MonikaKataria7ਜਿਵੇਂ ਇੱਕ ਪੌਦਾ ਉਦੋਂ ਹੀ ਜ਼ਿਆਦਾ ਵਧਦਾ-ਫੁੱਲਦਾ ਹੈ ਜਦੋਂ ਉਸਦੀਆਂ ਜੜ੍ਹਾਂ ਮਜ਼ਬੂਤ ਹੋਣ ...
(18 ਜਨਵਰੀ 2026)


ਬਚਪਨ ਇੱਕ ਅਜਿਹਾ ਅਹਿਸਾਸ ਹੈ
, ਜਿਸ ਬਾਰੇ ਸੋਚ ਕੇ, ਮਹਿਸੂਸ ਕਰਕੇ ਹਰ ਕਿਸੇ ਦੇ ਚਿਹਰੇ ’ਤੇ ਅਲੱਗ ਜਿਹੀ ਮੁਸਕਾਨ ਆ ਜਾਂਦੀ ਹੈ। ਉਹ ਵੀ ਕੀ ਦਿਨ ਸੀ, ਜਦੋਂ ਨਾ ਕਿਸੇ ਨਾਲ ਵੈਰ ਸੀ, ਨਾ ਕਿਸੇ ਤੋਂ ਅੱਗੇ ਨਿਕਲਣ ਦੀ ਦੌੜ। ਬਚਪਨ ਬੱਸ ‘ਬਚਪਨ’ ਸੀ। ਦੋਸਤਾਂ-ਮਿੱਤਰਾਂ ਨਾਲ ਖੇਡਣਾ, ਆਪਣੇ ਘਰ, ਗਲੀ ਵਿੱਚ ਸ਼ਰਾਰਤਾਂ ਕਰਨੀਆਂ, ਥੱਕ ਹਾਰ ਕੇ ਸੌਂ ਜਾਣਾ, ਅਗਲੀ ਸਵੇਰ ਤੋਂ ਫਿਰ ਉਹੀ ਦੌੜ-ਭੱਜ ਸ਼ੁਰੂ। ਉਸ ਵੇਲੇ ਖੇਡਣ ਦੀਆਂ ਚੀਜ਼ਾਂ ਬੇਸ਼ਕ ਸੀਮਿਤ ਜਿਹੀਆਂ ਸਨ ਪਰ ਖੇਡਣ ਵਿੱਚ ਮਜ਼ਾ ਬਹੁਤ ਆਉਂਦਾ ਸੀ। ਉਦੋਂ ਸਾਰਾ ਦਿਨ ਖੇਡਣਾ ਬੱਸ ਖੇਡਣਾ ਹੁੰਦਾ ਸੀ। ਪਰ ਅੱਜ-ਕੱਲ੍ਹ ਦਾ ਬਚਪਨ ਬਹੁਤ ਅਲੱਗ ਹੈ। ਅੱਜ ਕੱਲ੍ਹ ਦੇ ਬੱਚਿਆਂ ਦਾ ਬਚਪਨ, ਬਚਪਨ ਘੱਟ ਬੋਝ ਜ਼ਿਆਦਾ ਬਣ ਚੁੱਕਾ ਹੈ, ਜਾਂ ਫਿਰ ਇਉਂ ਕਿਹਾ ਜਾਵੇ ਕਿ ਬਣਾ ਦਿੱਤਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਸੀਂ ਇੱਕ ਨਿੱਕੀ ਜਿਹੀ ਜਿੰਦ ਤੋਂ ਬਹੁਤ ਉਮੀਦਾਂ ਲਾ ਬੈਠਦੇ ਹਾਂ। ਅਸੀਂ ਬੱਚੇ ਤੋਂ ਸਿਵਾਏ ਉਸਦੀਆਂ ਬਚਪਨ ਦੀਆਂ ਸ਼ਰਾਰਤਾਂ ਦੇ ਬਾਕੀ ਸਭ ਚਾਹੁੰਦੇ ਹਾਂ ਕਿ ਉਹ ਇਹ ਕਰੇ ਉਹ ਕਰੇ, ਸਾਡੀ ਹਰ ਗੱਲ ਮੰਨੇ, ਰੋਟੀ ਸਮੇਂ ’ਤੇ ਖਾਵੇ ਆਦਿ।

ਪਰ ਅਸੀਂ ਇਹ ਭੁੱਲ ਬੈਠੇ ਹਾਂ ਕਿ ਜੇਕਰ ਬੱਚਾ ਬਚਪਨ ਵਿੱਚ ਸ਼ਰਾਰਤਾਂ ਨਹੀਂ ਕਰੇਗਾ, ਖੇਡੇਗਾ ਨਹੀਂ ਤਾਂ ਫਿਰ ਕਦੋਂ? ਸਮਾਂ ਬਹੁਤ ਤੇਜ਼ੀ ਨਾਲ ਬੀਤਦਾ ਹੈ ਅਤੇ ਸਾਡੀ ਜ਼ਿੰਦਗੀ ਵੀ। ਜ਼ਿੰਦਗੀ ਦੇ ਅਨੇਕਾਂ ਪਹਿਲੂਆਂ, ਪੜਾਵਾਂ ਵਿੱਚੋਂ ਸਭ ਤੋਂ ਬੇਸ਼ਕੀਮਤੀ ਹੈ - ਬਚਪਨਅੱਜ ਬੇਸ਼ਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਬਣਾ ਲਈਆਂ ਹਨ ਪਰ ਕੀ ਕੋਈ ਅਜਿਹੀ ਮਸ਼ੀਨ ਹੈ, ਜਿਹੜੀ ਸਾਡਾ ਬਚਪਨ ਵਾਪਸ ਲੈ ਆਵੇ, ਤਾਂ ਜਵਾਬ ਹੋਵੇਗਾ ਨਹੀਂ। ਅੱਜ ਬੇਸ਼ਕ ਅਸੀਂ ਇੰਨੇ ਕਾਬਿਲ ਹੋ ਗਏ ਹਾਂ ਕਿ ਦੁਨੀਆਂ ਦੀ ਹਰ ਸ਼ੈਹ ਖਰੀਦ ਸਕਦੇ ਹਾਂ ਪਰ ਕੀ ਉਹ ਬਚਪਨ ਵਰਗਾ ਹਾਸਾ, ਬਚਪਨ ਵਰਗੀ ਮਾਸੁਮੀਅਤ, ਬਚਪਨ ਵਰਗੀ ਬੇਫਿਕਰੀ, ਬਚਪਨ ਵਰਗੀ ਜ਼ਿੰਦਾਦਿਲੀ, ਬਚਪਨ ਵਰਗਾ ਆਪਣਾਪਣ, ਸਭ ਤੋਂ ਵੱਡੀ ਚੀਜ਼ ‘ਸਕੂਨ’, ਜੋ ਮਾਂ ਦੀ ਗੋਦ ਵਿੱਚ ਬੈਠ ਕੇ ਹੀ ਆ ਜਾਂਦਾ ਸੀ, ਕੀ ਉਸਨੂੰ ਖਰੀਦ ਸਕਦੇ ਹਾਂ? ਨਹੀਂ, ਕਤਈ ਨਹੀਂ। ਸਾਨੂੰ ਸਮਝਣ ਦੀ ਲੋੜ ਹੈ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ।

ਉਹ ਵੀ ਦਿਨ ਸੀ, ਜਦੋਂ ਹਰ ਚੀਜ਼ ਪਾਈ ਫਬਣੀ
ਨਾ ਕਿਸੇ ਨਾਲ ਵੈਰ ਸੀ
, ਨਾ ਕੋਈ ਗੱਲ ਦਿਲ ਵਿੱਚ ਰੱਖਣੀ
ਲੱਖਾਂ ਕਮਾ ਲੈ ਪੈਸੇ
, ਬਚਪਨ ਵਰਗੀ ਬਾਦਸ਼ਾਹਤ ਨਹੀਂਓਂ ਲੱਭਣੀ।

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਉਂਜ ਵੀ ਕਿਸੇ ਕੋਲ ਸਮਾਂ ਹੀ ਨਹੀਂ ਹੈ। ਅਸੀਂ ਸਮੇਂ ਨੂੰ ਰੋਕ ਨਹੀਂ ਸਕਦੇ, ਉਹ ਆਪਣੀ ਚਾਲ ਚੱਲਦਾ ਰਹੇਗਾ। ਸਮੇਂ ਨੂੰ ਰੋਕਣਾ ਸਾਡੇ ਹੱਥ ਨਹੀਂ ਪਰ ਇੱਕ ਚੀਜ਼ ਹੈ ਜੋ ਸਾਡੇ ਹੱਥ ਹੈ, ਉਹ ਹੈ ਆਪਣੇ ਬੱਚਿਆਂ ਦਾ ਬਚਪਨ। ਬਚਪਨ ਵਿੱਚ ਹੀ ਬੱਚਾ ਪੂਰੀ ਤਰ੍ਹਾਂ ਸਾਡੇ ਉੱਪਰ ਨਿਰਭਰ ਹੁੰਦਾ ਹੈ। ਹਰ ਛੋਟੀ-ਵੱਡੀ ਚੀਜ਼ ਲਈ ਸਾਡੇ ਵਾਲ ਦੇਖਦਾ ਹੈ। ਸਾਡੇ ਲਾਡ ਕੀਤਿਆਂ ਖੁਸ਼ ਹੋ ਜਾਂਦਾ ਹੈ ਤੇ ਸਾਡੇ ਝਿੜਕਿਆਂ ਰੋ ਵੀ ਪੈਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਬੱਚੇ ਨੂੰ ਬੱਚਾ ਹੀ ਰਹਿਣ ਦੇਈਏ, ਉਸਨੂੰ ਮਸ਼ੀਨ ਨਾ ਬਣਾਈਏ। ਨਾ ਹੀ ਰਟਣ ਵਾਲਾ ਉਹ ਤੋਤਾ ਬਣਾਈਏ ਜੋ ਦੋ ਰਿਸ਼ਤੇਦਾਰਾਂ ਦੇ ਅੱਗੇ ਏ, ਬੀ, ਸੀ ਅਤੇ ਵੰਨ-ਟੂ ਸੁਣਾਵੇ। ਬਲਕਿ ਉਸਨੂੰ ਖੁਸ਼ਮਿਜ਼ਾਜ਼ ਅਤੇ ਨੈਤਿਕ ਮੁੱਲਾਂ ਦਾ ਧਨੀ ਬਣਾਈਏ ਜੋ ਆਪਣੀ ਹਜ਼ਾਰ ਜਵਾਬੀ ਅਤੇ ਹਾਸੇ ਨਾਲ ਸਭ ਨੂੰ ਮੋਹ ਲਵੇ।

ਅੱਜ ਕੱਲ੍ਹ ਦਾ ਮਾਹੌਲ ਹੀ ਇਹੋ ਜਿਹਾ ਹੈ ਕਿ ਬੱਚਿਆਂ ਵਿੱਚ ਮੁਕਾਬਲੇਬਾਜ਼ੀ ਇੰਨੀ ਵਧ ਗਈ ਹੈ ਕਿ ਜੇਕਰ ਗੁਆਢੀਆਂ ਦਾ ਨਿਆਣਾ ਇੰਗਲਿਸ਼ ਦੇ ਚਾਰ ਅੱਖਰ ਵਧੀਆ ਬੋਲਦਾ ਹੈ ਤਾਂ ਮਾਂ ਨੂੰ ਆਪਣਾ ਜਵਾਕ ਨਾਲਾਇਕ ਲੱਗਣ ਲੱਗ ਜਾਂਦਾ ਹੈ। ਮੈਂ ਮੰਨਦੀ ਹਾਂ ਕਿ ਸਮੇਂ ਦੇ ਹਾਣੀ ਹੋਣਾ ਪੈਂਦਾ ਹੈ, ਬੱਚਿਆਂ ਲਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਪਰ ਕੀ ਢਾਈ ਸਾਲ ਦਾ ਬੱਚਾ, ਜੋ ਅਜੇ ਪੂਰੀ ਤਰ੍ਹਾਂ ਬੋਲਣਾ ਵੀ ਨਹੀਂ ਜਾਣਦਾ, ਉਸ ਉੱਪਰ ਕਿਤਾਬਾਂ ਦਾ, ਟਿਊਸ਼ਨ ਦਾ ਬੋਝ ਪਾ ਦੇਣਾ ਸਹੀ ਹੈ? ਉਹ ਵੀ ਸਿਰਫ ਇਸ ਲਈ ਕਿ ਉਹ ਬਾਕੀਆਂ ਨਾਲੋਂ ਅੱਗੇ ਨਿਕਲ ਸਕੇ?

ਅਸੀਂ ਭੁੱਲ ਬੈਠੇ ਹਾਂ ਕਿ ਇਹ ਅੱਗੇ ਨਿਕਲਣ ਵਾਲੀ ਦੌੜ ਤਾਂ ਕਦੇ ਮੁੱਕਣੀ ਹੀ ਨਹੀਂ। ਅਸੀਂ ਬੱਚਿਆਂ ਨਾਲ ਬੱਚੇ ਬਣਨ ਦੀ ਬਜਾਏ ਉਨ੍ਹਾਂ ਨੂੰ ਸਿਆਣੇ ਬਣਾਉਣ ’ਤੇ ਤੁਲੇ ਹੋਏ ਹਾਂ। ਜੇਕਰ ਸਾਡਾ ਬੱਚਾ ਸੋਫਿਆਂ, ਬੈੱਡ ’ਤੇ ਉਛਲਦਾ ਕੁੱਦਦਾ ਹੈ ਤਾਂ ਅਸੀਂ ਉਸਨੂੰ ਝੱਟ ਟੋਕਦੇ ਹਾਂ... NO BEHAVE YOURSELF, IT`S A BAD MANNER ... ਕਿਉਂ ਬਈ ਜੇਕਰ ਬੱਚਾ ਆਪਣੇ ਘਰ ਨਹੀਂ ਖੇਡੇਗਾ ਤਾਂ ਕਿੱਥੇ ਖੇਡੇਗਾ? ਇੱਕ ਆਮ ਜਿਹੀ ਉਦਾਹਰਨ ਲੈਂਦੇ ਹਾਂ, ਜਦੋਂ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ, ਜਦੋਂ ਸਾਡਾ ਜਵਾਕ ਕੋਈ ਅੱਥਰੀ ਜਿਹੀ ਸ਼ਰਾਰਤ ਕਰਦਾ ਹੈ ਤਾਂ ਅਸੀਂ ਗੁੱਸੇ ਜਾਂ ਮਜ਼ਾਕ ਵਿੱਚ ਜ਼ਰੂਰ ਕਹਿੰਦੇ ਹਾਂ, ਇਹ ਤੇਰੇ ਪਿਓ ਦਾ ਘਰ ਨਹੀਂ। ਪਰ ਹੁਣ ਤਾਂ ਅਸੀਂ ਉਸਦੇ ਪਿਓ ਦੇ ਘਰ ਵੀ ਅਨੇਕਾਂ ਪਾਬੰਦੀਆਂ ਲਗਾ ਦਿੱਤੀਆਂ ਹਨ। ਕੀ ਜ਼ਿੰਦਗੀ ਸਾਨੂੰ ਦੁਬਾਰਾ ਮੌਕਾ ਦਿੰਦੀ ਹੈ ਸੋਫਿਆ ’ਤੇ ਨੱਚਣ ਟੱਪਣ ਦਾ? ਤਾਂ ਸਭ ਦਾ ਜਵਾਬ ਹੋਵੇਗਾ ਨਹੀਂ, ਇਹ ਬਚਪਨ ਹੀ ਹੈ ਜੋ ਫਿਰ ਹੱਥ ਨਹੀਂ ਆਉਂਦਾ।

ਸੋ ਇਹੀ ਸਮਾਂ ਹੈ ਸਾਡੇ ਕੋਲ ਆਪਣੇ ਬੱਚਿਆਂ ਦਾ ਬਚਪਨ ਜ਼ਿੰਦਾ ਰੱਖਣ ਦਾ ਅਤੇ ਆਪਣੇ ਰਹਿ ਗਏ ਚਾਅ ਉਨ੍ਹਾਂ ਜ਼ਰੀਏ ਪੂਰੇ ਕਰਨ ਦਾ, ਕਿਉਂਕਿ ਬਚਪਨ ਹੀ ਹੈ ਜਦੋਂ ਅਸੀਂ ਖਿਡੌਣਿਆ ਨਾਲ ਖੇਡਦੇ ਹਾਂ, ਬਾਅਦ ਵਿੱਚ ਤਾਂ ਜ਼ਿੰਦਗੀ ਸਾਡੇ ਨਾਲ ਖੇਡਦੀ ਹੈ ਅਤੇ ਖਿਡੌਣੇ ਬਣ ਗਏ ਹੁੰਦੇ ਹਾਂ। ਜਿੰਨਾ ਚਿਰ ਸਾਡੇ ਹੱਥ ਵੱਸ ਹੈ ਕਿਉਂ ਨਾ ਅਸੀਂ ਬੱਚਿਆਂ ਨੂੰ ਅਜਿਹਾ ਬਚਪਨ ਦੇਈਏ ਜੋ ਕਿਸੇ ਦੌੜ, ਫਰੇਬ ਤੋਂ ਪਰੇ ਦਾ ਹੋਵੇ, ਜਿਸ ਵਿੱਚ ਹੋਵੇ ਤਾਂ ਸਿਰਫ ਸਕੂਨ। ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ, ਕੁਝ ਉਨ੍ਹਾਂ ਨੂੰ ਸਿਖਾਈਏ ਅਤੇ ਕੁਝ ਉਨ੍ਹਾਂ ਕੋਲੋਂ ਸਿੱਖੀਏ।

ਜਿਵੇਂ ਇੱਕ ਪੌਦਾ ਉਦੋਂ ਹੀ ਜ਼ਿਆਦਾ ਵਧਦਾ-ਫੁੱਲਦਾ ਹੈ ਜਦੋਂ ਉਸਦੀਆਂ ਜੜ੍ਹਾਂ ਮਜ਼ਬੂਤ ਹੋਣ; ਠੀਕ ਉਵੇਂ ਹੀ ਹੈ ਬੱਚਿਆਂ ਦਾ ਬਚਪਨ। ਜੇਕਰ ਬਚਪਨ ਵਿੱਚ ਉਨ੍ਹਾਂ ਨੂੰ ਪਿਆਰ, ਸਨੇਹ, ਸਹੀ ਮਾਹੌਲ ਮਿਲੇਗਾ ਤਾਂ ਯਕੀਨਨ ਅੱਗੇ ਜਾ ਕੇ ਉਨ੍ਹਾਂ ਦੇ ਸੁਭਾਅ ਵਿੱਚ ਹਲੀਮੀ, ਦਿਆਲਤਾ ਵਰਗੇ ਗੁਣ ਜ਼ਰੂਰ ਹੋਣਗੇ; ਕਿਉਂਕਿ ਵਕਤ ਬੀਤਣ ’ਤੇ, ਉਮਰ ਲੰਘਣ ’ਤੇ ਉਹ ਵੀ ਸਾਡੇ ਵਾਂਗ ਕਹਿਣਗੇ, “ਬਚਪਨ ਕਰ ਗਿਆ ਝਾਤੀ...”

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਨਿਕਾ ਕਟਾਰੀਆ

ਮੋਨਿਕਾ ਕਟਾਰੀਆ

V+PO: Pharala, Shaheed Bhagat Singh Nagar, Punjab, India.
Whatsapp: (91 - 62390 - 27026)
Email: (monikakataria70@gmail.com)