“ਹੁਣ ਤਿੰਨ-ਚਾਰ ਸਾਲ ਪਹਿਲਾਂ ਮੇਰੇ ਅੰਦਰਲੇ ਲੇਖਕ ਨੇ ਫਿਰ ਉਬਾਲਾ ਮਾਰਿਆ। ਉਦੋਂ ਤੋਂ ਮੇਰੇ ਲੇਖ ...”
(12 ਜੁਲਾਈ 2025)
ਮੈਂ ਉਦੋਂ ਸੱਤਵੀਂ-ਅੱਠਵੀਂ ਵਿੱਚ ਪੜ੍ਹਦਾ ਸੀ। ਆਪਣੇ ਨਾਲ ਵਾਲਾ ਖਾਲੀ ਘਰ ਅਸੀਂ ਬਿਨਾਂ ਕਿਸੇ ਖਾਸ ਜ਼ਰੂਰਤ ਦੇ ਇਸ ਲਈ ਕਿਰਾਏ ’ਤੇ ਲੈ ਰੱਖਿਆ ਸੀ ਕਿ ਕੋਈ ਹੋਰ ਕਿਰਾਏ ਵਾਲਾ ਪਤਾ ਨਹੀਂ ਕਿਹੋ ਜਿਹਾ ਟੱਕਰੇਗਾ! ... ਇਹ ਵੀ ਸੀ ਕਿ ਅਗਰ ਮਾਲਕਾਂ ਨੇ ਵੇਚਣਾ ਹੋਇਆ ਤਾਂ ਸਾਨੂੰ ਪਤਾ ਲੱਗ ਜਾਵੇਗਾ। ਅਸੀਂ ਲੱਕੜ ਬਾਲਣ ਆਦਿ ਰੱਖਣ ਲਈ ਹੀ ਉਸ ਨੂੰ ਵਰਤਦੇ ਸਾਂ ਜਾਂ ਹਾੜ੍ਹੀ-ਸੌਣੀ ਬਿਹਾਰ ਤੋਂ ਆਉਂਦੇ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਲਈ ਦੇ ਦਿੰਦੇ ਸਾਂ। ਉਹਨਾਂ ਤੋਂ ਅਸੀਂ ਕੋਈ ਕਿਰਾਇਆ ਨਹੀਂ ਸੀ ਲੈਂਦੇ ਪਰ ਉਨ੍ਹਾਂ ਨਾਲ ਇਹ ਖੋਲ੍ਹ ਹੁੰਦੀ ਸੀ ਕਿ ਉਹ ਪਹਿਲਾਂ ਸਾਡੀ ਫਸਲ ਦਾ ਕੰਮ ਨਿਬੇੜਨਗੇ, ਉਸ ਤੋਂ ਬਾਅਦ ਕਿਸੇ ਹੋਰ ਦਾ ...।
ਉਹ ਹਰ ਵਾਰ ਤਕਰੀਬਨ ਛੇ-ਸੱਤ ਜਣੇ ਆਉਂਦੇ ਸਨ। ਉਹਨਾਂ ਵਿੱਚੋਂ ਚਾਰ-ਪੰਜ ਤਾਂ ਹਰ ਵਾਰ ਪੱਕੇ ਹੁੰਦੇ ਸਨ ਅਤੇ ਦੂਜੇ ਇੱਕ-ਦੋ ਬਦਲ ਜਾਂਦੇ ਸਨ। ਕਈ ਸਾਲਾਂ ਦੇ ਲਗਾਤਾਰ ਆਉਣ ਕਾਰਨ ਉਨ੍ਹਾਂ ਨਾਲ ਸਾਡੀ ਵਧੀਆ ਸਾਂਝ ਬਣ ਗਈ। ਉਹ ਹਰ ਹਫ਼ਤੇ ਆਪਣੇ ਘਰ ਚਿੱਠੀ-ਪੱਤਰ ਭੇਜਦੇ। ਛੇ-ਸੱਤ ਜਣੇ ਹੋਣ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਦੀ ਵਾਰੀ ਆਈ ਰਹਿੰਦੀ। ਉਹ ਆਮ ਤੌਰ ’ਤੇ ਖ਼ਤ ਲਿਖਵਾਉਣ ਦਾ ਕੰਮ ਮੈਥੋਂ ਹੀ ਕਰਵਾਉਂਦੇ। ਡੰਗ ਟਪਾਊ ਹਿੰਦੀ ਮੈਨੂੰ ਲਿਖਣੀ ਆਉਂਦੀ ਸੀ। ਉਦੋਂ ਸ਼ਾਇਦ ਮੇਰੇ ਅੰਦਰਲਾ ਲੇਖਕ ਰੁੜ੍ਹਨਾ ਸਿੱਖ ਰਿਹਾ ਸੀ ਜਿਸ ਕਾਰਨ ਆਪਣੇ ਖੇਡਣ ਦੇ ਸਮੇਂ ਦੀ ਬਲੀ ਦੇ ਕੇ ਵੀ ਮੈਂ ਉਨ੍ਹਾਂ ਦੀਆਂ ਚਿੱਠੀਆਂ ਚਾਅ ਨਾਲ ਲਿਖਦਾ। ਜਿਸ ਅਲਮੀਨੀਅਮ ਦੀ ਪ੍ਰਾਤ ਦੇ ਆਲੇ-ਦੁਆਲੇ ਬੈਠ ਉਹ ਇਕੱਠੇ ਚੌਲ ਖਾਂਦੇ ਸਨ, ਉਹ ਹੀ ਪੁੱਠੀ ਕਰਕੇ ਮੇਰੇ ਲਈ ਪੇਪਰ ਬੋਰਡ ਦਾ ਕੰਮ ਕਰਦੀ। ਜਿਸ ਤਰ੍ਹਾਂ ਕਿਸੇ ਲੇਖਕ ਦੀ ਰਚਨਾ ਵਿੱਚ ‘ਨਿੱਜ’ ਜਾਂ ‘ਪਰ’ ਦਾ ਦੁੱਖ-ਦਰਦ, ਖੁਸ਼ੀ, ਮਿਲਾਪ-ਵਿਛੋੜਾ, ਗਿਲਾ-ਸ਼ਿਕਵਾ ਜਾਂ ਮਾੜੀਆਂ-ਚੰਗੀਆਂ ਯਾਦਾਂ ਦਾ ਵਰਣਨ ਹੁੰਦਾ ਹੈ, ਉਸੇ ਤਰ੍ਹਾਂ ਮੈਨੂੰ ਉਹਨਾਂ ਦੀਆਂ ਚਿੱਠੀਆਂ ਵਿੱਚ ਲਿਖਣਾ ਪੈਂਦਾ। ਆਪਣੇ ਬਜ਼ੁਰਗ ਮਾਪਿਆਂ ਦੀ ਸਿਹਤ ਤੋਂ ਸ਼ੁਰੂ ਕਰਕੇ ਬੱਚਿਆਂ ਦੇ ਲਾਡ-ਦੁਲਾਰ, ਘਰਵਾਲੀ ਨਾਲ ਪਿਆਰ-ਰੋਸਾ ਅਤੇ ਆਂਢ-ਗੁਆਂਢ ਅਤੇ ਪਿੰਡ ਦੀਆਂ ਗੱਲਾਂ-ਚੁਗਲੀਆਂ ਆਦਿ ਸਭ ਕੁਝ ਉਹਨਾਂ ਦੀਆਂ ਗੱਲਾਂ ਵਿੱਚ ਸਮਾਇਆ ਹੁੰਦਾ, ਜੋ ਉਹ ਖ਼ਤਾਂ ਵਿੱਚ ਲਿਖਵਾਉਂਦੇ। ਉਹਨਾਂ ਦੇ ਖ਼ਤ ਲਿਖਦਿਆਂ ਮੇਰੇ ਹੱਥ ਲੇਖਣੀ ਵੱਲ ਵਧਦੇ ਗਏ ...।
ਸੁਰਤ ਸੰਭਲਣ ਤੋਂ ਲੈਕੇ ਹੁਣ ਤਕ (ਕਰੋਨਾ ਕਾਲ ਸਮੇਂ ਵੀ) ਅਖ਼ਬਾਰ ਸਾਡੇ ਘਰ ਦਾ ਜ਼ਰੂਰੀ ਅੰਗ ਰਿਹਾ ਹੈ ਅਤੇ ਪਿਤਾ ਜੀ ਉੱਘੇ ਕਾਮਰੇਡ ਹੋਣ ਕਾਰਨ ਉਸ ਸਮੇਂ ਸਾਡੇ ਘਰ ਸੋਵੀਅਤ ਸੰਘ (ਅਣਵੰਡਿਆ ਰੂਸ) ਦੇ ਪੰਜਾਬੀ ਵਿੱਚ ਅਨੁਵਾਦ ਹੋਏ ਕਈ ਰਸਾਲੇ ਵੀ ਆਉਂਦੇ ਸਨ, ਜਿਨ੍ਹਾਂ ਨੂੰ ਪੜ੍ਹਦਿਆਂ ਮੇਰੀ ਸਾਹਿਤਕ ਚੇਟਕ ਨੂੰ ਜਾਗ ਲਗਦਾ ਰਿਹਾ। ਦਸਵੀਂ ਤੋਂ ਬਾਅਦ ਮਾਨਸਾ ਪੜ੍ਹਦਿਆਂ ਲਾਇਬਰੇਰੀ ਵਿੱਚੋਂ ਹੋਰ ਸਾਹਿਤ ਦੇ ਨਾਲ ਅਖ਼ਬਾਰਾਂ ਦੇ ਐਤਵਾਰੀ ਮੈਗਜ਼ੀਨ ਅੰਕ ਪੜ੍ਹਦਿਆਂ ਉਹਨਾਂ ਵਿੱਚਲੀਆਂ ਮਨਭਾਉਂਦੀਆਂ ਲਾਇਨਾਂ ਅਤੇ ਸ਼ਿਅਰਾਂ ਨੂੰ ਆਪਣੀ ਡਾਇਰੀ ਵਿੱਚ ਨੋਟ ਕਰਕੇ ਬਿਹਾਰੀ ਮਜ਼ਦੂਰਾਂ ਅਤੇ ਹੋਰ ਦੋਸਤਾਂ ਦੇ ਖ਼ਤਾਂ ਵਿੱਚ ਫਿੱਟ ਕਰਦਿਆਂ ਮੈਂ ਮੌਲਿਕ ਕਲਮ ਝਰੀਟੀ ਵੀ ਕਰਨ ਲੱਗ ਪਿਆ।
ਸੰਪਾਦਕ ਦੇ ਖ਼ਤਾਂ ਵਿੱਚ ਮੇਰੇ ਖ਼ਤ ਛਪਣੇ ਸ਼ੁਰੂ ਹੋ ਗਏ। ਕੁਝ ਮਿਨੀ ਕਹਾਣੀਆਂ ਅਤੇ ਛੋਟੀਆਂ ਕਹਾਣੀਆਂ ਲਿਖ ਅਖ਼ਬਾਰ ਨੂੰ ਭੇਜੀਆਂ ਪਰ ਉਹ ਨਾ ਛਪੀਆਂ। ਫਿਰ ਕੁਝ ਹੋਰ ਕਹਾਣੀਆਂ ਲਿਖ ਉੱਘੇ ਲੇਖਕ ਦਰਸ਼ਨ ਮਿੱਤਵਾ ਜੀ (ਹੁਣ ਨਹੀਂ ਰਹੇ) ਤੋਂ ਸੇਧ ਲੈਣ ਲਈ ਉਹਨਾਂ ਨੂੰ ਵਿਖਾਈਆਂ। ਉਹਨਾਂ ਮਿਨੀ ਕਹਾਣੀ ਅਤੇ ਕਹਾਣੀ ਲਿਖਣ ਸਬੰਧੀ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਅਤੇ ਮੇਰੀਆਂ ਲਿਖਤਾਂ ਦੀ ਸੀਮਿਤ ਜਿਹੀ ਤਾਰੀਫ ਕਰਦਿਆਂ ਅਖ਼ਬਾਰਾਂ ਨੂੰ ਭੇਜਣ ਲਈ ਕਿਹਾ। ਮੈਂ ਉਹਨਾਂ ਨੂੰ ਦੱਸਿਆ ਕਿ ਪਹਿਲਾਂ ਵੀ ਅਖ਼ਬਾਰ ਨੂੰ ਭੇਜੀਆਂ ਸਨ ਪਰ ਉਹਨਾਂ ਛਾਪੀਆਂ ਨਹੀਂ ਤਾਂ ਉਹਨਾਂ ਦੁਆਰਾ ਮੇਰਾ ਉਤਸ਼ਾਹ ਵਧਾਉਣ ਦਾ ਤਰੀਕਾ ਮੈਨੂੰ ਅੱਜ ਤਕ ਯਾਦ ਹੈ; “ਤੇਰਾ ਕਰਮ ਹੈ ਲਿਖਣਾ, ਛਾਪਣਾ ਉਹਨਾਂ (ਸੰਪਾਦਕ) ਦਾ ਕੰਮ ਹੈ। ਕੇਵਲ ਛਪਣ ਲਈ ਨਾ ਲਿਖੀਂ, ਰਿੜਕ-ਰਿੜਕ ਕੇ ਲਿਖੀਂ। ਸੰਪਾਦਕਾਂ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ। ਹੋ ਸਕਦਾ ਹੈ ਇੱਕ ਤੇਰੀ ਰਚਨਾ ਨੂੰ ਅਣਡਿੱਠ ਕਰ ਦੇਵੇ ਅਤੇ ਕੋਈ ਦੂਸਰਾ ਉਸ ਨੂੰ ਪ੍ਰਮੁੱਖਤਾ ਨਾਲ ਛਾਪੇ। ਪੂਰੀ ਤਰ੍ਹਾਂ ‘ਸਥਾਪਿਤ’ ਹੋਣ ਤਕ ਕਿਸੇ ਵੀ ਲੇਖਕ ਦੀਆਂ ਸਾਰੀਆਂ ਰਚਨਾਵਾਂ ਨਹੀਂ ਛਪਦੀਆਂ। ਬੱਸ ਲਿਖਦਾ ਰਹਿ ... ਜਲਦੀ ਹੀ ਤੇਰੀਆਂ ਕਹਾਣੀਆਂ ਛਪ ਜਾਣਗੀਆਂ।”
ਉਹਨਾਂ ਦੀ ਗੱਲ ਸੱਚ ਸਾਬਤ ਹੋਈ! ਜਲਦੀ ਹੀ ਮੇਰੀਆਂ ਮਿਨੀ ਕਹਾਣੀਆਂ (ਉਸ ਸਮੇਂ ਮੈਂ ਜ਼ਿਆਦਾਤਰ ਮਿਨੀ ਕਹਾਣੀ ਹੀ ਲਿਖਦਾ ਸੀ) ਅਖ਼ਬਾਰ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਅਤੇ ਮੇਰੀਆਂ ਮਿਨੀ ਕਹਾਣੀਆਂ ਨੇ ਮਿਨੀ ਕਹਾਣੀ ਮੰਚ ਅੰਮ੍ਰਿਤਸਰ ਅਤੇ ਨੰਦ ਲਾਲ ਨੂਰਪੁਰੀ ਯਾਦਗਾਰੀ ਟ੍ਰਸਟ ਕਾਹਨਪੁਰ (ਜਲੰਧਰ) ਵੱਲੋਂ ਕਰਵਾਏ ਮਿਨੀ ਕਹਾਣੀ ਮੁਕਾਬਲਿਆਂ ਵਿੱਚ ਇਨਾਮ ਵੀ ਪ੍ਰਾਪਤ ਕੀਤਾ। ਡਾ. ਸ਼ਾਮ ਸੁੰਦਰ ਦੀਪਤੀ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਜਿਹੀਆਂ ਸਾਹਿਤਕ ਹਸਤੀਆਂ ਪਾਸੋਂ ਇਨਾਮ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਸਮੇਂ ਤਕ ਮੇਰੇ ਪਰਿਵਾਰ, ਕੁਝ ਰਿਸ਼ਤੇਦਾਰਾਂ ਅਤੇ ਕੁਝ ਖ਼ਾਸ ਦੋਸਤਾਂ ਤੋਂ ਇਲਾਵਾ ਨੇੜੇ-ਤੇੜੇ ਅਤੇ ਪਿੰਡ ਵਾਲਿਆਂ ਨੂੰ ਘੱਟ ਹੀ ਪਤਾ ਸੀ ਕਿ ਮੈਂ ਲਿਖਦਾ ਹਾਂ। ਨਾ ਹੀ ਮੈਂ ਆਪਣੇ-ਆਪ ਨੂੰ ਲੇਖਕ ਸਮਝਿਆ ਸੀ। ਪਰ ਹਕੀਕਤ ਇਹ ਹੈ ਕਿ ਮੈਂ ਵੀ ਚਾਹੁੰਦਾ ਸੀ ਕਿ ਲੇਖਕ ਵਜੋਂ ਮੇਰਾ ਨਾ ਬਣੇ। ਸ਼ੁਰੂਆਤੀ ਦੌਰ ਵਿੱਚ ਅੱਗੇ ਵਧਣ ਲਈ ਆਪਣਿਆਂ (ਜਾਣਕਾਰਾਂ) ਦੀ ਤਾਰੀਫ਼ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ। ਮੈਂ ਵੀ ਇਹ ਕਮੀ ਮਹਿਸੂਸ ਕਰਦਾ ਸੀ।
ਖੈਰ! ਫਿਰ ਦੁਕਾਨਦਾਰੀ (ਕੈਮਿਸਟ ਸ਼ਾਪ), ਵਿਆਹ ਅਤੇ ਪਿਤਾ ਜੀ ਦਾ ਦਿਹਾਂਤ ਅੱਗੜ-ਪਿੱਛੜ ਹੋਣ ਕਾਰਨ ਮੇਰੇ ਲੇਖਣ ਕਾਰਜ ਵਿੱਚ ਖੜੋਤ ਆ ਗਈ। ਕਦੇ ਕਦਾਈਂ ਕੋਈ ਮਿਨੀ ਕਹਾਣੀ, ਲੇਖ, ਕਵਿਤਾ ਲਿਖਕੇ ਭੇਜ ਦਿੰਦਾ ਜਾਂ ਪਾਠਕਾਂ ਦੇ ਖ਼ਤਾਂ ਵਿੱਚ ਕੋਈ ਖ਼ਤ ...। ਇਸਦਾ ਇੰਨਾ ਫਾਇਦਾ ਜ਼ਰੂਰ ਹੋਇਆ ਕਿ ਮੇਰੀ ਕਲਮ ਤੁਰਦੀ ਰਹੀ ਅਤੇ ਸਿੱਖਦੀ ਰਹੀ। ਹੁਣ ਤਿੰਨ-ਚਾਰ ਸਾਲ ਪਹਿਲਾਂ ਮੇਰੇ ਅੰਦਰਲੇ ਲੇਖਕ ਨੇ ਫਿਰ ਉਬਾਲਾ ਮਾਰਿਆ। ਉਦੋਂ ਤੋਂ ਮੇਰੇ ਲੇਖ, ਰਚਨਾਵਾਂ ਪੰਜਾਬੀ ਦੇ ਬਹੁਤ ਸਾਰੇ ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਲਗਾਤਾਰ ਛਪ ਰਹੇ ਹਨ। ਕੁਝ ਸਿਰਮੌਰ ਅਖ਼ਬਾਰ-ਰਸਾਲਿਆਂ ਵਿੱਚ ਰਚਨਾ ਛਪਣ ਤੋਂ ਬਾਅਦ ਬਹੁਤ ਸਾਰੇ ਪਾਠਕਾਂ ਅਤੇ ਸਾਥੀ ਲੇਖਕਾਂ ਦੇ ਫੋਨ ਆਉਂਦੇ ਹਨ। ਇੱਕ ਉੱਘੇ ਪੰਜਾਬੀ ਅਖ਼ਬਾਰ ਵਿੱਚ ਲੇਖ ਛਪਣ ਤੋਂ ਬਾਅਦ ਜਦੋਂ ਪਹਿਲੀ ਵਾਰ ‘ਮਿਹਨਤਾਨਾ’ ਮਿਲਿਆ ਤਾਂ ਪਹਿਲੀ ਵਾਰ ਆਪਣੇ-ਆਪ ਵਿੱਚੋਂ ਲੇਖਕ ਹੋਣ ਦਾ ਅਹਿਸਾਸ ਹੋਇਆ!
ਅੱਜਕੱਲ ਆਪਣੇ ਮੂੰਹੋਂ ਮਿੱਠੂ ਬਣਨ ਅਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਪਿਛਲੇ ਕੁਝ ਸਮੇਂ ਤੋਂ ਮੈਂ ਵੀ ਆਪਣੀਆਂ ਛਪਣ ਵਾਲੀਆਂ ਲਿਖਤਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦਾ ਹਾਂ, ਜਿਸ ਕਾਰਨ ਹੋਰ ਵੱਧ ਲੋਕਾਂ, ਖਾਸ ਕਰਕੇ ‘ਆਪਣਿਆਂ’ ਤਕ ਪਹੁੰਚ ਹੋ ਜਾਂਦੀ ਹੈ। ਅਜਿਹੇ ਲੋਕ ਵੀ ਲਿਖਤਾਂ ਪੜ੍ਹ ਲੈਂਦੇ ਹਨ, ਜੋ ਅਖ਼ਬਾਰਾਂ ਵਿੱਚ ਛਪੀਆਂ ਸਾਹਿਤਕ ਰਚਨਾਵਾਂ ਵਾਲੇ ਪੰਨੇ ਬਿਨ ਪੜ੍ਹਿਆਂ ਪਲਟ ਦਿੰਦੇ ਹਨ। ਕੁਝ ਸਮਾਂ ਪਹਿਲਾਂ ਦਾ ਵਾਕਿਆ ਹੈ, ਪਟਿਆਲੇ ਰਿਸ਼ਤੇਦਾਰੀ ਵਿੱਚ ਇੱਕ ਮਰਗਤ ਦੇ ਭੋਗ ’ਤੇ ਜਾਣਾ ਹੋਇਆ। ਅਸੀਂ ਉੱਥੇ ਭੋਗ ਦੇ ਸਮੇਂ ਤੋਂ ਘੰਟਾ ਪਹਿਲਾਂ ਹੀ ਪਹੁੰਚ ਗਏ ਤਾਂ ਕਿ ਰਿਸ਼ਤੇਦਾਰਾਂ-ਜਾਣਕਾਰਾਂ ਨੂੰ ਮਿਲ ਸਕੀਏ। ਭੋਗ ਤੋਂ ਬਾਅਦ ਤਾਂ ਭੱਜੋ-ਨੱਠੀ ਹੋ ਜਾਂਦੀ ਹੈ। ਗੁਰਦੁਆਰਾ ਸਾਹਿਬ ਦਾ ਗੇਟ ਵੜਦਿਆਂ ਹੀ ਚਾਹ-ਪਾਣੀ ਦਾ ਇੰਤਜ਼ਾਮ ਸੀ। ਵੱਡਾ ਭਰਾ, ਜੋ ਜੀਰਕਪੁਰ ਰਹਿੰਦਾ ਸੀ ਅਤੇ ਕਈ ਮਹੀਨਿਆਂ ਬਾਅਦ ਮਿਲਿਆ ਸੀ, ਉੱਥੇ ਕੁਝ ਰਿਸ਼ਤੇਦਾਰਾਂ ਸਮੇਤ ਚਾਹ ਪੀ ਰਿਹਾ ਸੀ। ਮੈਂ ਪਿਆਲੀ ਵਿੱਚ ਚਾਹ ਪਾ ਉਹਨਾਂ ਕੋਲ ਚਲਾ ਗਿਆ। ਰਸਮੀ ਦੁਆ-ਸਲਾਮ ਤੋਂ ਬਾਅਦ ਗੱਲਾਂ ਕਰਦਿਆਂ ਭਰਾ ਮੇਰੀ ਲੇਖਣੀ ਦੀ ਤਾਰੀਫ਼ ਕਰਦਿਆਂ ਬੋਲਿਆ, “ਤੇਰੀਆਂ ਰਚਨਾਵਾਂ ਤਾਂ ਬਈ ਬਹੁਤ ਵਧੀਆ ਹੁੰਦੀਆਂ ਨੇ।”
ਉੱਥੇ ਮੌਜੂਦ ਹੋਰ ਰਿਸ਼ਤੇਦਾਰਾਂ ਨੇ ਵੀ ਉਸਦੀ ਗੱਲ ਦੀ ਹਾਮੀ ਭਰੀ ਜੋ ਕਿ ਮੇਰੇ ਨਾਲ ਸੋਸ਼ਲ ਮੀਡੀਆ ’ਤੇ ਤਾਂ ਜੁੜੇ ਹੋਏ ਹਨ ਪਰ ਉਹਨਾਂ ਕਦੇ ਪਹਿਲਾਂ ਲਾਈਕ, ਕੁਮੈਂਟ ਨਹੀਂ ਸੀ ਕੀਤਾ। ਇਸ ਲਈ ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੀਆਂ ਲਿਖਤਾਂ ਪੜ੍ਹਦੇ ਹਨ। ਸਾਨੂੰ ਦੇਖ ਕੇ ਮੇਰਾ ਭਾਣਜਾ ਬੰਟੂ ਵੀ ਸਾਡੇ ਕੋਲ ਆ ਗਿਆ। ਉਸਨੇ ਆਉਂਦਿਆਂ ਹੀ ਸੋਸ਼ਲ ਮੀਡੀਆ ਦੀ ਭਾਸ਼ਾ ਵਿੱਚ ਕਿਹਾ, “ਮਾਮਾ ਜੀ, ਤੁਸੀਂ ਤਾਂ ਬੰਬ ਲਿਖਦੇ ਹੋਂ!”
ਆਪਣੇ ਮੋਬਾਇਲ ’ਤੇ ਮੇਰੇ ਇੱਕ ਆਰਟੀਕਲ ਦੀ ਫੋਟੋ ਵਿਖਾਉਂਦਿਆਂ ਉਹ ਫਿਰ ਬੋਲਿਆ, “ਆਹ ਵੇਖੋ ... ਛੋਟੇ ਭਰਾ ਨੇ ਭੇਜਿਆ ਸੀ ਤੁਹਾਡਾ ਲੇਖ। ਬਾਬੇ ਦੀ ਸਹੁੰ ਪੂਰਾ ਪੜ੍ਹਿਐ ਮੈਂ।”
ਉਸਦਾ ਲਹਿਜਾ ਅਤੇ ਉਤਸ਼ਾਹ ਦੇਖ ਅਸੀਂ ਸਾਰੇ ਹੱਸ ਪਏ। ਸਮਝ ਨਹੀਂ ਆ ਰਿਆ ਸੀ ਕਿ ਉਸ ਨੂੰ ਆਪਣੇ ਮਾਮੇ ਦੇ ਲੇਖਕ ਬਣਨ ਦਾ ਚਾਅ ਸੀ ਜਾਂ ਜ਼ਿੰਦਗੀ ਵਿੱਚ ਪਹਿਲਾ ‘ਪੂਰਾ’ ਲੇਖ ਪੜ੍ਹਨ ਦਾ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (