“ਭਾਪਾ ਜੀ ਅੱਗੋਂ ਅੱਗ ਬਬੂਲਾ ਹੋ ਕੇ ਬੋਲੇ, “ਮੋਤੀਆ! ਤੁਆਂ ਕੋਈ ਸ਼ਰਮ ਹਯਾ ਹਈ?ਅਸਾਂ ਤੈਂਡੇ ਲਿਆਂਦੇ ...”
(26 ਦਸੰਬਰ 2025)
ਲਗਭਗ ਸਾਢੇ ਚਾਰ ਦਹਾਕੇ ਬੀਤ ਜਾਣ ਮਗਰੋਂ ਅੱਜ ਵੀ ਉਹ ਪਲ ਮੇਰੇ ਚੇਤਿਆਂ ਵਿੱਚ ਤਰੋਤਾਜ਼ਾ ਹਨ ਜਦੋਂ ਪੋਹ ਮਹੀਨੇ ਦੇ ਨਾਲ ਹੀ ਸਾਡੇ ਘਰ ਦਾ ਮਾਹੌਲ ‘ਸਫਰ-ਏ-ਸ਼ਹਾਦਤ ‘ ਦੇ ਦਿਨਾਂ ਵਿੱਚ ਸੋਗੀ ਹੋ ਜਾਂਦਾ ਸੀ। ਇੰਜ ਕਹਿ ਲਵੋ ਜਿਵੇਂ ਮਰਗ ਦੇ ਮਾਹੌਲ ਵਿੱਚ ਕੋਈ ਸ਼ੋਕ-ਗ੍ਰਸਤ ਪਰਿਵਾਰ ਅਤਿਅੰਤ ਦੁੱਖ ਵਿੱਚ ਵਿਚਰ ਰਿਹਾ ਹੋਵੇ। ਘਰ ਦਾ ਜੀਅ-ਜੀਅ ਰੱਬ ਦੀ ਰਜ਼ਾ ਭਾਵ ਸਵੈਜ਼ਾਬਤੇ ਵਿੱਚ ਰਹਿੰਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਦਾ ਸੀ।
ਪਿਤਾ ਜੀ ਨੰਗਲ ਨੌਕਰੀ ਕਰਦੇ ਸਨ ਅਤੇ ਉੱਥੇ ਕਾਲਜ ਨਾ ਹੋਣ ਕਾਰਨ ਪਿਤਾ ਜੀ ਨੇ ਮੈਨੂੰ ਤੇ ਮੇਰੀ ਭੈਣ ਨੂੰ ਰੋਪੜ ਪੜ੍ਹਾਈ ਲਈ ਉਚੇਚੇ ਤੌਰ ’ਤੇ ਦਾਦਾ-ਦਾਦੀ ਕੋਲ ਭੇਜ ਦਿੱਤਾ ਸੀ। ਮੁਲਕ ਦੀ ਵੰਡ ਮਗਰੋਂ ਦਾਦਾ ਜੀ ਆਪਣੀ ਜੰਮਣ-ਭੋਏਂ ਲਹਿੰਦੇ ਪੰਜਾਬ ਦੇ ਪਿੰਡ ਦੁੱਲਾ, ਤਹਿਸੀਲ ਚੱਕਵਾਲ, ਜ਼ਿਲ੍ਹਾ ਕੈਂਬਲਪੁਰ ਤੋਂ ਆਪਣੀਆਂ ਜਾਇਦਾਦਾਂ ਅਤੇ ਕਾਰੋਬਾਰ ਛੱਡ ਕੇ ਪਰਿਵਾਰ ਸਮੇਤ ਰੋਪੜ ਆ ਵਸੇ ਸਨ। ਇੱਥੇ ਉਨ੍ਹਾਂ ਨੇ ਕਈ ਪਾਪੜ ਵੇਲਣ ਮਗਰੋਂ ਲਗਭਗ ਚਾਲੀ ਸਾਲ ਬੇਕਰੀ ਦੀ ਦੁਕਾਨ ਕਰਕੇ ਕਬੀਲਦਾਰੀ ਬਾਖ਼ੂਬੀ ਨਿਭਾਈ ਸੀ। ਇੱਕ ਮਣ ਮੈਦੇ ਦਾ ਖਮੀਰ ਫੈਂਟਣ ਵਾਲੀ ਦਾਦੀ ਨੇ ਬੇਕਰੀ ਵਿੱਚ ਦਾਦਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਗ੍ਰਹਿਸਤੀ ਦੀ ਗੱਡੀ ਨੂੰ ਰੋੜ੍ਹੀ ਰੱਖਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਭਾਪਾ ਜੀ ਦੀ ਸ਼ਰਧਾ ਦਾ ਸਿਖਰ ਤਾਂ ਇਹ ਸੀ ਕਿ ਉਹ ‘ਸ਼ਹੀਦੀ-ਸਭਾ’ ਵਾਲੇ ਦਿਨਾਂ ਵਿੱਚ ਬੇਕਰੀ ਵਿੱਚ ਬਣਦੇ ਬਿਸਕੁਟ, ਬੰਦ, ਡਬਲ ਰੋਟੀ ਅਤੇ ਰਸ ਕਦੇ ਵੀ ਨਹੀਂ ਸੀ ਵੇਚਦੇ। ਬੁਢਾਪਾ ਹੋਣ ਕਰਕੇ ਉਹ ਆਪ ਸਭਾ ਵਿੱਚ ਜਾਣ ਜੋਗੇ ਨਹੀਂ ਹੁੰਦੇ ਸਨ, ਸੋ ਉਹ ਸਾਰਾ ਸਾਮਾਨ ਕਿਸੇ ਦੇ ਹੱਥ ਸਭਾ ਦੇ ਲੰਗਰ ਵਿੱਚ ਭੇਜ ਦਿੰਦੇ ਸਨ। ਇਲਾਕੇ ਦੇ ਲੋਕ ਉਹਨਾਂ ਨੂੰ ਸਤਿਕਾਰ ਸਹਿਤ ‘ਭਗਤ ਜੀ’ ਕਹਿ ਕੇ ਸੱਦਦੇ ਸਨ, ਪਰ ਮੈਂ ਤੇ ਮੇਰੀ ਭੈਣ ਉਹਨਾਂ ਨੂੰ ‘ਭਾਪਾ ਜੀ’ ਅਤੇ ਦਾਦੀ ਨੂੰ ‘ਭਾਬੀ ਜੀ’ ਕਹਿ ਕੇ ਮੁਖ਼ਾਤਿਬ ਹੁੰਦੇ ਸੀ। ਉਹ ਦੋਵੇਂ ਸਾਡੀ ਜਿੰਦ-ਜਾਨ ਸਨ, ਸਕੇ ਮਾਂ-ਪਿਓ ਨਾਲੋਂ ਵੀ ਕਿਤੇ ਵੱਧ।
ਗੁਰਸਿੱਖੀ ਅਸੂਲਾਂ ਨੂੰ ਮੁੱਢੋਂ ਪ੍ਰਣਾਏ ਸਾਡੇ ਭਾਪਾ ਜੀ ਨੇ ਆਖ਼ਰੀ ਸਾਹਾਂ ਤਕ ਬਾਬੇ ਨਾਨਕ ਦੀ ਵਿਚਾਰਧਾਰਾ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ’ਤੇ ਡਟ ਕੇ ਪਹਿਰਾ ਦਿੱਤਾ। ਇਖਲਾਕੀ ਤੌਰ ’ਤੇ ਉਹ ਦਸਾਂ ਨਹੁੰਆਂ ਦੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢਣ ਲਈ ਲੋਕਾਂ ਨੂੰ ਅਕਸਰ ਪ੍ਰੇਰਦੇ ਹੋਏ ਕਿਹਾ ਕਰਦੇ ਸਨ, “ਕਾਕਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਹੁੰਦੀ ਏ।”
ਹਰ ਸਾਲ 7 ਤੋਂ 13 ਪੋਹ ਤਕ ਘਰ ਦੇ ਸਾਰੇ ਜੀਅ ਭੁੰਜੇ ਸੌਂਦੇ, ਸਾਦਾ ਖਾਂਦੇ। ਮਿੱਠੇ ਪਕਵਾਨ ਪਰੋਸਣ ’ਤੇ ਸਖ਼ਤ ਮਨਾਹੀ ਹੁੰਦੀ ਸੀ। ਕੋਈ ਵੀ ਸ਼ੁਭ ਕਾਰ-ਵਿਹਾਰ, ਜਿਵੇਂ ਵਿਆਹ-ਸ਼ਾਦੀ, ਰੋਕਾ ਜਾਂ ਚੱਠ ਆਦਿ ਨਹੀਂ ਕੀਤੇ ਜਾਂਦੇ ਸਨ। ਇਨ੍ਹਾਂ ਦਿਹਾੜਿਆਂ ਵਿੱਚ ਸਾਨੂੰ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਨਿਰੰਤਰ ਕਰਦੇ ਰਹਿਣ ਦੀ ਖ਼ਾਸ ਹਦਾਇਤ ਮਿਲਦੀ ਸੀ। ਇਸ ਤੋਂ ਇਲਾਵਾ ਘਰ ਦੇ ਸਾਰੇ ਜੀਅ ਸੰਗਤ-ਰੂਪ ਭਾਵ ਇਕੱਠੇ ਬੈਠ ਕੇ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਅਤੇ ਅਰਦਾਸ ਵਿੱਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਕੁੱਲ ਲੋਕਾਈ ਲਈ ਇਸ ਤੋਂ ਸੇਧ ਲੈਣ ਦੀ ਅਰਜੋਈ ਕੀਤੀ ਜਾਂਦੀ ਸੀ।
ਨਾਮ ਸਿਮਰਨ ਵਿੱਚ ਲੀਨ ਇੱਕ ਦਿਨ ਭਾਪਾ ਜੀ ਡਿਊੜੀ ਵਿੱਚ ਮੰਜੇ ’ਤੇ ਲੰਮੇ ਪਏ ਨਿੱਘੀ ਧੁੱਪ ਦਾ ਅਨੰਦ ਮਾਣ ਰਹੇ ਸਨ ਤਾਂ ਅਚਾਨਕ ਬੂਹਾ ਖੜਕਿਆ। ਉਹਨਾਂ ਮੈਨੂੰ ਸੈਨਤ ਕਰਕੇ ਦਰਵਾਜ਼ਾ ਖੋਲ੍ਹਣ ਲਈ ਆਖਿਆ:, “ਕਾਕਾ! ਤੱਕ ਕੌਣ ਏ।”
“ਭਾਪਾ ਜੀ, ਮਾਸੀ ਮੋਤੀਆ ਆਪਣੇ ਪੋਤਰੇ ਦੀ ਜੰਮਣੀ ਦੇ ਲੱਡੂ ਲੈ ਕੇ ਆਈ ਖੜੋਤੀ ਏ।” ਮੈਂ ਭੋਲੇ ਭਾਅ ਆਖਿਆ। ਅਕਸਰ ਸ਼ਾਂਤ ਚਿੱਤ ਰਹਿਣ ਵਾਲੇ ਭਾਪਾ ਜੀ ਅੱਗੋਂ ਅੱਗ ਬਬੂਲਾ ਹੋ ਕੇ ਬੋਲੇ, “ਮੋਤੀਆ! ਤੁਆਂ ਕੋਈ ਸ਼ਰਮ ਹਯਾ ਹਈ, ਅਸਾਂ ਤੈਡੇਂ ਲਿਆਂਦੈਂ ਕੋਈ ਲੱਡੂ-ਛੱਡੂ ਨਹੀਂ ਖਾਵਣੇ। ਨਹੀਂ ਸਦੈਣੇ, ਰੱਬ ਨਾਂਹ ਖੌਫ ਖਾ। ਤੁਆਂ ਨਹੀਂ ਪਤਾ, ਕੇਝੈ ਦਿਹਾੜੇ ਪਏ ਚਲਨੈ ... ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਦੇ ਨਿੱਕੇ-ਨਿੱਕੇ ਬਾਲ ਜ਼ਾਲਮ ਹਾਕਮਾਂ ਨੀਹਾਂ ਵਿੱਚ ਚਿਣ ਥੀਏਨ ਤੇ ਤੂੰ ਝੱਲੀਏ! ਮਿਠਾਈਆਂ ਪਈ ਵੰਡਨੀ ਏਂ? ... ਚੇਤੇ ਰੱਖੈਂ ਤੈਡੀਂ ਤਾਂ ਖ਼ੁਦਾ ਦੀ ਦਰਗਾਹ ਵਿੱਚ ਵੀ ਕੋਈ ਢੋਈ ਨਾ ਹੋਸੀ। ਬਾਵਲੀਏ! ਤੌਬਾ ਕਰ, ਕੋਈ ਮਿੱਠੀ ਸ਼ੈ ਖਾਵਣੀ ਤਾਂ ਹਿੱਕ ਪਾਸੇ ਰਹੀ ਅਸਾਂ ਤਾਂ ਤੱਕਦੇ ਵੀ ਨਾਂਹ ... ਲੋਹੜਾ ਈ ਰੱਬ ਨਾਂਹ, ਇਨ੍ਹਾਂ ਕੀ ਵਾਪਸ ਘਿਨ ਵੰਝ।” ਭਰੇ-ਪੀਤੇ ਭਾਪਾ ਜੀ ਬੋਲੀ ਜਾ ਰਹੇ ਸਨ।
ਮਾਸੀ ਮੋਤੀਆ ਨਿੰਮੋਝੂਣੀ ਹੋਈ ਓਨ੍ਹੀਂ ਪੈਰੀਂ ਹੀ ਵਾਪਸ ਪਰਤ ਗਈ। ਭਾਪਾ ਜੀ ਕਿੰਨਾ ਚਿਰ ਉਸਦੇ ਵਰਤਾਰੇ ’ਤੇ ਝੁਰਦੇ ਰਹੇ। ਉਸ ਵੇਲੇ ਤਾਂ ਮੈਨੂੰ ਵੀ ਭਾਪਾ ਜੀ ਦਾ ਰਵਈਆ ਚੰਗਾ ਨਹੀਂ ਸੀ ਲੱਗਾ। ਅੱਜ ਜਦੋਂ ਮੈਂ ਖ਼ਿਆਲੀ ਤੌਰ ’ਤੇ ਉਨ੍ਹਾਂ ਸਮਿਆਂ ਵਿੱਚ ਵਿਚਰਦਾ ਹਾਂ ਤਾਂ ਭਾਪਾ ਜੀ ਦੀ ਸ਼ਰਧਾ ਦੀ ਸ਼ਿੱਦਤ ਦੇਖਦਿਆਂ ਮੇਰਾ ਸਿਰ ਆਪ-ਮੁਹਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅੱਗੇ ਝੁਕ ਜਾਂਦਾ ਹੈ। ਫਿਰ ਮੈਂਨੂੰ ਸਮਝ ਆਉਂਦੀ ਹੈ ਕਿ ਲੱਡੂ ਮੋੜਨ ਸਮੇਂ ਭਾਪਾ ਜੀ ਸਵਾ ਸੋਲਾਂ ਆਨੇ ਸਹੀ ਸਨ ਕਿਉਂਕਿ ਉਹਨਾਂ ਦੀ ਕਥਨੀ ਅਤੇ ਕਰਨੀ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਸੀ। ਉਹ ਜੋ ਗੱਲ ਕਹਿੰਦੇ, ਉਸ ’ਤੇ ਖਰੇ ਵੀ ਉੱਤਰਦੇ ...।
ਮੈਨੂੰ ਮਾਣ ਹੈ ਉਹਨਾਂ ਦੇ ਅਡੋਲ ਨਿਸ਼ਚੇ, ਸਿਦਕ ਅਤੇ ਭਰੋਸਾ ’ਤੇ ਜਿਸਦਾ ਸਬਕ ਉਹਨਾਂ ਨੇ ਸਾਨੂੰ ਬਚਪਨ ਵਿੱਚ ਸਿਖਾਇਆ ਕਿ ਗੁਰੂਆਂ, ਭਗਤਾਂ, ਪੀਰਾਂ, ਪੈਗੰਬਰਾਂ, ਫਕੀਰਾਂ ਅਤੇ ਸ਼ਹੀਦਾਂ ਦੇ ਦਿਨ ਤਿਉਹਾਰ ਮਨਾਉਣੇ ਕੇਵਲ ਰਵਾਇਤ ਹੀ ਨਹੀਂ ਹੁੰਦੇ ਸਗੋਂ ਉਨ੍ਹਾਂ ਮਹਾਨ ਅਤੇ ਰੱਬੀ ਰੂਹਾਂ ਵੱਲੋਂ ਸਰਬੱਤ ਦੇ ਭਲੇ ਲਈ ਕੀਤੇ ਮਹਾਨ ਕਾਰਜਾਂ ਨੂੰ ਅਗਲੀਆਂ ਪੀੜ੍ਹੀਆਂ ਤਕ ਲਿਜਾਣ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਬੜੇ ਜ਼ਰੂਰੀ ਹੁੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































