“ਮੁਬਾਰਕਾਂ ਦੇਣ ਦੇ ਨਾਲ-ਨਾਲ ਲੰਘੇ ਸਮੇਂ ਵਿੱਚ ਹੋਈਆਂ ਗਲਤੀਆਂ-ਗੁਸਤਾਖ਼ੀਆਂ ਅਤੇ ...”
(31 ਜਨਵਰੀ 2025)
31 ਦਸੰਬਰ ਦੀ ਰਾਤ ਨੂੰ 12 ਵਜੇ ਤਕ ਜਾਗ ਕੇ, ਸੋਸ਼ਲ ਮੀਡੀਆ ਰਾਹੀਂ ਦੋਸਤਾਂ, ਮਿੱਤਰਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਾਂ ਭੇਜ ਨਵੇਂ ਸਾਲ ਨੂੰ ਖੁਸ਼ਆਮਦੀਦ ਕਹੀ। ਮੈਂ ਹੀ ਨਹੀਂ, ਹੋਰ ਬਹੁਤ ਸਾਰੇ ਲੋਕ ਵੀ ਇਸੇ ਤਰ੍ਹਾਂ ਅਲੱਗ-ਅਲੱਗ ਢੰਗ-ਤਰੀਕਿਆਂ ਨਾਲ ਇੱਕ-ਦੂਜੇ ਨੂੰ ਮੁਬਾਰਕਾਂ ਦਿੰਦੇ ਹਨ।
ਨਵਾਂ ਸਾਲ ਆਉਣ ਨਾਲ ਨਵਾਂ ਕੀ ਹੁੰਦਾ ਹੈ? ਕੀ ਨਵਾਂ ਸਾਲ ਆਉਣ ’ਤੇ ਸਿਰਫ਼ ਕਲੰਡਰ ਦੀਆਂ ਤਰੀਕਾਂ ਹੀ ਬਦਲਦੀਆਂ ਹਨ? ਵੇਖਿਆ ਜਾਵੇ ਤਾਂ ਤਰੀਕਾਂ ਤੋਂ ਬਿਨਾਂ ਕੁਝ ਵੀ ਤਾਂ ਨਹੀਂ ਬਦਲਦਾ। ਉਸੇ ਤਰ੍ਹਾਂ ਰਾਤ ਤੋਂ ਬਾਅਦ ਦਿਨ ਚੜ੍ਹਿਆ। ਦਿਨ ਤੋਂ ਬਾਅਦ ਫਿਰ ਰਾਤ ਆਈ। ਅੱਗੇ ਉਸੇ ਤਰ੍ਹਾਂ ਰੁੱਤਾਂ ਬਦਲਣਗੀਆਂ, ਮੌਸਮ ਬਦਲਣਗੇ, ਛਾਵਾਂ ਹੋਣਗੀਆਂ, ਧੁੱਪਾਂ ਆਉਣਗੀਆਂ। ਜੇਕਰ ਜ਼ਿੰਦਗੀ ਵਿੱਚ ਦੁੱਖ ਆਉਣਗੇ ਤਾਂ ਸੁਖ ਵੀ ਜ਼ਰੂਰ ਆਉਣਗੇ।
ਨਵੇਂ ਮਾਲ ਦੀ ਪਹਿਲੀ-ਪਲੇਠੀ ਸਵੇਰ ਮੈਂ ਸਟੇਸ਼ਨ ਵੱਲ ਸੈਰ ਲਈ ਚਲਾ ਗਿਆ। ਪਹਿਲਾਂ ਦੀ ਤਰ੍ਹਾਂ ਗਰੀਬ ਲੋਕ ਸਟੇਸ਼ਨ ਦੇ ਬਰਾਂਡਿਆਂ ਵਿੱਚ ਮੈਲੇ-ਕੁਚੈਲੇ, ਪਾਟੇ ਕੰਬਲਾਂ, ਰਜਾਈਆਂ ਵਿੱਚ ਕੁੰਗੜੇ ਬੈਠੇ, ਪਏ ਪੋਹ ਦੀ ਠੰਢ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਸਟੇਸ਼ਨ ਵਾਲੀ ਥਾਂ ਤੋਂ ਬਜ਼ਾਰ ਵੱਲ ਗਿਆ। ਪੈਰੋਂ ਨੰਗੇ, ਸਰੀਰੋਂ ਅੱਧ ਨੰਗੇ ਛੋਟੇ-ਛੋਟੇ ਬੱਚੇ ਬੰਦ ਪਈਆਂ ਦੁਕਾਨਾਂ ਅੱਗਿਉਂ ਹਲਕੇ 2-3 ਰੁਪਏ ਕਿਲੋ ਵਿਕਣ ਵਾਲੇ ਗੱਤੇ ਦੇ ਖਾਲੀ ਡੱਬੇ, ਲਿਫਾਫ਼ੇ ਚੁੱਕਦੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਪਰਿਵਾਰਕ ਜ਼ਿੰਮੇਵਾਰੀ ਨਿਭਾ ਰਹੇ ਸਨ। ਥੋੜ੍ਹਾ ਅੱਗੇ ਚਾਹ ਦੇ ਖੋਖੇ ਅੱਗੇ ਇੱਟਾਂ ਦੀਆਂ ਥੜ੍ਹੀਆਂ ਬਣਾ ਉੱਤੇ ਫੱਟਾ ਰੱਖ ਬਣਾਏ ਬੈਂਚ ’ਤੇ ਬੈਠ ਕੁਝ ਮੰਗਤੇ ਚਾਹ ਪੀਂਦੇ ਦੁਕਾਨਾਂ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਕਿ ਆਪਣੀ-ਆਪਣੀ ਮੰਗਣ ਵਾਲੀ ਡਿਊਟੀ ਸੰਭਾਲ ਸਕਣ।
ਵਾਪਸ ਘਰ ਆਇਆ। ਘਰਵਾਲੀ ਚਾਹ ਅਤੇ ਅਖ਼ਬਾਰ ਦੇ ਗਈ। ਚਾਹ ਪੀਂਦਿਆਂ ਮੈਂ ਅਖ਼ਬਾਰ ਦੀਆਂ ਸੁਰਖੀਆਂ ’ਤੇ ਨਜ਼ਰ ਮਾਰੀ, ... ਮੁਲਾਜ਼ਮਾਂ ਦਾ ਸੰਘਰਸ਼, ਮਜ਼ਦੂਰਾਂ ਦਾ ਧਰਨਾ --- ਕਿਸਾਨ ਆਗੂ ਦਾ ਮਰਨ ਵਰਤ ਛੱਤੀਵੇਂ ਦਿਨ ਵਿੱਚ ਦਖਲ --- ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ --- ਸਰਹੱਦੀ ਇਲਾਕੇ ਵਿੱਚ ਵਿਦੇਸ਼ੀ ਡ੍ਰੋਨ ਅਤੇ ਨਸ਼ਿਆਂ ਦੀ ਬਰਾਮਦਗੀ --- ਜ਼ਮੀਨ ਦੇ ਝਗੜੇ ਦੌਰਾਨ ਸਕੇ ਭਰਾ ਦਾ ਕਤਲ --- ਇੱਕੋ ਥਾਈਂ ਚੋਰਾਂ ਨੇ ਕਈ ਦੁਕਾਨਾਂ ਦੇ ਤਾਲੇ ਤੋੜੇ --- ਤੇਜ਼ ਰਫਤਾਰੀ ਨੇ ਦੋ ਜਾਨਾਂ ਲਈਆਂ --- ਸਰਕਾਰੀ ਮੁਲਾਜ਼ਮ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ --- --- --- ਕੁਝ ਵੀ ਤਾਂ ਨਹੀਂ ਬਦਲਿਆ!
ਚੋਣਾਂ ਨੇੜੇ ਵਾਲੇ ਸੂਬਿਆਂ ਵਿੱਚ ਨੇਤਾਵਾਂ ਦੇ ਉਹੀ ਪੁਰਾਣੇ ਐਲਾਨ, ਵਾਅਦੇ ਅਤੇ ਦਾਅਵੇ --- ਇੱਕ-ਦੂਜੇ ’ਤੇ ਤੋਹਮਤਾਂ, ਕਿਰਦਾਰਕੁਸ਼ੀ। ਮਣੀਪੁਰ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਹੋਈ ਹਿੰਸਾ ਲਈ ਮੁਆਫ਼ੀ ਤਾਂ ਮੰਗ ਲਈ ਪਰ ਨਵੇਂ ਸਾਲ ਅਜਿਹਾ ਨਹੀਂ ਹੋਵੇਗਾ, ਇਸਦੀ ਕੋਈ ਗਰੰਟੀ ਨਹੀਂ --- ਮੈਤੋਈ ਅਤੇ ਕੁੱਕੀ ਧੜਿਆਂ ਦੀ ਜਾਤੀ ਲੜਾਈ ਵਿੱਚ ਪਿਛਲੇ ਵੀਹ ਮਹੀਨਿਆਂ ਤੋਂ ਮਣੀਪੁਰ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਨੇਕਾਂ ਲੋਕਾਂ ਦਾ ਪੁਰਾਣਾ ਸਾਲ ਰਾਹਤ ਕੈਂਪਾਂ ਵਿੱਚ ਗੁਜ਼ਰਿਆ ਅਤੇ ਨਵੇਂ ਸਾਲ ਦਾ ਪਹਿਲਾ ਸੂਰਜ ਵੀ ਉੱਥੇ ਹੀ ਚੜ੍ਹਿਆ। ਰੂਸ-ਯੂਕਰੇਨ ਜੰਗ ਨੂੰ ਤਿੰਨ ਸਾਲ ਹੋਣ ਵਾਲੇ ਹਨ, ਅੱਗੇ ਕਿੰਨਾ ਚਿਰ ਚੱਲੂ ਕੋਈ ਨਹੀਂ ਜਾਣਦਾ। ਇਜ਼ਰਾਇਲ-ਹਮਾਸ ਦੀ ਲੜਾਈ ਵੀ ਅਕਤੂਬਰ 2023 ਤੋਂ ਚੱਲ ਰਹੀ ਹੈ। ਬੇਸ਼ਕ ਦੋਵਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਪਰ ਇਸਦੀ ਸਫਲਤਾ ਸ਼ੱਕੀ ਹੈ।
ਤਿਆਰ ਹੋ ਡਿਊਟੀ ’ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਇੱਕ ਮਿਲਵਰਤਣ ਵਾਲੇ ਸੱਜਣ ਦਾ ਪਤਾ ਲੈਣ ਹਸਪਤਾਲ ਗਿਆ ਜੋ ਕਿ ਚਾਰ-ਪੰਜ ਦਿਨਾਂ ਤੋਂ ਉੱਥੇ ਦਾਖਲ ਹੈ। ਉਸ ਨਾਲ ਨਵੇਂ ਸਾਲ ਦੀ ਪਹਿਲੀ ਮੁਲਾਕਾਤ ਉੱਥੇ ਹੀ ਹੋਈ। ਆਸੇ ਪਾਸੇ ਵੇਖਿਆ, ਹਸਪਤਾਲ ਦੇ ਸਾਰੇ ਬੈੱਡ ਮਰੀਜ਼ਾਂ ਨਾਲ ਭਰੇ ਹੋਏ ਸਨ। ਜਦੋਂ ਥੋੜ੍ਹੇ ਦਿਨ ਪਹਿਲਾਂ ਮੈਂ ਇੱਥੇ ਆਇਆ ਸੀ ਅਤੇ ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ ਮੈਨੂੰ ਕੋਈ ਫ਼ਰਕ ਨਜ਼ਰ ਨਹੀਂ ਆਇਆ ਕਿਉਂਕਿ ਬਿਮਾਰੀਆਂ-ਮੁਸੀਬਤਾਂ ਨਵਾਂ-ਪੁਰਾਣਾ ਨਹੀਂ ਵੇਖਦੀਆਂ ...!
ਰੋਜ਼ਾਨਾ ਦੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੌਰਾਨ ਮਿਲਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਂ ਉਹਨਾਂ ਨੇ ਮੈਨੂੰ ਮੁਬਾਰਕਬਾਦ ਆਖੀ। ਦੁਪਹਿਰ ਸਮੇਂ ਮਿਲੇ ਇੱਕ ਸਾਹਿਤਕ ਦੋਸਤ ਨੂੰ ਜਦੋਂ ਮੈਂ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ ਤਾਂ ਉਸ ਨੇ ਮੇਰੇ ਸੁਭਾਅ ਬਾਰੇ ਜਾਣਦਿਆਂ ਮੈਨੂੰ ਟੋਕਿਆ, “ਤੂੰ ਤਾਂ ਕਹਿੰਦਾ ਹੁੰਨੈ ਕਿ ਨਵੇਂ ਸਾਲ ਅਤੇ ਤਿੱਥਾਂ-ਤਿਉਹਾਰਾਂ ਦਾ ਆਮ ਆਦਮੀ ਲਈ ਕੋਈ ਖਾਸ ਮਹੱਤਵ ਨਹੀਂ ਹੁੰਦਾ, ਫਿਰ ਮੁਬਾਰਕਬਾਦ ਕਿਸ ਗੱਲ ਦੀ?”
“ਹਾਂ! ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਸਮੇਂ ਉਦਾਸ ਰਹੀਏ। ਸਮੇਂ ਦੇ ਪਹੀਏ ਨੇ ਤਾਂ ਨਿਰੰਤਰ ਘੁੰਮਦੇ ਰਹਿਣਾ ਹੈ ਅਤੇ ਨਵੇਂ ਸਾਲ ਨੇ ਵੀ ਹਰ ਹਾਲ ਆਉਣਾ ਹੀ ਹੈ, ਚਾਹੇ ਇਸ ਨੂੰ ਖਿੜੇ ਮੱਥੇ ਸਵੀਕਾਰ ਕਰੀਏ ਜਾਂ ਰੋਂਦੇ ਹੋਏ। ਜੋ ਅੱਜ ਨਵਾਂ ਹੈ ਉਹ ਕੱਲ੍ਹ ਪੁਰਾਣਾ ਹੋ ਜਾਵੇਗਾ। ਉਮੀਦਾਂ, ਸੱਧਰਾਂ, ਚਾਵਾਂ ਦਾ ਹੋਣਾ ਜ਼ਿੰਦਗੀ ਜੀਉਣ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਜੀਵਨ ਨੀਰਸ ਹੋ ਜਾਵੇਗਾ। ਉਮੀਦਾਂ, ਉਡੀਕਾਂ, ਮੋਹ-ਪਿਆਰ ਸਾਨੂੰ ਸਮਾਜ ਨਾਲ ਜੋੜਦੇ ਹਨ। ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਇੱਕ-ਦੂਜੇ ਨੂੰ ਮੁਬਾਰਕਾਂ ਦੇਣ ਦੇ ਨਾਲ-ਨਾਲ ਲੰਘੇ ਸਮੇਂ ਵਿੱਚ ਹੋਈਆਂ ਗਲਤੀਆਂ-ਗੁਸਤਾਖ਼ੀਆਂ ਅਤੇ ਮਿਲੀਆਂ ਅਸਫਲਤਾਵਾਂ ਤੋਂ ਸਬਕ ਲੈਂਦਿਆਂ ਅੱਗੇ ਵਧਣਾ ਚਾਹੀਦਾ ਹੈ। ਦੇਸ਼, ਸਮਾਜ ਅਤੇ ਨਿੱਜ ਦੇ ਭਲੇ ਲਈ ਕਿਸੇ ਹੋਰ ਤੋਂ ਉਮੀਦ ਨਾ ਰੱਖਦੇ ਹੋਏ ਆਪਣੇ-ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਲੰਘੇ ਵਕਤ ਨੂੰ ਅਸੀਂ ਨਹੀਂ ਬਦਲ ਸਕਦੇ ਪਰ ਆਉਣ ਵਾਲੇ ਸਮੇਂ ਨੂੰ ਮਿਹਨਤ ਅਤੇ ਸਿਆਣਪ ਨਾਲ ਮੁਬਾਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਅਸੀਂ ਅਕਸਰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਇੱਕ-ਦੂਜੇ ਦੇ ਖੁਸ਼ੀਆਂ-ਖੇੜਿਆਂ ਅਤੇ ਤੰਦਰੁਸਤੀ ਲਈ ਕਾਮਨਾ ਕਰਦੇ ਹਾਂ। ਇਸਦੇ ਨਾਲ ਨਾਲ ਸਾਨੂੰ ਪੌਣ-ਪਾਣੀ ਦੀ ਸ਼ੁੱਧੀ ਅਤੇ ਬੱਚਤ ਲਈ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਅਗਰ ਤਨ-ਮਨ ਅਰੋਗੀ ਹੋਵੇਗਾ ਤਾਂ ਹਰ ਦਿਨ ਹੀ ਮੁਬਾਰਕ ਹੋਵੇਗਾ। ਮਨ ਦੀ ਮੌਜ ਹੀ ਖੁਸ਼ੀਆਂ ਖੇੜੇ ਲੈਕੇ ਆਵੇਗੀ।”
ਮੇਰੀ ਗੱਲ ਸੁਣ ਨਿੰਮ੍ਹਾ ਜਿਹਾ ਮੁਸਕਰਾਕੇ ਕੁਝ ਸੋਚਦਾ ਹੋਇਆ ਮੇਰਾ ਉਹ ਦੋਸਤ ਆਪਣੇ ਰਾਹ ਪੈ ਗਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)