“... ਇੱਕ ਸਿਰੇ ਤੋਂ ਸਭ ਨੂੰ ਦੋ ਦੋ ਥੱਪੜ ਰਸੀਦ ਕਰਦਾ ਮੇਰੇ ਤੀਕ ਪਹੁੰਚ ਗਿਆ। ਉਸਨੇ ਸਿਪਾਹੀ ਨੂੰ ...”
(26 ਦਸੰਬਰ 2025)
ਸਾਲ 1982 ਵਿੱਚ ਮੈਂ ਥਾਪਰ ਪੌਲੀਟੈਕਨਿਕ ਵਿੱਚੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਮੁਕੰਮਲ ਕੀਤਾ ਹੀ ਸੀ ਕਿ ਹੱਥੋ-ਹੱਥ ਕੋਆਪਰੇਟਿਵ ਦੇ ਮਹਿਕਮੇ ਵਿੱਚ ਨੌਕਰੀ ਮਿਲ ਗਈ। ਚੰਡੀਗੜ੍ਹ ਵਿੱਚ ਟਰੇਨਿੰਗ ਚੱਲ ਰਹੀ ਸੀ ਪਰ ਅਜੇ ਰਿਹਾਇਸ਼ ਪਾਸੀ ਰੋਡ ਦੇ ਮੋਦੀ ਮੰਦਰ ਦੇ ਨਜ਼ਦੀਕ ਹੀ ਸੀ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਪੰਜਾਬ ਸਰਕਾਰ ਰਾਹੀਂ ਸੰਸਾਰ ਬੈਂਕ ਤੋਂ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਾਸਤੇ ਖਾਦ, ਬੀਜ ਅਤੇ ਖੇਤੀ ਨਾਲ ਸੰਬੰਧਤ ਹੋਰ ਸਾਜ਼ੋ ਸਾਮਾਨ ਰੱਖਣ ਲਈ ਸਾਰੇ ਪੰਜਾਬ ਵਿੱਚ ਲੋੜ ਅਨੁਸਾਰ ਇੱਕ ਸੌ ਮੈਟਰਿਕ ਤੋਂ ਪੰਜ ਸੌ ਮੈਟਰਿਕ ਟਨ (100 MT-500 MT) ਦੇ ਗੁਦਾਮ ਬਣਾਉਣ ਲਈ ਕਰਜ਼ਾ ਮਿਲਿਆ ਸੀ। ਉਸ ਤਰ੍ਹਾਂ ਤਾਂ ਉਸਾਰੀ ਦਾ ਕੰਮ ਮਾਰਕਫੈਡ ਅਤੇ ਪੰਚਾਇਤੀ ਰਾਜ ਦੇ ਸਿਵਲ ਇੰਜਨੀਅਰਿੰਗ ਉਸਾਰੀ ਵਿਭਾਗ ਕੋਲ ਸੀ ਪਰ ਸਟੇਟ ਕੋਆਪਰੇਟਿਵ ਬੈਂਕ ਨੇ ਉਸਾਰੀ ਦੀ ਗੁਣਵੱਤਾ ਬਣਾਈ ਰੱਖਣ ਲਈ ਆਪਣਾ ਇੱਕ ਨਿਗਰਾਨੀ ਤਕਨੀਕੀ ਵਿੰਗ ਬਣਾਉਣ ਦਾ ਨਿਰਣਾ ਕੀਤਾ। ਇਸਦਾ ਮੁਖੀ ਇੱਕ ਨਿਗਰਾਨ ਇੰਜਨੀਅਰ ਨੂੰ ਬਣਾਇਆ ਗਿਆ ਜੋ ਲੋਕ ਨਿਰਮਾਣ ਵਿਭਾਗ (PWD (B&R)) ਵਿੱਚੋਂ ਡੈਪੂਟੇਸ਼ਨ ’ਤੇ ਸੀ ਜਿਸਦੇ ਅਧੀਨ ਇੱਕ ਕਾਰਕਜਕਾਰੀ ਇੰਜਨੀਅਰ ਐਕਸੀਅਨ ਅਤੇ ਸੱਤ ਨਵੇਂ-ਨਵੇਲੇ ਜੂਨੀਅਰ ਇੰਜਨੀਅਰ ਭਰਤੀ ਕੀਤੇ ਸਨ।
ਮੈਂ ਉਨ੍ਹੀਂ ਦਿਨੀਂ ਆਪਣੇ ਅਧਿਆਪਕ ਪ੍ਰੋਫੈਸਰ ਮੇਹਰ ਚੰਦ ਭਾਰਦਵਾਜ ਦੇ ਚੰਗੇ ਪ੍ਰਭਾਵ ਹੇਠ ਸੀ ਜੋ ਇੱਕ ਵਿਦਵਾਨ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ। ਬਾਅਦ ਵਿੱਚ ਉਹ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਲੌਂਗੋਵਾਲ ਦੇ ਸਲਾਹਕਾਰ ਬਣੇ ਅਤੇ ਅਨੰਦਪੁਰ ਦੇ ਮਤੇ ਨੂੰ ਸੌਖੀ ਭਾਸ਼ਾ ਵਿੱਚ ਪੁਨਰ ਲੇਖਣ (RE-WRITE) ਰਾਹੀਂ ਫੈਡਰਲ ਢਾਂਚੇ ਦੀ ਮੰਗ ਦੱਸਦਿਆਂ ਅਨੰਦਪੁਰ ਦਾ ਮਤਾ ਬਨਾਮ ਰਾਜਾਂ ਨੂੰ ਵੱਧ ਅਧਿਕਾਰ ਦੇ ਸਿਰਲੇਖ ਹੇਠ ਲਿਖਿਆ ਸੀ। ਉਹ ਸੁਰਜੀਤ ਸਿੰਘ ਬਰਨਾਲਾ ਦੀ ਮਨਿਸਟਰੀ ਦੇ ਸਮੇਂ ਵਿੱਚ ਖਾਦੀ ਅਤੇ ਗਰਾਮ ਉਦਯੋਗ ਦੇ ਚੇਅਰਮੈਨ ਵੀ ਰਹੇ ਸਨ। ਉਹਨਾਂ ਨਾਲ ਮੇਰਾ ਰਿਸ਼ਤਾ ਦੋਸਤੀ ਵਾਲਾ ਬਣ ਚੁੱਕਾ ਸੀ। ਇਸ ਰਿਸ਼ਤੇ ਦੀ ਬਦੌਲਤ ਮੈਂ ਉਹਨਾਂ ਨਾਲ ਸਾਹਿਤਕ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਿਆ ਸੀ। ਉਸ ਸਮੇਂ ਛੋਟੀ ਅਤੇ ਸਿੱਖਣ ਦੀ ਉਮਰੇ ਮੈਨੂੰ ਕਈ ਵੱਡੇ ਕੱਦ ਦੇ ਨੇਤਾਵਾਂ ਨਾਲ ਮਿਲਣ ਦੇ ਵੀ ਮੌਕੇ ਮਿਲਦੇ ਰਹੇ। ਇਸੇ ਤਰ੍ਹਾਂ ਹੀ ਮੈਂ ਜਮਹੂਰੀ ਅਧਿਕਾਰ ਸਭਾ ਪਟਿਆਲਾ ਦਾ ਸਰਗਰਮ ਮੈਂਬਰ ਬਣਿਆ ਜਿਸ ਵਿੱਚ ਉਸ ਸਮੇਂ ਵੱਡੇ ਨਾਂਅ ਵਾਲੇ ਬਹੁਤ ਸਾਰੇ ਵਿਦਵਾਨ ਬੁੱਧੀਜੀਵੀ ਲੋਕ ਸ਼ਾਮਲ ਸਨ; ਜਿੰਨ੍ਹਾਂ ਵਿੱਚ ਪ੍ਰਸਿੱਧ ਅਰਥ ਸ਼ਾਸਤਰੀ ਡਾਕਟਰ ਸੁੱਚਾ ਸਿੰਘ ਗਿੱਲ, ਸਵਰਗੀ ਡਾਕਟਰ ਅਮਰ ਸਿੰਘ ਅਜ਼ਾਦ, ਡਾਕਟਰ ਪਿਆਰੇ ਲਾਲ ਗਰਗ ਖੁਦ ਪ੍ਰੋਫੈਸਰ ਭਾਰਦਵਾਜ ਸ਼ਾਮਲ ਸਨ। ਇਸ ਸੰਸਥਾ ਦੀ ਅਗਵਾਈ ਪ੍ਰੋਫੈਸਰ ਜਗਮੋਹਨ ਸਿੰਘ, ਜੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਬੀਬੀ ਅਮਰ ਕੌਰ ਦੇ ਸਪੁੱਤਰ ਹਨ ਕਰਦੇ ਸਨ। ਇਨ੍ਹਾਂ ਵਿੱਚੋਂ ਵਧੇਰੇ ਖੱਬੀਆਂ ਪਾਰਟੀਆਂ ਦੀ ਲੋਕ ਪੱਖੀ ਸਿਆਸਤ ਨਾਲ ਜੁੜੇ ਹੋਏ ਸਨ।
ਉਸ ਉਮਰ ਵਿੱਚ ਹਰ ਇੱਕ ਦਾ ਕੁਝ ਕਰਨ ਦਾ ਜਜ਼ਬਾ ਠਾਠਾਂ ਮਾਰਦਾ ਹੁੰਦਾ ਹੈ ਅਤੇ ਉਸ ਤਰ੍ਹਾਂ ਵੀ ਮੇਰੇ ਪਿੰਡ ਦੇ ਬਹੁਤੇ ਮੇਰੀ ਉਮਰ ਦੇ ਨੌਜਵਾਨ ਉਸ ਸਮੇਂ ਬਲਦੇਵ ਮਾਨ ਦੀ ਅਗਵਾਈ ਵਾਲੇ ਨਕਸਲੀ ਗਰੁੱਪ ਨਾਲ ਜੁੜੇ ਹੋਏ ਸਨ ਅਤੇ ਨੌਜਵਾਨ ਭਾਰਤ ਸਭਾ ਵਿੱਚ ਸਰਗਰਮ ਸਨ। ਪਟਿਆਲਾ ਵਿੱਚ ਵੀ ਉਸ ਸਮੇਂ ਲਹਿਰ ਦਾ ਬੋਲਬਾਲਾ ਸੀ ਜਿੱਥੇ ਇਕਬਾਲ ਗੱਜਣ, ਪੰਜਾਬੀ ਯੂਨੀਵਰਿਸਟੀ ਵਿੱਚ ਜਗਤਾਰ (ਨਾਗਾ ਰੈਡੀ ਗਰੁੱਪ) ਪ੍ਰੋਫੈਸਰ ਬਾਵਾ ਸਿੰਘ (ਜੋ ਬਾਅਦ ਵਿੱਚ ਘੱਟ ਗਿਣਤੀ ਕਮਿਸ਼ਨ ਵਿੱਚ ਰਹੇ) ਦਰਸ਼ਨਪਾਲ, ਜੋ ਹੁਣ ਕ੍ਰਾਂਤੀਕਾਰੀ ਕਿਸਾਨ ਸਭਾ ਪੰਜਾਬ ਅਤੇ ਜਗਮੋਹਣ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਕੁਝ ਮੇਲਜੋਲ ਹੋਇਆ ਅਤੇ ਸੀ ਪੀ ਆਈ ਐੱਮ ਦੇ ਕੁਝ ਵਰਕਰ ਮਿਲਦੇ ਰਹੇ। ਇਸ ਤਰ੍ਹਾਂ ਸੁਭਾਵਿਕ ਹੀ ਮੇਰਾ ਝੁਕਾ ਵੀ ਇਸ ਰਾਜਨੀਤੀ ਵੱਲ ਹੋ ਗਿਆ ਸੀ। ਮੇਰਾ ਇੱਕ ਗੂੜ੍ਹਾ ਮਿੱਤਰ ਗੋਬਿੰਦਰ ਮੋਹੀ ਵੀ ਸੀ ਜੋ ਕਿਸੇ ਸਮੇਂ ਅਮੋਲਕ ਹੁਰਾਂ ਦੇ ਧੜੇ ਨਾਲ ਰਿਹਾ ਸੀ। ਉਸਦਾ ਪਿੰਡ ਕੋਰਜੀਵਾਲਾ ਹੈ, ਜੋ ਸੰਜੋਗਵੱਸ ਡਾਕਟਰ ਦਰਸ਼ਨਪਾਲ ਦਾ ਵੀ ਪਿੰਡ ਵੀ ਸੀ। ਗੋਬਿੰਦਰ ਮੋਹੀ ਦੀ ਦਾਦੀ ਬੀਬੀ ਰਜਿੰਦਰ ਕੌਰ ਭੱਠਲ ਦੀ ਭੂਆ ਸੀ ਸੋ ਇਸ ਨਾਤੇ ਬੀਬੀ ਉਹਨਾਂ ਦੀ ਭੂਆ ਲਗਦੀ ਸੀ। ਮੋਦੀ ਮੰਦਰ ਨਾਲ ਲਗਦੇ ਕਮਰੇ ਵਿੱਚ ਉਹ ਮੇਰਾ ਰੂਮ-ਮੇਟ (ਕਮਰੇ ਦਾ ਸਾਥੀ) ਵੀ ਸੀ। ਗੋਬਿੰਦਰ ਮੋਹੀ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ। ਉਹ ਬਿਜਲੀ ਬੋਰਡ ਦੀ ਵਾਲੀਵਾਲ ਟੀਮ ਦਾ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਬਿਜਲੀ ਬੋਰਡ ਦੀ ਭੰਗੜੇ ਦੀ ਟੀਮ ਦਾ ਵੀ ਉੱਘਾ ਮੈਂਬਰ ਸੀ ਅਤੇ ਚੰਗੀ ਆਵਾਜ਼ ਦਾ ਮਾਲਕ ਹੋਣ ਕਾਰਨ ਬੋਲੀਆਂ ਪਾਉਣ ਅਤੇ ਗੀਤ ਸੰਗੀਤ ਦਾ ਵੀ ਰਸੀਆ ਸੀ। ਇੰਨੇ ਸਾਰੇ ਗੁਣਾਂ ਦੇ ਨਾਲ ਨਾਲ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਬਿਜਲੀ ਬੋਰਡ ਮਨਿਸਟੀਰੀਅਲ ਯੂਨੀਅਨ (ਕਲਰਕਾਂ ਦੀ ਜਥੇਬੰਦੀ) ਦਾ ਆਗੂ ਵੀ ਸੀ। ਕਾਮਰੇਡਾਂ ਦੇ ਨਿੱਕੇ ਮੋਟੇ ਵਿਵਾਦ ਨਿਪਟਾਉਣ ਲਈ ਅਤੇ ਹੋਰ ਸਰਗਰਮੀਆਂ ਲਈ ਸਾਡਾ ਕਮਰਾ ਸਾਂਝੀ ਢੁਕਵੀਂ ਥਾਂ ਸੀ। ਉਹ ਮਜ਼ਾਕ ਵਿੱਚ ਮੈਨੂੰ ਆਪਣੇ ਨਾਲ ਜੋੜ ਕੇ ਦੋ ਮੈਂਬਰੀ ਹਾਈ ਪਾਵਰ ਕਮੇਟੀ ਦਾ ਨਾਂ ਦਿੰਦਾ ਸੀ।
ਜਿਵੇਂ ਮੈਂ ਉੱਪਰ ਵਰਣਨ ਕੀਤਾ ਹੈ ਕਿ ਮੇਰੀ ਨਵੀਂ ਨਵੀਂ ਨੌਕਰੀ ਲੱਗੀ ਸੀ ਅਤੇ ਹਾਲੇ ਟਰੇਨਿੰਗ ਹੀ ਚੱਲ ਰਹੀ ਸੀ; ਮੈਂ ਸਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਹਫਤੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਆਪਣੇ ਕਮਰੇ ਵਿੱਚ ਪਹੁੰਚਿਆ ਸੀ। ਉਸ ਸਮੇਂ ਮੋਬਾਇਲ ਫ਼ੋਨ ਅਜੇ ਆਏ ਨਹੀਂ ਸਨ, ਸੋ ਸਾਡਾ ਆਪਸ ਵਿੱਚ ਸੰਪਰਕ ਨਾ ਹੋ ਸਕਿਆ। ਪ੍ਰੋਫੈਸਰ ਭਾਰਦਵਾਜ ਨਜ਼ਦੀਕ ਹੀ ਪੰਜਾਬੀ ਬਾਗ ਵਿੱਚ 154 ਨੰਬਰ ਘਰ ਵਿੱਚ ਰਹਿੰਦੇ ਸਨ। ਉਹਨਾਂ ਨੂੰ ਮੇਰੇ ਆਉਣ ਦੀ ਖਬਰ ਮਿਲੀ ਤਾਂ ਉਹ ਆਪਣੀ, ਪਤਨੀ ਭੈਣ ਜੀ ਸਲੋਚਨਾ ਨਾਲ ਸੈਰ ਕਰਦੇ ਹੋਏ ਮੈਨੂੰ ਮਿਲਣ ਲਈ ਆ ਗਏ। ਅਸੀਂ ਗੱਲਾਂਬਾਤਾਂ ਵਿੱਚ ਰੁੱਝ ਗਏ। ਗੱਲਾਂ ਕਰਦਿਆਂ ਕਾਫੀ ਰਾਤ ਬੀਤ ਚੁੱਕੀ ਸੀ। ਕੋਈ ਗਿਆਰਾਂ ਵਜੇ ਦਾ ਸਮਾਂ ਹੋਵੇਗਾ ਕਿ ਅਚਾਨਕ ਪੁਲੀਸ ਦਾ ਰੇਡ ਹੋ ਗਿਆ। 6-7 ਪੁਲੀਸ ਦੇ ਸਿਪਾਹੀ ਅਤੇ ਇੱਕ ਥਾਣੇਦਾਰ ਸਾਡੇ ਉਹ ਘਰ ਵਿੱਚ ਆਣ ਵੜੇ ਅਤੇ ਮੇਰੇ ਰੂਮ-ਮੇਟ ਗੋਬਿੰਦਰ ਮੋਹੀ ਬਾਰੇ ਪੁੱਛਗਿੱਛ ਕਰਨ ਲੱਗੇ। ਚੰਗਾ ਇਹ ਹੋਇਆ ਕਿ ਪ੍ਰੋਫੈਸਰ ਭਾਰਦਵਾਜ ਅਤੇ ਉਹਨਾਂ ਦੀ ਪਤਨੀ ਮੌਜੂਦ ਸਨ ਅਤੇ ਪੁਲਿਸ ਦੇ ਤੇਵਰ ਕੁਝ ਨਰਮ ਰਹੇ। ਸਾਨੂੰ ਉਸ ਸਮੇਂ ਹੀ ਪੁਲਿਸ ਕੋਲੋਂ ਪਤਾ ਲੱਗਾ ਕਿ ਬਿਜਲੀ ਬੋਰਡ ਦੀ ਯੂਨੀਅਨ ਦੀ ਚੋਣ ਹੋ ਰਹੀ ਹੈ ਅਤੇ ਗੋਬਿੰਦਰ ਮੋਹੀ ਦੀ ਧਿਰ ਵੱਲੋਂ ਵਿਰੋਧੀ ਧਿਰ ਨਾਲ ਕੋਈ ਪੰਗਾ (ਝਗੜਾ) ਹੋਇਆ ਹੈ ਅਤੇ ਪੁਲਿਸ ਉਸਦੀ ਤਲਾਸ਼ ਵਿੱਚ ਆਈ ਹੈ। ਇਸ ਤੋਂ ਪਹਿਲਾਂ ਮੈਂ ਅਤੇ ਪ੍ਰੋਫੈਸਰ ਸਾਹਿਬ ਇਸ ਘਟਨਾ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਪ੍ਰੋਫੈਸਰ ਦੇ ਯਕੀਨ ਦਿਵਾਉਣ ਉੱਤੇ ਕਿ ਅਸੀਂ ਗੋਬਿੰਦਰ ਮੋਹੀ ਨੂੰ ਕੱਲ੍ਹ ਪੁਲਿਸ ਸਟੇਸ਼ਨ ਪੇਸ਼ ਕਰ ਦੇਵਾਂਗੇ, ਪੁਲੀਸ ਵਾਲੇ ਵਾਪਸ ਚਲੇ ਗਏ ਅਤੇ ਅਸੀਂ ਸੁਖ ਦਾ ਸਾਹ ਲਿਆ। ਪਰ ਗੱਲ ਇੱਥੇ ਹੀ ਨਹੀਂ ਸੀ ਮੁੱਕੀ, ਮੈਂ ਆਪਣੇ ਮਿੱਤਰ ਪ੍ਰੋਫੈਸਰ ਜੋੜੇ ਨੂੰ ਰੁਖਸਤ ਕਰਨ ਲਈ ਬਾਹਰ ਆਇਆ ਸੀ ਕਿ ਇੰਨੇ ਨੂੰ ਪੁਲਿਸ ਵਾਲੇ ਫਿਰ ਆ ਗਏ ਅਤੇ ਉਹ ਮੈਨੂੰ ਨਾਲ ਲੈ ਕੇ ਜਾਣ ਦੀ ਜ਼ਿਦ ਕਰਨ ਲੱਗੇ। ਦਰਅਸਲ ਗੋਬਿੰਦਰ ਦੀ ਵਿਰੋਧੀ ਧਿਰ ਦਾ ਸਿਆਸੀ ਜ਼ੋਰ ਲੱਗਾ ਹੋਇਆ ਸੀ ਕਿਉਂਕਿ ਉਸਦੇ ਮੁਕਾਬਲੇ ਵਿੱਚ ਖੜ੍ਹਾ ਸੁਰਿੰਦਰ ਸਿੰਘ ਵਾਲੀਆਂ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਵਾਲੀਆਂ ਦਾ ਛੋਟਾ ਭਰਾ ਸੀ। ਦੂਸਰਾ, ਪੁਲਿਸ ਵਾਲੇ ਸ਼ਰਾਬੀ ਹਾਲਤ ਵਿੱਚ ਸਨ। ਸੋ ਸਾਡੀ ਪੁਲਿਸ ਵਾਲਿਆਂ ਨਾਲ ਬਹਿਸ ਸ਼ੁਰੂ ਹੋ ਗਈ। ਜਿਸ ਕਮਰੇ ਵਿੱਚ ਬਹਿਸਾ-ਬਹਿਸੀ ਚੱਲ ਰਹੀ ਸੀ, ਉਸਦੀ ਦੀਵਾਰ ’ਤੇ ਮਾਰਕਸ, ਲੈਨਿਨ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੀ ਅਸੀਂ ਲਗਾ ਰੱਖੀ ਸੀ। ਠਾਣੇਦਾਰ ਮੈਨੂੰ ਕਹਿਣ ਲੱਗਾ, ਇਹ ਕੌਣ ਹਨ? ਅਤੇ ਤੇਰੇ ਕੀ ਲਗਦੇ ਹਨ? ਪ੍ਰੋਫੈਸਰ ਭਾਰਦਵਾਜ, ਜੋ ਮੇਰੀ ਤਰਫਦਾਰੀ ਕਰ ਰਹੇ ਸਨ ਨੇ ਉਲਟਾ ਠਾਣੇਦਾਰ ਨੂੰ ਪੁੱਛਿਆ ਕਿ ਤੂੰ ਕਿਨ੍ਹਾਂ ਦਾ ਮੁੰਡਾ ਹੈਂ? ਉਸਨੇ ਰੋਹਬ ਨਾਲ ਕਿਹਾ ਕਿ ਜੱਟ ਹਾਂ। ਪ੍ਰੋਫੈਸਰ ਭਾਰਦਵਾਜ਼ ਨੇ ਕਿਹਾ ਕਿ ਫਿਰ ਤਾਂ ਤੂੰ ਇਨ੍ਹਾਂ ਸਾਰਿਆਂ ਨੂੰ ਜਾਣਦਾ ਹੀ ਹੋਵੇਂਗਾ। ਪਰ ਇੱਕ ਪੁਲੀਸ ਦੀ ਵਰਦੀ ਦਾ ਰੋਹਬ ਅਤੇ ਦਬਦਬਾ, ਦੂਸਰਾ ਸ਼ਰਾਬ ਦਾ ਸਰੂਰ ਅਤੇ ਉੱਪਰ ਤੋਂ ਸਿਆਸੀ ਸ਼ਹਿ, ਸਾਡੀ ਕੋਈ ਦਲੀਲ ਕੰਮ ਨਾ ਆਈ ਅਤੇ ਆਖਰ ਨੂੰ ਮੈਂ ਪੁਲਿਸ ਨਾਲ ਜਾਣ ਲਈ ਤਿਆਰ ਹੋ ਗਿਆ ਜਾਂ ਮਜਬੂਰ ਹੋ ਗਿਆ। ਉਹ ਮੈਨੂੰ ਮੋਟਰ ਸਾਇਕਲ ਦੇ ਵਿਚਕਾਰ ਬਿਠਾਅ ਕੇ ਮੁਲਜ਼ਮ ਬਣਾ ਕੇ ਸਿਵਲ ਲਾਈਨ ਪੁਲੀਸ ਸਟੇਸ਼ਨ ਲੈ ਗਏ।
ਪੁਲੀਸ ਠਾਣੇ ਵਿੱਚ ਉਸ ਰਾਤ ਹੋਰ ਵੀ ਮੇਰੀ ਉਮਰ ਦੇ 8-10 ਲੜਕੇ ਫੜ ਲਿਆਂਦੇ ਹੋਏ ਸਨ ਅਤੇ ਸਾਰੇ ਹੀ ਵਰਾਂਡੇ ਵਿੱਚ ਬਿਠਾਏ ਹੋਏ ਸਨ। ਉਹਨਾਂ ਕੋਲੋਂ ਪਤਾ ਲੱਗਾ ਕਿ ਉਹ ਮੋਦੀ ਕਾਲਜ ਦੇ ਵਿਦਿਆਰਥੀ ਹਨ ਅਤੇ ਮੁੰਡਿਆਂ ਦਾ ਕੋਈ ਆਪਸੀ ਝਗੜਾ ਹੋਇਆ ਹੈ। ਪਰ ਮੈਨੂੰ ਉਮੀਦ ਸੀ ਕਿ ਮੇਰੇ ਪਿੱਛੇ ਪ੍ਰੋਫੈਸਰ ਭਾਰਦਵਾਜ ਕੁਝ ਹੋਰ ਸੱਜਣਾਂ ਨੂੰ ਨਾਲ ਲੈ ਕੇ ਪਹੁੰਚਣਗੇ ਅਤੇ ਮੇਰੀ ਜਾਨ ਖਲਾਸੀ ਹੋ ਜਾਵੇਗੀ। ਮੈਂ ਬਾਕੀ ਬਚੀ ਸਾਰੀ ਰਾਤ ਇਸ ਉਮੀਦ ਵਿੱਚ ਜਾਗਦਾ ਹੀ ਰਿਹਾ, ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਪ੍ਰੋਫੈਸਰ ਸਾਹਿਬ ਘਰ ਜਾ ਕੇ ਸੌਂ ਗਏ ਕਿ ਹੁਣ ਸਵੇਰੇ ਵੇਖਾਂਗੇ। ਪਰ ਇੱਕ ਹੋਰ ਵਰਤਾਰਾ ਇਹ ਹੋਇਆ ਕਿ ਪੁਲੀਸ ਪਾਰਟੀ ਨਾਲ ਗਿਆ ਇੱਕ ਹੌਲਦਾਰ ਮੇਰੇ ’ਤੇ ਮਿਹਰਬਾਨ ਹੋ ਗਿਆ ਕਿਉਂਕਿ ਪ੍ਰੋਫੈਸਰ ਭਾਰਦਵਾਜ ਨਾਲ ਹੋਏ ਬਹਿਸ-ਮੁਬਾਹਿਸੇ ਵਿੱਚ ਉਹ ਜਾਣ ਗਿਆ ਸੀ ਕਿ ਮੇਰਾ ਕੋਈ ਕਸੂਰ ਨਹੀਂ ਅਤੇ ਮੈਂ ਥਾਪਰ ਦਾ ਪੜ੍ਹਿਆ ਅਤੇ ਠੀਕਠਾਕ ਨੌਕਰੀ ’ਤੇ ਹਾਂ। ਉਹ ਮੈਨੂੰ ਵਰਾਂਡੇ ਵਿੱਚੋਂ ਬੁਲਾ ਕੇ ਨਾਲ ਲਗਦੀ ਆਪਣੀ ਬੈਰਕ ਵਿੱਚ ਲੈ ਗਿਆ, ਜਿੱਥੇ ਪੁਲਿਸ ਮੁਲਾਜ਼ਮਾਂ ਦੇ ਅਰਾਮ ਕਰਨ ਲਈ ਬਿਸਤਰੇ ਲੱਗੇ ਹੋਏ ਸਨ। ਉਸਨੇ ਮੈਨੂੰ ਆਪਣਾ ਬਿਸਤਰ ਦੇ ਦਿੱਤਾ ਅਤੇ ਆਪ ਕਿਸੇ ਹੋਰ ਮੰਜੇ ’ਤੇ ਜਾ ਪਿਆ। ਉਸ ਹੌਲਦਾਰ ਦਾ ਵਤੀਰਾ ਬਹੁਤ ਹੀ ਗੈਰ ਮਾਮੂਲੀ ਅਤੇ ਸਦਭਾਵਨਾ ਵਾਲਾ ਸੀ, ਜਿਸਦੀ ਸੰਭਾਵਨਾ ਅਤੇ ਉਮੀਦ ਪੁਲੀਸ ਦੇ ਕਿਰਦਾਰ ਤੋਂ ਬਿਲਕੁਲ ਹੀ ਵੱਖਰੀ ਕਿਸਮ ਦੀ ਸੀ। ਉਸਨੇ ਸਵੇਰੇ ਸਵਖਤੇ ਮੈਨੂੰ ਤੌਲੀਆ ਅਤੇ ਸਾਬਣ ਵੀ ਦੇ ਦਿੱਤਾ ਅਤੇ ਬੈਰਕ ਦੇ ਗੁਸਲਖਾਨੇ ਵਿੱਚ ਜਾ ਕੇ ਨਹਾਉਣ ਦੀ ਸੁਵਿਧਾ ਵੀ ਦਿੱਤੀ। ਜਦੋਂ ਮੈਂ ਬਾਥਰੂਮ ਵਿੱਚ ਨਹਾ ਰਿਹਾ ਸੀ ਤਾਂ ਪਹਿਰੇ ਦੀ ਡਿਊਟੀ ਵਾਲਾ ਸੰਤਰੀ ਬਾਹਰ ਚੀਕਦਾ ਹੋਇਆ ਗਾਲ੍ਹ ਕੱਢ ਕੇ ਬੋਲਿਆ ਬਾਹਰ ਆ, ਤੈਨੂੰ ਦੱਸਦਾਂ ਪਤਾ! ਦੇਨਾ ਤੈਨੂੰ ਲੂਣ! ਇਹ ਥਾਣਾ ਹੈ ਤੂੰ ਨਾਨਕੇ ਨਹੀਂ ਆਇਆ ਹੋਇਆ ਕਿ ਮਜ਼ੇ ਨਾਲ ਨਹਾਉਣ ਲੱਗ ਪਿਆ ਹੈਂ। ਦਿਆਲੂ ਹੌਲਦਾਰ ਨੇ ਉਸ ਨੂੰ ਸ਼ਾਂਤ ਕੀਤਾ ਅਤੇ ਆਪਣੀ ਜ਼ਿੰਮੇਵਾਰੀ ਲਈ। ਇਸਦਾ ਅਸਰ ਇਹ ਜ਼ਰੂਰ ਹੋਇਆ ਕਿ ਹੁਣ ਮੈਨੂੰ ਬੈਰਕ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਠਾਣੇ ਦੇ ਅਹਾਤੇ ਵਿੱਚ ਬਾਕੀ ਲੜਕਿਆਂ ਦੇ ਨਾਲ ਬੈਠਣ ਲਈ ਭੇਜ ਦਿੱਤਾ।
ਥੋੜ੍ਹੀ ਦੇਰ ਬਾਅਦ ਹਿਲਜੁਲ ਸ਼ੁਰੂ ਹੋ ਗਈ ਅਤੇ ਸਾਨੂੰ ਸਾਰਿਆਂ ਨੂੰ ਵਿਹੜੇ ਵਿੱਚ ਇੱਕ ਕਤਾਰ ਵਿੱਚ ਖੜ੍ਹਾ ਕਰ ਲਿਆ ਗਿਆ। ਵੱਡਾ ਥਾਣੇਦਾਰ ਐੱਸ ਐੱਚ ਓ ਆ ਗਿਆ ਸੀ, ਜੋ ਸਫੈਦ ਦਾਹੜੀ ਵਾਲਾ ਰੋਹਬਦਾਰ ਆਦਮੀ ਲਗਦਾ ਸੀ। ਜੇ ਮੈਂ ਭੁੱਲਦਾ ਨਹੀਂ ਤਾਂ ਉਸਦਾ ਨਾਂਅ ਸੁਖਦੇਵ ਸਿੰਘ ਸੀ। ਉਹ ਦੋ ਸਿਪਾਹੀਆਂ ਨੂੰ ਨਾਲ ਨਾਲ ਲੈ ਕੇ ਇੱਕ ਸਿਰੇ ਤੋਂ ਸਭ ਨੂੰ ਦੋ ਦੋ ਥੱਪੜ ਰਸੀਦ ਕਰਦਾ ਮੇਰੇ ਤੀਕ ਪਹੁੰਚ ਗਿਆ। ਉਸਨੇ ਸਿਪਾਹੀ ਨੂੰ ਪੁੱਛਿਆ ਇਸ ਨੂੰ ਕਿਸ ਕੇਸ ਵਿੱਚ ਲਿਆਂਦਾ ਗਿਆ ਹੈ? ਤਾਂ ਸਿਪਾਹੀ ਨੇ ਫ਼ੌਰਨ ਕਿਹਾ ਕਿ ਕੁੜੀਆਂ ਨੂੰ ਛੇੜਨ ਦੇ ਕੇਸ ਵਿੱਚ! ਇਹ ਮੇਰੇ ਲਈ ਹੋਰ ਵੀ ਜ਼ਿੱਲਤ ਅਤੇ ਨਮੋਸ਼ੀ ਦਾ ਮਾਮਲਾ ਸੀ। ਮੈਂ ਇਸ ਬਾਰੇ ਕੁਝ ਬੋਲਦਾ, ਇਸ ਤੋਂ ਪਹਿਲਾਂ ਹੀ ਐੱਸ ਐੱਚ ਓ ਨੇ ਮੇਰੇ ਮੂੰਹ ’ਤੇ ਇੰਨਾ ਜ਼ੋਰਦਾਰ ਥੱਪੜ ਜੜ੍ਹਿਆ ਕਿ ਮੈਨੂੰ ਭੰਬਰਤਾਰੇ ਨਜ਼ਰ ਆਉਣ ਲੱਗੇ। ਮੇਰੀ ਪਗੜੀ ਸਿਰੋਂ ਲਹਿ ਕੇ ਹੇਠਾਂ ਡਿਗ ਪਈ। ਮੈਂ ਝੂਠੇ ਇਲਜ਼ਾਮ ਦੀ ਨਮੋਸ਼ੀ ਅਤੇ ਜੜੇ ਗਏ ਥੱਪੜ ਦੀ ਪੀੜ ਵਿੱਚ ਕੁਰਲਾ ਉੱਠਿਆ। ਪੱਗ ਹੇਠਾਂ ਤੋਂ ਚੁੱਕੀ ਤੇ ਸਾਹਮਣੇ ਦੇਖਿਆ, ਪ੍ਰੋਫੈਸਰ ਭਾਰਦਵਾਜ ਨਾਸ਼ਤੇ ਦਾ ਟਿਫਨ (ਡੱਬਾ) ਫੜੀ ਖੜ੍ਹੇ ਸਨ। ਪਰ ਮੈਨੂੰ ਨਾਸ਼ਤਾ ਕਿੱਥੋਂ ਸੁੱਝਣਾ ਸੀ? ਦੂਸਰਾ, ਪ੍ਰੋਫੈਸਰ ਨੇ ਥੱਪੜ ਵਾਲਾ ਦ੍ਰਿਸ਼ ਵੀ ਦੇਖ ਲਿਆ ਸੀ। ਉੱਪਰੋਂ ਮੈਨੂੰ ਪ੍ਰੋਫੈਸਰ ’ਤੇ ਗੁੱਸਾ ਕਿ ਉਹ ਘਰ ਜਾ ਕੇ ਕਿਉਂ ਸੌਂ ਗਿਆ? ਉਸ ਨੂੰ ਰਾਤ ਨੂੰ ਹੀ ਮੇਰੀ ਖਲਾਸੀ ਦੇ ਯਤਨ ਕਰਨੇ ਚਾਹੀਦੇ ਸਨ। ਮੈਂ ਸੋਚਦਾ ਸੀ ਕਿ ਪ੍ਰੋਫੈਸਰ ਹੋਰ ਸਾਥੀਆਂ ਨੂੰ ਇਕੱਠੇ ਕਰਕੇ ਮੇਰੇ ਪਿੱਛੇ ਆਵੇਗਾ। ਉਹ ਕਾਮਰੇਡ ਬਲਵੰਤ ਸਿੰਘ ਰਾਜਪੁਰਾ ਐੱਮ ਐੱਲ ਏ (MLA) ਨੂੰ ਜਾਣਦਾ ਸੀ, ਘੱਟੋ ਘੱਟ ਉਸ ਕੋਲੋਂ ਫ਼ੋਨ ਕਰਵਾਏਗਾ ਪਰ ਉਸਨੇ ਇਸ ਨੂੰ ਹਲਕੇ ਵਿੱਚ ਲਿਆ ਸੀ, ਜਿਸ ਕਰਕੇ ਮੈਨੂੰ ਇਹ ਜ਼ਿੱਲਤ ਝੱਲਣੀ ਪਈ ਸੀ। ਉਹ ਜਲਦੀ ਨਾਲ ਵੱਡੇ ਥਾਣੇਦਾਰ ਦੇ ਪਿੱਛੇ ਉਸਦੇ ਕਮਰੇ ਵਿੱਚ ਜਾ ਕੇ ਮੇਰੀ ਸ਼ਾਹਦੀ ਭਰਦਾ ਹੋਇਆ ਸਿਫ਼ਾਰਸ਼ ਕਰ ਰਿਹਾ ਸੀ। ਇੰਨੇ ਨੂੰ ਇੱਕ ਸਿਪਾਹੀ ਮੈਨੂੰ ਬੁਲਾਉਣ ਆ ਗਿਆ ਕਿ ਤੈਨੂੰ ਐੱਸ ਐੱਚ ਓ ਸਾਹਮਣੇ ਪੇਸ਼ ਕਰਨਾ ਹੈ। ਅਜਿਹੇ ਹਾਲਾਤ ਵਿੱਚ ਲਗਦਾ ਹੁੰਦਾ ਹੈ ਕਿ ਤੁਸੀਂ ਕੋਈ ਇੱਜ਼ਤਦਾਰ ਸ਼ਹਿਰੀ ਨਾ ਹੋ ਕੇ ਇੱਕ ਦੋਸ਼ੀ ਮੁਜਰਮ ਹੋ। ਅਜੇ ਮੈਨੂੰ ਲੈ ਕੇ ਸਿਪਾਹੀ ਐੱਸ ਐੱਚ ਓ ਦੇ ਕਮਰੇ ਵਿੱਚ ਪਹੁੰਚਿਆ ਹੀ ਸੀ ਕਿ ਫਿਰ ਹਲਚਲ ਹੋਈ। ਬਾਹਰ ਇੱਕ ਜੀਪ ਆਣ ਖੜ੍ਹੀ ਹੋਈ, ਜਿਸਦੇ ਮੋਹਰੇ ਦੀ ਸੀਟ ’ਤੇ ਡਿਪਟੀ (ਡੀ ਐੱਸ ਪੀ) ਦੀ ਵਰਦੀ ਵਾਲਾ ਅਫਸਰ ਸੀ ਅਤੇ ਪਿਛਲੇ ਪਾਸਿਓਂ ਗੋਬਿੰਦਰ ਮੋਹੀ ਨਿਕਲਿਆ। ਮੈਨੂੰ ਇਉਂ ਪ੍ਰਤੀਤ ਹੋਇਆ ਕਿ ਪੁਲੀਸ ਗੋਬਿੰਦਰ ਨੂੰ ਵੀ ਫੜ ਲਿਆਈ ਹੈ ਅਤੇ ਮੈਂ ਡਰਿਆ ਹੋਇਆ ਸੀ ਕਿ ਇਹ ਕੋਈ ਵੀ ਨਜਾਇਜ਼ ਨਾਂਅ ਲੈ ਕੇ ਪਰਚਾ ਪਾ ਦੇਣਗੇ। ਕੁੜੀਆਂ ਛੇੜਨ ਵਾਲੇ ਝੂਠੇ ਇਲਜ਼ਾਮ ਦਾ ਮੈਂ ਹੁਣੇ ਹੀ ਸਾਹਮਣਾ ਕਰਕੇ ਹਟਿਆ ਸੀ। ਪਰ ਗੱਲ ਕੁਝ ਹੋਰ ਹੀ ਨਿਕਲੀ। ਜਦੋਂ ਸਵੇਰੇ ਤੜਕੇ ਕਿਸੇ ਨੇ ਗੋਬਿੰਦਰ ਮੋਹੀ ਨੂੰ ਮੇਰੇ ਫੜੇ ਜਾਣ ਦੀ ਖਬਰ ਦਿੱਤੀ, ਉਹ ਭੱਜਾ ਭੱਜਾ ਡਿਪਟੀ ਲਾਲ ਸਿੰਘ ਕੋਲ ਪਹੁੰਚਿਆ, ਜੋ ਬੀਬੀ ਭੱਠਲ ਦਾ ਰਿਸ਼ਤੇਦਾਰ ਸੀ ਅਤੇ ਬੀਬੀ ਨੇ ਹੀ ਉਸ ਨੂੰ ਪਟਿਆਲਾ ਲਾਇਆ ਹੋਇਆ ਸੀ। ਉਸ ਨੂੰ ਸਾਰੀ ਗੱਲ ਦੱਸੀ। ਸਿਵਲ ਲਾਈਨ ਥਾਣਾ ਵੀ ਉਸਦੇ ਹੀ ਮਤਹਿਤ ਸੀ। ਇੱਕ ਮਿੰਟ ਵਿੱਚ ਸਾਰੀ ਤਸਵੀਰ ਬਦਲ ਗਈ। ਐੱਸ ਐੱਚ ਓ ਦੇ ਸਾਹਮਣੇ ਸਾਨੂੰ ਕੁਰਸੀ ’ਤੇ ਬਿਠਾਇਆ ਗਿਆ। ਡੀ ਐੱਸ ਪੀ ਲਾਲ ਸਿੰਘ ਨੇ ਐੱਸ ਐੱਚ ਓ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਇਲੈਕਸ਼ਨ ਹੈ ਅਤੇ ਇਹੋ ਜਿਹਾ ਸਭ ਕੁਝ ਅਜਿਹੇ ਮਾਹੌਲ ਵਿੱਚ ਹੁੰਦਾ ਹੈ। ਅੱਜ ਤੋਂ ਬਾਅਦ ਜੇਕਰ ਕੋਈ ਵੀ ਘਟਨਾ ਹੋਵੇ, ਇੱਥੋਂ ਤੀਕ ਕਿ ਜੇ ਕਤਲ ਵੀ ਹੋ ਜਾਵੇ ਤਾਂ ਮੈਨੂੰ ਪੁੱਛੇ ਬਿਨਾਂ ਇਨ੍ਹਾਂ ਮੁੰਡਿਆਂ ਨੂੰ ਹੱਥ ਨਹੀਂ ਲਾਉਣਾ। ਪ੍ਰੋਫੈਸਰ ਭਾਰਦਵਾਜ, ਜਿਨ੍ਹਾਂ ਨੇ ਥੱਪੜ ਵਾਲਾ ਮੰਜ਼ਰ ਦੇਖਿਆ ਸੀ, ਵੀ ਸ਼ੇਰ ਬਣ ਗਏ ਅਤੇ ਕਹਿਣ ਲੱਗੇ ਸਾਡੇ ਮੁੰਡੇ ’ਤੇ ਝੂਠਾ ਇਲਜ਼ਾਮ ਲਾ ਕੇ ਕੁੱਟਿਆ ਗਿਆ ਹੈ। ਐੱਸ ਐੱਚ ਓ ਮੁਆਫੀ ਮੰਗੇ। ਐੱਸ ਐੱਚ ਓ ਮੁਆਫੀ ਮੰਗੇ ਨੇ ਗ਼ਲਤੀ ਸਵੀਕਾਰ ਕਰ ਲਈ ਅਤੇ ਅਸੀਂ ਜੇਤੂ ਅੰਦਾਜ਼ ਵਿੱਚ ਡੀ ਐੱਸ ਪੀ ਦੀ ਜੀਪ ਵਿੱਚ ਬਹਿ ਕੇ ਥਾਣਿਓਂ ਬਾਹਰ ਨਿਕਲੇ। ਗੋਬਿੰਦਰ ਮੋਹੀ ਦੀ ਧਿਰ ਉਹ ਇਲੈਕਸ਼ਨ ਸ਼ਾਨੋ-ਸ਼ੋਕਤ ਨਾਲ ਜਿੱਤ ਗਈ ਅਤੇ ਉਹ ਲੰਮਾ ਸਮਾਂ ਮੈਨੂੰ ਆਪਣੀ ਯੂਨੀਅਨ ਦਾ ਫਰੀਡਮ ਫਾਈਟਰ ਕਹਿੰਦਾ ਰਿਹਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































