HarpreetSwaich7ਕਈ ਲੋਕ ‘ਚਲੋ ਛੱਡੋ’ ਦੀ ਪਹੁੰਚ ਨੂੰ ਕਮਜ਼ੋਰੀ ਵੀ ਸਮਝ ਲੈਂਦੇ ਹਨ ਪਰ ਅਸਲ ਮਾਅਨਿਆਂ ਵਿੱਚ ...
(20 ਜੂਨ 2025)


ਜ਼ਿੰਦਗੀ ਵਿੱਚ ਉਤਰਾਅ-ਚੜ੍ਹਾ ਆਉਂਦੇ ਰਹਿੰਦੇ ਹਨ। ਕਈ ਵਾਰ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਹਾਲਾਤ ’ਤੇ ਸਾਡਾ ਇਖਤਿਆਰ ਨਹੀਂ ਰਹਿੰਦਾ। ਅਜਿਹੇ ਵਿੱਚ ਹੌਸਲਾ ਅਤੇ ਵਿਸ਼ਵਾਸ ਹੀ ਸਾਡਾ ਸਹਾਰਾ ਬਣਦੇ ਹਨ। ਜੇਕਰ ਅਸੀਂ ਹੌਸਲਾ ਹਾਰ ਕੇ ਬੈਠ ਜਾਈਏ ਤਾਂ ਸਾਡੇ ਵਿਸ਼ਵਾਸ
, ਸਾਡੀ ਸੋਚ, ਸਾਡੇ ਵਿਹਾਰ ਅਤੇ ਸਾਡੀ ਬੋਲਚਾਲ ਵਿੱਚ ਨਕਾਰਾਤਮਕਤਾ ਦਾ ਪ੍ਰਵੇਸ਼ ਹੋ ਜਾਣਾ ਸੁਭਾਵਿਕ ਹੈ। ਨਕਾਰਾਤਮਕਤਾ ਵੱਸ ਹੀ ਅਸੀਂ ਬੀਤੀ ਕਿਸੇ ਘਟਨਾ ਦਾ ਐਨਾ ਜ਼ਿਆਦਾ ਵਿਸ਼ਲੇਸ਼ਣ ਕਰਨ ਲੱਗ ਜਾਂਦੇ ਹਾਂ ਕਿ ਉਹੀ ਘਟਨਾ ਸਾਡੀ ਜ਼ਿੰਦਗੀ ਦਾ ਇੱਕੋ ਮਾਤਰ ਹਿੱਸਾ ਬਣ ਕੇ ਰਹਿ ਜਾਂਦੀ ਹੈ। ਇਸ ਵਿਸ਼ਲੇਸ਼ਣ ਲਈ ਕੁਝ ਪਲ, ਕੁਝ ਘੰਟੇ, ਕੁਝ ਦਿਨ, ਕੁਝ ਹਫ਼ਤੇ, ਕੁਝ ਮਹੀਨੇ ਜਾਂ ਕੁਝ ਸਾਲ ਵੀ ਲਾਏ ਸਕਦੇ ਹਨ ਪਰ ਇਸ ਸਾਰੀ ਪ੍ਰਕਿਰਿਆ ਵਿੱਚੋਂ ਸਾਡੀ ਮਾਨਸਿਕ ਸੁੱਖ-ਸ਼ਾਂਤੀ ਭੰਗ ਹੋਣ ਦੇ ਸਿਵਾਏ ਕੁਝ ਨਹੀਂ ਨਿਕਲਦਾ। ਅਖੀਰ ਸਾਨੂੰ ਕਹਿਣ ਪੈਂਦਾ ਹੈ ‘ਚਲੋ ਛੱਡੋ।’ ਐਨਾ ਸਮਾਂ, ਊਰਜਾ, ਰਿਸ਼ਤੇ, ਸ਼ਾਂਤੀ ਅਤੇ ਖੁਸ਼ੀਆਂ ਨੂੰ ਛਿੱਕੇ ਟੰਗ ਕੇ ਵੀ ਜੇਕਰ ਆਖਰੀ ਹੱਲ ਇਹੀ ਨਿਕਲਣਾ ਹੈ ਕਿ ‘ਚਲੋ ਛੱਡੋ’ ਤਾਂ ਕਿਉਂ ਨਾ ਅਸੀਂ ਪਹਿਲਾਂ ਹੀ ਇਹ ਪਹੁੰਚ ਜ਼ਿੰਦਗੀ ਵਿੱਚ ਆਪਣਾ ਲਈਏ। ‘ਚਲੋ ਛੱਡੋ’ ਕੇਵਲ ਦੋ ਸ਼ਬਦ ਨਹੀਂ ਸਗੋਂ ਜ਼ਿੰਦਗੀ ਜਿਊਣ ਦਾ ਰਹੱਸ ਹੈ।

ਜ਼ਿੰਦਗੀ ਦੀ ਹਰ ਘਟਨਾ ਸਾਨੂੰ ਕੋਈ ਨਾ ਕੋਈ ਸਬਕ ਸਿਖਾ ਕੇ ਜਾਂਦੀ ਹੈ। ਦੇਖਣਾ ਇਹ ਹੁੰਦਾ ਹੈ ਕਿ ਅਸੀਂ ਉਸ ਸਬਕ ਨੂੰ ਸਿੱਖਣ ਵਿੱਚ ਸਫ਼ਲ ਹੁੰਦੇ ਹਾਂ ਜਾਂ ਕਿਸੇ ਘਟਨਾ ਦੇ ਅਫ਼ਸੋਸ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂਕਈ ਵਾਰ ਅਸੀਂ ਖੁਦ ਨੂੰ ਫਜ਼ੂਲ ਉਲਝਣਾਂ, ਪਛਤਾਵਿਆਂ ਅਤੇ ਬੀਤੀਆਂ ਘਟਨਾਵਾਂ ਦੇ ਜਾਲ਼ ਵਿੱਚ ਐਨਾ ਜ਼ਿਆਦਾ ਫਸਾ ਲੈਂਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਹੀ ਉਲਝ ਕੇ ਰਹਿ ਜਾਂਦੀ ਹੈ। ਜੇ ਇੰਜ ਹੋ ਜਾਂਦਾ, ਜੇ ਇੰਜ ਨਾ ਹੁੰਦਾ, ਮੈਂ ਇੰਜ ਕਰ ਲੈਂਦਾ, ਫਲਾਂ ਫਲਾਂ ... ਇਨ੍ਹਾਂ ਵਿਚਾਰਾਂ ਨਾਲ ਅਸੀਂ ਖੁਦ ਨੂੰ ਹੀ ਤੰਗ-ਪ੍ਰੇਸ਼ਾਨ ਕਰਕੇ ਅੰਦਰੋਂ-ਅੰਦਰੀ ਕੁੜ੍ਹਦੇ ਰਹਿੰਦੇ ਹਾਂ। ਇਹ ਫਜ਼ੂਲ ਵਿਸ਼ਲੇਸ਼ਣ ਸਾਨੂੰ ਕਿਸੇ ਨਤੀਜੇ ’ਤੇ ਨਹੀਂ ਪਹੁੰਚਾਉਂਦਾ। ਵਿਸ਼ਲੇਸ਼ਣ ਕਰਨਾ ਹੀ ਹੈ ਤਾਂ ਆਪਣੇ ਆਪ ਦਾ ਕਰੋ। ਜੇਕਰ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਸ ਗਲਤੀ ਨੂੰ ਸਵੀਕਾਰਨ ਦਾ ਮਾਦਾ ਰੱਖੋ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਤੋਂ ਕਿਨਾਰਾ ਕਰੋ। ਬੀਤੀਆਂ ਘਟਨਾਵਾਂ ਬਾਰੇ ਸੋਚਣਾ ਪਾਣੀ ਵਿੱਚ ਮਧਾਣੀ ਪਾਉਣਾ ਹੈਜਿੰਨਾ ਮਰਜ਼ੀ ਰਿੜਕੀ ਜਾਓ, ਨਿਕਲਦਾ ਕੁਝ ਨਹੀਂ। ਫਜ਼ੂਲ ਦੇ ਵਿਚਾਰਾਂ ਵਿੱਚ ਗੁਆਚਣ ਨਾਲ ਸਾਡਾ ਕੀਮਤੀ ਵਕਤ, ਊਰਜਾ ਅਤੇ ਸਾਡੀ ਮਾਨਸਿਕ ਖੁਸ਼ੀ ਖਤਮ ਹੋ ਜਾਂਦੀ ਹੈ। ਜਿਵੇਂ ਪਾਣੀ ਵਹਿੰਦਾ ਹੀ ਸੋਹਣਾ ਲਗਦਾ ਹੈ, ਠੀਕ ਉਸੇ ਤਰ੍ਹਾਂ ਜ਼ਿੰਦਗੀ ਵੀ ਚਲਦੀ ਹੀ ਸੋਹਣੀ ਲਗਦੀ ਹੈ ਤੇ ਇਹ ਤਾਂ ਹੀ ਚਲਦੀ ਰਹੇਗੀ ਜਦੋਂ ਅਸੀਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਭੁੱਲਣ ਦੀ ਜਾਚ ਸਿੱਖਾ ਲਵਾਂਗੇ, ਚਲੋ ਛੱਡੋ’ ਦੀ ਪਹੁੰਚ ਅਪਣਾਵਾਂਗੇ।

ਕਈ ਲੋਕ ‘ਚਲੋ ਛੱਡੋ’ ਦੀ ਪਹੁੰਚ ਨੂੰ ਕਮਜ਼ੋਰੀ ਵੀ ਸਮਝ ਲੈਂਦੇ ਹਨ ਪਰ ਅਸਲ ਮਾਅਨਿਆਂ ਵਿੱਚ ਇਹ ਸਾਡੀ ਸਭ ਤੋਂ ਵੱਡੀ ਵੱਡੀ ਤਾਕਤ ਹੁੰਦੀ ਹੈ। ਕਿਸੇ ਚੀਜ਼, ਘਟਨਾ, ਗੱਲ ਜਾਂ ਹਾਲਾਤ ਨੂੰ ‘ਚਲੋ ਛੱਡੋ’ ਕਹਿਣਾ ਖਾਲਾ ਜੀ ਦਾ ਵਾੜਾ ਨਹੀਂ ਪਰ ਜੇ ਅਸੀਂ ਜ਼ਿੰਦਗੀ ਵਿੱਚ ਇਹ ਪਹੁੰਚ ਅਪਣਾ ਲਈ ਤਾਂ ਅਸੀਂ ਫਜ਼ੂਲ ਦੀਆਂ ਲੱਖਾਂ ਚਿੰਤਾਵਾਂ ਅਤੇ ਉਲਝਣਾਂ ਤੋਂ ਖੁਦ ਨੂੰ ਬਚਾ ਸਕਦੇ ਹਾਂ। ਜ਼ਿੰਦਗੀ ਬਹੁਤ ਛੋਟੀ ਹੈ, ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਹੈ। ਇਸ ਨੂੰ ਪਛਤਾਵਿਆਂ, ਗਮਾਂ, ਰੋਸਿਆਂ ਅਤੇ ਆਕੜਾਂ ਵਿੱਚ ਬਰਬਾਦ ਕਰਨ ਦੀ ਬਜਾਏ ਪੂਰੇ ਜੋਸ਼-ਓ-ਖਰੋਸ਼ ਨਾਲ ਖੁਸ਼ ਰਹਿ ਕੇ ਜਿਊਣਾ ਚਾਹੀਦਾ ਹੈ।

ਚਲੋ ਛੱਡੋ’ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਜ਼ਿੰਦਗੀ ਵਿੱਚ ਹਾਰ ਮੰਨ ਲਈਏ ਤੇ ਹਾਲਾਤ ਤੋਂ ਭੱਜ ਜਾਈਏ। ਸਗੋਂ ਇਹ ਤਾਂ ਅੰਦਰੂਨੀ ਤੌਰ ’ਤੇ ਆਪਣੇ ਆਪ ਨੂੰ ਫਜ਼ੂਲ ਚਿੰਤਾਵਾਂ ਤੋਂ ਮੁਕਤ ਕਰਨ ਦਾ ਨਾਂਅ ਹੈ। ਦਰਅਸਲ ਇਹ ਉਸ ਹਿੰਮਤ ਅਤੇ ਤਾਕਤ ਦਾ ਨਾਂਅ ਹੈ, ਜੋ ਸਾਨੂੰ ਸਿਖਾਉਂਦੀ ਹੈ ਕਿ ਜੋ ਹੋਣਾ ਸੀ ਹੋ ਗਿਆ, ਹੁਣ ਉਹ ਬਦਲਿਆ ਨਹੀਂ ਜਾ ਸਕਦਾ ਪਰ ਜੋ ਹਾਲੇ ਹੋਣਾ ਹੈ, ਉਸ ਨੂੰ ਅਸੀਂ ਜ਼ਰੂਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸਿਆਣੇ ਕਹਿੰਦੇ ਹਨ ਕਿ ਬੀਤੇ ਦੀਆਂ ਯਾਦਾਂ ਅਤੇ ਭਵਿੱਖ ਦੀਆਂ ਚਿੰਤਾਵਾਂ ਨਾਲ ਆਪਣਾ ਵਰਤਮਾਨ ਖਰਾਬ ਨਹੀਂ ਕਰਨਾ ਚਾਹੀਦਾ।

ਚਲੋ ਛੱਡੋ’ ਦੀ ਪਹੁੰਚ ਅਪਣਾਉਣ ਲਈ ਸਾਨੂੰ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਅਤੇ ਮੁਆਫ਼ ਕਰਨਾ ਵੀ ਸਿੱਖਣਾ ਪਵੇਗਾ। ਜੇਕਰ ਕਿਸੇ ਕੋਲੋਂ ਜਾਣੇ-ਅਣਜਾਣੇ ਤੁਹਾਡਾ ਕੋਈ ਨੁਕਸਾਨ ਹੋ ਗਿਆ ਤਾਂ ਬਦਲੇ ਦੀ ਭਾਵਨਾ ਮਨ ਵਿੱਚ ਲਿਆਉਣ ਦੀ ਬਜਾਏ ਆਪਣੇ ਨੁਕਸਾਨ ਦੀ ਭਰਪਾਈ ਬਾਰੇ ਸੋਚੋ। ਜੇਕਰ ਕਿਸੇ ਨੇ ਈਰਖਾ ਜਾਂ ਆਕੜ ਵੱਸ ਤੁਹਾਨੂੰ ਮਾੜਾ-ਚੰਗਾ ਬੋਲ ਦਿੱਤਾ ਤਾਂ ਤੁਹਾਡੇ ਕੋਲ ਦੋ ਹੀ ਵਿਕਲਪ ਬਚਦੇ ਹਨ। ਪਹਿਲਾ ਵਿਕਲਪ ਹੈ ਕਿ ਤੁਸੀਂ ਵੀ ਉਨ੍ਹਾਂ ਵਾਂਗ ਤੱਤੇ ਹੋ ਕੇ ਜਵਾਬ ਦਿਓ, ਜਿਸ ਨਾਲ ਮਸਲਾ ਹੋਰ ਵਧੇਗਾ। ਦੂਜਾ ਵਿਕਲਪ ਹੈ ਕਿ ਤੁਸੀਂ ਚੁੱਪ-ਚਾਪ ਉੱਥੋਂ ਚਲੇ ਜਾਵੋ ਤੇ ਮੌਕਾ ਸਾਂਭ ਲਵੋ। ਹਰ ਛੋਟੀ-ਛੋਟੀ ਗੱਲ ’ਤੇ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ ਵੀ ਨਹੀਂ ਹੁੰਦੀ। ਇਸ ਨਾਲ ਇੱਕ ਤਾਂ ਤੁਹਾਡੀ ਕੀਮਤੀ ਊਰਜਾ ਜ਼ਾਇਆ ਹੋਣੋ ਬਚ ਜਾਵੇਗੀ ਤੇ ਦੂਜਾ ਤੁਹਾਡੀ ਮਾਨਸਿਕ ਸ਼ਾਂਤੀ ਵੀ ਕਾਇਮ ਰਹੇਗੀ। ਦਰਅਸਲ ਜਦੋਂ ਤੁਹਾਨੂੰ ਕੋਈ ਮਾੜਾ ਚੰਗਾ ਬੋਲਦਾ ਹੈ ਤਾਂ ਉਸ ਦਾ ਇੱਕੋ-ਇੱਕ ਮਕਸਦ ਤੁਹਾਨੂੰ ਤੜਫਾਉਣਾ ਹੁੰਦਾ ਹੈ ਕਿਉਂਕਿ ਉਹ ਖੁਦ ਤੜਫਿਆ ਹੁੰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਉਸ ਵਾਂਗ ਤੜਫ ਗਏ ਤਾਂ ਉਸ ਦਾ ਮਕਸਦ ਤਾਂ ਪੂਰਾ ਹੋ ਗਿਆ। ਸੋ, ਚਲੋ ਛੱਡੋ’ ਦੀ ਪਹੁੰਚ ਤੁਹਾਨੂੰ ਅਜਿਹੇ ਹਾਲਾਤ ਵਿੱਚ ਤਾਕਤਵਰ ਅਤੇ ਜੇਤੂ ਬਣਾ ਕੇ ਉਭਾਰਦੀ ਹੈ।

ਮਹਾਤਮਾ ਬੁੱਧ ਦੇ ਜੀਵਨ ਦੀ ਇੱਕ ਗਾਥਾ ਯਾਦ ਆ ਗਈ। ਇੱਕ ਵਾਰ ਇੱਕ ਬੰਦੇ ਨੇ ਬੁੱਧ ਨੂੰ ਗਾਲ੍ਹਾਂ ਕੱਢੀਆਂ ਤੇ ਬੁੱਧ ਚੁੱਪ-ਚਾਪ ਮੁਸਕਰਾਉਂਦੇ ਹੋਏ ਸੁਣਦੇ ਰਹੇ। ਜਦੋਂ ਉਹ ਗਾਲ੍ਹਾਂ ਕੱਢ ਕੇ ਥੱਕ ਗਿਆ ਤਾਂ ਬੁੱਧ ਨੇ ਬੜੇ ਪਿਆਰ ਨਾਲ ਫਰਮਾਇਆ ਕਿ ਜੇਕਰ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਵੋ। ਉਹ ਬੰਦਾ ਕਲਪਦਾ ਹੋਇਆ ਉੱਥੋਂ ਤੁਰ ਗਿਆ। ਕੋਲ ਖੜ੍ਹੇ ਬੁੱਧ ਦੇ ਸ਼ਿਸ਼ ਅਨੰਦ ਨੇ ਪੁੱਛਿਆ ਕਿ ਮਹਾਰਾਜ ਉਹ ਬੰਦਾ ਤੁਹਾਨੂੰ ਐਨੀਆਂ ਗਾਲ੍ਹਾਂ ਕੱਢ ਗਿਆ ਤੇ ਤੁਸੀਂ ਚੁੱਪ ਰਹੇ, ਮੇਰਾ ਤਾਂ ਖੂਨ ਖੌਲ ਰਿਹਾ ਸੀ। ਬੁੱਧ ਨੇ ਫਰਮਾਇਆ ਕਿ ਚਲੋ ਛੱਡੋ, ਉਸ ਕੋਲ ਜੋ ਸੀ, ਉਸਨੇ ਦੇ ਦਿੱਤਾ। ਅੱਗੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਲੈਣਾ ਹੈ ਜਾਂ ਨਹੀਂ। ਸੋ, ਜੇਕਰ ਅਸੀਂ ‘ਚਲੋ ਛੱਡੋ’ ਦੀ ਇਹ ਕਲਾ ਸਿੱਖ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਬਿਹਤਰ ਹੋ ਸਕਦੀ ਹੈ। ‘ਚੱਲੋ ਛੱਡੋ’ ਦੀ ਪਹੁੰਚ ਨੂੰ ਅਪਣਾਓ ਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੋ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Harpreet Singh Swaich

Harpreet Singh Swaich

WhatsApp: (91 - 98782 -24000)
Email: (harpreet525@gmail.com)