ਦੂਰ ਹੈਆ। ਯਾਦ ਰੱਖਿਓ, ਹਿਸ ਕੂੜ ਬੋਲਣਾ ਹੈ ਨੀ ਛਾਈ ਤੁਸਾਂ ਸਭਨਾਂ ਨੇ ਸਿਰੇ ਵਿੱਚ ਹੀ ਪੌਸੀ... ਤੁਸਾਂ ਨੇ ਹਿਸ ਗੁਨਾਹੇ ਕੀ ਨਾ ਹਿਥੈ ਢੋਈ ਹੋਸੀ ਤੇ ਨਾ ਹੋਥੈ ਮਰੀਂ ਪਿੱਛੋਂ..।
“ਛੇਕੜ ਸਤਿਗੁਰਾਂ ਨੇ ਸਨਮੁਖ ਬੋਲਣੇ ਵਿੱਚ ਜੇਕਰ ਮੈਂਡੇ ਮੂੰਹੋਂ ਕਾਈ ਗੱਲ ਤੁਸਾਂ ਨੀ ਸ਼ਾਨ ਖ਼ਿਲਾਫ ਵਾਧੂ-ਘਾਟੂ ਜਾਂ ਕਾਟਵੀ ਥੀ ਗਈ ਹੋਵੇ, ਤਾਂ ਸਾਧ ਸੰਗਤ ਜੀ ਮੈਂਕੂੰ ਆਪਣਾ ਝਾੜੂ-ਬਰਦਾਰ ਜਾਣ ਕੇ ਬਖ਼ਸ਼ ਘਿੰਨਿਆ ਜੇ... ਤੁਸਾਂ ਜੋ ਤਾਂ ਪਤੈ ਕਿ ਬੋਲਣਹਾਰ ਤਾਂ ਭੁੱਲਣਹਾਰ ਹੋਨਾ ਐ, ਪਰ ਬਖ਼ਸ਼ਣਹਾਰ ਤਾਂ ਤੁਸਾਂ ਸਾਰਿਆਂ ਨੇ ਰੁਪੈ ਵਿੱਚ ਮੈਂਡਾ ਮਿਹਰਾਂ ਨਾ ਸਾਈਂ ਹੀ ਹਾਈ। ਹੁਣ ਮੈਂ ਦੀਵਾਨ ਚੰਦੇ ਨੇ ਪਰਿਵਾਰ ਤਰਫੋਂ ਤੁਸਾਂ ਸਾਰਿਆਂ ਨਾ ਸ਼ੁਕਰੀਆ ਅਦਾ ਕਰੇਨਾਵਾਂ। ਗੁਰੂ ਨਾ ਲੰਗਰ ਤੇ ਚਾਹ-ਪਾਣੀ ਛਕ ਕੇ ਵੰਝਣੇ ਨੀ ਮੇਹਰਬਾਨੀ ਕਰਨੀ ਅਤੇ ਪਿੱਛੇ ਇਸ ਟੱਬਰ ਤੇ ਬਾਲ-ਬੱਚਿਆਂ ਨੇ ਸਿਰਾਂ ’ਤੇ ਆਪਣਾ ਪਿਆਰ ਭਰਿਆ ਹੱਥ ਧਰੀ ਕੇ ਅਸੀਸਾਂ ਨਾ ਮੀਂਹ ਵਰਸਾਵਣਾ।”
ਆਪਣੀ ਗੱਲ ਕਹਿ ਕੇ ਭਾਪਾ ਜੀ ਨੇ ਸਕੱਤਰ ਨੂੰ ਇਸ਼ਾਰਾ ਕੀਤਾ ਅਤੇ ਚੁੱਪ-ਚਾਪ ਪੰਡਾਲ ਵਿੱਚ ਸਜੀਆਂ ਪੰਗਤਾਂ ਵਿੱਚ ਦਾਲ-ਪ੍ਰਸ਼ਾਦਾ ਵਰਤਾਉਣ ਦੀ ਸੇਵਾ ਵਿੱਚ ਜੁੱਟ ਗਏ। ਉਨ੍ਹਾਂ ਦੇ ਉਸ ਨਿਧੜਕ ਤੇ ਬੇਖੌਫ ਸੱਚ ਦੀ ਕਰਾਰੀ ਚੋਟ ਨੇ ਪੂਰੇ ਮਾਹੌਲ ਨੂੰ ਜਿਵੇਂ ਕੀਲ ਦਿੱਤਾ ਹੋਵੇ; ਤ੍ਰਭਕ ਕੇ ਬੈਠੀ ਸੰਗਤ ਦੇ ਸਾਹਮਣੇ ਝੂਠੇ ਕਸੀਦੇ ਪੜ੍ਹਨ ਵਾਲੇ ਮੋਹਤਬਰ ਨਮੋਸ਼ੀ ਦੇ ਮਾਰੇ ਧਰਤੀ ਵਿੱਚ ਧਸ ਗਏ। ਜਿਹੜੀ ਜ਼ਬਾਨ ਹੁਣੇ ਸੱਚ ਦਾ ਹੋਕਾ ਬਣੀ ਸੀ, ਉਹ ਹੁਣ ਇੱਕ ਨਿਮਾਣੇ ਸੇਵਾਦਾਰ ਵਾਂਗ ਲੰਗਰ ਵਰਤਾ ਰਹੀ ਸੀ। ਉਨ੍ਹਾਂ ਦੀ ਇਸ ਅਡੋਲਤਾ ਨੇ ਸਾਬਤ ਕਰ ਦਿੱਤਾ ਕਿ ਸੱਚ ਸਿਰਫ ਬੋਲਣ ਦੀ ਜ਼ੁਰਅਤ ਨਹੀਂ, ਸਗੋਂ ਉਸ ਨੂੰ ਜਿਊਣ ਦਾ ਸਿਦਕ ਵੀ ਮੰਗਦਾ ਹੈ।
ਅੱਜ ਜਦੋਂ ਵੀ ਮੈਂ ਆਪਣੇ ਆਲੇ-ਦੁਆਲੇ ਸਚਾਈ ਖੁਣੋ ਇਸ ਭੇਖੀ ਸਮਾਜ ਅਤੇ ਕਰਮਕਾਂਡੀ ਮਾਹੌਲ ਵਿੱਚ ਵਿਚਰਦਾ ਹਾਂ ਤਾਂ ਭਾਪਾ ਜੀ ਦੀਆਂ ਰਮਜ਼ਾਂ ਅਤੇ ਉਨ੍ਹਾਂ ਦਾ ਪੋਠੋਹਾਰੀ ਜੇਰਾ ਸ਼ਿੱਦਤ ਨਾਲ ਯਾਦ ਆਉਂਦਾ ਹੈ। ਜੀਅ ਕਰਦੈ ਕਿ ਸ਼ਾਲਾ! ਸੱਚ ਵਿੱਚ ਭਿੱਜੇ ਇਹ ਧੁਰ ਦੇ ਬੋਲ ਇਸ ਬਹੁਰੰਗੀ ਖਲਕਤ ਦੇ ਚਿਹਰੇ ਤੋਂ ਕੂੜ-ਵਡਿਆਈ ਦੇ ਇਸ ਮੁਲੰਮੇ ਨੂੰ ਇੰਝ ਹੀ ਝਾੜਦੇ ਰਹਿਣ। ਅਸਲ ਵਿੱਚ ਭਾਪਾ ਜੀ ਉਸ ਦਿਨ ਮਰੇ ਹੋਏ ਦੀਵਾਨ ਚੰਦ ਨੂੰ ਨਹੀਂ, ਸਗੋਂ ਸਾਡੇ ਅੰਦਰ ਮਰੇ ਹੋਏ ਉਸ ਸੱਚ ਨੂੰ ਆਵਾਜ਼ ਦੇ ਰਹੇ ਸਨ, ਜਿਸ ਨੂੰ ਅਸੀਂ ਬੋਸੀਦਾ ਰਸਮਾਂ ਦੇ ਕੱਫਣ ਹੇਠ ਦਫਨਾ ਛੱਡਿਆ ਹੈ।
ਅਜ਼ਹਰ ਇਕਬਾਲ ਦਾ ਇਹ ਸ਼ੇਅਰ ਇਸ ਸਾਰੇ ਵਰਤਾਰੇ ਅਤੇ ਭਾਪਾ ਜੀ ਦੀ ਉਸ ਬੇਬਾਕ ਸ਼ਖ਼ਸੀਅਤ ਦੀ ਪੁਖ਼ਤਾ ਤਰਜਮਾਨੀ ਕਰਦਾ ਜਾਪਦਾ ਹੈ:
ਹਰ ਇੱਕ ਸ਼ਖ਼ਸ ਪੜ੍ਹ ਰਹਾ ਹੈ ਮੇਰੇ ਬਾਅਦ ਮੇਰੀ ਮਦਹ,
ਹਰ ਇੱਕ ਸ਼ਖ਼ਸ ਕੋ ਯੇ ਡਰ ਹੈ ਕਿ ਮੈਂ ਵਾਪਸ ਨਾ ਆ ਜਾਊਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































