HarpreetSwaich7ਮੈਨੂੰ ਕਿਸੇ ਦੀ ਕਹੀ ਗੱਲ ਚੇਤੇ ਆ ਗਈ, “ਅਸਲ ਭੀੜ ਸੜਕਾਂ ’ਤੇ ਨਹੀਂਮਨੁੱਖ ਦੇ ਮਨ ਵਿੱਚ ...
(4 ਜਨਵਰੀ 2026)


ਪਿਛਲੇ ਦਿਨੀਂ ਨਿਊਯਾਰਕ ਤੋਂ ਆ ਰਹੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਲੈਣ ਵਾਸਤੇ ਮੈਨੂੰ ਮੋਹਾਲੀ ਤੋਂ ਦਿੱਲੀ ਹਵਾਈ ਅੱਡੇ ਜਾਣਾ ਪਿਆ। ਹਾਲਾਂਕਿ ਪਹਿਲਾਂ ਵੀ ਕਈ ਵਾਰ ਬਾਹਰਲੇ ਸੂਬਿਆਂ ਦੇ ਸਫਰ ਲਈ ਅਤੇ ਨਜ਼ਦੀਕੀ ਜਾਣਕਾਰਾਂ ਨੂੰ ਛੱਡਣ ਜਾਂ ਲਿਆਉਣ ਵਾਸਤੇ ਦਿੱਲੀ ਹਵਾਈ ਅੱਡੇ ਗਿਆ ਹਾਂ ਪ੍ਰੰਤੂ ਇਸ ਵਾਰ ਦੇ ਸਫਰ ਵਿੱਚ ਛੋਟੀਆਂ-ਛੋਟੀਆਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ
, ਜਿਨ੍ਹਾਂ ਨੇ ਇਹ ਸਫਰ ਬੇਹੱਦ ਖਾਸ ਤੇ ਯਾਦਗਾਰ ਬਣਾ ਦਿੱਤਾ।

ਦਰਅਸਲ ਜਿਸ ਗੱਡੀ ਰਾਹੀਂ ਮੈਂ ਮੋਹਾਲੀ ਤੋਂ ਦਿੱਲੀ ਜਾ ਰਿਹਾ ਸੀ, ਉਸਦੇ ਡਰਾਈਵਰ ਨੇ ਸਿਰ ’ਤੇ ਦੁਮਾਲਾ ਸਜ਼ਾ ਕੇ ਸ਼ਸਤਰ ਧਾਰਨ ਕੀਤੇ ਹੋਏ ਸਨ, ਦਾਹੜਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਉੱਤੋਂ ਵੱਡੀ ਸ੍ਰੀ ਸਾਹਿਬ ਪਹਿਨੀ ਹੋਈ ਸੀ। ਬੜੀ ਰੋਹਬਦਾਰ ਸ਼ਖਸੀਅਤ ਦਾ ਝਲਕਾਰਾ ਪੈ ਰਿਹਾ ਸੀ। ਗੱਡੀ ਦੱਪਰ ਟੌਲ ਪਲਾਜ਼ੇ ’ਤੇ ਪਹੁੰਚੀ ਤਾਂ ਡਰਾਈਵਰ ਨੇ ਵੀ.ਆਈ.ਪੀ. ਲੇਨ ਵਿੱਚੋਂ ਲੰਘਣਾ ਚਾਹਿਆ ਪਰ ਸੁਭਾਵਿਕ ਟੌਲ ਕਰਿੰਦਿਆਂ ਨੇ ਬੈਰੀਗੇਡ ਲਾ ਕੇ ਰੋਕ ਦਿੱਤਾ। ਮੈਨੂੰ ਲੱਗਿਆ ਕਿ ਸ਼ਾਇਦ ਡਰਾਈਵਰ ਕੋਲ ਕੋਈ ਅਜਿਹਾ ਸ਼ਨਾਖਤੀ ਕਾਰਡ ਹੋਵੇਗਾ, ਜਿਸ ’ਤੇ ਟੌਲ ਮੁਆਫ ਹੋਵੇਗਾ। ਮੈਂ ਦੇਖਿਆ, ਡਰਾਈਵਰ ਨੇ ਆਪਣੇ ਦੁਮਾਲੇ ਵੱਲ ਇਸ਼ਾਰਾ ਕਰਦਿਆਂ ਟੌਲ ਕਰਿੰਦਿਆਂ ਨੂੰ ਘੂਰੀ ਵੱਟੀ ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਟੌਲ ਕਰਿੰਦਿਆਂ ਨੇ ਝੱਟ ਬੈਰੀਗੇਡ ਹਟਾ ਕੇ ਰਸਤਾ ਦੇ ਦਿੱਤਾ। ਗੱਡੀ ਸ਼ੂਕਦੀ ਲੰਘ ਗਈ। ਇਸ ਬਾਰੇ ਪੁੱਛਣ ’ਤੇ ਡਰਾਈਵਰ ਨੇ ਦੱਸਿਆ ਕਿ ਉਸਨੇ ਬੁੱਢਾ ਦਲ ਤੋਂ ਸੰਥਿਆ ਲਈ ਹੋਈ ਹੈ ਅਤੇ ਨਿਹੰਗ ਸਿੰਘਾਂ ਨੂੰ ਟੌਲ ਮੁਆਫ ਹੁੰਦਾ ਹੈ। ਉਸਦਾ ਇੱਕ ਕਥਨ ਮੇਰੇ ਜ਼ਹਿਨ ਵਿੱਚ ਖੁਬ ਗਿਆ “ਸਿੰਘ ਗੁਲਾਮੀ ਨਹੀਂ ਸਹਿੰਦੇ ਤੇ ਟੌਲ ਦੇਣਾ ਮੁਗਲਾਂ ਦੇ ਰਾਜ ਵਿੱਚ ਕਰ ਦੇਣ ਵਾਂਗ ਹੀ ਗੁਲਾਮੀ ਦਾ ਪ੍ਰਤੀਕ ਹੈ।” ਉਸਦੇ ਇਸ ਕਥਨ ਨੇ ਮੈਨੂੰ ਥੋੜ੍ਹਾ ਖੌਫਜ਼ਦਾ ਕਰ ਦਿੱਤਾ ਕਿਉਂਕਿ ਇੱਥੇ ਤਾਂ ਕੰਮ ਚੱਲ ਗਿਆ ਸੀ ਪ੍ਰੰਤੂ ਹਰਿਆਣੇ ਅਤੇ ਦਿੱਲੀ ਵਾਲੇ ਟੌਲ ਪਲਾਜ਼ਿਆਂ ਤੇ ਕਿਤੇ ਲੜਾਈ ਝਗੜੇ ਵਾਲਾ ਕੰਮ ਨਾ ਹੋ ਜਾਵੇ। ਖ਼ੈਰ ਮੇਰੀ ਹਾਲਤ ਨੂੰ ਭਾਂਪਦਿਆਂ ਉਸਨੇ ਹਰ ਟੌਲ ਪਲਾਜ਼ੇ ’ਤੇ ਫਾਸਟ ਟੈਗ ਰਾਹੀਂ ਟੌਲ ਕਟਵਾਇਆ। ਇਸ ਉਪਰੰਤ ਉਸਨੇ ਬੁੱਢਾ ਦਲ, ਤਰਨਾ ਦਲ ਤੇ ਨਿਹੰਗ ਸਿੰਘਾਂ ਦੇ ਗੜਗੱਜ ਬੋਲਿਆਂ ਬਾਰੇ ਕਈ ਅਹਿਮ ਗੱਲਾਂ ਦੱਸੀਆਂ, ਜੋ ਸ਼ਾਇਦ ਮੈਂ ਪਹਿਲੀ ਵਾਰ ਸੁਣੀਆਂ ਸਨ।

ਤਕਰੀਬਨ ਚਾਰ ਕੁ ਘੰਟਿਆਂ ਦਾ ਸਫਰ ਤੈਅ ਕਰਕੇ ਅਸੀਂ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਗਏ ਪ੍ਰੰਤੂ ਜਹਾਜ਼ ਲੇਟ ਹੋ ਜਾਣ ਕਾਰਨ ਸਾਡੇ ਕੋਲ ਤਿੰਨ-ਚਾਰ ਘੰਟੇ ਦਾ ਸਮਾਂ ਪਿਆ ਸੀ, ਜਿਸ ਕਾਰਨ ਅਸੀਂ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਹਵਾਈ ਅੱਡੇ ਜਾਣ ਵਾਸਤੇ ਦਿੱਲੀ ਦੇ ਬਾਹਰਵਾਰ ਐਕਸਪ੍ਰੈੱਸ ਵੇਅ ਬਣ ਚੁੱਕਿਆ ਹੈ ਪ੍ਰੰਤੂ ਅਸੀਂ ਗੁਰੂ ਘਰ ਦੇ ਦਰਸ਼ਨਾਂ ਲਈ ਗੱਡੀ ਦਿੱਲੀ ਦੇ ਅੰਦਰ ਵਾੜ ਲਈ। ਦਿੱਲੀ ਵਿੱਚ ਦਾਖਲ ਹੁੰਦਿਆਂ ਹੀ ਸੜਕਾਂ ਅਤੇ ਗੱਡੀਆਂ ਦਾ ਘੜਮੱਸ ਸ਼ੁਰੂ ਹੋ ਗਿਆ। ਖ਼ੈਰ ਅਸੀਂ ਜਿਵੇਂ ਕਿਵੇਂ ਗੁਰੂ ਘਰ ਪਹੁੰਚੇ। ਦਰਸ਼ਨ ਕਰਕੇ ਜਦੋਂ ਲੰਗਰ ਹਾਲ ਪਹੁੰਚੇ ਤਾਂ ਚਿੱਟੀ ਦਾੜ੍ਹੀ ਅਤੇ ਨੀਲੇ ਪਰਨੇ ਵਾਲਾ ਇੱਕ ਸੇਵਾਦਾਰ ਫੋਨ ’ਤੇ ਗੱਲ ਕਰਦਾ ਕਹਿ ਰਿਹਾ ਸੀ, “ਜੇ ਮਨ ਠਹਿਰ ਜਾਵੇ, ਤਾਂ ਹਰ ਰਸਤਾ ਸੌਖਾ ਹੋ ਜਾਂਦਾ ਹੈ।” ਉਸਦਾ ਇਹ ਕਥਨ ਮੈਨੂੰ ਡੂੰਘੀ ਰਮਜ਼ ਜਾਪਿਆ। ਇਸੇ ਤਰ੍ਹਾਂ ਇੱਕ ਵਾਰ ਮੈਂ ਸੰਗਰੂਰ ਜਾਂਦਿਆਂ ਰਸਤੇ ਵਿੱਚ ਹਵੇਲੀ ਢਾਬੇ ’ਤੇ ਰੁਕਿਆ ਸੀ, ਜਿੱਥੇ ਇੱਕ ਕਰਿੰਦਾ ਖੋਆ ਕੱਢਦਾ-ਕੱਢਦਾ ਇੱਕ ਕਥਨ ਦੁਹਰਾ ਰਿਹਾ ਸੀ, ਜੋ ਅੱਜ ਵੀ ਮੇਰੇ ਜ਼ਹਿਨ ਵਿੱਚ ਤਾਜ਼ਾ ਹੈ “ਹੱਥ ਕਾਰ ਵੱਲ ਤੇ ਮਨ ਯਾਰ ਵੱਲ

ਲੰਗਰ ਛਕ ਕੇ ਅਸੀਂ ਸਿੱਧਾ ਹਵਾਈ ਅੱਡੇ ਜਾਣਾ ਸੀ ਤੇ ਸਾਹਮਣੇ ਦਿੱਲੀ ਦੀ ਟਰੈਫਿਕ ਨੁਮਾ ਮਹਾਂਭਾਰਤ ਦਾ ਕੁਰਕਸ਼ੇਤਰ ਦਾ ਮੈਦਾਨ ਸੀ। ਲਾਲ ਬੱਤੀਆਂ, ਕੰਨ ਪਾੜਦੇ ਹਾਰਨਾਂ ਦੀ ਆਵਾਜ਼, ਹਵਾ ਨਾਲੋਂ ਤੇਜ਼ ਦੌੜਨ ਦੀ ਕੋਸ਼ਿਸ਼ ਕਰਦੀਆਂ ਗੱਡੀਆਂ, ਕਾਹਲ ਨਾਲ ਭਰੇ ਹੋਏ ਮਨੁੱਖੀ ਚਿਹਰੇ, ਇੱਕ ਅਜੀਬ ਜਿਹਾ ਮਾਹੌਲ ਸੀ। ਟਰੈਫਿਕ ਜਾਮ ਵਿੱਚੋਂ ਲੰਘਦਿਆਂ ਮੈਨੂੰ ਕਿਸੇ ਦੀ ਕਹੀ ਗੱਲ ਚੇਤੇ ਆ ਗਈ, “ਅਸਲ ਭੀੜ ਸੜਕਾਂ ’ਤੇ ਨਹੀਂ, ਮਨੁੱਖ ਦੇ ਮਨ ਵਿੱਚ ਹੁੰਦੀ ਹੈ ਕਿਉਂਕਿ ਠਹਿਰਣ ਦਾ ਸਬਰ ਹਰ ਕਿਸੇ ਕੋਲ ਨਹੀਂ ਹੁੰਦਾ।”

ਖ਼ੈਰ, ਅਸੀਂ ਹਵਾਈ ਅੱਡੇ ’ਤੇ ਪਹੁੰਚ ਗਏ। ਮੈਂ ਡਰਾਈਵਰ ਨੂੰ ਗੱਡੀ ਵਿੱਚ ਅਰਾਮ ਕਰਨ ਦੀ ਸਲਾਹ ਦਿੱਤੀ ਤੇ ਖੁਦ ਹਵਾਈ ਅੱਡੇ ਦੇ ਬਾਹਰੀ ਗੇਟ ਕੋਲ ਪਹੁੰਚ ਗਿਆ, ਜਿੱਥੋਂ ਯਾਤਰੀਆਂ ਨੇ ਬਾਹਰ ਨਿਕਲਣਾ ਸੀ। ਜਹਾਜ਼ ਆਉਣ ਵਿੱਚ ਹਾਲੇ ਵੀ ਕਾਫ਼ੀ ਸਮਾਂ ਹੋਣ ਕਾਰਨ ਮੈਂ ਇੱਕ ਜਗ੍ਹਾ ਬੈਠ ਗਿਆ ਤੇ ਆਸ-ਪਾਸ ਦਾ ਮਾਹੌਲ ਦੇਖਣ ਲੱਗਾ। ਸੁਭਾਵਿਕ ਹਵਾਈ ਅੱਡੇ ’ਤੇ ਬਹੁਤ ਭੀੜ ਸੀ। ਮੇਰਾ ਖਿਆਲ ਹੈ ਕਿ ਇਸ ਭੀੜ ਵਿੱਚ ਯਾਤਰੀਆਂ ਦੀ ਗਿਣਤੀ ਘੱਟ ਤੇ ਮੇਰੇ ਵਾਂਗ ਕਿਸੇ ਨੂੰ ਲੈਣ ਜਾਂ ਛੱਡਣ ਆਇਆਂ ਦੀ ਗਿਣਤੀ ਵੱਧ ਸੀ। ਬੈਠੇ ਬੈਠੇ ਭੀੜ ਨੂੰ ਤੱਕਦਿਆਂ ਇੰਝ ਮਹਿਸੂਸ ਹੋਇਆ ਜਿਵੇਂ ਇਹ ਕੋਈ ਸਧਾਰਨ ਭੀੜ ਨਹੀਂ ਸਗੋਂ ਉਡੀਕਦੇ ਚਿਹਰੇ ਤੇ ਮਿਲਾਪ ਨੂੰ ਤਰਸਦੀਆਂ ਅੱਖਾਂ ਦੀ ਭੀੜ ਸੀ। ਕੋਈ ਸਜ ਵਿਆਹੀ ਕੁਆਰੇ ਸੁਪਨਿਆਂ ਦੀ ਪੰਡ ਚੁੱਕੀ ਆਪਣੇ ਪਤੀ ਨੂੰ ਉਡੀਕ ਰਹੀ ਸੀ, ਕੋਈ ਪਿਓ ਕੰਬਦੇ ਹੱਥਾਂ ਨਾਲ ਜ਼ਿੰਮੇਵਾਰੀਆਂ ਦਾ ਬੋਝ ਚੁੱਕੀ ਆਪਣੇ ਪੁੱਤਰ ਨੂੰ ਉਡੀਕ ਰਿਹਾ ਸੀ, ਕੋਈ ਦਾਦੀ ਚਿਹਰੇ ਦੀਆਂ ਝੁਰੜੀਆਂ ਅਤੇ ਦਿਲ ਵਿੱਚ ਦੱਬੇ ਚਾਵਾਂ ਨੂੰ ਲੁਕਾਉਂਦੀ ਆਪਣੇ ਪੋਤੇ ਪੋਤੀਆਂ ਨੂੰ ਉਡੀਕ ਰਹੀ ਸੀ। ਹਰ ਚਿਹਰਾ ਇੱਕ ਵੱਖਰੀ ਦਾਸਤਾਨ ਬਿਆਨ ਕਰ ਰਿਹਾ ਸੀ।

ਕੋਈ ਆਪਣੇ ਪਿਆਰੇ ਨੂੰ ਵਿਦਾ ਰਿਹਾ ਸੀ, ਉਸਦੀਆਂ ਅੱਖਾਂ ਵੀ ਸਿੱਲੀਆਂ ਤੇ ਕੋਈ ਆਪਣੇ ਪਿਆਰੇ ਨੂੰ ਮੁੱਦਤ ਬਾਅਦ ਮਿਲ ਰਿਹਾ ਸੀ, ਉਸਦੀਆਂ ਅੱਖਾਂ ਵੀ ਗਿੱਲੀਆਂ। ਇਹ ਕੈਸਾ ਪਰਵਾਸ ਹੈ, ਜਿਸ ਵਿੱਚ ਪਰਿਵਾਰ ਦੀ ਖੁਸ਼ੀ ਲਈ ਪਰਿਵਾਰ ਤੋਂ ਹੀ ਦੂਰ ਹੋਣਾ ਪੈਂਦਾ ਹੈ। ਮੈਂ ਦੇਖਿਆ, ਹਵਾਈ ਅੱਡੇ ਤੋਂ ਜਾਣ ਵਾਲਾ ਹਰ ਸ਼ਖਸ ਆਪਣੇ ਨਾਲ ਮਿਲਾਪ ਜਾਂ ਵਿਛੋੜੇ ਦਾ ਅਹਿਸਾਸ ਲੈ ਕੇ ਜਾ ਰਿਹਾ ਸੀ। ਇਨਸਾਨ ਤਾਂ ਇਨਸਾਨ, ਮੈਂ ਇੱਕ ਛੋਟੇ ਤੇ ਪਿਆਰੇ ਜਿਹੇ ਕੁੱਤੇ ਦੀਆਂ ਅੱਖਾਂ ਵਿੱਚ ਵੀ ਉਡੀਕ ਵੇਖੀ, ਜੋ ਕਿਸੇ ਨਾਲ ਸ਼ਾਇਦ ਆਪਣੇ ਮਾਲਕ ਨੂੰ ਲੈਣ ਆਇਆ ਸੀ ਤੇ ਜਦੋਂ ਉਹ ਵਿਅਕਤੀ ਆਇਆ ਤਾਂ ਤਿੰਨ-ਚਾਰ ਮਿੰਟ ਲਗਾਤਾਰ ਉਹ ਕੁੱਤਾ ਭੌਂਕਦਾ ਰਿਹਾ, ਜਿਵੇਂ ਕਹਿ ਰਿਹਾ ਹੋਵੇ ਕਿ ਮੁੜ ਮੈਨੂੰ ਛੱਡ ਕੇ ਨਾ ਜਾਵੀਂ

ਮੈਂ ਜਹਾਜ਼ਾਂ ਦੀ ਜਾਣਕਾਰੀ ਵਾਲੀ ਸਕਰੀਨ ’ਤੇ ਦੇਖਿਆ, ਕੁਝ ਸਮਾਂ ਪਹਿਲਾਂ ਨਿਊਯਾਰਕ ਵਾਲਾ ਜਹਾਜ਼ ਹਵਾਈ ਅੱਡੇ ’ਤੇ ਉੱਤਰ ਚੁੱਕਿਆ ਸੀ ਤੇ ਮੈਂ ਵੀ ਉਸ ਭੀੜ ਦਾ ਹਿੱਸਾ ਬਣ ਕੇ ਬਾਹਰੀ ਗੇਟ ’ਤੇ ਅੱਖਾਂ ਟਿਕਾਈ ਆਪਣੇ ਰਿਸ਼ਤੇਦਾਰ ਦੀ ਉਡੀਕ ਕਰਨ ਲੱਗਿਆ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Harpreet Singh Swaich

Harpreet Singh Swaich

WhatsApp: (91 - 98782 -24000)
Email: (harpreet525@gmail.com)