KusumTaak7“ਜੇਕਰ ਸਮੇਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖਤ ਪੀੜ੍ਹੀ ਕਮਜ਼ੋਰ, ਬਿਮਾਰ ਅਤੇ ...”
(5 ਫਰਵਰੀ 2026)


ਬਚਪਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਦੌਰ ਹੁੰਦਾ ਹੈ
। ਇਸ ਮਰਹਲੇ ’ਤੇ ਹੋਰਨਾਂ ਮੁਕਾਬਲੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਹੀ ਅਤੇ ਸੰਤੁਲਿਤ ਭੋਜਨ ਦਿੱਤਾ ਜਾਵੇ ਤਾਂ ਜੋ ਉਹ ਤੰਦਰੁਸਤ, ਚੁਸਤ ਅਤੇ ਬੌਧਿਕ ਪੱਖੋਂ ਮਜ਼ਬੂਤ ਬਣ ਸਕਣ। ਪ੍ਰੰਤੂ ਅੱਜ ਦੀ ਭਾਜੜ ਭਰੀ ਜ਼ਿੰਦਗੀ ਵਿੱਚ ਖਾਣ-ਪੀਣ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਮਾਪੇ ਖੁਦ ਬੱਚੇ ਦੀ ਖੁਰਾਕ ਵਿੱਚ ਜੰਕ ਫੂਡ ਪਰੋਸ ਰਹੇ ਹਨ, ਜਿਸ ਕਰਕੇ ਉਹਨਾਂ ਦੇ ਸਰੀਰ ਨੂੰ ਲੋੜੀਂਦੇ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਨਹੀਂ ਮਿਲਦੇ। ਨਤੀਜੇ ਵਜੋਂ ਅੱਜ-ਕੱਲ੍ਹ ਦੇ ਬੱਚੇ ਸਰੀਰਕ ਪੱਖੋਂ ਖੋਖਲੇ ਹੁੰਦੇ ਜਾ ਰਹੇ ਹਨ।

ਜੰਕ ਫੂਡ:

ਜੰਕ ਫੂਡ ਅਜਿਹਾ ਭੋਜਨ ਹੁੰਦਾ ਹੈ, ਜੋ ਸਵਾਦ ਵਜੋਂ ਤਾਂ ਵਧੀਆ ਲਗਦਾ ਹੈ ਪ੍ਰੰਤੂ ਉਸ ਵਿੱਚ ਪੌਸ਼ਟਿਕਤਾ ਦੀ ਘਾਟ ਹੁੰਦੀ ਹੈ। ਇਸ ਤਰ੍ਹਾਂ ਦੇ ਭੋਜਨ ਵਿੱਚ ਸੰਤੁਲਿਤਤਾ ਦੀ ਘਾਟ ਹੁੰਦੀ ਹੈ। ਜੰਕ ਫੂਡ ਵਿੱਚ ਚਰਬੀ, ਚੀਨੀ, ਨਮਕ, ਕੈਲੋਰੀ ਦੀ ਮਾਤਰਾ ਬਥੇਰੀ ਹੁੰਦੀ ਹੈ ਪ੍ਰੰਤੂ ਸਰੀਰ ਲਈ ਲੋੜੀਂਦੇ ਤੱਤ ਜਿਵੇਂ ਵਿਟਾਮਿਨ, ਖਣਿਜ ਅਤੇ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ। ਇਹ ਫੂਡ ਜਲਦੀ ਤਿਆਰ ਹੋ ਜਾਂਦਾ ਹੈ, ਇਸ ਕਰਕੇ ਇਸ ਨੂੰ ਫਾਸਟ ਫੂਡ ਵਜੋਂ ਵੀ ਜਾਣਿਆ ਜਾਂਦਾ ਹੈ। ਬਰਗਰ, ਪੀਜ਼ਾ, ਪਾਸਤਾ, ਚਿਪਸ, ਕੋਲਡ ਡ੍ਰਿੰਕਸ, ਨੂਡਲਜ਼, ਚਾਕਲੇਟ, ਕੇਕ, ਫ੍ਰੈਂਚ ਫ੍ਰਾਈਜ, ਫ੍ਰਾਈਡ ਚਿਕਨ, ਤਲੇ ਹੋਏ ਭੋਜਨ ਜੰਕ ਫੂਡ ਦੀਆਂ ਉਦਾਹਰਨਾਂ ਹਨ।

ਜੰਕ ਫੂਡ ਦੇ ਨੁਕਸਾਨ:

ਜੰਕ ਫੂਡ ਭਾਵੇਂ ਖਾਣ ਵਿੱਚ ਸੁਆਦਲਾ ਹੈ ਪ੍ਰੰਤੂ ਸਿਹਤ ਲਈ ਹਾਨੀਕਾਰਕ ਹੈ। ਜੰਕ ਫੂਡ ਵਿੱਚ ਚਰਬੀ, ਨਮਕ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਬੱਚਿਆਂ ਦੇ ਵਜ਼ਨ ਵਿੱਚ ਬੇਲੋੜੇ ਵਾਧੇ ਅਤੇ ਮੋਟਾਪੇ ਦਾ ਕਾਰਨ ਬਣ ਰਿਹਾ ਹੈ। ਇਸ ਨਾਲ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ ਦਿਲ ਦੀ ਬਿਮਾਰੀ, ਹਾਈ ਬੱਲਡ ਪ੍ਰੈੱਸ਼ਰ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਫਾਇਬਰ ਦੀ ਘਾਟ ਹੋਣ ਕਰਕੇ ਬੱਚਿਆਂ ਦਾ ਪਾਚਨਤੰਤਰ ਦਿਨੋ-ਦਿਨ ਕਮਜ਼ੋਰ ਹੋ ਰਿਹਾ ਹੈ। ਚੀਨੀ ਭਰਪੂਰ ਪਦਾਰਥਾਂ ਕਰਕੇ ਦੰਦਾਂ ਨੂੰ ਕੀੜੇ ਲੱਗ ਰਹੇ ਹਨ। ਜੰਕ ਫੂਡ ਮਾਨਸਿਕ ਸਿਹਤ ਉੱਤੇ ਵੀ ਮਾੜਾ ਅਸਰ ਪਾਉਂਦਾ ਹੈ। ਸ਼ੂਗਰ ਅਤੇ ਕੈਫੀਨ ਭਰਪੂਰ ਚੀਜ਼ਾਂ ਬੱਚਿਆਂ ਦੇ ਵਤੀਰੇ ਵਿੱਚ ਤੇਜ਼ੀ, ਚਿੜਚਿੜਾਪਣ, ਧਿਆਨ ਵਿੱਚ ਕਮੀ ਅਤੇ ਥਕਾਵਟ ਲਿਆ ਕੇ ਜੀਵਨ ਵਿੱਚ ਨਿਰਾਸ਼ਾ ਲਿਆ ਰਹੀਆਂ ਹਨ।

ਜੰਕ ਫੂਡ ਹਰਮਨ ਹੋਣ ਦਾ ਕਾਰਨ:

ਆਲਮੀ ਪੱਧਰ ਦੇ ਬਦਲਾਅ ਨੇ ਜ਼ਿੰਦਗੀ ਦੀ ਰਫਤਾਰ ਨੂੰ ਚੋਖੀ ਗਤੀ ਦਿੱਤੀ ਹੈ। ਸਾਡੇ ਖਾਣ-ਪੀਣ ਵਿੱਚ ਪੌਸ਼ਟਿਕ ਭੋਜਨ ਦੀ ਥਾਲੀ ਅਲੋਪ ਹੋ ਰਹੀ ਹੈ, ਉਹਨਾਂ ਦੀ ਥਾਂ ਜੰਕ ਫੂਡ ਆ ਗਿਆ। ਮਲਟੀ ਅਤੇ ਸੋਸ਼ਲ ਮੀਡੀਆ ਰਾਹੀ ਪ੍ਰਚਾਰੇ ਜਾਂਦੇ ਜੰਕ ਫੂਡ ਬੱਚਿਆਂ ਨੂੰ ਆਕਰਸ਼ਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਬੱਚੇ ਜੰਕ ਫੂਡ ਨੂੰ ਲਾਲਚ ਭਰੀਆਂ ਅੱਖਾਂ ਨਾਲ ਦੇਖਦੇ ਹਨ। ਫਿਲਮੀ ਕਲਾਕਾਰਾਂ ਜਾਂ ਸਿੰਗਰਾਂ ਦੁਆਰਾ ਕੀਤਾ ਜਾਂਦਾ ਪ੍ਰਚਾਰ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ। ਵਿੱਦਿਅਕ ਸੰਸਥਾਵਾਂ ਦੇ ਨੇੜੇ ਜੰਕ ਫੂਡ ਦੀ ਉਪਲਬਧਤਾ ਅਤੇ ਮਾਪਿਆਂ ਵੱਲੋਂ ਦਿੱਤੇ ਪੌਸ਼ਟਿਕ ਟਿਫਨ ਦੀ ਥਾਂ ਚਿਪਸ, ਬਰਗਰ ਜਾਂ ਕੋਲਡ ਡ੍ਰਿੰਕ ਨੂੰ ਤਰਜੀਹ ਚਿੰਤਾ ਦਾ ਵਿਸ਼ਾ ਹਨ।

ਜੰਕ ਫੂਡ ਦੇ ਵਿਰੁੱਧ ਜਾਗਰੂਕਤਾ:

ਜੰਕ ਫੂਡ ਵਿਰੁੱਧ ਪਹਿਲੀ ਅਵਾਜ਼ ਮਾਪਿਆਂ ਨੂੰ ਚੁੱਕਣੀ ਪਵੇਗੀ। ਹਰੇਕ ਜਾਗਰੂਕ ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੌਸ਼ਟਿਕ ਖਾਣ-ਪੀਣ ਦੀ ਆਦਤ ਪਾਉਣ। ਬੱਚਿਆਂ ਨੂੰ ਸੀਜ਼ਨਲ ਸਬਜ਼ੀਆਂ, ਫਲ, ਦਾਲਾਂ, ਦੁੱਧ ਅਤੇ ਅਨਾਜ ਦੀ ਵਰਤੋਂ ਕਰਕੇ ਸੁਆਦ ਭਰਪੂਰ ਅਤੇ ਪੌਸ਼ਟਿਕ ਭੋਜਨ ਦਿੱਤਾ ਜਾਵੇ। ਬੱਚਿਆਂ ਨੂੰ ਇਹ ਸਮਝਾਇਆ ਜਾਵੇ ਕਿ ਪੌਸ਼ਟਿਕ ਭੋਜਨ, ਜੰਕ ਫੂਡ ਨਾਲੋਂ ਜ਼ਿਆਦਾ ਸਵਾਦ ਅਤੇ ਸਿਹਤ ਲਈ ਲਾਭਕਾਰੀ ਹੈ।

ਸਕੂਲੀ ਪਾਠਕ੍ਰਮ ਵਿੱਚ ਪੌਸ਼ਟਿਕ ਭੋਜਨ ਦੇ ਲਾਭ ਅਤੇ ਜੰਕ ਫੂਡ ਤੋਂ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਨੁਕਸਾਨ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਸੈਮੀਨਾਰ, ਵਰਕਸ਼ਾਪ, ਚਾਰਟ, ਮਾਡਲ ਦੇ ਮਾਧਿਅਮ ਰਾਹੀਂ ਜੰਕ ਫੂਡ ਵਿਰੁੱਧ ਆਵਾਜ਼ ਉਠਾਣੀ ਚਾਹੀਦੀ ਹੈ। ਬੱਚਿਆਂ ਨੂੰ ਦੱਸਿਆ ਜਾਵੇ ਕਿ ਕਿਹੜਾ ਭੋਜਨ ਸਰੀਰ ਲਈ ਲਾਭਦਾਇਕ ਹੈ ਅਤੇ ਕਿਹੜਾ ਨੁਕਸਾਨਦਾਇਕ। ਸਕੂਲ ਕੈਂਟੀਨਾਂ ਵਿੱਚ ਜੰਕ ਫੂਡ ਉੱਤੇ ਪੂਰੀ ਤਰ੍ਹਾਂ ਰੋਕ ਹੋਣੀ ਚਾਹੀਦੀ ਹੈ। ਸਰਕਾਰ ਬੱਚਿਆਂ ਨੂੰ ਕੇਂਦਰਤ ਕਰਕੇ ਬਣਾਏ ਜਾਂਦੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਗਾਵੇ। ਵਿੱਦਿਅਕ ਸੰਸਥਾਵਾਂ ਦੇ ਅੰਦਰ ਅਤੇ ਆਲੇ-ਦੁਅਲੇ ਸਿਹਤਮੰਦ ਖਾਣੇ ਨੂੰ ਉਤਸ਼ਾਹਿਤ ਕਰੇ। ਸ਼ਾਬਾਸ਼ ਦੇਣ ਸਮੇਂ ਬੱਚਿਆਂ ਨੂੰ ਚਾਕਲੇਟ, ਟਾਫੀ ਜਾਂ ਪੈਕਟ ਫੂਡ ਦੇਣ ਦੀ ਬਜਾਇ ਫਲ ਜਾਂ ਹੋਰ ਪੌਸ਼ਟਿਕ ਖੁਰਾਕ ਦਿੱਤੀ ਜਾਵੇ। ਜੰਕ ਫੂਡ ਵਿਰੁੱਧ ਜਾਗਰੂਕਤਾ ਅਭਿਆਨ ਚਲਾ ਕੇ ਸਿਹਤਮੰਦ ਪੀੜ੍ਹੀ ਦੀ ਬੁਨਿਆਦ ਰੱਖਣੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਅੰਤ, ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਵਿੱਚ ਜੰਕ ਫੂਡ ਦੀ ਲਤ ਸਾਡੇ ਭਵਿੱਖ, ਦੇਸ਼ ਦੇ ਨਾਗਰਿਕਾਂ ਦੀਆਂ ਜੜ੍ਹਾਂ ਕਮਜ਼ੋਰ ਕਰ ਰਹੀ ਹੈ। ਜੇਕਰ ਸਮੇਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖਤ ਪੀੜ੍ਹੀ ਕਮਜ਼ੋਰ, ਬਿਮਾਰ ਅਤੇ ਅਸਥਿਰ ਪੀੜ੍ਹੀ ਬਣਕੇ ਰਹਿ ਜਾਵੇਗੀ। ਇਸ ਲਈ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਈਏ, ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੀ ਮਹੱਤਤਾ ਸਮਝਾਈਏ ਅਤੇ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੀਏ। ਤੰਦਰੁਸਤ ਬੱਚੇ ਹੀ ਤੰਦਰੁਸਤ ਸਮਾਜ ਅਤੇ ਸੁਨਹਿਰੀ ਭਵਿੱਖ ਦੀ ਗਰੰਟੀ ਹਨ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਕੁਸੁਮ ਟਾਕ

ਪ੍ਰਿੰ. ਕੁਸੁਮ ਟਾਕ

Whatsapp: (91 - 99880 - 01978)
Email: (
kusumtaak2006@gmail.com)

More articles from this author