MonikaKataria7ਰੱਬ ਦਾ ਜੀਅਮੇਰੀ ਧੀ, ਬਾਹਲਾ ਮੋਹ ਜਤਾਉਂਦੀ ਏ ...
(4 ਫਰਵਰੀ 2026)


1.
ਰੱਬ ਦਾ ਜੀਅ

ਨਿੱਕੇ ਨਿੱਕੇ ਪੈਰਾਂ ਨਾਲ,
ਮੇਰੇ ਵੱਲ ਭੱਜੀ ਆਉਂਦੀ ਏ
ਨਾਲ ਸੀਨੇ ਦੇ ਲੱਗ ਕੇ,
ਹਰ ਦੁੱਖ ਮਿਟਾਉਂਦੀ ਏ
ਡਿਗ ਕਿੰਝ ਉੱਠਣਾ,
ਰੋ ਕੇ ਕਿਵੇਂ ਫਿਰ ਹੱਸਣਾ
ਮੈਂਨੂੰ ਹਰ ਵਾਰ ਸਿਖਾਉਂਦੀ ਏ,
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

ਲੈ ਕੇ ਆਈ ਏ
ਬਰਕਤਾਂ ਹਜ਼ਾਰ ਵਿਹੜੇ ਵਿੱਚ
ਭਰ ਦਿੱਤੀ ਏ

ਖੁਸ਼ੀ ਬੇਸ਼ੁਮਾਰ ਜ਼ਿੰਦਗੀ ਵਿੱਚ
ਆਪਣੀ ਖੁਸ਼ਬੂ ਨਾਲ
ਸਾਡਾ ਘਰ ਮਹਿਕਾਉਂਦੀ ਏ
,
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

ਓਹਦੀਆਂ ਬਾਂਹਾਂ ਵਰਗਾ
ਗਲ਼ ਦਾ ਹਾਰ ਕੋਈ ਨਾ

ਜਦੋਂ ਦੀ ਮਿਲੀ ਏ ਮੈਂਨੂੰ
ਮੇਰੀ ਅੱਖ ਰੋਈ ਨਾ
ਉਹਦਾ ਆਉਣਾ ਜਿਵੇਂ
,
ਰੱਬ ਦੀ ਰਹਿਮਤ ਹੋਈ ਏ
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

ਪ੍ਰੇਸ਼ਾਨੀਆਂ ਭਰੀ ਇਸ ਜ਼ਿੰਦਗੀ ਵਿੱਚ
ਤੋਤਲੇ ਬੋਲਾਂ ਨਾਲ ਖੁਸ਼ੀ ਲਿਆਉਂਦੀ ਏ
ਕੰਮ ਤੋਂ ਪਰਤੇ ਪਾਪਾ ਦੇ,
ਕਲੇਜੇ ਠੰਢ ਪਾਉਂਦੀ ਏ
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

ਨਿੱਘ ਇੰਝ ਜਾਪੇ,
ਉਹਦੀ ਗਲਵੱਕੜੀ ਦਾ
ਹੌਸਲਾ ਜਿੰਨਾ ਹੁੰਦਾ,
ਰੱਬ ਵੱਲੋਂ ਬਾਂਹ ਫੜੀ ਦਾ
ਜਦੋਂ ਕਦੇ ਹੋ ਜਾਂਦੀ ਹਾਂ
ਉਦਾਸ ਜ਼ਿੰਦਗੀ ਤੋਂ
ਮਿੰਨ੍ਹਾ ਜਿਹਾ ਹੱਸ ਕੇ,
ਮੇਰੀ ਰੂਹ ਖਿੜਾਉਂਦੀ ਏ
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

ਕਿਸਮਤਾਂ ਵਾਲਿਆਂ ਦੇ ਘਰ ਆਵਣ
ਇਹ ਠੰਢੀਆਂ ਹਵਾਵਾਂ
ਪੁੱਤਾਂ ਵਾਂਗ ਪਾਲੋ ਇਨ੍ਹਾਂ ਨੂੰ
ਧੀਆਂ ਹੁੰਦੀਆਂ,
ਖੁਸ਼ੀਆਂ ਦਾ ਸਿਰਨਾਵਾਂ
ਪੁੱਤਾਂ ਨਾਲੋਂ ਵੱਧ,
ਧੀ ਦੁੱਖ ਵੰਡਾਉਂਦੀ ਏ
ਰੱਬ ਦਾ ਜੀਅ, ਮੇਰੀ ਧੀ
ਬਾਹਲਾ ਮੋਹ ਜਤਾਉਂਦੀ ਏ।

        *  *  *

2. ਤੰਦਾਂ ਮੋਹ ਦੀਆਂ

ਨਿੱਕੇ ਹੁੰਦੇ ਸੁਣਿਆ ਸੀ,
ਆਏਗਾ ਇੱਕ ਰਾਜਕੁਮਾਰ
ਹੋ ਕੇ ਘੋੜੇ ’ਤੇ ਸਵਾਰ,
ਕਰੇਗਾ ਸਾਰੇ ਸੁਪਨੇ ਸਾਕਾਰ
ਚਾਈਂ ਚਾਈਂ ਸੁਪਨੇ,
ਮੈਂ ਵੀ ਸੀ ਸਜਾਉਣ ਲੱਗੀ
ਹੋ ਕੇ ਤਿਆਰ,
ਸ਼ੀਸ਼ੇ ਮੋਹਰੇ ਸੀ ਖਲੋਣ ਲੱਗੀ
ਆ ਗਿਆ ਸੀ ਦਿਨ ਉਹ,
ਜਦੋਂ ਘਰ ਦੀ ਨਿਆਣੀ
ਹੁਣ ਹੋਣ ਲੱਗੀ ਸੀ,
ਦੂਜੇ ਘਰ ਦੀ ਸਿਆਣੀ
ਤੋਰਿਆ ਸੀ ਮਾਂ ਨੇ,
ਭਰੀਆਂ ਅੱਖਾਂ ਨਾਲ
ਲੜ ਜਿਸਦੇ ਲਾਈ,
ਹੁਣ ਓਹੀ ਤੇਰਾ ਪਾਲਣਹਾਰ
ਇੱਕ ਡਰ ਸੀ ਮਨ ਅੰਦਰ,
ਵਿੱਚ ਖੁਸ਼ੀਆਂ ਦੀ ਭਰਮਾਰ
ਕਿਵੇਂ ਦਾ ਹੋਵੇਗਾ,
ਮੇਰਾ ਸੋਹਣਾ ਰਾਜਕੁਮਾਰ
ਕਹਾਣੀਆਂ ਵਾਲੀ ਗੱਲ,
ਉਹਨੇ ਸੱਚ ਕਰ ਵਿਖਾਈ
ਮੇਰੇ ਸੁਪਨੇ ਅਪਣਾਕੇ,
ਨਵੀਂ ਦੁਨੀਆਂ ਦਿਖਾਈ।
ਖੰਭ ਦਿੱਤੇ ਸੀ ਜੋ ਮਾਪਿਆ ਮੈਂਨੂੰ,
ਉੱਡਣਾ ਉਹਨੇ ਸਿਖਾਇਆ
ਨਿੱਕੀ ਉਮਰੇ ਪਿਓ ਗਵਾਚਾ,
ਮੈਂ ਉਹਦੇ ਵਿੱਚੋਂ ਪਾਇਆ।
ਰਹਿ ਗਏ ਸੀ ਜੋ ਚਾਅ ਅਧੂਰੇ,
ਕੀਤੇ ਉਹਨੇ ਸਭ ਪੂਰੇ।

ਮਾਪਿਆ ਦੀ ਦੁਨੀਆਂ,
ਖੁਸ਼ ਉਦੋਂ ਵਸਦੀ ਏ
ਚਾਵਾਂ ਨਾਲ ਤੋਰੀ ਧੀ,
ਸਹੁਰੇ ਜਦੋਂ ਹੱਸਦੀ ਏ
ਦਿਲ ਦੀਆਂ ਜਾਣੇ‘
ਨਾਲੇ ਜਾਣੇ ਰੂਹ ਦੀਆਂ

ਜੁੜ ਗਈਆਂ ਨੇ,
ਨਾਲ ਉਹਦੇ ਤੰਦਾਂ ਮੋਹ ਦੀਆਂ।

ਦੁਆ ਏ ਮੇਰੀ,
ਹਰ ਕੁੜੀ ਨੂੰ ਮਿਲੇ ਅਜਿਹਾ ਹਮਸਫਰ
ਜੋ ਯਾਦ ਨਾ ਆਉਣ ਦੇਵੇ ਮਾਪੇ,
ਨਾ ਪੇਕਾ ਘਰ

 *   *   *

3. ਇੱਕ ਖਤ ਬਾਬਲ ਦੇ ਨਾਮ

ਘੜੀ ਦੇਖਣਾ ਜਾਣਦੀ ਨਹੀਂ ਸੀ ਉਦੋਂ,
ਪਰ ਪਿਓ ਦੀ ਬਿੜਕ ਪਛਾਣਦੀ ਸੀ
ਓਟੇ ਪਿੱਛੇ ਲੁਕਦੀ ਸੀ,
ਜਦੋਂ ਸਾਈਕਲ ’ਤੇ ਡੈਡੀ ਆਉਂਦੇ ਸੀ
ਭੱਜ ਕੇ ਗਲ ਲੱਗ ਜਾਂਦੀ ਸੀ,
ਜਦੋਂ ਮੋਨੇ ਕਹਿ ਬਲਾਉਂਦੇ ਸੀ
ਕੰਮ ਤੋਂ ਆਉਂਦਿਆਂ ਨੂੰ ਫਰੋਲਦੀ ਸੀ,
ਉਹ ਰੋਟੀ ਵਾਲਾ ਡੱਬਾ
ਜਿਸਦੇ ਵਿੱਚ ਆਈਸਕ੍ਰੀਮ ਹੁੰਦੀ ਸੀ,
ਛੋਟੀ ਹੋਣ ਦਾ ਫਾਇਦਾ ਸੀ ਇਹ,
ਸਭ ਤੋਂ ਵੱਧ ਮੇਰੇ ਹੀ ਹਿੱਸੇ ਆਉਂਦੀ ਸੀ

ਰਾਤ ਨੂੰ ਇੱਕ ਜ਼ਿਦ ਸੀ ਹੁੰਦੀ,
ਓਹੀ ਗਾਣਾ ਸੁਣ ਕੇ ਸੌਣਾ
ਜੋ ਡੈਡੀ ਨੇ ਆਪ ਬਣਾਇਆ ਸੀ,
ਬੋਲ ਸੀ ਜਿਸਦੇ
ਪੁੱਤ ਮੇਰਾ ਅਫਸਰ ਬਣ ਕੇ ਆਇਆ ਸੀ

ਬਹੁਤ ਜਲਦੀ ਖੋਹ ਲਿਆ ਰੱਬਾ
ਤੂੰ ਮੇਰੇ ਕੋਲੋਂ ਉਸ ਇਨਸਾਨ ਨੂੰ
ਜਿਹਨੇ ਬਚਪਨ ਮੇਰਾ ਸੋਹਣਾ ਬਣਾਇਆ ਸੀ

ਮੇਰੀਆਂ ਵੀ ਸੀ ਰੀਝਾਂ ਕੁਝ,
ਪੂਰਾ ਕਰ ਦਿਖਾਵਾਂ ਉਹ ਸੁਪਨਾ
ਜੋ ਬਾਬਲ ਨੇ ਮੈਂਨੂੰ ਦਿਖਾਇਆ ਸੀ
ਮੈਂ ਵੀ ਖਿੱਚਣੀਆਂ ਸੀ ਫੋਟੋਆਂ,
ਆਪਣੀ ਡਿਗਰੀ ਵਾਲੀ ਟੋਪੀ ਨਾਲ
ਲੈ ਦੇਖ ਬਾਪੂ! ਪੁੱਤ ਤੇਰਾ
ਪ੍ਰੋਫੈਸਰ ਬਣ ਕੇ ਆਇਆ ਈ।

ਆਪਣੀ ਮਾਂ ਦੀ ਬੇਰੰਗ ਦੁਨੀਆਂ ਵਿੱਚ,
ਮੈਂ ਰੰਗ ਹੋਰ ਭਰਨੇ ਸੀ
ਤੂੰ ਹੁੰਦਾ ਬਾਪੂ
,
ਮੇਰੀ ਮਾਂ ਦੇ ਸ਼ੌਕ ਨਾ ਮਰਨੇ ਸੀ

ਅੱਜ ਹੁੰਦੀ ਏ ਕਮੀ ਮਹਿਸੂਸ ਬੜੀ,
ਜਦੋਂ ਕਹਿੰਦੇ ਨੇ ਤੂੰ ਮਲਕੀਤ ਜਿਹੀ
ਧੀ ਨਹੀਂ, ਮੇਰਾ ਛੋਟਾ ਪੁੱਤ ਏ ਤੂੰ,
ਹਮੇਸ਼ਾ ਇਹੀ ਆਖ ਬੁਲਾਇਆ ਸੀ
ਲਿਖਦੇ ਸੀ ਅਕਸਰ,
ਆਪਣੇ ਨਾਮ ਨਾਲ ‘ਅਣਜਾਣ’
ਲਿਖਦਾ ਏ ਜਿਵੇਂ ਕੋਈ ਲੇਖਕ ਜਾਂ ਕਵੀ
ਇੱਕ ਵਾਰ ਤਾਂ ਦੇਖ ਬਾਪੂ,
ਅੱਜ ਤੇਰੀ ਧੀ ਨੇ ਵੀ ਕਲਮ ਫੜੀ
ਤੁਹਾਡੀ ਇੱਕ ਸੀ ਰੀਝ ਅਧੂਰੀ,
ਇੱਕ ਕਵਿਤਾ ਲਿਖੀ ਜਾਵੇ ਮੇਰੇ ਨਾਮ ਅਧੀਨ
ਲਿਖੀ ਏ ਮੈਂ, ਲਿਖਾਈ ਏ ਤੂੰ
ਮੇਰੇ ਇਹ ਬੋਲ ਤੇਰੇ ਬਣ ਜਾਣ

ਇਸ ਨਹੀਂ ਤਾਂ ਅਗਲੇ ਜਨਮ ਸਹੀ
ਮਿਲਾਂਗੇ ਜ਼ਰੂਰ “ਮਲਕੀਤ ਸਿੰਘ ਅਣਜਾਣ”

             *   *   *

4. ਇਕਾਂਤ

ਚੰਗਾ ਲਗਦਾ ਹੈ
ਚੁੱਪ ਜਿਹੇ ਰਹਿਣਾ
ਇਕਾਂਤ ਵਿੱਚ ਬਹਿਣਾ
ਸੁਣਨਾ ਚਿੜੀਆਂ ਦਾ ਸ਼ੋਰ
ਉਹ ਵਗਦੀ ਠੰਢੀ ਪੌਣ
ਉਹ ਪਾਣੀਆਂ ਦਾ ਵਹਿਣਾ
ਉਹ ਝੀਲਾਂ ਤੇ ਨਹਿਰਾਂ
ਉਹ ਫੁੱਲਾਂ ਦੀ ਸੁਗੰਧ
ਮਿੱਟੀ ਦਾ ਆਪਣਾਪਨ
ਉਹ ਤ੍ਰੇਲ ਨੂੰ ਉਛਾਲਣਾ
ਤਿਤਲੀਆਂ ਨਿਹਾਰਨਾ
ਉਹ ਪੰਛੀਆਂ ਦੀ ਉਡਾਣ
ਉਨ੍ਹਾਂ ਵਾਂਗ ਉਡਣ ਦੀ ਤਾਂਘ
ਉਹ ਪਰਬਤ ਪਹਾੜ
ਉਹ ਖੂਬਸੂਰਤ ਨਜ਼ਾਰੇ
ਵਸਣ ਕੁਦਰਤ ਸਹਾਰੇ
ਉਹ ਸਮੁੰਦਰ ਦੀਆਂ ਲਹਿਰਾਂ
ਬੱਸ ਸੁਣਦੇ ਹੀ ਰਹਿਣਾ
ਕੁਝ ਵੀ ਨਹੀਂ ਕਹਿਣਾ
ਚੰਗਾ ਲਗਦਾ ਹੈ
ਚੁੱਪ ਜਿਹੇ ਰਹਿਣਾ
ਇਕਾਂਤ ਵਿੱਚ ਬਹਿਣਾ

    *   *   *

5. ਜ਼ਿੰਦਗੀ

ਰੱਬ ਦਿੱਤੀ ਏ ਸੋਝੀ ਸਾਨੂੰ
ਚੰਗਾ ਮਾੜਾ ਸੋਚਣ ਦੀ
ਬਿਰਤੀ ਤਿਆਗੋ, ਬਹੁਤ ਲੋਚਣ ਦੀ
ਕਾਮਯਾਬੀ ਮੰਗੇ ਸਦਾ

ਮਿਹਨਤਾ ਦਾ ਕਾਰਵਾਂ
ਕੋਸ਼ਿਸ਼ ਕਰਦੇ ਰਹਿਣਾ
ਨਾ ਕਦੇ ਹਾਰਨਾ
ਜੀ, ਸਿੱਖ ਲਵੋ ਜ਼ਿੰਦਗੀ ਦੇ
ਹਰ ਰੰਗ ਨੂੰ ਮਾਨਣਾ।

ਨਾ-ਸ਼ੁਕਰੇ ਬੰਦੇ ਹਮੇਸ਼ਾ
ਦੁੱਖ ਹੰਡਾਉਂਦੇ ਨੇ
ਅਜਿਹੇ ਵੀ ਬਹੁਤ ਨੇ ਜੋ
ਅੰਬਰ ਹੇਠ ਸੌਂਦੇ ਨੇ
ਅਜਿਹੇ ਵਿੱਚ ਜੇ ਤੇਰਾ
ਘਰ ਹੈ ਆਪਣਾ
ਕਰ ਦਿਉ ਸ਼ੁਰੂ ਉਸਦਾ
ਸ਼ੁਕਰ ਆਖਣਾ

ਜੀ, ਸਿੱਖ ਲਵੋ ਜ਼ਿੰਦਗੀ ਦੇ
ਹਰ ਰੰਗ ਨੂੰ ਮਾਣਨਾ
ਜਦੋਂ ਰਹਿੰਦੇ ਹਾਂ ਵਿੱਚ ਭਾਣੇ ਦੇ
ਕੁਦਰਤ ਖੁਸ਼ ਹੁੰਦੀ ਏ
ਬਹੁਤਾ ਬਹੁਤਾ ਆਖੇ ਤੇ
ਉਹ ਬਹੁਤਾ ਦਿੰਦੀ ਏ

ਛੱਡ ਦਿਉ ਅੱਜ ਤੋਂ
ਆਪਣੇ ਕੰਮ ਨੂੰ ਟਾਲਣਾ
ਜੀ, ਸਿੱਖ ਲਵੋ ਜ਼ਿੰਦਗੀ ਦੇ
ਹਰ ਰੰਗ ਨੂੰ ਮਾਨਣਾ।

ਬੁਰਿਆਂ ਦਾ ਸੰਗ ਤਿਆਗੋ
ਚੰਗਿਆ ਨੂੰ ਬਣਾਓ ਮੀਤ
ਹੀਣ ਭਾਵਨਾ ਦਿਲ ’ਚੋਂ ਕੱਢੋ
ਨਾ ਕਰੋ ਕਿਸੇ ਦੀ ਰੀਸ
ਸਭ ਦਾ ਸਤਿਕਾਰ ਕਰੋ
ਕਰੋ ਸੰਸਕਾਰਾਂ ਦੀ ਪਾਲਣਾ
ਜੀ, ਸਿੱਖ ਲਵੋ ਜ਼ਿੰਦਗੀ ਦੇ
ਹਰ ਰੰਗ ਨੂੰ ਮਾਨਣਾ।

*   *   *   *   *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਨਿਕਾ ਕਟਾਰੀਆ

ਮੋਨਿਕਾ ਕਟਾਰੀਆ

V+PO: Pharala, Shaheed Bhagat Singh Nagar, Punjab, India.
Whatsapp: (91 - 62390 - 27026)
Email: (monikakataria70@gmail.com)