OpinderSLamba7ਇਹ ਮਿੱਠੀਆਂ ਗੋਲੀਆਂ’ ਅਜੋਕੀ ਪੀੜ੍ਹੀ ਲਈ ਅਜਿਹਾ ਮਿੱਠਾ ਜ਼ਹਿਰ’ ਸਾਬਤ ...
(10 ਅਪਰੈਲ 2026)


ਪਿਛਲੇ ਦਿਨੀਂ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਭੋਗ ’ਤੇ ਸ਼ਾਮਲ ਹੋਣ ਲਈ ਚਿਰਾਂ ਮਗਰੋਂ ਸਰਕਾਰੀ ਬੱਸ ਵਿੱਚ ਸਫਰ ਕਰਨ ਦਾ ਸਬੱਬ ਬਣਿਆ
ਪਹਿਲਾਂ ਅਜਿਹੇ ਦੁੱਖ-ਸੁਖ ਦੇ ਮੌਕਿਆਂ ’ਤੇ ਭਾੜੇ ਦਾ ਡਰਾਈਵਰ ਲਿਜਾਣਾ ਹੀ ਮੇਰਾ ਪੱਕਾ ਨੇਮ ਸੀ ਕਿਉਂਕਿ ਖ਼ੁਦ ਗੱਡੀ ਚਲਾਉਣੀ ਨਾ ਆਉਣ ਕਰਕੇ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਪਰ ਸ਼ਾਇਦ ਰੱਬ ਨੂੰ ਐਤਕੀਂ ਕੁਝ ਹੋਰ ਹੀ ਮਨਜ਼ੂਰ ਸੀਹੋਇਆ ਇੰਜ ਕਿ ਮਿਥੇ ਹੋਏ ਪ੍ਰੋਗਰਾਮ ਵਾਲੇ ਦਿਨ ਤੜਕਸਾਰ ਹੀ ਮੇਰੇ ਪੁਰਾਣੇ ਅਤੇ ਭਰੋਸੇਮੰਦ ਡਰਾਈਵਰ ਦਾ ਫ਼ੋਨ ਆ ਗਿਆ ਕਿ ਉਸਦੀ ਮਾਂ ਦੀ ਸਿਹਤ ਅਚਨਚੇਤ ਨਾਸਾਜ਼ ਹੋਣ ਕਰਕੇ ਉਸ ਨੂੰ ਰਾਤੋ-ਰਾਤ ਹਸਪਤਾਲ ਦਾਖ਼ਲ ਕਰਵਾਉਣਾ ਪਿਆਇਨਸਾਨੀਅਤ ਦੇ ਨਾਤੇ ਮੈਂ ਉਸ ਨੂੰ ਆਪਣੀ ਮਾਂ ਦਾ ਖ਼ਿਆਲ ਰੱਖਣ ਲਈ ਹੌਸਲਾ ਦਿੱਤਾ ਅਤੇ ਆਪ ਬੱਸ ਰਾਹੀਂ ਹੀ ਜਾਣ ਦੀ ਧਾਰ ਲਈ

ਉੱਧਰ ਅੰਤਿਮ ਅਰਦਾਸ ਦਾ ਸਮਾਂ ਦੁਪਹਿਰ ਡੇਢ ਵਜੇ ਮੁਕਰਰ ਹੋਣ ਕਰਕੇ ਮੇਰੇ ਕੋਲ ਵਕਤ ਪਹਿਲਾਂ ਹੀ ਬਹੁਤ ਖਿੱਚਵਾਂ ਸੀਚੰਡੀਗੜ੍ਹ ਤੋਂ ਜਲੰਧਰ ਤਕ ਦਾ ਲੰਮਾ ਸਫਰ, ਉੱਤੋਂ ਮਾਘ ਦੀ ਹੱਡ-ਚੀਰਵੀਂ ਠੰਢ ਅਤੇ ਸੰਘਣੀ ਧੁੰਦਦੁਚਿੱਤੀ ਵਿੱਚ ਪਏ ਮਨ ਨੇ ਸੋਚਿਆ ਕਿ ਜਾਵਾਂ ਜਾਂ ਕੋਈ ਬਹਾਨਾ ਘੜ ਕੇ ਮਾਫ਼ੀ ਮੰਗ ਲਵਾਂ? ਪਰ ਫਿਰ ਜ਼ਮੀਰ ਨੇ ਝੰਜੋੜਿਆ - ਖੁਸ਼ੀ ਦਾ ਮੌਕਾ ਹੁੰਦਾ ਤਾਂ ਟਾਲਿਆ ਵੀ ਜਾ ਸਕਦਾ ਸੀ, ਪਰ ਗ਼ਮੀ ਦੇ ਮੌਕੇ ਜਾਣਾ ਮੇਰਾ ਇਖ਼ਲਾਕੀ ਫਰਜ਼ ਸੀ

ਘੜੀ ਦੀਆਂ ਸੂਈਆਂ ਮੇਰੇ ਸਾਹਾਂ ਨਾਲੋਂ ਤੇਜ਼ ਭੱਜ ਰਹੀਆਂ ਸਨਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ ਅਤੇ ਮੇਰੀ ਚਿੰਤਾ ਪਲ-ਪਲ ਵਧ ਰਹੀ ਸੀਮੈਂ ਕਾਹਲੀ ਵਿੱਚ ਆਪਣੇ ਗੁਆਂਢੀ ਨੂੰ ਸੈਕਟਰ-43 ਬੱਸ ਅੱਡੇ ਛੱਡਣ ਦੀ ਬੇਨਤੀ ਕੀਤੀਉਸ ਭਲੇ ਮਾਣਸ ਨੇ ਮੈਨੂੰ ਸਕੂਟਰ ਪਿੱਛੇ ਬਿਠਾਇਆ ਅਤੇ ਮਸਾਂ ਅੱਠ-ਦਸ ਮਿੰਟਾਂ ਵਿੱਚ ਹੀ ਅੱਡੇ ਮੋਹਰੇ ਲਾ ਦਿੱਤਾਚੰਗੇ ਭਾਗਾਂ ਨੂੰ ਉਸੇ ਵੇਲੇ ਅੰਮ੍ਰਿਤਸਰ ਜਾਣ ਵਾਲੀ ਇੱਕ ਬੱਸ ਰਾਹਦਾਰੀਦੀ ਪਰਚੀ ਕਟਾ ਕੇ ਹੌਲੀ-ਹੌਲੀ ਅੱਡੇ ਤੋਂ ਬਾਹਰ ਆ ਰਹੀ ਸੀ ਅਤੇ ਮੈਂ ਸਹਿਜੇ ਹੀ ਉਸ ਵਿੱਚ ਜਾ ਚੜ੍ਹਿਆ

ਬੂਹੇ ਵਿੱਚ ਖੜੋਤੇ ਕੰਡਕਟਰ ਨੇ ਆਪਣੇ ਰੌਂ ਵਿੱਚ ਪੁੱਛਿਆ, “ਬਾਪੂ, ਕਿੱਥੇ ਜਾਣਾ ਈਂ?

ਮੈਂ ਹਲੀਮੀ ਨਾਲ ਉੱਤਰ ਦਿੱਤਾ, “ਜੀ, ਜਲੰਧਰ

ਉਸਨੇ ਪੂਰੀ ਮੜਕ ਨਾਲ ਕਿਹਾ, “ਬਾਬਾ, ਚੇਤੇ ਰੱਖੀਂ ਉੱਥੇ ਰਾਹ ਵਿੱਚ ਕਿਤੇ ਨਹੀਂ ਲਾਹੁਣਾ, ਸਿੱਧਾ ਅੱਡੇ ਵਿੱਚ ਈ ਤਾਰਾਂਗੇਚੱਲ, ਅਰਾਮ ਨਾਲ ਬਹਿ ਜਾ ਕਿਤੇ ਵੀ, ਭਾਵੇਂ ਲੁਡੀਆਂ ਪਾਉਂਦਾ ਜਾਹ... ਸਾਰੀ ਗੱਡੀ ਤਾਂ ਖ਼ਾਲੀ ਪਈ ਐ

ਜਦੋਂ ਮੈਂ ਟਿਕਟ ਲੈਣ ਦੀ ਗੱਲ ਛੇੜੀ ਤਾਂ ਅੱਗੋਂ ਖਰ੍ਹਵੀ ਸੁਰ ਵਿੱਚ ਬੋਲਿਆ, “ਓਏ ਤਾਇਆ! ਤੈਨੂੰ ਕਾਹਲੀ ਕਾਹਦੀ ਐ, ਸਵਾਰੀਆਂ ਤਾਂ ਚੜ੍ਹ ਲੈਣ ਦੇ

ਮੈਂ ਮਸੋਸੇ ਜਿਹੇ ਮਨ ਨਾਲ ਬੱਸ ਦੇ ਵਿਚਾਲੇ ਜਿਹੇ ਦੋਂਹ ਵਾਲੀ ਸੀਟ ਮੱਲ ਲਈਪਿੱਠੂ ਬੈਗ ਵਿੱਚੋਂ ਲੋਈ ਕੱਢੀ, ਕੜਾਕੇ ਦੀ ਠੰਢ ਤੋਂ ਬਚਣ ਲਈ ਸਵਾਰ ਕੇ ਬੁੱਕਲ ਮਾਰੀ ਅਤੇ ਦੁਨਿਆਵੀ ਚਿੰਤਾਵਾਂ ਵਿਸਾਰ, ਨੀਵੀਂ ਪਾ ਕੇ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਾਅਜੇ ਮੇਰਾ ਪਾਠ ਨਿਰੰਤਰ ਜਾਰੀ ਹੀ ਸੀ ਕਿ ਡਰਾਈਵਰ ਨੇ ਮੁਹਾਲੀ ਬੈਰੀਅਰ ’ਤੇ ਯਕਦਮ ਬਰੇਕ ਮਾਰੀ, ਜਿਸਦੇ ਝਟਕੇ ਨੇ ਮੇਰੀ ਇਕਾਗਰਤਾ ਭੰਗ ਕਰ ਦਿੱਤੀਉੱਥੋਂ ਚੜ੍ਹੀਆਂ ਪੰਜ-ਸੱਤ ਸਵਾਰੀਆਂ ਵਿੱਚੋਂ, ਹੱਥ ਵਿੱਚ ਡੰਗੋਰੀ ਫੜੀ, ਦੁੱਧੋਂ ਚਿੱਟੀ ਸੋਹਣੀ-ਸੰਵਰੀ ਖੁੱਲ੍ਹੀ ਦਾੜ੍ਹੀ, ਰਵਾਇਤੀ ਪਹਿਰਾਵੇ, ਕਾਲੇ ਓਵਰਕੋਟ ਤੇ ਚੂੜੀਦਾਰ ਪਜਾਮੇ ਵਿੱਚ ਸਜੇ ਇੱਕ ਦਰਸ਼ਨੀ ਬਜ਼ੁਰਗ ਮੇਰੇ ਨਾਲ ਦੀ ਖਾਲੀ ਪਈ ਸੀਟ ’ਤੇ ਆ ਬਿਰਾਜੇ

ਇੰਨੇ ਨੂੰ ਕੰਡਕਟਰ ਨੇ ਸਾਡੇ ਕੋਲ ਆ ਕੇ ਮੇਰੇ ਹਮਸਫਰ ਬਜ਼ੁਰਗ ਨੂੰ ਪੁੱਛਿਆ, “ਸਰਦਾਰ ਸਾਬ, ਕਿੱਥੇ ਜਾਣਾ ਹੈ?”

ਉਨ੍ਹਾਂ ਨੇ ਕੋਟ ’ਤੇ ਲੱਗੇ ਸੁਨਹਿਰੀ ਬੈਜ ਵੱਲ ਇਸ਼ਾਰਾ ਕਰਦਿਆਂ ਪੂਰੇ ਸਵੈਮਾਣ ਨਾਲ ਆਖਿਆ, “ਕਾਕਾ! ਤੂੰ ਮੇਰੀ ਇਹ ਫੀਤੀ ਨਹੀਂ ਤੱਕੀ? ਮੈਂ ਪਿਸ਼ੌਰਾ ਸਿੰਘ ਹਾਂ - ਫਰੀਡਮ ਫ਼ਾਈਟਰ! ਮੇਰੀ ਟਿਕਟ ਨਹੀਂ ਲੱਗਦੀਵੈਸੇ ਜਾਣਾ ਮੈਂ ਜਲੰਧਰ ਹੀ ਆ।”

ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਗੌਰਵਮਈ ਚਮਕ ਸੀਉਹ ਭਾਵੁਕ ਹੋ ਕੇ ਕਹਿਣ ਲੱਗੇ, “ਪੁੱਤ, ਟਿਕਟ ਤਾਂ ਸਰਕਾਰ ਨੇ ਭਾਵੇਂ ਮੁਆਫ ਕਰ ਦਿੱਤੀ ਐ, ਪਰ ਜਿਸ ਅਜ਼ਾਦੀ ਲਈ ਅਸੀਂ ਉਮਰ ਭਰ ਜੂਝੇ, ਉਹਦੀ ਕੀਮਤ ਤਾਂ ਅਜੋਕੀ ਪੀੜ੍ਹੀ ਨੇ ਹੁਣ ਤੀਕ ਨਹੀਂ ਪਛਾਣੀ।” ਕੰਡਕਟਰ ਨੇ ਸਤਿਕਾਰ ਨਾਲ ਸਿਰ ਝੁਕਾਇਆ ਅਤੇ ਅਪਣੱਤ ਨਾਲ ਬੋਲਿਆ, “ਕੋਈ ਨਾ ਬਾਬਿਓ, ਮੈਂ ਹੋਰਨਾਂ ਸਵਾਰੀਆਂ ਨੂੰ ਭੁਗਤਾ ਕੇ ਮੁੜ ਤੁਹਾਡੇ ਵੱਲ ਆਉਨਾ।”

ਨਵੀਂਆਂ ਸਵਾਰੀਆਂ ਦੇ ਚੜ੍ਹਨ ਨਾਲ ਬੱਸ ਵਿੱਚ ਕੁਝ ਗਹਿਮਾ-ਗਹਿਮੀ ਹੋ ਗਈਜਦੋਂ ਕੰਡਕਟਰ ਨੇ ਟਿਕਟਾਂ ਕੱਟਣ ਦਾ ਅਮਲ ਸ਼ੁਰੂ ਕੀਤਾ ਤਾਂ ਮੇਰੇ ਸਾਹਮਣੇ ਸੂਬੇ ਦੀ ਮੌਜੂਦਾ ਆਰਥਿਕਤਾ ਦਾ ਇੱਕ ਅਜੀਬੋ-ਗ਼ਰੀਬ ਤੇ ਨਿਰਾਸ਼ਾਜਨਕ ‘ਮੁਫਤ-ਮੇਲੇਦਾ ਮੰਜ਼ਰ ਰੂਪਮਾਨ ਹੋਇਆਮੇਰੇ ਠੀਕ ਸੱਜੇ ਹੱਥ ਬੈਠੀਆਂ ਤਿੰਨ ਬੀਬੀਆਂ ਨੇ ਆਪੋ-ਆਪਣੇ ਪਰਸਾਂ ਵਿੱਚੋਂ ਬੜੇ ਮਾਣ ਨਾਲ ਆਧਾਰ ਕਾਰਡ ਕੱਢ ਕੇ ਇਸ ਤਰ੍ਹਾਂ ਲਹਿਰਾਏ, ਜਿਵੇਂ ਕੋਈ ਜੇਤੂ ਪਰਚਮ ਹੋਣਕੰਡਕਟਰ ਨੇ ਵੀ ਬਿਨਾਂ ਕੁਝ ਬੋਲੇ, ਮਸ਼ੀਨ ਵਿੱਚੋਂ ‘ਜ਼ੀਰੋ ਰਾਸ਼ੀ’ ਦੀਆਂ ਤਿੰਨ ਚਿੱਟੀਆਂ ਪਰਚੀਆਂ ਕੱਢ ਕੇ ਉਨ੍ਹਾਂ ਨੂੰ ਇੰਝ ਫੜਾਈਆਂ, ਜਿਵੇਂ ਉਹ ਇਸ ਨਕਦ-ਵਿਹੂਣੇ ਦਸਤੂਰ ਦਾ ਆਦੀ ਹੋ ਚੁੱਕਾ ਹੋਵੇ

ਪਰਤ ਕੇ ਜਦੋਂ ਕੰਡਕਟਰ ਨੇ ਮੋਹਰਲੀ ਸੀਟ ’ਤੇ ਬੈਠੇ ਦੋ ਗੱਭਰੂਆਂ ਨੂੰ ਟਿਕਟ ਲਈ ਆਖਿਆ ਤਾਂ ਉਨ੍ਹਾਂ ਪੁਲਿਸ ਮੁਲਾਜ਼ਮ ਹੋਣ ਦੀ ਹੈਂਕੜ ਵਿੱਚ, ਆਪਣੇ ਸ਼ਨਾਖ਼ਤੀ ਕਾਰਡ ਉਸਦੇ ਮੋਹਰੇ ਅੜਾ ਦਿੱਤੇਵਿਚਾਰਾ ਕੰਡਕਟਰ ਬੋਲਿਆ ਤਾਂ ਕੁਝ ਨਾ ਪਰ ਉਸਦਾ ਬੁਝਿਆ ਹੋਇਆ ਚਿਹਰਾ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਉਹ ਇਨ੍ਹਾਂ ਸਰਕਾਰੀ ਮਹਿਮਾਨਾਂਦੇ ਹਜੂਮ ਤੋਂ ਅੰਦਰੋ-ਅੰਦਰੀ ਕਿੰਨਾ ਬੇਜ਼ਾਰ ਹੋ ਚੁੱਕਾ ਹੈਉਹ ਨਿੰਮੋਝੂਣਾ ਜਿਹਾ ਹੋ ਕੇ ਅਗਾਂਹ ਤੁਰ ਪਿਆ, ਜਿਵੇਂ ਕਿਸੇ ਖਾਲੀ ਖ਼ਜ਼ਾਨੇ ਦਾ ਪਹਿਰੇਦਾਰ ਹੋਵੇ

ਬੱਸ ਰਫਤਾ-ਰਫਤਾ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਸੀਰੋਪੜ ਨੇੜੇ ਪਹੁੰਚਦਿਆਂ ਹੀ ਦਸ-ਬਾਰਾਂ ਵਿਦਿਆਰਥੀਆਂ ਦਾ ਟੋਲਾ ਸੀਟਾਂ ਛੱਡ ਬੂਹੇ ਵਿੱਚ ਆਣ ਖੜੋਇਆਜਿਵੇਂ ਹੀ ਬੱਸ ‘ਨਵੇਂ ਅੱਡੇ’ ਰੁਕੀ, ਉਹ ਹੱਥਾਂ ਵਿੱਚ ਰਿਆਇਤੀ ਪਾਸ ਫੜੀ ਛਾਲਾਂ ਮਾਰਦੇ ਇੰਝ ਨੱਸੇ, ਜਿਵੇਂ ਹਰੇ-ਭਰੇ ਖੇਤਾਂ ਵਿੱਚ ਚੁੰਗੀਆਂ ਭਰਦੇ ਹਿਰਨ ਪਲਾਂ ਵਿੱਚ ਹੀ ਅੱਖੋਂ-ਓਹਲੇ ਹੋ ਗਏ ਹੋਣ

ਇਹ ਸਿਲਸਿਲਾ ਅਜੇ ਇੱਥੇ ਹੀ ਨਹੀਂ ਸੀ ਰੁਕਿਆ ਕਿ ਬਲਾਚੌਰ ਮੋੜ ਤੋਂ ਦੋ ਹੋਰ ਬੰਦੇ ਚੜ੍ਹ ਗਏ ਜੋ ਚਿਹਰੇ-ਮੋਹਰੇ ਤੋਂ ਪੜ੍ਹੇ-ਲਿਖੇ ਅਤੇ ਅਸਰ-ਰਸੂਖ਼ ਵਾਲੇ ਸ਼ਖ਼ਸ ਲਗਦੇ ਸਨਕੰਡਕਟਰ ਨੇ ਜਦੋਂ ਟਿਕਟ ਲਈ ਪੁੱਛਿਆ ਤਾਂ ਉਨ੍ਹਾਂ ਨੇ ਸਮਾਜ ਦੇ ਜਾਗਰੂਕ ਪਹਿਰੇਦਾਰਅਤੇ ਪੱਤਰਕਾਰ ਹੋਣ ਦੇ ਨਾਤੇ ਬੜੀ ਬੇਫਿਕਰੀ ਨਾਲ ਆਪਣੀਆਂ ਮੁਫਤ ਬੱਸ ਸਫਰ ਕਾਪੀਆਂ ਉਸਦੇ ਮੋਹਰੇ ਕਰ ਦਿੱਤੀਆਂਲੋਕਤੰਤਰ ਦੇ ਚੌਥੇ ਥੰਮ੍ਹ ਦੇ ਇਹ ਨੁਮਾਇੰਦੇ ਵੀ ਸਰਕਾਰੀ ਖ਼ੈਰਾਤ ਦੀ ਗੰਗਾ ਵਿੱਚ ਹੱਥ ਧੋਣ ਦੇ ਭਾਗੀਦਾਰ ਬਣ ਕੇ ਸੀਟਾਂ ’ਤੇ ਟਿਕ ਗਏ

ਦਾਸਤਾਨ-ਏ-ਮੁਫਤਖ਼ੋਰੀ ਨੂੰ ਅਗਾਂਹ ਤੋਰਦਿਆਂ ਨਵਾਂਸ਼ਹਿਰ ਅੱਡੇ ਤੋਂ ਰੋਡਵੇਜ਼ ਦੇ ਹੀ ਦੋ-ਤਿੰਨ ਹੋਰ ਮੁਲਾਜ਼ਮ ਚੜ੍ਹ ਗਏ, ਜਿਨ੍ਹਾਂ ਨੇ ਬਿਨਾਂ ਕੁਝ ਬੋਲੇ ਬੜੇ ਹੱਕ ਨਾਲ ਸਿਰਫ ਇੰਨਾ ਹੀ ਕਿਹਾ, “ਬਾਈ! ਆਪਾਂ ਵੀ ਸਟਾਫ ਦੇ ਹੀ ਆਂ।”

ਕੰਡਕਟਰ ਨੇ ਇੱਕ ਲੰਮਾ ਹਉਕਾ ਭਰਿਆ, ਜਿਵੇਂ ਮਨ ਹੀ ਮਨ ਵਿੱਚ ਕਹਿ ਰਿਹਾ ਹੋਵੇ ਕਿ ਇੱਥੇ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ

ਅਚਾਨਕ ਬਹਿਰਾਮ ਅੱਡੇ ਤੋਂ ਮੈਲੇ-ਕੁਚੈਲੇ ਕੱਪੜਿਆਂ ਵਾਲਾ ਇੱਕ ਪ੍ਰਵਾਸੀ ਮਜ਼ਦੂਰ ਚੜ੍ਹਿਆ, ਜੋ ਪਾਲੇ ਨਾਲ ਠੁਰ-ਠੁਰ ਕੰਬ ਰਿਹਾ ਸੀਉਸਦੇ ਰੁੱਖੇ ਚਿਹਰੇ ਅਤੇ ਫਟੇ ਹੋਏ ਹੱਥਾਂ ਤੋਂ ਉਸਦੀ ਕੜੀ ਮੁਸ਼ੱਕਤ ਵਾਲੀ ਜ਼ਿੰਦਗੀ ਸਾਫ ਝਲਕਦੀ ਸੀਉਸ ਨੂੰ ਦੇਖਦਿਆਂ ਹੀ ਕੰਡਕਟਰ ਦੇ ਮੁਹਾਂਦਰੇ ’ਤੇ ਅਜਿਹੀ ਰੌਣਕ ਆਈ, ਜਿਵੇਂ ਸੁੱਕੀ ਨਹਿਰ ਵਿੱਚ ਪਾਣੀ ਦਾ ਨਕਾਲ ਆ ਗਿਆ ਹੋਵੇਕੰਡਕਟਰ ਨੇ ਬੜੇ ਚਾਅ ਨਾਲ ਪੁੱਛਿਆ, “ਭਈਆ, ਕਹਾਂ ਜਾਓਗੇ?”

ਮਜ਼ਦੂਰ ਨੇ ਆਪਣੀ ਫਤੂਹੀ ਦੀ ਜੇਬ ਵਿੱਚੋਂ ਬੜੀ ਹਿਫ਼ਾਜ਼ਤ ਨਾਲ ਸੰਭਾਲਿਆ ਹੋਇਆ ਪੰਜਾਹਾਂ ਦਾ ਨੋਟ ਕੱਢ ਕੇ ਫੜਾਇਆ ਅਤੇ ਬੜੇ ਮਸਕੀਨ ਜਿਹੇ ਲਹਿਜੇ ਵਿੱਚ ਕਿਹਾ, “ਜਨਾਬ, ਹਮ ਲਬਲੀ ਜੂਨੀਬਰਸਟੀ ਜਾਏਂਗੇ।”

ਨਕਦ ਨਾਰਾਇਣ ਦੇ ਦਰਸ਼ਨ ਹੁੰਦਿਆਂ ਹੀ ਕੰਡਕਟਰ ਦੀਆਂ ਬਾਛਾਂ ਖਿੜ ਗਈਆਂਉਹ ਟਿਕਟ ਕੱਟਦਾ ਹੋਇਆ ਹੌਲੀ ਜਿਹੇ ਬੁੜਬੁੜਾਇਆ, “ਸ਼ੁਕਰ ਐ ਦਾਤਿਆ! ਤਿੰਨ ਘੰਟਿਆਂ ਦੀ ਖੁਆਰੀ ਮਗਰੋਂ ਹੀ ਸਹੀ, ਘੱਟੋ-ਘੱਟ ਬੋਹਣੀ ਤਾਂ ਨਸੀਬ ਹੋਈ।”

ਸਾਰੀ ਬੱਸ ਦਾ ਗੇੜਾ ਲਾਉਣ ਮਗਰੋਂ ਕੰਡਕਟਰ ਮੁੜ ਸਾਡੇ ਕੋਲ ਆਣ ਖੜ੍ਹਾ ਹੋਇਆਮੇਰੇ ਨਾਲ ਬੈਠੇ ਸੁਤੰਤਰਤਾ ਸੰਗਰਾਮੀ ਹੁਰਾਂ ਨੇ ਆਪਣਾ ‘ਸ਼ਨਾਖ਼ਤੀ ਕਾਰਡ’ ਉਸਦੇ ਸਨਮੁਖ ਕੀਤਾਕੰਡਕਟਰ ਨੇ ਕਾਰਡ ’ਤੇ ਮਾਯੂਸੀ ਭਰੀ ਝਾਤ ਮਾਰੀ ਅਤੇ ਫਿਰ ਮੇਰੇ ਵੱਲ ਤਿਰਛੀ ਨਜ਼ਰ ਨਾਲ ਤੱਕਦਿਆਂ ਵਿਅੰਗਮਈ ਅੰਦਾਜ਼ ਵਿੱਚ ਬੋਲਿਆ, “ਬਾਬਾ, ਦੱਸ ਹੁਣ ਤੂੰ ਕਿਹੜਾ ਪੱਤਾ ਸੁੱਟਣੈਂ?

ਇਸੇ ਦੌਰਾਨ ਮੈਂ ਟਿਕਟ ਲੈਣ ਲਈ ਆਪਣਾ ‘ਦਿਵਿਆਂਗਤਾ ਕਾਰਡ’ ਅਤੇ ਦੋ ਸੌ ਦਾ ਨੋਟ ਪਹਿਲੋਂ ਹੀ ਹੱਥ ਵਿੱਚ ਫੜੀ ਬੈਠਾ ਸਾਂਭਾਵੇਂ ਮੈਂ ਨਿਯਮਾਂ ਦੀ ਕਾਗ਼ਜ਼ੀ ਤਖ਼ਤੀ ਮੁਤਾਬਿਕ ਅੱਧੀ ਟਿਕਟ ਦਾ ਪੂਰਾ ਹੱਕਦਾਰ ਸਾਂ, ਪਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਕੰਡਕਟਰ ਮੈਨੂੰ ਆਮ ਸਵਾਰੀ ਦੇ ਭੁਲੇਖੇ ਬੜੀ ਤਲਖ਼ੀ ਨਾਲ ਬੋਲਿਆ, “ਲੈ ਭਾਈ! ਕੱਢ 240 ਰੁਪਏ ਚੰਡੀਗੜ੍ਹੋਂ ਜਲੰਧਰ ਦਾ ਕਿਰਾਇਆ... ਪਰ ਲੱਗਦੈ ਅੱਜ ਗੱਡੀ ਵਿੱਚ ਬਹੁਤੇ ‘ਰੱਬ ਦੀ ਜਾਂਞੀ’ ਈ ਚੜ੍ਹੇ ਹੋਏ ਆ... ਮਸ਼ੀਨ ਤਾਂ ਪਰਚੀਆਂ ਕੱਢ-ਕੱਢ ਹੰਭ ਗਈ ਐ ਪਰ ਝੋਲਾ ਅਜੇ ਵੀ ਖ਼ਾਲੀ ਦਾ ਖ਼ਾਲੀ ਈ ਪਿਆ

ਉਸਦੇ ਤਨਜ਼ ਦਾ ਸੇਕ ਮੇਰੀ ਅਣਖ ਨੂੰ ਇੰਝ ਝੁਲਸਾ ਗਿਆ ਕਿ ਮੈਨੂੰ ਆਪਣਾ ਰਿਆਇਤੀ ਕਾਰਡ ਕਿਸੇ ਬੋਝ ਵਾਂਗ ਮਹਿਸੂਸ ਹੋਣ ਲੱਗਾਮੈਂ ਮਲਕੜੇ ਜਿਹੇ ਉਹ ਕਾਰਡ ਮੁੜ ਬਟੂਏ ਦੇ ਇੱਕ ਕੋਨੇ ਵਿੱਚ ਸਰਕਾਇਆ, ਵਿੱਚੋਂ ਇੱਕ ਹੋਰ ਪੰਜਾਹਾਂ ਦਾ ਨੋਟ ਕੱਢਿਆ ਅਤੇ ਢਾਈ ਸੌ ਰੁਪਏ ਉਸ ਵੱਲ ਵਧਾਉਂਦਿਆਂ ਬੜੇ ਸਹਿਜ ਨਾਲ ਕਿਹਾ, “ਕਾਕਾ ਜੀ... ਇੱਕ ਜਲੰਧਰ ਦੀ ਟਿਕਟ ਦੇ ਦਿਓ

ਜਲੰਧਰ ਅੱਡੇ ’ਤੇ ਉੱਤਰਕੇ ਮੈਂ ਤੇ ਉਹ ਅਜ਼ਾਦੀ ਘੁਲਾਟੀਆ ਆਪੋ-ਆਪਣੇ ਰਾਹ ਪੈ ਗਏ ਪਰ ਮੇਰਾ ਮਨ ਲਗਾਤਾਰ ਉਧੇੜ-ਬੁਣ ਵਿੱਚ ਉਲਝਿਆ ਹੋਇਆ ਸੀਸਵਾਲ ਸੂਬੇ ਦੇ ਉਸ ਭਵਿੱਖ ਦਾ ਸੀ, ਜਿੱਥੇ ਹਕੂਮਤਾਂ ਵੋਟਾਂ ਬਟੋਰਨ ਲਈ ਹਰ ਸ਼ੈਅ ਮੁਫਤ ਵੰਡਣ ਦੇ ਰਾਹ ਤੁਰੀਆਂ ਹੋਈਆਂ ਹਨਦਰਅਸਲ ਅੱਜ ਦੀ ਗਫਲਤ ਵਿੱਚ ਵੰਡੀਆਂ ਜਾ ਰਹੀਆਂ ਇਹ ਮਿੱਠੀਆਂ ਗੋਲੀਆਂਆਉਣ ਵਾਲੇ ਸਮੇਂ ਵਿੱਚ ਅਜੋਕੀ ਪੀੜ੍ਹੀ ਲਈ ਅਜਿਹਾ ਮਿੱਠਾ ਜ਼ਹਿਰਸਾਬਤ ਹੋਣਗੀਆਂ, ਜੋ ਸਾਡੀਆਂ ਨਸਲਾਂ ਨੂੰ ਕਰਜ਼ੇ ਦੀ ਭਾਰੀ ਪੰਡ ਹੇਠ ਲੱਦ ਕੇ ਉਨ੍ਹਾਂ ਦਾ ਜਿਊਣਾ ਮੁਹਾਲ ਕਰ ਦੇਣਗੀਆਂ

ਕਿਸੇ ਸ਼ਾਇਰ ਨੇ ਬਖ਼ੂਬੀ ਲਿਖਿਆ ਹੈ:

ਇੰਤਿਖ਼ਾਬੀ ਵਾਅਦੋਂ ਕੀ ਮਿਠਾਸ ਮੇਂ ਯਹ ਨਾ ਦੇਖਾ,
ਕਿ ਕਰਜ਼ ਕੀ ਕੜਵਾਹਟ ਨਸਲੋਂ ਕੋ ਮਿਲੇਗੀ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Retd. Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author