“ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਛੇ ਹੋਰ ਸਾਥੀਆਂ ਨੂੰ 16 ਨਵੰਬਰ, 1915 ਨੂੰ ...”
(16 ਨਵੰਬਰ 2025)

ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਗ਼ਦਰ ਲਹਿਰ ਦਾ ਵਿਸ਼ੇਸ਼ ਯੋਗਦਾਨ ਹੈ। ਗ਼ਦਰ ਲਹਿਰ ਰਾਹੀਂ ਸੈਂਕੜੇ ਦੇਸ਼ ਭਗਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਸਖ਼ਤ ਸਜ਼ਾਵਾਂ ਕੱਟੀਆਂ। ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦੇ ਬਹਾਦਰ ਜਰਨੈਲ ਅਤੇ ਇਨਕਲਾਬੀ ਸੂਰਬੀਰ ਸਨ। ਉਹਨਾਂ ਦਾ ਜਨਮ 24 ਮਈ, 1896 ਨੂੰ ਸਰਦਾਰ ਮੰਗਲ ਸਿੰਘ ਅਤੇ ਸਰਦਾਰਨੀ ਸਾਹਿਬ ਕੌਰ ਦੇ ਗ੍ਰਹਿ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਹੋਇਆ। ਕਰਤਾਰ ਸਿੰਘ ਦੇ ਬਚਪਨ ਵਿੱਚ ਹੀ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਹਨਾਂ ਦਾ ਪਾਲਣ ਪੋਸਣ ਦਾਦਾ ਬਦਨ ਸਿੰਘ ਦੀ ਦੇਖ-ਰੇਖ ਹੇਠ ਹੋਇਆ। ਕਰਤਾਰ ਸਿੰਘ ਨੇ ਪ੍ਰਾਇਮਰੀ ਤਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਪਾਸ ਕਰਨ ਪਿੱਛੋਂ ਉਹ ਗੁੱਜਰਵਾਲ ਦੇ ਮਿਡਲ ਸਕੂਲ ਵਿੱਚ ਦਾਖਲ ਹੋ ਗਏ, ਪਰ ਜਲਦੀ ਹੀ ਉਹ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲ ਹੋ ਗਏ। ਉਹ ਕੁਝ ਸਮਾਂ ਆਰੀਆ ਹਾਈ ਸਕੂਲ ਲੁਧਿਆਣਾ ਵਿੱਚ ਵੀ ਪੜ੍ਹਦੇ ਰਹੇ। ਕਰਤਾਰ ਸਿੰਘ ਨੇ ਆਪਣੀ ਦਸਵੀਂ ਦੀ ਪੜ੍ਹਾਈ ਆਪਣੇ ਚਾਚਾ ਸਰਦਾਰ ਬਖਸ਼ੀਸ਼ ਸਿੰਘ ਕੋਲ ਉੜੀਸਾ ਜਾ ਕੇ ਮੁਕੰਮਲ ਕੀਤੀ। ਇਸ ਸਮੇਂ ਤਕ ਕਰਤਾਰ ਸਿੰਘ ਸਰਾਭਾ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਅਤੇ ਅੰਗਰੇਜ਼ੀ ਵਿੱਚ ਚੋਖੀ ਮੁਹਾਰਤ ਹਾਸਲ ਕਰ ਚੁੱਕਿਆ ਸੀ।
ਉਹ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ 1911 ਦੇ ਅੰਤ ਵਿੱਚ ਅਮਰੀਕਾ ਲਈ ਰਵਾਨਾ ਹੋ ਗਏ ਅਤੇ ਪਹਿਲੀ ਜਨਵਰੀ 1912 ਨੂੰ ਅਮਰੀਕਾ ਦੀ ਸਾਨਫਰਾਂਸਿਸਕੋ ਬੰਦਰਗਾਹ ’ਤੇ ਪਹੁੰਚ ਗਏ। ਅਮਰੀਕਾ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਨੇ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਵਿੱਚ ਦਾਖਲਾ ਲੈ ਲਿਆ। ਇਸੇ ਯੂਨੀਵਰਸਿਟੀ ਵਿੱਚ ਉਸਦਾ ਮੇਲ ਲਾਲਾ ਹਰਦਿਆਲ ਨਾਲ ਹੋਇਆ। ਲਾਲਾ ਹਰਦਿਆਲ ਦੇ ਵਿਚਾਰਾਂ ਤੋਂ ਕਰਤਾਰ ਸਿੰਘ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਹਿੰਦੀਆਂ ਤੋਂ ਬਹੁਤ ਨਫਰਤ ਕੀਤੀ ਜਾਂਦੀ ਸੀ। ਗੋਰੇ ਲੋਕ ਭਾਰਤੀਆਂ ਨਾਲ ਨਿਰਾਦਰੀ ਭਰਿਆ ਸਲੂਕ ਕਰਦੇ ਸਨ। ਇਸ ਕਰਕੇ ਭਾਰਤੀ ਕਾਮੇ ਜੋ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਗਏ ਸਨ, ਜਥੇਬੰਦ ਹੋ ਰਹੇ ਸਨ। ਕਰਤਾਰ ਸਿੰਘ ਆਪਣੀਆਂ ਯੂਨੀਵਰਸਿਟੀ ਦੀਆਂ ਛੁੱਟੀਆਂ ਦੌਰਾਨ ਆਪਣੇ ਹੀ ਪਿੰਡ ਦੇ ਰੁਲੀਆ ਸਿੰਘ ਕੋਲ ਗਿਆ ਹੋਇਆ ਸੀ। ਇੱਥੇ ਉਹਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਨਾਲ ਹੋ ਗਿਆ। ਬਾਬਾ ਸੋਹਣ ਸਿੰਘ ਭਕਨਾ ਨੇ ਭਾਈ ਕੇਸਰ ਸਿੰਘ ਠੱਠਗੜ੍ਹ ਦੀ ਸਹਾਇਤਾ ਨਾਲ ਇੱਥੇ ਹਿੰਦੀ ਐਸੋਸੀਏਸ਼ਨ ਦੀ ਸ਼ਾਖਾ ਕਾਇਮ ਕੀਤੀ। ਵੱਖ-ਵੱਖ ਥਾਂਵਾਂ ’ਤੇ ਹਿੰਦੀ ਐਸੋਸੀਏਸ਼ਨ ਦੀਆਂ ਹੋਰ ਵੀ ਸ਼ਾਖਾਵਾਂ ਕਾਇਮ ਕੀਤੀਆਂ ਗਈਆਂ।
21 ਅਪਰੈਲ, 1913 ਨੂੰ ਭਾਈ ਕੇਸਰ ਸਿੰਘ ਦੀ ਆਰਾ ਮਿੱਲ ਵਿੱਚ ਆਸਟੋਰੀਆ ਵਿਖੇ ਮਹੱਤਵਪੂਰਨ ਮੀਟਿੰਗ ਹੋਈ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ। ਇਸ ਸਮੇਂ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ’ ਨਾਂ ਦੀ ਕੇਂਦਰੀ ਜਥੇਬੰਦੀ ਬਣਾਈ ਗਈ। ਇਸਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜ਼ਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ। ਇਸਦਾ ਟੀਚਾ ਹਥਿਆਰਬੰਦ ਇਨਕਲਾਬ ਰਾਹੀਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਇਸ ਮੀਟਿੰਗ ਵਿੱਚ ਹਫਤਾਵਾਰੀ ਅਖਬਾਰ ਕੱਢਣ ਦਾ ਫੈਸਲਾ ਵੀ ਲਿਆ ਗਿਆ। ਪਹਿਲੀ ਨਵੰਬਰ 1913 ਨੂੰ ਗ਼ਦਰ ਅਖਬਾਰ ਦਾ ਪਹਿਲਾ ਅੰਕ ਉਰਦੂ ਵਿੱਚ ਕੱਢਿਆ ਗਿਆ। ਗ਼ਦਰ ਅਖਬਾਰ ਚਾਲੂ ਕਰਨ ਵਿੱਚ ਕਰਤਾਰ ਸਿੰਘ ਸਰਾਭਾ ਦਾ ਅਹਿਮ ਯੋਗਦਾਨ ਸੀ। ਉਹਨਾਂ ਨੇ ਆਪਣੀ ਪੜ੍ਹਾਈ ਦੇ ਖਰਚੇ ਲਈ ਲਿਆਂਦੇ 200 ਡਾਲਰ ਵੀ ਅਖਬਾਰ ਕਮੇਟੀ ਦੇ ਹਵਾਲੇ ਕਰ ਦਿੱਤੇ ਅਤੇ ਆਪਣੀ ਪੜ੍ਹਾਈ ਅਧਵਾਟੇ ਛੱਡ ਕੇ ਗ਼ਦਰ ਲਹਿਰ ਵਿੱਚ ਸਰਗਰਮ ਹੋ ਗਏ। ‘ਗ਼ਦਰ’ ਦਾ ਪੰਜਾਬੀ ਵਿੱਚ ਪ੍ਰਕਾਸ਼ਨ 8 ਦਸੰਬਰ, 1913 ਨੂੰ ਸ਼ੁਰੂ ਹੋਇਆ। ਇਹ ਪਰਚਾ ਹਿੰਦੀ, ਪਸ਼ਤੋ, ਗੁਜਰਾਤੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਛਪਦਾ ਸੀ। ਕਰਤਾਰ ਸਿੰਘ ਸਰਾਭਾ ਗ਼ਦਰ ਅਖਬਾਰ ਲਈ ਲੇਖ, ਕਵਿਤਾਵਾਂ ਅਤੇ ਸੰਪਾਦਕੀ ਲਿਖਦਾ ਸੀ। ਗ਼ਦਰ ਅਖਬਾਰ ਜਲਦੀ ਹੀ ਦੇਸ਼ ਵਾਸੀਆਂ ਵਿੱਚ ਹਰਮਨ ਪਿਆਰਾ ਹੋ ਗਿਆ। ਇਸੇ ਪਰਚੇ ਦੇ ਨਾਂ ’ਤੇ ਜਥੇਬੰਦੀ ਦਾ ਨਾਂ ਗ਼ਦਰ ਪਾਰਟੀ ਪ੍ਰਸਿੱਧ ਹੋ ਗਿਆ ਸੀ। ਗ਼ਦਰ ਪਾਰਟੀ ਹਥਿਆਰਬੰਦ ਇਨਕਲਾਬ ਵਿੱਚ ਵਿਸ਼ਵਾਸ ਰੱਖਦੀ ਸੀ। ਇਸੇ ਕਰਕੇ ਗ਼ਦਰੀ ਯੋਧਿਆਂ ਨੇ ਬੰਬ ਬਣਾਉਣ, ਹਵਾਈ ਜਹਾਜ਼ ਚਲਾਉਣ ਅਤੇ ਉਹਨਾਂ ਦੀ ਮੁਰੰਮਤ ਕਰਨ ਅਤੇ ਹੋਰ ਜੰਗੀ ਹਥਿਆਰ ਚਲਾਉਣ ਦੀਆਂ ਟ੍ਰੇਨਿੰਗਾਂ ਲਈਆਂ। ਕਰਤਾਰ ਸਿੰਘ ਨੇ ਹਵਾਈ ਜਹਾਜ਼ ਚਲਾਉਣ ਅਤੇ ਉਸਦੀ ਮੁਰੰਮਤ ਕਰਨ ਦੀ ਟ੍ਰੇਨਿੰਗ ਜਰਮਨੀ ਦੇ ਸਫਾਰਤਖਾਨੇ ਤੋਂ ਲਈ। 5 ਜੁਲਾਈ, 1914 ਨੂੰ ਜਦੋਂ ਬੰਬ ਬਣਾਉਣ ਸਮੇਂ ਹਰਨਾਮ ਸਿੰਘ ਟੁੰਡੀਲਾਟ ਦਾ ਹੱਥ ਉੱਡਿਆ ਸੀ ਤਾਂ ਉਸ ਸਮੇਂ ਕਰਤਾਰ ਸਿੰਘ ਸਰਾਭਾ ਅਤੇ ਪ੍ਰਿਥੀ ਸਿੰਘ ਲਾਲੜੂ ਵੀ ਉੱਥੇ ਬੰਬ ਬਣਾਉਣ ਵਿੱਚ ਲੱਗੇ ਹੋਏ ਸਨ।
ਗ਼ਦਰ ਪਾਰਟੀ ਵੱਲੋਂ 5 ਅਗਸਤ, 1914 ਦੇ ਗ਼ਦਰ ਦੇ ਅੰਕ ਵਿੱਚ ਐਲਾਨ-ਏ-ਜੰਗ ਛਾਪ ਦਿੱਤਾ ਗਿਆ। ਵਿਦੇਸ਼ਾਂ ਵਿੱਚ ਰਹਿ ਰਹੇ ਗ਼ਦਰੀਆਂ ਨੇ ਦੇਸ਼ ਪਰਤਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਸਿੰਘ ਸਰਾਭਾ ਇਸ ਸਮੇਂ ਅਗੇਤਾ ਹੀ ਦੇਸ਼ ਲਈ ਰਵਾਨਾ ਹੋ ਗਿਆ ਅਤੇ ਨਿਪਨਮਾਰੂ ਜਹਾਜ਼ ਰਾਹੀਂ 15-16 ਸਤੰਬਰ ਨੂੰ ਕੋਲੰਬੋ ਦੀ ਬੰਦਰਗਾਹ ’ਤੇ ਪਹੁੰਚ ਗਿਆ ਤੇ ਉੱਥੋਂ ਮਦਰਾਸ ਦੇ ਰਸਤੇ ਪੰਜਾਬ ਪਹੁੰਚ ਗਿਆ। ਉਸ ਸਮੇਂ ਬੰਦਰਗਾਹਾਂ ’ਤੇ ਬਹੁਤ ਚੌਕਸੀ ਰੱਖੀ ਜਾਂਦੀ ਸੀ ਅਤੇ ਗ਼ਦਰੀਆਂ ਦੇ ਪਹੁੰਚਣ ’ਤੇ ਉਹਨਾਂ ਨੂੰ ਅਕਸਰ ਕੈਦ ਕਰ ਲਿਆ ਜਾਂਦਾ ਸੀ। ਇਸ ਸਮੇਂ ਕਰਤਾਰ ਸਿੰਘ ਨੇ ਗ੍ਰਿਫਤਾਰੀਆਂ ਤੋਂ ਬਚੇ ਹੋਏ ਗ਼ਦਰੀਆਂ ਨੂੰ ਇੱਕ ਮੁੱਠ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ। ਇਸ ਸਮੇਂ ਕਰਤਾਰ ਸਿੰਘ ਨੇ ਖਿੰਡਰੀ-ਪੁੰਡਰੀ ਲਹਿਰ ਨੂੰ ਜਥੇਬੰਦ ਕਰਨ ਲਈ ਪੰਜਾਬ ਵਿੱਚ ਲੜੀਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਤੇ ਫੌਜੀ ਛਾਉਣੀਆਂ ਵਿੱਚ ਵੀ ਗ਼ਦਰ ਦਾ ਪ੍ਰਚਾਰ ਜਾਰੀ ਰੱਖਿਆ। ਸਾਚਿੰਦਰ ਨਾਥ ਸਾਨਿਆਲ ਅਨੁਸਾਰ, “ਉਹ ਹਰ ਰੋਜ਼ ਸਾਈਕਲ ’ਤੇ ਚੜ੍ਹ ਕੇ ਪਿੰਡਾਂ ਵਿੱਚ 40-40, 50-50 ਮੀਲ ਦਾ ਚੱਕਰ ਲਾਉਂਦੇ, ਪਿੰਡ-ਪਿੰਡ ਕੰਮ ਕਰਦੇ ਫਿਰਦੇ, ਐਨਾ ਕਰਨ ’ਤੇ ਉਹ ਸੁਖ ਦਾ ਸਾਹ ਨਾ ਲੈਂਦੇ, ਜਾਪਦੈ ਥਕੇਵਾਂ ਇਨ੍ਹਾਂ ਨੂੰ ਪੋਂਹਦਾ ਹੀ ਨਹੀਂ ਸੀ। ਪਿੰਡਾਂ ਦੇ ਚੱਕਰ ਲਾ ਕੇ ਉਹ ਉਹਨਾਂ ਪਲਟਨਾਂ ਵਿੱਚ ਗਏ ਜਿਨ੍ਹਾਂ ਵਿੱਚ ਅਜੇ ਕੰਮ ਨਹੀਂ ਕੀਤਾ ਗਿਆ ਸੀ।” ਗ਼ਦਰ ਲਹਿਰ ਦੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਜਦੋਂ ਡਾਕੇ ਮਾਰਨ ਦੀ ਵਿਉਂਤ ਬਣਾਈ ਗਈ ਤਾਂ ਕਰਤਾਰ ਸਿੰਘ ਨੇ ਸਾਹਨੇਵਾਲ ਅਤੇ ਮਨਸੂਰਾਂ ਵਿੱਚ ਮਾਰੇ ਡਾਕਿਆਂ ਵਿੱਚ ਹਿੱਸਾ ਲਿਆ।
ਫਰਵਰੀ 1915 ਦੇ ਪਹਿਲੇ ਹਫਤੇ ਕਰਤਾਰ ਸਿੰਘ ਸਰਾਭਾ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਆਗਰਾ, ਇਲਾਹਾਬਾਦ, ਕਾਨਪੁਰ, ਲਖਨਊ, ਬਨਾਰਸ ਅਤੇ ਮੇਰਠ ਦੀਆਂ ਛਾਉਣੀਆਂ ਵਿੱਚ ਫੌਜੀ ਬਗਾਵਤ ਕਰਵਾਉਣ ਲਈ ਇੰਤਜ਼ਾਮ ਦੇਖਣ ਲਈ ਗਏ। 21 ਫਰਵਰੀ, 1915 ਦਾ ਦਿਨ ਬਗਾਵਤ ਲਈ ਨਿਸ਼ਚਿਤ ਕੀਤਾ ਹੋਇਆ ਸੀ ਅਤੇ ਹਰ ਪਾਸੇ ਇਸ ਲਈ ਤਿਆਰੀਆਂ ਹੋ ਰਹੀਆਂ ਸਨ। ਕਿਰਪਾਲ ਸਿੰਘ ਨਾਂ ਦੇ ਗ਼ਦਾਰ ਨੇ ਸਾਰੀ ਸੂਚਨਾ ਗੋਰੀ ਸਰਕਾਰ ਤਕ ਪਹੁੰਚਾ ਦਿੱਤੀ। ਬਾਅਦ ਵਿੱਚ ਤਰੀਕ ਬਦਲ ਕੇ 19 ਫਰਵਰੀ ਕੀਤੀ ਗਈ। ਕਿਰਪਾਲ ਸਿੰਘ ਨੇ ਇਹ ਸੂਚਨਾ ਵੀ ਸਰਕਾਰ ਤਕ ਪਹੁੰਚਾ ਦਿੱਤੀ। ਸਰਕਾਰ ਨੇ ਕ੍ਰਾਂਤੀ ਵਾਪਰਨ ਤੋਂ ਪਹਿਲਾਂ ਹੀ ਬਹੁਤ ਸਾਰੇ ਸਰਗਰਮ ਆਗੂ ਫੜ ਲਏ। ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਪਹਿਲਾਂ ਲਾਇਲਪੁਰ ਅਤੇ ਫਿਰ ਪਿਸ਼ਾਵਰ ਚਲੇ ਗਏ। ਉੱਥੋਂ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਸਰਹੱਦ ਪਾਰ ਕਰਕੇ ਅਫਗ਼ਾਨਿਸਤਾਨ ਪਹੁੰਚ ਗਏ। ਪਰ ਇੱਕ ਦਿਨ ਗ਼ਦਰੀ ਸਾਥੀ ਗ਼ਦਰ ਵਿੱਚ ਛਪੀ ਕਵਿਤਾ:
‘ਬਾਝੋਂ ਸਿਰ ਦਿੱਤਿਆਂ ਨਾ ਕੰਮ ਸਰਨਾ,
ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ।
ਪਾਓ ਲਲਕਾਰ ਸ਼ੇਰਾਂ ਵਾਂਗ ਗੱਜ ਕੇ,
ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।... ਗੁਣ-ਗੁਣਾ ਰਹੇ ਸਨ। ਇਸ ਕਵਿਤਾ ਦਾ ਉਹਨਾਂ ’ਤੇ ਇੰਨਾ ਅਸਰ ਹੋਇਆ ਕਿ ਤਿੰਨਾਂ ਨੇ ਪੰਜਾਬ ਵਾਪਸੀ ਕਰ ਦਿੱਤੀ। 2 ਮਾਰਚ, 1915 ਨੂੰ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਨੂੰ ਵਿਸ਼ਵਾਸਘਾਤੀ ਦੀ ਮੁਖਬਰੀ ਸਦਕਾ ਸਰਗੋਧੇ ਲਾਗੇ ਵਿਲਸਨਪੁਰ ਚੱਕ ਨੰਬਰ ਪੰਜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਰਗੋਧਾ ਜ਼ਿਲ੍ਹੇ ਦੇ ਬੱਲੋਵਾਲ ਠਾਣੇ ਲੈ ਗਈ। ਉੱਥੋਂ ਉਹਨਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।
ਕ੍ਰਾਂਤੀ ਦੀ ਅਸਫਲਤਾ ਪਿੱਛੋਂ ਹੋਰ ਵੀ ਗ਼ਦਰੀਆਂ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ। 26 ਅਪਰੈਲ, 1915 ਨੂੰ ਗ਼ਦਰੀਆਂ ’ਤੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਵਿਸ਼ੇਸ਼ ਟ੍ਰਿਬਿਊਨਲ ਬਣਾਕੇ ਲਾਹੌਰ ਵਿੱਚ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ। ਇਸ ਮੁਕੱਦਮੇ ਨੂੰ ਲਾਹੌਰ ਸਾਜ਼ਿਸ਼ ਕੇਸ ਪਹਿਲਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਟ੍ਰਿਬਿਊਨਲ ਦੇ ਪ੍ਰਧਾਨ ਕਮਿਸ਼ਨਰ ਏ.ਏ. ਇਰਵਿਨ ਸਨ। ਆਈ.ਪੀ. ਐਲਿਸ ਅਤੇ ਸ਼ਿਓ ਨਰਾਇਣ ਇਸਦੇ ਵਿਸ਼ੇਸ਼ ਕਮਿਸ਼ਨਰ ਸਨ। 13 ਸਤੰਬਰ, 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਸੁਣਾਇਆ ਗਿਆ। ਮੁਕੱਦਮੇ ਦੇ ਫੈਸਲੇ ਅਨੁਸਾਰ 24 ਆਦਮੀਆਂ ਨੂੰ ਫ਼ਾਂਸੀ, 27 ਨੂੰ ਉਮਰ ਕੈਦ ਅਤੇ ਛੇ ਨੂੰ ਵੱਖੋ-ਵੱਖ ਮਿਆਦ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਬਾਅਦ ਵਿੱਚ ਵਾਇਸਰਾਏ ਲਾਰਡ ਹਾਰਡਿੰਗ ਦੇ ਵਿਸ਼ੇਸ਼ ਹੁਕਮਾਂ ਤਹਿਤ 24 ਫ਼ਾਂਸੀ ਦੀ ਸਜ਼ਾ ਵਾਲੇ ਗ਼ਦਰੀਆਂ ਵਿੱਚੋਂ 17 ਦੀ ਫ਼ਾਂਸੀ ਤੋੜ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਜਿਨ੍ਹਾਂ ਸੱਤ ਗਦਰੀਆਂ ਦੀ ਫਾਂਸੀ ਬਹਾਲ ਰਹੀ ਸੀ, ਉਹਨਾਂ ਵਿੱਚ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦੇ ਸਨ। ਕਰਤਾਰ ਸਿੰਘ ਸਰਾਭਾ ਦੇ ਛੇ ਸਾਥੀ ਸਨ- ਬਖਸ਼ੀਸ਼ ਸਿੰਘ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਪੂਨਾ (ਮਹਾਰਾਸ਼ਟਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਗਿੱਲਵਾਲੀ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲਵਾਲੀ।
ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਛੇ ਹੋਰ ਸਾਥੀਆਂ ਨੂੰ 16 ਨਵੰਬਰ, 1915 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਦੇ ਦਿੱਤੀ ਗਈ। ਕਰਤਾਰ ਸਿੰਘ ਸਰਾਭਾ ਨੂੰ ਮੌਤ ਦਾ ਕੋਈ ਭੈਅ ਨਹੀਂ ਸੀ, ਇਸੇ ਕਰਕੇ ਚੱਲ ਰਹੇ ਮੁਕੱਦਮੇ ਦੌਰਾਨ ਉਸਦਾ ਭਾਰ 14 ਪੌਂਡ ਵਧ ਗਿਆ ਸੀ। ਸਰਕਾਰ ਕਰਤਾਰ ਸਿੰਘ ਸਰਾਭਾ ਨੂੰ ਸਭ ਤੋਂ ਖਤਰਨਾਕ ਇਨਕਲਾਬੀ ਸਮਝਦੀ ਸੀ। ਜੱਜਾਂ ਦੀ ਨਜ਼ਰ ਵਿੱਚ ਕਰਤਾਰ ਸਿੰਘ ਸਰਾਭਾ ਸਭ ਤੋਂ ਵੱਧ ਮਹੱਤਵਪੂਰਨ ਬੰਦਿਆਂ ਵਿੱਚੋਂ ਇੱਕ ਸੀ ਅਤੇ ਉਸਦੀ ਮਿਸਲ ਸਭ ਤੋਂ ਭਾਰੀ ਸੀ- (ਇਸ ਸਾਜ਼ਿਸ਼ ਦੀ ਅਮਰੀਕਾ, ਸਮੁੰਦਰੀ ਸਫਰ ਅਤੇ ਭਾਰਤ ਵਿਚਲੇ ਕਿਸੇ ਵੀ ਖੇਤਰ ਦੀ ਕੋਈ ਅਜਿਹੀ ਕਾਰਵਾਈ ਨਹੀਂ, ਜਿਸ ਵਿੱਚ ਇਸ ਮੁਲਜ਼ਿਮ ਨੇ ਭੂਮਿਕਾ ਨਾ ਨਿਭਾਈ ਹੋਵੇ।) ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਸੁਪਰਡੈਂਟ ਕੱਲ੍ਹਣ ਖਾਨ ਨੂੰ ਮੁਖਾਤਬ ਹੁੰਦਿਆਂ ਕਿਹਾ, “ਸੁਪਰਡੈਂਟ ਸਾਹਿਬ, ਇਹ ਨਾ ਸੋਚਿਓ ਸਰਾਭਾ ਮਰ ਗਿਆ ਹੈ, ਮੇਰੇ ਖੂਨ ਦੇ ਹਰ ਕਤਰੇ ਵਿੱਚੋਂ ਕਰਤਾਰ ਸਿੰਘ ਮੁੜ ਮੁੜ ਜਨਮ ਲੈਣਗੇ ਅਤੇ ਉਹ ਸਾਰੇ ਵਤਨ ਦੀ ਆਜ਼ਾਦੀ ਲਈ ਕੰਮ ਕਰਨਗੇ।”
ਉੱਘੇ ਇਤਿਹਾਸਕਾਰ ਚਮਨ ਲਾਲ ਨੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਕਰਤਾਰ ਸਿੰਘ ਸਰਾਭਾ ਦੇ ਜੀਵਨ, ਸ਼ਹਾਦਤ ਅਤੇ ਬੀਰਤਾ ਬਾਰੇ ਸ਼ਾਨਦਾਰ ਵਰਣਨ ਕੀਤਾ ਹੈ, “19 ਸਾਲ ਦੀ ਉਮਰ ਅਤੇ ਸਿਰਫ ਚਾਰ ਸਾਲ ਦੀ ਸਿਆਸੀ ਜ਼ਿੰਦਗੀ ਵਿੱਚ ਕਰਤਾਰ ਸਿੰਘ ਸਰਾਭਾ ਨੇ ਹਿੰਦੁਸਤਾਨ ਦੇ ਆਜ਼ਾਦੀ ਦੇ ਸੰਗਰਾਮ ਲਈ ਅਡੋਲ ਨਿਹਚੇ ਦੀ ਐਸੀ ਸ਼ਾਨਦਾਰ ਮਿਸਾਲ ਕਾਇਮ ਕੀਤੀ, ਜੋ ਕਿਤੇ ਵਿਰਲੀ ਹੀ ਮਿਲਦੀ ਹੈ। ਸਰਾਭਾ ਪਹਿਲੀ ਜਨਵਰੀ 1912 ਨੂੰ ਅਮਰੀਕਾ ਪਹੁੰਚਿਆ ਸੀ ਅਤੇ ਪੰਜ ਜਾਂ ਛੇ ਮਹੀਨਿਆਂ ਵਿੱਚ ਹੀ ਸਿਆਸੀ ਚੇਤਨਾ ਗ੍ਰਹਿਣ ਕਰ ਲਈ ਸੀ। 21 ਅਪਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੇ ਜਾਣ ਪਿੱਛੋਂ ਅਤੇ ਖਾਸ ਕਰਕੇ ਪਹਿਲੀ ਨਵੰਬਰ 1913 ਨੂੰ ‘ਗ਼ਦਰ’ ਦਾ ਪ੍ਰਕਾਸ਼ਨ ਸ਼ੁਰੂ ਹੋ ਜਾਣ ’ਤੇ, ਉਸਦੀ ਜ਼ਿੰਦਗੀ ਦਾ ਹਰ ਪਲ ਅਤੇ ਉਸਦੀ ਦੇਹ ਤੇ ਰੂਹ ਕੌਮ ਦੀ ਸੇਵਾ ਨੂੰ ਸਮਰਪਿਤ ਸੀ। ਜਿਸ ਜੋਸ਼ ਅਤੇ ਸਿਆਣਪ ਨਾਲ ਕਰਤਾਰ ਸਿੰਘ ਸਰਾਭਾ ਨੇ ਪਹਿਲੀ ਨਵੰਬਰ 1913 ਤੋਂ ਲੈ ਕੇ ਅਗਸਤ 1914 ਤਕ ਅਮਰੀਕਾ ਵਿੱਚ, ਅਤੇ ਅਗਸਤ 1914 ਤੋਂ ਲੈ ਕੇ 2 ਮਾਰਚ 1915 ਤਕ ਹਿੰਦੁਸਤਾਨ ਵਿੱਚ ਗ਼ਦਰ ਪਾਰਟੀ ਲਈ ਲੋਕਾਂ ਵਿੱਚ ਕੰਮ ਕੀਤਾ, ਉਸ ਨੂੰ ਹੈਰਤਅੰਗੇਜ਼ ਅਤੇ ਨਿਆਰਾ ਹੀ ਕਿਹਾ ਜਾ ਸਕਦਾ ਹੈ।”
ਕਰਤਾਰ ਸਿੰਘ ਸਰਾਭਾ ਬਾਰੇ ਕਾਮਰੇਡ ਸੋਹਨ ਸਿੰਘ ਜੋਸ਼ ਲਿਖਦੇ ਹਨ, “ਕਰਤਾਰ ਸਿੰਘ ਇੱਕ ਅਣਥਕ ਇਨਕਲਾਬੀ ਨੌਜਵਾਨ ਸੀ, ਜਿਸਨੂੰ ਮਹਾਨ ਇਨਕਲਾਬੀ ਵਿਚਾਰਾਂ ਅਤੇ ਆਦਰਸ਼ਾਂ ਨੇ ਪ੍ਰੇਰਿਆ ਸੀ। ਉਸ ਨੂੰ ਦੂਜਿਆਂ ਨੂੰ ਉਤਸ਼ਾਹ ਦੇਣਾ ਅਤੇ ਉਹਨਾਂ ਨੂੰ ਆਜ਼ਾਦੀ ਦੇ ਮਹਾਨ ਕਾਰਜ ਨਾਲ ਜੋੜਨਾ ਆਉਂਦਾ ਸੀ। ਉਹ ਬਰਤਾਨਵੀ ਗੁਲਾਮੀ ਉੱਕਾ ਹੀ ਬਰਦਾਸ਼ਤ ਨਹੀਂ ਸੀ ਕਰ ਸਕਦਾ। ਉਸ ਨੂੰ ਸਦਾ ਹੀ ਭਾਰਤ ਦੇ ਇੱਕ ਮਹਾਨ ਇਨਕਲਾਬੀ ਵਜੋਂ ਯਾਦ ਰੱਖਿਆ ਜਾਵੇਗਾ।” ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਕਰਤਾਰ ਸਿੰਘ ਸਰਾਭਾ ਨੂੰ ਗ਼ਦਰ ਲਹਿਰ ਦਾ ਬਾਲਾ ਜਰਨੈਲ ਆਖਿਆ ਕਰਦੇ ਸਨ। ਸ਼ਹੀਦੇ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਸਮਝਦੇ ਸਨ ਅਤੇ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਰ ਵੇਲੇ ਆਪਣੇ ਕੋਲ ਰੱਖਿਆ ਕਰਦੇ ਸਨ।
ਪਿੰਡ ਸਰਾਭਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ ਉੱਪਰ ਰੱਖਿਆ ਹੋਇਆ ਹੈ ਅਤੇ ਪਿੰਡ ਵਿੱਚ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਹੋਰ ਵੀ ਸੰਸਥਾਵਾਂ ਬਣੀਆਂ ਹੋਈਆਂ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਲੁਧਿਆਣਾ ਵਿਖੇ ਵੀ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਹਰ ਸਾਲ 16 ਨਵੰਬਰ ਨੂੰ ਸ਼ਹੀਦੀ ਦਿਹਾੜਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਜਾਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (