DaljitRaiKalia7ਕਈ ਘਰਾਂ ਵਿੱਚ ਪਿਓ ਕਿਸੇ ਹੋਰ ਪੁੱਤ ਨਾਲ ਰਹਿੰਦਾ ਹੈ ਅਤੇ ਮਾਂ ਕਿਸੇ ਹੋਰ ਪੁੱਤ ਨਾਲ ...
(26 ਜੂਨ 2025)


ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਪ੍ਰਾਚੀਨ ਕਾਲ ਵਿੱਚ ਸਾਂਝੇ ਪਰਿਵਾਰ ਆਮ ਹੁੰਦੇ ਸਨ। ਉਸ ਸਮੇਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ। ਸਾਂਝਾ ਪਰਿਵਾਰ ਇੱਕ ਮੁਖੀ ਦੀ ਛਤਰ ਛਾਇਆ ਹੇਠ ਵਧਦਾ-ਫੁੱਲਦਾ ਰਹਿੰਦਾ ਸੀ। ਪੁਰਾਣੇ ਸਮਿਆਂ ਵਿੱਚ ਵੱਡੇ ਬਜ਼ੁਰਗਾਂ ਦਾ ਘਰਾਂ ਵਿੱਚ ਬਹੁਤ ਜ਼ਿਆਦਾ ਆਦਰ ਸਤਿਕਾਰ ਹੁੰਦਾ ਸੀ। ਉਹਨਾਂ ਦੀ ਆਖੀ ਗੱਲ ਅਲਾਹੀ ਹੁਕਮ ਮੰਨੀ ਜਾਂਦੀ ਸੀ। ਜੇ ਕਦੇ ਪਰਿਵਾਰ ਵਿੱਚ ਮੱਤ ਭੇਦ ਉੱਭਰਦੇ ਸਨ ਤਾਂ ਬਜ਼ੁਰਗ ਮਾਂ-ਪਿਓ
, ਦਾਦੇ-ਦਾਦੀਆਂ, ਨਾਨੇ-ਨਾਨੀਆਂ ਅੱਖ ਦੇ ਫੋਰ ਵਿੱਚ ਮਸਲੇ ਹੱਲ ਕਰ ਦਿੰਦੇ ਸਨ। ਸੰਯੁਕਤ ਪਰਿਵਾਰ ਦਾ ਮੁਖੀ ਅਕਸਰ ਸਾਰੇ ਪਰਿਵਾਰ ਨੂੰ ਇੱਕ ਸੂਤਰ ਵਿੱਚ ਜੋੜੀ ਰੱਖਦਾ ਸੀ। ਹੁਣ ਸਾਂਝੇ ਪਰਿਵਾਰ ਅਤੀਤ ਦੀ ਗੱਲ ਬਣਦੇ ਜਾ ਰਹੇ ਹਨ। ਹੁਣ ਕਿਤੇ ਵਿਰਲੇ ਟਾਵੇਂ ਹੀ ਸਾਂਝੇ ਪਰਿਵਾਰ ਨਜ਼ਰ ਆਉਂਦੇ ਹਨ। ਪੁਰਾਣੇ ਸਮਿਆਂ ਵਿੱਚ ਬਹੁਤ ਦੂਰ ਤਕ ਮਿਲਵਰਤਣ ਹੁੰਦਾ ਸੀ। ਦਾਦੇ ਪੜਦਾਦਿਆਂ ਦੇ ਖਾਨਦਾਨਾਂ ਵਿੱਚ ਅਤੇ ਇਸੇ ਤਰ੍ਹਾਂ ਨਾਨਕੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਤਕ ਵਿਆਹ ਸ਼ਾਦੀਆਂ ਗਮੀਆਂ ਖੁਸ਼ੀਆਂ ਦੇ ਮੌਕਿਆਂ ’ਤੇ ਆਉਣ ਜਾਣ ਬਣਿਆ ਰਹਿੰਦਾ ਸੀ।

ਸਾਂਝੇ ਪਰਿਵਾਰਾਂ ਦੇ ਸਬੰਧ ਵਿੱਚ ਅਜੋਕੀ ਪੀੜ੍ਹੀ ਦੀ ਸੋਚ ਤਬਦੀਲ ਹੋ ਚੁੱਕੀ ਹੈ। ਨਵੀਂ ਪੀੜ੍ਹੀ ਇਕੱਲੀ ਰਹਿ ਕੇ ਖੁਸ਼ ਹੈ ਅਤੇ ਉਹ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਜਿਊਣਾ ਚਾਹੁੰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਸੇ ਦਾ ਦਖਲ ਬਰਦਾਸ਼ਤ ਨਹੀਂ ਕਰਦੀ। ਪਰ ਸਾਂਝੇ ਪਰਿਵਾਰ ਵਿੱਚ ਰਹਿ ਕੇ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਹਿਜੇ ਹੀ ਸਾਹਮਣਾ ਕੀਤਾ ਜਾ ਸਕਦਾ ਹੈ।

ਸੰਯੁਕਤ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਆਪਸੀ ਵਿਸ਼ਵਾਸ ਦੀ ਕਮੀ, ਇੱਕ ਦੂਜੇ ’ਤੇ ਸ਼ੱਕ ਕਰਨ ਦੀ ਪ੍ਰਵਿਰਤੀ, ਘਰ ਦੀਆਂ ਗੱਲਾਂ ਬਾਹਰਲੇ ਲੋਕਾਂ ਨਾਲ ਸਾਂਝੀਆਂ ਕਰਨੀਆਂ ਸ਼ਾਮਲ ਹਨ। ਘਰ ਦੇ ਜੀਆਂ ਦਾ ਭੰਡੀ ਪ੍ਰਚਾਰ ਕਰਨਾ, ਖੂਨ ਦੇ ਰਿਸ਼ਤਿਆਂ ਨਾਲੋਂ ਅਜਨਬੀ ਲੋਕਾਂ ਨਾਲ ਰਿਸ਼ਤਿਆਂ ਨੂੰ ਵਧੇਰੇ ਤਰਜੀਹ ਦੇਣੀ ਅਤੇ ਕਈ ਵਾਰ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਵੱਲੋਂ ਪਰਿਵਾਰ ਦੀ ਸਾਂਝੀ ਜਾਇਦਾਦ ਧਨ ਦੌਲਤ ਹੜੱਪ ਕਰ ਲੈਣੀ ਵੀ ਰਿਸ਼ਤਿਆਂ ਵਿੱਚ ਦਰਾੜਾਂ ਦਾ ਕਾਰਨ ਬਣਦੀ ਹੈ। ਧਨ ਦੌਲਤ ਨੂੰ ਹੜੱਪਣ ਵਾਲਾ ਵਿਅਕਤੀ ਆਪਣੇ ਭੈਣ-ਭਰਾਵਾਂ ਨਾਲੋਂ ਧਨ-ਦੌਲਤ ਨੂੰ ਵਧੇਰੇ ਪਿਆਰ ਕਰਦਾ ਹੈ ਅਤੇ ਤਰਜੀਹ ਦਿੰਦਾ ਹੈ। ਪਰ ਉਹ ਆਪਣੇ ਖੂਨ ਦੇ ਰਿਸ਼ਤੇ ਗਵਾ ਬੈਠਦਾ ਹੈ। ਅਜਿਹਾ ਵਿਅਕਤੀ ਇਕੱਲਾ ਰਹਿ ਜਾਂਦਾ ਹੈ।

ਜਦੋਂ ਤੋਂ ਕੱਚੇ ਕੋਠਿਆਂ ਵਾਲੇ ਘਰਾਂ ਦੀ ਥਾਂ ਸ਼ਾਨਦਾਰ ਕੋਠੀਆਂ ਕਈ ਕਈ ਮੰਜ਼ਿਲਾਂ ਦੀਆਂ ਬਣੀਆਂ ਹਨ, ਉਦੋਂ ਤੋਂ ਰਿਸ਼ਤਿਆਂ ਵਿੱਚ ਨਿਘਾਰ ਆਉਣਾ ਸ਼ੁਰੂ ਹੋਇਆ ਹੈ। ਹੁਣ ਘਰ ਭਾਵੇਂ ਪੱਕੇ ਹੋ ਗਏ ਹਨ, ਪਰ ਰਿਸ਼ਤੇ ਬਹੁਤ ਕੱਚੇ ਹੋ ਗਏ ਹਨ। ਹੁਣ ਰਿਸ਼ਤਿਆਂ ਵਿੱਚੋਂ ਪਹਿਲਾਂ ਜਿਹੇ ਨਿੱਘ ਦਾ ਅਹਿਸਾਸ ਅਲੋਪ ਹੈ। ਮੋਹ ਭਿੱਜੇ ਰਿਸ਼ਤੇ ਫਿੱਕੇ ਪੈਂਦੇ ਜਾ ਰਹੇ ਹਨ। ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਟੁੱਟ ਭੱਜ ਬਹੁਤ ਚਿੰਤਾਜਨਕ ਵਿਸ਼ਾ ਹੈ ਪੰਜਾਬੀ ਦੀ ਇੱਕ ਲੋਕ ਬੋਲੀ ਹੈ, ‘ਆਉਣ ਪਰਾਈਆਂ ਜਾਈਆਂ ਵਿਛੋੜਨ ਸਕਿਆਂ ਭਾਈਆਂ।’ ਜਿਸ ਅਨੁਸਾਰ ਜਦੋਂ ਪੁੱਤਰਾਂ ਦਾ ਵਿਆਹ ਹੋ ਜਾਂਦੇ ਹਨ, ਉਹਨਾਂ ਦਾ ਆਪਸੀ ਪਿਆਰ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ ਅਖੀਰ ਵਿੱਚ ਘਰਾਂ ਦੇ ਬਟਵਾਰੇ ਹੋ ਜਾਂਦੇ ਹਨ। ਘਰਾਂ ਵਿੱਚ ਕੰਧਾਂ ਨਿਕਲ ਆਉਂਦੀਆਂ ਹਨ।

ਕਿਸੇ ਸਮੇਂ ਬਜ਼ੁਰਗਾਂ ਨੂੰ ਘਰ ਦੀ ਸ਼ਾਨ ਸਮਝਿਆ ਜਾਂਦਾ ਸੀ ਪਰ ਅੱਜ ਕੱਲ੍ਹ ਘਰਾਂ ਵਿੱਚ ਬਜ਼ੁਰਗਾਂ ਦੀ ਦਸ਼ਾ ਬਹੁਤ ਮਾੜੀ ਹੋ ਚੁੱਕੀ ਹੈ। ਬਿਰਧ ਮਾਪੇ ਰੋਟੀ ਪਾਣੀ ਲਈ ਤਰਸਦੇ ਰਹਿੰਦੇ ਹਨ, ਬਿਟ-ਬਿਟ ਕਰਕੇ ਉਹ ਨੂੰਹਾਂ ਦੀਆਂ ਰਸੋਈਆਂ ਵੱਲ ਤੱਕਦੇ ਰਹਿੰਦੇ ਹਨ। ਬਜ਼ੁਰਗਾਂ ਨੂੰ ਸਮੇਂ ਸਿਰ ਰੋਟੀ ਪਾਣੀ ਨਸੀਬ ਨਹੀਂ ਹੁੰਦਾ। ਸੰਤਾਨ ਬਿਰਧ ਮਾਪਿਆਂ ਦੀ ਸੇਵਾ ਸੰਭਾਲ ਨੂੰ ਆਪਣੇ ਉੱਪਰ ਬੋਝ ਸਮਝਦੀ ਹੈ। ਕਈ ਘਰਾਂ ਵਿੱਚ ਮਾਂ ਪਿਓ ਦੀਆਂ ਵੰਡੀਆਂ ਪੈ ਜਾਂਦੀਆਂ ਹਨ। ਪੁੱਤਰ ਮਾਂ ਪਿਓ ਨੂੰ ਨਾਲ ਰੱਖਣ ਲਈ ਵਾਰੀਆਂ ਬੰਨ੍ਹ ਲੈਂਦੇ ਹਨ। ਕਈ ਘਰਾਂ ਵਿੱਚ ਪਿਓ ਕਿਸੇ ਹੋਰ ਪੁੱਤ ਨਾਲ ਰਹਿੰਦਾ ਹੈ ਅਤੇ ਮਾਂ ਕਿਸੇ ਹੋਰ ਪੁੱਤ ਨਾਲ ਰਹਿਣ ਲਈ ਮਜਬੂਰ ਹੁੰਦੀ ਹੈ। ਮਾਂ ਪਿਓ ਦਾ ਬੁਢਾਪਾ ਵੱਖਰੇ ਵੱਖਰੇ ਕਰਕੇ ਰੋਲ਼ ਦਿੱਤਾ ਜਾਂਦਾ ਹੈ। ਕਈ ਵਾਰ ਨਾ-ਸ਼ੁਕਰੀ ਔਲਾਦ ਆਪਣੇ ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੀ ਹੈ। ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸੁਣਨ ਵਿੱਚ ਆਈਆਂ ਹਨ ਕਿ ਜਦੋਂ ਆਪਣੇ ਮਾਂ ਪਿਓ ਦੀਆਂ ਅੰਤਿਮ ਰਸਮਾਂ ਵਿੱਚ ਵੀ ਔਲਾਦ ਸ਼ਾਮਲ ਨਹੀਂ ਹੋਈ ਅਤੇ ਸਭ ਅੰਤਿਮ ਰਸਮਾਂ ਵੀ ਬਿਰਧ ਆਸ਼ਰਮਾਂ ਵੱਲੋਂ ਹੀ ਪੂਰੀਆਂ ਕੀਤੀਆਂ ਗਈਆਂ ਹਨ।

ਕਿਸੇ ਸਮੇਂ ਵਿਆਹ ਨੂੰ ਸੰਸਕਾਰਾਂ ਵਿੱਚ ਗਿਣਿਆ ਜਾਂਦਾ ਸੀ। ਹੁਣ ਵਿਆਹ ਪਵਿੱਤਰ ਬੰਧਨ ਨਹੀਂ ਰਿਹਾ, ਸਗੋਂ ਇਹ ਇੱਕ ਧੰਦਾ ਬਣ ਕੇ ਰਹਿ ਗਿਆ ਹੈ। ਪਿਛਲੇ ਦਿਨੀਂ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਨੇ ਖੁਦ ਨੂੰ ਨੈਣੀਤਾਲ ਹਾਈ ਕੋਰਟ ਦੀ ਵਕੀਲ ਦੱਸ ਕੇ ਇੱਕ ਨੌਜਵਾਨ ਨਾਲ ਵਿਆਹ ਕਰਨ ਤੇ ਫਿਰ 30 ਲੱਖ ਰੁਪਏ ਦੀ ਮੰਗ ਕਰਨ ਵਾਲੀ ਲੁਟੇਰੀ ਲਾੜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਮਹਿਲਾ ਉੱਪਰ ਪਹਿਲਾਂ ਹੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ 18 ਧੋਖਾਧੜੀ ਦੇ ਕੇਸ ਦਰਜ ਹਨ। ਪੈਸੇ ਦੇ ਜ਼ੋਰ ਅਤੇ ਉੱਚੀ ਪਦਵੀ ਦੇ ਜ਼ੋਰ ’ਤੇ ਬਹੁਤ ਸਾਰੇ ਵਿਆਹ ਅਣਜੋੜ ਰਿਸ਼ਤੇ ਸਿੱਧ ਹੁੰਦੇ ਹਨ। 30-35 ਸਾਲ ਦੀ ਨੌਜਵਾਨ ਲੜਕੀ ਦਾ ਵਿਆਹ 60 ਸਾਲ ਤੋਂ ਟੱਪੇ ਬੁੱਢੇ ਨਾਲ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਕਹਾਵਤ ਹੈ ਕਿ ‘ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ।’

ਪਿੱਛੇ ਜਿਹੇ ਹਨੀਮੂਨ ਮਨਾਉਣ ਗਏ ਇੰਦੌਰ ਦੇ ਰਾਜਾ ਦਾ ਕਤਲ ਉਸ ਦੀ ਨਵ ਵਿਆਹੀ ਪਤਨੀ ਸੋਨਮ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮੇਘਾਲਿਆ ਰਾਜ ਵਿੱਚ ਕਰ ਦਿੱਤਾ ਸੀ। ਇਹ ਅਪਰਾਧ ਪਿਆਰ ਅਤੇ ਵਿਆਹ ਦੇ ਰਿਸ਼ਤਿਆਂ ਵਿੱਚ ਫੈਲ ਰਹੇ ਅਵਿਸ਼ਵਾਸ ਦੀ ਭਿਆਨਕ ਤਸਵੀਰ ਨੂੰ ਦਰਸਾਉਂਦਾ ਹੈ। ਪ੍ਰੇਮ ਵਿਆਹ ਦੇ ਬੰਧਨ ਵਿੱਚ ਬੱਝੀ ਉੱਤਰ ਪ੍ਰਦੇਸ਼ ਮੂਲ ਦੀ ਜੋੜੀ ਸੁਨੀਲ ਅਤੇ ਰਾਧਿਕਾ ਦੇ ਵਿਆਹ ਦੇ ਸਿਰਫ ਪੰਜ ਮਹੀਨੇ ਪਿੱਛੋਂ ਹੀ ਸੁਨੀਲ ਨੇ ਆਪਣੀ ਘਰਵਾਲੀ ਰਾਧਿਕਾ ਦਾ ਕਤਲ ਕਰ ਦਿੱਤਾ ਸੀ। ਅਜਿਹੀਆਂ ਘਟਨਾਵਾਂ ਪਵਿੱਤਰ ਪਿਆਰ ਅਤੇ ਵਿਆਹ ਜਿਹੇ ਸ਼ਬਦਾਂ ਉੱਪਰ ਕਲੰਕ ਹਨ। ਨਵੇਂ ਵਿਆਹੇ ਜੋੜਿਆਂ ਵਿੱਚ ਤਲਾਕ ਦੇ ਕੇਸ ਬਹੁਤ ਜ਼ਿਆਦਾ ਵਧ ਗਏ ਹਨ। ਅੱਜ ਵਿਆਹੁਤਾ ਰਿਸ਼ਤੇ ਟੁੱਟ ਰਹੇ ਹਨ। ਵਿਆਹ ਵੀ ਹੁਣ ਵਪਾਰ ਬਣ ਗਿਆ ਹੈ। ਭੈਣਾਂ ਭਰਾਵਾਂ ਵਿੱਚ ਵੀ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਰਿਹਾ। ਹੁਣ ਸਭ ਦਾ ਖੂਨ ਸਫੈਦ ਹੋ ਗਿਆ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਔਖੇ ਸਮੇਂ ਭੈਣ ਭਰਾ ਇਕੱਠੇ ਹੋ ਕੇ ਖੜ੍ਹਦੇ ਸਨ ਅਤੇ ਮੁਸ਼ਕਲਾਂ ਹੱਲ ਕਰਦੇ ਸਨ। ਭਰਾਵਾਂ ਨੂੰ ਆਪਣੀਆਂ ਬਾਹਾਂ ਸਮਝਿਆ ਜਾਂਦਾ ਸੀ। ਭੈਣਾਂ ਨੂੰ ਵੀ ਆਪਣੇ ਭਰਾਵਾਂ ’ਤੇ ਅਥਾਹ ਮਾਣ ਹੁੰਦਾ ਸੀ। ਲੋਕ ਬੋਲੀ ਵਿੱਚ ਜ਼ਿਕਰ ਆਉਂਦਾ ਹੈ ਕਿ, “ਫੌਜ ਭਰਾਵਾਂ ਦੀ ਤਖਤ ਪੋਸ਼ ’ਤੇ ਬਹਿੰਦੀ।”

ਹੁਣ ਭਰਾਵਾਂ ਵਿੱਚ ਦੁਸ਼ਮਣੀਆਂ ਵਧ ਰਹੀਆਂ ਹਨ, ਥੋੜ੍ਹੇ ਜਿਹੇ ਲੈਣ ਦੇਣ ’ਤੇ ਹੀ ਨੌਬਤ ਕਤਲਾਂ ਤਕ ਪਹੁੰਚ ਜਾਂਦੀ ਹੈ। ਔਲਾਦ ਲਾਲਚ ਖਾਤਰ ਆਪਣੇ ਮਾਂ ਬਾਪ ਨੂੰ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਦੋਸਤਾਂ ਦੁਆਰਾ ਦੋਸਤਾਂ ਦੇ ਕਤਲ ਕਰਨੇ ਆਮ ਗੱਲ ਬਣ ਗਈ ਹੈ। ਪਰਿਵਾਰਿਕ ਰਿਸ਼ਤਿਆਂ ਵਿੱਚ ਨੂੰਹ ਸੱਸ ਦਾ ਰਿਸ਼ਤਾ ਅਹਿਮ ਹੁੰਦਾ ਹੈ। ਵਿਆਹ ਤੋਂ ਪਿੱਛੋਂ ਲੜਕੀ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਉਸ ਘਰ ਦੇ ਮਾਹੌਲ ਅਨੁਸਾਰ ਢਲਣ ਲਈ ਕੁਝ ਸਮਾਂ ਲਗਦਾ ਹੈ। ਇਸਦਾ ਕਾਰਨ ਦੋਹਾਂ ਘਰਾਂ ਦੇ ਮਾਹੌਲ ਦਾ ਅੰਤਰ ਹੁੰਦਾ ਹੈ। ਸਹੁਰੇ ਘਰ ਨਵੀਂ ਆਈ ਬਹੂ ਨੇ ਪਰਿਵਾਰਕ ਰਿਸ਼ਤਿਆਂ ਨਨਾਣਾਂ, ਦਰਾਣੀਆਂ ਜੇਠਾਣੀਆਂ ਅਤੇ ਸੱਸ ਨਾਲ ਮਿਲ ਕੇ ਰਹਿਣਾ ਹੁੰਦਾ ਹੈ। ਸ਼ੁਰੂ ਵਿੱਚ ਘਰ ਵਿੱਚ ਆਈ ਨਵੀਂ ਵਹੁਟੀ ਨੂੰ ਜੇਕਰ ਕੋਈ ਦਿੱਕਤ ਮਹਿਸੂਸ ਹੋਵੇ ਤਾਂ ਨਨਾਣ ਦਾ ਫਰਜ਼ ਹੈ ਕਿ ਉਹ ਉਸਦੀ ਸਹੇਲੀ ਜਾਂ ਭੈਣ ਵਜੋਂ ਵਿਚਰੇ, ਉਸ ਦੀ ਭਰਜਾਈ ਉਸ ਨਾਲ ਹਰ ਗੱਲ ਸਾਂਝੀ ਕਰਨ ਵਿੱਚ ਝਿਜਕ ਮਹਿਸੂਸ ਨਾ ਕਰੇ। ਦਰਾਣੀਆਂ ਜੇਠਾਣੀਆਂ ਦਾ ਵੀ ਫਰਜ਼ ਹੈ ਕਿ ਉਹ ਨਵੀਂ ਆਈ ਬਹੂ ਨੂੰ ਆਪਣੀ ਛੋਟੀ ਵੱਡੀ ਭੈਣ ਸਮਝਣ। ਸੱਸ ਦਾ ਰੋਲ ਮਾਂ ਦਾ ਹੋਣਾ ਚਾਹੀਦਾ ਹੈ, ਜਿਵੇਂ ਉਹ ਆਪਣੀ ਧੀ ਨਾਲ ਪਿਆਰ ਮੁਹੱਬਤ ਕਰਦੀ ਹੈ, ਉਸੇ ਤਰ੍ਹਾਂ ਦਾ ਵਿਵਹਾਰ ਉਸ ਨੂੰ ਆਪਣੀ ਨੂੰਹ ਨਾਲ ਕਰਨਾ ਚਾਹੀਦਾ ਹੈ। ਨੂੰਹ ਰਾਣੀ ਦਾ ਵਤੀਰਾ ਵੀ ਆਪਣੀ ਸੱਸ ਪ੍ਰਤੀ ਆਪਣੀ ਜਨਮ ਦੇਣ ਵਾਲੀ ਮਾਂ ਵਰਗਾ ਅਤੇ ਨਨਾਣਾਂ ਦਰਾਣੀਆਂ ਜੇਠਾਣੀਆਂ ਅਤੇ ਹੋਰ ਰਿਸ਼ਤੇਦਾਰਾਂ ਪ੍ਰਤੀ ਸੁਹਿਰਦਤਾ ਭਰਪੂਰ ਹੋਣਾ ਚਾਹੀਦਾ ਹੈ। ਫਿਰ ਇਨ੍ਹਾਂ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਵਿਸ਼ਵਾਸ ਅਪਣੱਤ ਆਪਣੇ ਆਪ ਹੀ ਬਣ ਜਾਵੇਗੀ ਅਤੇ ਘਰ ਦਾ ਮਾਹੌਲ ਸਦਾ ਖੁਸ਼ਗਵਾਰ ਬਣਿਆ ਰਹੇਗਾ।

ਜਦੋਂ ਅਸੀਂ ‘ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ,ਮੰਗੇਤਰ ਦਾ ਕਤਲ ਕਰਕੇ ਘਰ ਵਿੱਚ ਦੱਬੀ ਲਾਸ਼’, ‘ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ’, ‘ਪੁੱਤਰਾਂ ਨੇ ਜ਼ਮੀਨ ਦੇ ਲਾਲਚ ਵਿੱਚ ਬਾਪ ਦਾ ਕਤਲ ਕੀਤਾ’, ਘਰੇਲੂ ਕਲੇਸ਼ ਕਾਰਨ ਮਾਂ ਦਾ ਕਤਲ’, ਭਰਾ ਹੱਥੋਂ ਭਰਾ ਦਾ ਕਤਲ’, ‘ਭਾਣਜੇ ਵੱਲੋਂ ਮਾਮੇ ਦੀ ਗੋਲੀ ਮਾਰ ਕੇ ਹੱਤਿਆ’, ਅਤੇ ਅਜਿਹੀਆਂ ਹੋਰ ਖਬਰਾਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ’ਤੇ ਪੜ੍ਹਦੇ ਸੁਣਦੇ ਹਾਂ ਤਾਂ ਅਜੋਕੇ ਦੌਰ ਅੰਦਰ ਤਾਰ-ਤਾਰ ਹੁੰਦੇ ਰਿਸ਼ਤਿਆਂ ਨੂੰ ਦੇਖ ਕੇ ਸੁੰਨ ਹੋ ਜਾਈਦਾ ਹੈ।

ਕਿਸੇ ਸਮੇਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ। ਜਿਸਦਾ ਭਾਵ ਸੀ ਕਿ ਉਹ ਆਪਣੀ ਔਲਾਦ ਨਾਲੋਂ ਵੀ ਆਪਣੇ ਬੱਚਿਆਂ ਦੀ ਔਲਾਦ ਨੂੰ ਪਿਆਰਾ ਸਮਝਦੇ ਸਨ। ਪੰਜਾਬੀ ਸੱਭਿਆਚਾਰ ਵਿੱਚ ਦਾਦੇ ਦਾਦੀ ਦਾ ਆਪਣੇ ਪੋਤੇ ਪੋਤੀਆਂ ਨਾਲ ਮੋਹ ਭਰਪੂਰ ਰਿਸ਼ਤਾ ਆਪਣੀ ਮਿਸਾਲ ਆਪ ਹੈ। ਇਹ ਰਿਸ਼ਤਾ ਜਿੰਨਾ ਬੱਚਿਆਂ ਨੂੰ ਮਿਲਦਾ ਹੈ, ਉਹਨਾਂ ਜਿਹਾ ਭਾਗਸ਼ਾਲੀ ਦੁਨੀਆ ਵਿੱਚ ਕੋਈ ਹੋਰ ਨਹੀਂ ਹੋ ਸਕਦਾ। ਅਕਸਰ ਹੀ ਬੱਚੇ ਆਪਣੇ ਮਾਂ ਪਿਓ ਦੀਆਂ ਝਿੜਕਾਂ ਅਤੇ ਮਾਰ ਖਾ ਕੇ ਦਾਦਾ ਦਾਦੀ ਦੀ ਬੁੱਕਲ ਵਿੱਚ ਜਾ ਵੜਦੇ ਸਨ। ਇਕਹਿਰੇ ਪਰਿਵਾਰਾਂ ਦੀ ਹੋਂਦ ਨੇ ਛੋਟੇ ਛੋਟੇ ਬੱਚਿਆਂ ਤੋਂ ਦਾਦਾ ਦਾਦੀ ਅਤੇ ਨਾਨਾ ਨਾਨੀ ਦੀ ਗੋਦ ਵਿੱਚ ਬੈਠ ਕੇ ਖੇਡਣ ਦਾ ਹੱਕ ਖੋਹ ਲਿਆ ਹੈ। ਭਲੇ ਸਮੇਂ ਹੁੰਦੇ ਸਨ ਜਦੋਂ ਪੋਤੇ ਪੋਤੀਆਂ, ਦੋਹਤੇ ਦੋਹਤੀਆਂ, ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਹੁੰਦੇ ਸਨ। ਅੱਜ ਕੱਲ੍ਹ ਦੇ ਬਾਲਾਂ ਨੂੰ ਲੋਰੀਆਂ ਬਾਰੇ ਕੁਝ ਵੀ ਪਤਾ ਨਹੀਂ ਚੱਲਣਾ। ਅਜੋਕਾ ਬਚਪਨ ਹੁਣ ਆਪਣੇ ਵਡੇਰਿਆਂ ਦੇ ਲਾਡ-ਦੁਲਾਰ ਤੋਂ ਵਿਰਵਾ ਹੋ ਗਿਆ ਹੈ।

ਰੈਡਕਲਿਫ ਬਰਾਊਨ ਦੇ ਕਥਨ ਅਨੁਸਾਰ, “ਵੱਖ ਵੱਖ ਰਿਸ਼ਤੇ ਮਾਨਵ ਜੀਵਨ ਦੇ ਵਿਭਿੰਨ ਪੱਖਾਂ ਦੀ ਮਾਨਸਿਕਤਾ, ਆਰਥਿਕਤਾ, ਸਮਾਜਿਕਤਾ ਅਤੇ ਧਾਰਮਿਕਤਾ ਦੀ ਮਹੱਤਤਾ ਦਾ ਸਰੂਪ ਪੇਸ਼ ਕਰਦੇ ਹਨ‌। ਇਸ ਤਰ੍ਹਾਂ ਮਾਨਵ ਇੱਕੋ ਸਮੇਂ ਰਿਸ਼ਤਿਆਂ ਦੀਆਂ ਅਨੇਕਾਂ ਤੰਦਾਂ ਵਿੱਚ ਬੱਝਿਆ ਰਹਿੰਦਾ ਹੈ।‌ ਉਦਾਹਰਨ ਵਜੋਂ ਨਾਨਕਿਆਂ, ਦਾਦਕਿਆਂ, ਸਹੁਰਿਆਂ ਆਦਿ ਨਾਲ ਸਬੰਧਿਤ ਅਨੇਕਾਂ ਪ੍ਰਕਾਰ ਦੇ ਰਿਸ਼ਤੇ ਗਿਣਾਏ ਜਾ ਸਕਦੇ ਹਨ।”

ਆਧੁਨਿਕਤਾ ਦੀ ਅੰਨ੍ਹੀ ਦੌੜ ਅਤੇ ਪੱਛਮੀਕਰਨ ਦੇ ਪ੍ਰਭਾਵ ਸਦਕਾ ਸਦੀਆਂ ਤੋਂ ਚਲਦੀ ਆ ਰਹੀ ਰਿਸ਼ਤਿਆਂ ਦੀ ਮਾਲਾ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਆਧੁਨਿਕ ਤਕਨੀਕੀ ਯੁਗ ਵਿੱਚ ਮੋਬਾਇਲ ਫੋਨ ਦੀ ਬੇਲੋੜੀ ਵਰਤੋਂ ਵੀ ਪਰਿਵਾਰਕ ਰਿਸ਼ਤਿਆਂ ਵਿੱਚ ਦੂਰੀਆਂ ਵਧਾਉਣ ਦਾ ਕਾਰਨ ਬਣਦੀ ਜਾ ਰਹੀ ਹੈ। ਹੁਣ ਹਰ ਘਰ ਵਿੱਚ ਘਰ ਦਾ ਹਰ ਮੈਂਬਰ ਆਪਣੇ ਆਪਣੇ ਮੋਬਾਇਲ ਫੋਨ ’ਤੇ ਮਸਤ ਰਹਿੰਦਾ ਹੈ, ਕਦੇ ਵੀ ਮਿਲ ਬੈਠ ਕੇ ਪਰਿਵਾਰ ਦੇ ਮੈਂਬਰ ਕੋਈ ਸਲਾਹ ਮਸ਼ਵਰਾ ਨਹੀਂ ਕਰਦੇ। ਪਿਛਲੇ ਕੁਝ ਦਹਾਕਿਆਂ ਦੌਰਾਨ ਪੇਂਡੂ ਅਬਾਦੀ ਦਾ ਮੁਹਾਣ ਸ਼ਹਿਰਾਂ ਵੱਲ ਹੋਇਆ ਹੈ। ਸ਼ਹਿਰਾਂ ਦੀਆਂ ਆਬਾਦੀਆਂ ਵਿੱਚ ਵਸੀ ਜਨਤਾ ਨੂੰ ਲੋਕ ‘ਵਣ ਵਣ ਦੀ ਲੱਕੜੀ’ ਆਖਦੇ ਹਨ। ਸ਼ਹਿਰਾਂ ਵਿੱਚ ਪਿੰਡਾਂ ਨਾਲੋਂ ਭਾਈਚਾਰਕ ਸਾਂਝ ਦੀ ਕਾਫੀ ਘਾਟ ਹੁੰਦੀ ਹੈ। ਹੁਣ ਤਾਂ ਸਮੁੱਚਾ ਸੰਸਾਰ ਹੀ ਗਲੋਬਲ ਪਿੰਡ ਬਣ ਗਿਆ ਹੈ। ਨਵੀਂ ਪੀੜ੍ਹੀ ਦਾ ਪ੍ਰਵਾਸ ਕਰਕੇ ਵਿਦੇਸ਼ ਵਿੱਚ ਵਸਣ ਦਾ ਰੁਝਾਨ ਕਾਫੀ ਤੇਜ਼ ਹੋਇਆ ਹੈ। ਮਾਪੇ ਅਤੇ ਹੋਰ ਵਡੇਰੀ ਉਮਰ ਦੇ ਸਾਕ ਸਬੰਧੀ ਦੇਸ਼ ਵਿੱਚ ਰਹਿੰਦੇ ਹਨ ਅਤੇ ਯੁਵਾ ਪੀੜ੍ਹੀ ਵਿਦੇਸ਼ ਵਿੱਚ ਵਸਣਾ ਚਾਹੁੰਦੀ ਹੈ। ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਸੰਘਰਸ਼ ਕਰ ਰਹੇ ਹਨ। ਅਜੋਕੀ ਪੀੜ੍ਹੀ ਦਾ ਵਿਦੇਸ਼ ਜਾਣ ਦਾ ਰੁਝਾਨ ਵੀ ਸੰਯੁਕਤ ਪਰਿਵਾਰਾਂ ਦੇ ਪਤਨ ਦਾ ਕਾਰਨ ਬਣਿਆ ਹੈ।

ਅੱਜਕੱਲ ਲੋਕਾਂ ਵਿੱਚ ਸਹਿਣਸ਼ੀਲਤਾ ਦੀ ਬਹੁਤ ਕਮੀ ਹੈ। ਪਤੀ, ਪਤਨੀ ਅਤੇ ਬੱਚੇ ਵੀ ਇੱਕ ਦੂਜੇ ਦੀ ਕੋਈ ਗੱਲ ਨਹੀਂ ਸਹਾਰਦੇ। ਛੋਟੀਆਂ ਛੋਟੀਆਂ ਗੱਲਾਂ ’ਤੇ ਪਰਿਵਾਰਾਂ ਵਿੱਚ ਲੜਾਈ ਝਗੜੇ ਅਕਸਰ ਹੁੰਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਚਿਰਸਥਾਈ ਬਣਾਈ ਰੱਖਣ ਲਈ ਨਿਮਰਤਾ, ਸਹਿਣਸ਼ੀਲਤਾ, ਪਿਆਰ-ਮੁਹੱਬਤ, ਵਿਸ਼ਵਾਸ ਦੀ ਬਹੁਤ ਲੋੜ ਹੁੰਦੀ ਹੈ। ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਉਹਨਾਂ ਨੂੰ ਸਮਾਂ ਦੇਣਾ ਲਾਜ਼ਮੀ ਹੁੰਦਾ ਹੈ, ਜਦੋਂ ਰਿਸ਼ਤਿਆਂ ਦੀ ਅਣਦੇਖੀ ਸ਼ੁਰੂ ਹੋ ਜਾਂਦੀ ਹੈ, ਫਿਰ ਇਹ ਦਮ ਤੋੜ ਜਾਂਦੇ ਹਨ। ਰਿਸ਼ਤਿਆਂ ਨੂੰ ਪਾਏਦਾਰ ਬਣਾਈ ਰੱਖਣ ਲਈ ਸਮਰਪਣ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਰਿਸ਼ਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਿਭਾਉਣਾ ਚਾਹੀਦਾ ਹੈ ਨਾ ਕਿ ਕੇਵਲ ਉੱਪਰਲੇ ਮਨੋਂ। ਰਿਸ਼ਤਿਆਂ ਵਿੱਚ ਮਨ-ਮੁਟਾਵ ਹੋਣ ’ਤੇ ਵੀ ਸੰਵਾਦ ਜਾਰੀ ਰੱਖਣਾ ਚਾਹੀਦਾ ਹੈ, ਜੋ ਰਿਸ਼ਤਿਆਂ ਨੂੰ ਜੋੜਨ ਵਿੱਚ ਸਹਾਈ ਹੁੰਦਾ ਹੈ। ਪਰ ਹੁਣ ਸਾਡੇ ਮਨਾਂ ਵਿੱਚ ਲਾਲਚ, ਉਪਭੋਗਤਾਵਾਦ ਭਾਰੂ ਹੋ ਗਿਆ ਹੈ। ਹੁਣ ਅਸੀਂ ਹਰ ਸਮੇਂ ਨਿੱਜੀ ਮੁਫਾਦ ਹੀ ਸੋਚਦੇ ਹਾਂ। ਹੁਣ ਵਧੇਰੇ ਸੰਯੁਕਤ ਪਰਿਵਾਰ ਟੁੱਟ ਚੁੱਕੇ ਹਨ, ਸਾਂਝੇ ਚੁੱਲ੍ਹੇ ਅਲੋਪ ਹੋ ਰਹੇ ਹਨ। ਇੱਕ-ਇੱਕ ਘਰ ਵਿੱਚ ਤਿੰਨ-ਤਿੰਨ ਰਸੋਈਆਂ ਬਣੀਆਂ ਹੋਈਆਂ ਹਨ। ਇਸ ਨਾਲ ਘਰਾਂ ਦੇ ਖਰਚੇ ਵੀ ਵਧਦੇ ਹਨ। ਅਜੋਕੀ ਪੀੜ੍ਹੀ ਆਏ ਦਿਨ ਕਰਜ਼ਦਾਰ ਹੋ ਰਹੀ ਹੈ।

ਸਮਾਜ ਦੇ ਸਾਰੇ ਹੀ ਰਿਸ਼ਤਿਆਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਪਰਿਵਾਰ ਦੀ ਆਪਣੀ ਅਹਿਮੀਅਤ ਹੁੰਦੀ ਹੈ। ਸਾਨੂੰ ਅਰਥ ਭਰਪੂਰ ਜ਼ਿੰਦਗੀ ਜਿਊਣ ਲਈ ਪਰਿਵਾਰ ਦੇ ਮਹੱਤਵ ਨੂੰ ਸਮਝਣਾ ਪਵੇਗਾ। ਆਏ ਦਿਨ ਪਰਿਵਾਰਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ, ਇਸ ਪ੍ਰਵਿਰਤੀ ਨੂੰ ਰੋਕਣ ਦੀ ਸਖਤ ਜ਼ਰੂਰਤ ਹੈ। ਸਾਡੇ ਮਨਾਂ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਬਾਪ, ਭੈਣ ਭਰਾਵਾਂ ਅਤੇ ਹੋਰ ਸਭ ਸਮਾਜਿਕ ਰਿਸ਼ਤਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਅਜਿਹੀ ਭਾਵਨਾ ਨਾਲ ਹੀ ਅਸੀਂ ਰਿਸ਼ਤਿਆਂ ਵਿੱਚ ਪਿਆਰ ਮੁਹੱਬਤ, ਸਹਿਣਸ਼ੀਲਤਾ ਅਪਣੱਤ ਨੂੰ ਲਿਆ ਸਕਦੇ ਹਾਂ। ਰਿਸ਼ਤੇ ਇਨਸਾਨੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੇ ਹਨ। ਮੋਹ ਭਿੱਜੇ ਅਤੇ ਅਰਥ ਭਰਪੂਰ ਰਿਸ਼ਤਿਆਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Daljit Rai Kalia

Daljit Rai Kalia

Zira, Firozpur, Punjab, India.
Whatsapp: (91 - 97812 - 00168)
Email: (daljitkalia6@gmail.com)