“ਔਰਤਾਂ ਦੀ ਕਚਹਿਰੀ ਮਹਿਜ਼ ਸੂਟਾਂ, ਨਘੋਚਾਂ ਜਾਂ ਚੁਗਲੀਆਂ ਤਕ ਸੀਮਿਤ ਨਹੀਂ, ਜਿਵੇਂ ਕਿ ...”
(4 ਜੁਲਾਈ 2025)
ਭਾਵੇਂ ਇਕੱਠੀਆਂ ਬੈਠੀਆਂ ਗੱਲਾਂ-ਬਾਤਾਂ ਕਰ ਰਹੀਆਂ ਔਰਤਾਂ ਦੇ ਬੜੇ ਮਜ਼ਾਕ ਬਣਾਏ ਜਾਂਦੇ ਹਨ, ਬੜੇ ਚੁਟਕਲੇ ਘੜੇ ਜਾਂਦੇ ਹਨ, ਤਨਜ਼ ਕਸੇ ਜਾਂਦੇ ਹਨ, ਚੁਗਲਖੋਰ ਕਹਿ ਕੇ ਭੰਡਿਆ ਜਾਂਦਾ ਹੈ, ਧਾਰਮਿਕ ਸਮਾਗਮਾਂ ਵਿੱਚ ਵੀ ਇਨ੍ਹਾਂ ਨੂੰ ਵਾਰ ਵਾਰ ਕੋਸਿਆ ਜਾਂਦਾ ਹੈ ਪਰ ਇਨ੍ਹਾਂ ਦੀਆਂ ਗੱਲਾਂ-ਬਾਤਾਂ ਬੇ-ਮਾਇਨੇ ਨਹੀਂ ਹੁੰਦੀਆਂ, ਸਗੋਂ ਇਨ੍ਹਾਂ ਦੀਆਂ ਹੱਡ ਬੀਤੀਆਂ ਜੱਗ ਬੀਤੀਆਂ ਵਿੱਚ ਤਾਂ ਗਿਆਨ ਦਾ ਖਜ਼ਾਨਾ ਭਰਿਆ ਹੁੰਦਾ ਹੈ। ਇਨ੍ਹਾਂ ਦੀਆਂ ਗੁਰਮਤਾਂ ਵਿੱਚ ਤਾਂ ਸਮਾਜ ਵਿੱਚ ਵਾਪਰ ਰਹੇ ਹਰ ਬਿਰਤਾਂਤ ਦੀ ਤਸਵੀਰ ਇਨ-ਬਿਨ ਖਿੱਚੀ ਹੁੰਦੀ ਹੈ। ਇਨ੍ਹਾਂ ਦੀ ਚੁੰਝ ਚਰਚਾ ਨਿੱਜ ਤੋਂ ਸ਼ੁਰੂ ਹੋ ਕੇ ਪਰਿਵਾਰਾਂ, ਪਿੰਡਾਂ ਰਾਹੀਂ ਹੁੰਦੀ ਹੋਈ ਦੇਸ-ਪ੍ਰਦੇਸ ਤਕ ਅੱਪੜ ਜਾਂਦੀ ਹੈ। ਇਹ ਇੱਕ ਦੂਜੀ ਦੇ ਦੁੱਖ-ਸੁਖ ਨੂੰ ਆਪਣਾ ਹੀ ਸਮਝਣ ਲੱਗ ਜਾਂਦੀਆਂ ਹਨ। ਇਸੇ ਕਰਕੇ ਹੀ ਤਾਂ ਵੱਖ ਵੱਖ ਪਿੰਡਾਂ, ਸ਼ਹਿਰਾਂ ਤੋਂ ਹੋ ਕੇ ਵੀ ਉਹ ਆਪਸ ਵਿੱਚ ਇੰਨਾ ਘੁਲ ਮਿਲ ਜਾਂਦੀਆਂ ਹਨ, ਜਿਵੇਂ ਕਿਤੇ ਚਿਰਾਂ ਤੋਂ ਇੱਕ ਦੂਜੀ ਨੂੰ ਜਾਣਦੀਆਂ ਗੂੜ੍ਹੀਆਂ ਸਹੇਲੀਆਂ ਜਾਂ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਹੋਣ।
ਪਹਿਲਾਂ ਦੇ ਸਮਿਆਂ ਵਿੱਚ ਇਨ੍ਹਾਂ ਦੀ ਗੱਲਬਾਤ ਦੇ ਵਿਸ਼ੇ ਘਰ ਦੇ ਜੀਆਂ ਦੀ ਸੁੱਖ-ਸਾਂਦ, ਫ਼ਸਲ-ਵਾੜੀ, ਦੁੱਧ-ਵਾਧ ਦੀ ਹੁੰਦੀ ਸੀ, ਜਿਸ ਨਾਲ ਸਾਡੇ ਪਿੰਡਾਂ ਵਿੱਚ ਵਸਦੀ ਲੋਕਾਈ ਦੀ ਜੀਵਨ ਜਾਚ ਦੀ ਪੂਰੀ ਤਸਵੀਰ ਦੇਖੀ ਜਾ ਸਕਦੀ ਹੁੰਦੀ ਸੀ। ਆਹ ਪਿਛਲੇ ਸਾਲਾਂ ਤੋਂ ਦੇਖਿਆ ਹੈ ਕਿ ਜਿੱਥੇ ਵੀ ਔਰਤਾਂ ਦੋ ਹੋਣ, ਚਾਰ ਹੋਣ, ਚਾਹੇ ਹੋਣ ਵੱਧ, ਕੀ ਨਿਆਣੀਆਂ ਤੇ ਕੀ ਸਿਆਣੀਆਂ, ਸਭ ਦੇ ਚਰਚਾ ਦੇ ਵਿਸ਼ੇ ਅੰਤਰਰਾਸ਼ਟਰੀ ਪੱਧਰ ਦੇ ਹੁੰਦੇ ਹਨ। ਇਨ੍ਹਾਂ ਦਾ ਚਾਅ ਨਹੀਂ ਚੁੱਕਿਆ ਜਾਂਦਾ ਹੁੰਦਾ, ਖੁਸ਼ ਹੋ ਹੋ ਕੇ ਜੁਆਕਾਂ ਦੇ ਲੱਗੇ ਵੀਜ਼ਿਆਂ, ਆਪ ਉੱਥੇ ਜਾਣ ਦਾ ਡੁੱਲ੍ਹ ਡੁੱਲ੍ਹ ਪੈਂਦਾ ਚਾਅ, ਬਾਹਰ ਗੇੜਾ ਲਾ ਕੇ ਮੁੜੀਆਂ ਦੀ ਟੌਹਰ, ਬਦੇਸ਼ਾਂ ਵਿੱਚ ਹੋਏ ਧੀਆਂ ਪੁੱਤਾਂ ਦੇ ਰਿਸ਼ਤੇ, ਵਿਆਹ-ਸ਼ਾਦੀ ਦੇ ਕਿੱਸੇ, ਵਿਆਹ ਅਸਲੀ ਹੋਵੇ ਤੇ ਚਾਹੇ ਨਕਲੀ, ਭਾਵੇਂ ਦੋਨੋਂ ਵਿਆਂਹਦੜ ਹਾਜ਼ਰ ਹੋਣ ਤੇ ਭਾਵੇਂ ਇੱਕ ਦੀ ਫੋਟੋ ਹੀ ਹੋਵੇ, ਸਭ ਕੋਲ ਇਹੋ ਜਿਹੇ ਕਿੱਸਿਆਂ ਦੀਆਂ ਲੰਬੀਆਂ ਲੰਬੀਆਂ ਲਿਸਟਾਂ ਹੁੰਦੀਆਂ ਹਨ। ਇਹ ਔਰਤਾਂ ਕਿਹੜੇ ਦੇਸ਼ ਜਾਣ ਲਈ ਕਿਹੜੀ ਪੜ੍ਹਾਈ ਤੇ ਕਿੰਨੇ ਬੈਂਡ ਚਾਹੀਦੇ ਹਨ, ਸਭ ਜਾਣਕਾਰੀ ਰੱਖਦੀਆਂ ਹਨ। ਕਨੇਡਾ, ਅਮਰੀਕਾ, ਅਸਟ੍ਰੇਲੀਆ, ਇੰਗਲੈਂਡ, ਸਾਈਪ੍ਰਸ, ਡਬਈ ਹੋਰ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਦੇ ਨਾਮ ਹੀ ਨਹੀਂ ਉਨ੍ਹਾਂ ਦੇਸ਼ਾਂ ਦੇ ਸ਼ਹਿਰਾਂ ਤਕ ਦੇ ਨਾਮ ਵੀ ਯਾਦ ਕਰੀ ਫਿਰਦੀਆਂ ਹਨ।
ਪਰ ਆਹ ਜਦੋਂ ਦਾ ਟਰੰਪ ਸਰਕਾਰ ਨੇ ਸਾਡੇ ਮੁਲਕ ਦੇ ਪੁੱਤਾਂ-ਧੀਆਂ ਨੂੰ ਸੰਗਲਾਂ-ਬੇੜੀਆਂ ਵਿੱਚ ਨੂੜ-ਨੂੜ ਕੇ ਜਹਾਜ਼ੀਂ ਚਾੜ੍ਹਿਆ ਹੈ, ਵੀਜ਼ੇ ਲੱਗ ਨਹੀਂ ਰਹੇ, ਪੀ ਆਰ ਦੀਆਂ ਫਾਇਲਾਂ ਘੱਟੇ ਰੁਲ ਰਹੀਆਂ ਹਨ, ਕੰਮ-ਕਾਰ ਮਿਲਣ ਦਾ ਬੁਰਾ ਹਾਲ ਹੈ, ਸਾਰੇ ਸੰਸਾਰ ਵਿੱਚ ਹੀ ਚਿੰਤਾ ਦਾ ਮਾਹੌਲ ਹੈ, ਹੁਣ ਇਹੀ ਫ਼ਿਕਰ ਉਹਨਾਂ ਦੀ ਗੱਲਬਾਤ ਦੇ ਵਿਸ਼ੇ ਹੁੰਦੇ ਹਨ। ਘਰ-ਬਾਰ ਤੇ ਜ਼ਮੀਨਾਂ ਵੇਚ ਕੇ ਭੇਜੇ ਧੀਆਂ ਪੁੱਤ ਪ੍ਰਦੇਸਾਂ ਵਿੱਚ ਰੁਲੇ ਫਿਰਦੇ ਹਨ। ਕਈ ਕਈ ਮਹੀਨੇ ਏਜੰਟਾਂ ਨੂੰ ਫੜਾਈ ਕੁੱਲ ਪੂੰਜੀ ਤੋਂ ਬਾਅਦ ਵੀ ਵੀਜ਼ੇ ਨਾ ਲੱਗਣੇ, ਏਜੰਟਾਂ ਵੱਲੋਂ ਮਾਰੀਆਂ ਜਾਂਦੀਆਂ ਠੱਗੀਆਂ, ਵਿਆਹਾਂ ਦੇ ਨਾਮ ’ਤੇ ਹੋਏ ਧੋਖੇ, ਪੁੱਤਾਂ ਵਾਲਿਆਂ ਵੱਲੋਂ ਲੱਖਾਂ ਰੁਪਇਆ ਲਾ ਕੇ ਬਦੇਸ਼ੀਂ ਤੋਰੀਆਂ ਨੂੰਹਾਂ ਦਾ ਉੱਥੇ ਜਾ ਕੇ ਮੁੱਕਰ ਜਾਣਾ, ਇਕੱਲਤਾ ਦਾ ਸੰਤਾਪ ਭੋਗਦੇ ਮਾਪੇ, ਬਦੇਸ਼ਾਂ ਵਿੱਚ ਗੈਂਗਵਾਰ, ਨਸ਼ਿਆਂ ਦਾ ਖੁੱਲ੍ਹੇਆਮ ਆਮ ਮਿਲਣਾ ਤੇ ਜਵਾਨੀ ਦਾ ਇਹਦੇ ਵਿੱਚ ਗ੍ਰਸੇ ਜਾਣਾ, ਭਰ ਜਵਾਨੀ ਵਿੱਚ ਹਾਰਟ ਅਟੈਕ ਹੋਣੇ, ਸਭ ਉਹਨਾਂ ਦੀ ਚਰਚਾ ਦੇ ਵਿਸ਼ੇ ਹੁੰਦੇ ਹਨ। ਦਿਲ ਨੂੰ ਧਰਵਾਸ ਦੇਣ ਲਈ ਜਾਂ ਹੋਰਾਂ ਤੋਂ ਓਹਲਾ ਰੱਖਣ ਲਈ ਹਰ ਕੋਈ ਕਹੂ, “ਸਾਡੇ ਜੁਆਕ ਤਾਂ ਠੀਕ ਐ, ਵਧੀਆ ਰਹਿੰਦੇ ਐ, ਕੰਮ-ਕਾਰ ਵੀ ਸੁੱਖ ਨਾਲ ਵਧੀਆ ਮਿਲਿਆ ਹੋਇਆ ਐ, ਪਰ ਊਂ ਉੱਥੇ ਬਹੁਤ ਬੁਰਾ ਹਾਲ ਐ, ਜੁਆਕ ਰੁਲਦੇ ਫਿਰਦੇ ਐ, ਧੱਕੇ ਖਾਂਦੇ ਫਿਰਦੇ ਐ। ਨਾ ਰਹਿਣ ਲਈ ਕੋਈ ਟਿਕਾਣਾ, ਨਾ ਰੋਟੀ ਟੁੱਕ ਦਾ ਪ੍ਰਬੰਧ, ਨਾ ਫੀਸਾਂ ਭਰਨ ਲਈ ਪੈਸੇ, ਭਾਈ ਕੋਈ ਹਾਲ ਨੀ।” ਦੇਖੋ! ਖਿੱਚੀ ਪਈ ਹੈ ਨਾ ਅੰਤਰਰਾਸ਼ਟਰੀ ਪੱਧਰ ਦੇ ਸਾਰੇ ਸਮਾਜਿਕ ਤਾਣੇ-ਬਾਣੇ ਦੀ ਤਸਵੀਰ।
ਇਸੇ ਕਰਕੇ ਔਰਤਾਂ ਦੀ ਕਚਹਿਰੀ ਮਹਿਜ਼ ਸੂਟਾਂ, ਨਘੋਚਾਂ ਜਾਂ ਚੁਗਲੀਆਂ ਤਕ ਸੀਮਿਤ ਨਹੀਂ, ਜਿਵੇਂ ਕਿ ਪ੍ਰਚਾਰਿਆ ਜਾਂਦਾ ਹੈ, ਸਗੋਂ ਇਨ੍ਹਾਂ ਰਾਹੀਂ ਤਾਂ ਸਮਾਜਿਕ ਰਿਸ਼ਤਿਆਂ ਵਿੱਚ ਆਏ ਬਦਲਾਅ, ਨਿੱਤ ਦਿਨ ਵਾਪਰ ਰਹੀਆਂ ਨਵੀਂਆਂ ਤੋਂ ਨਵੀਂਆਂ ਘਟਨਾਵਾਂ, ਹੋਰ ਭਖਦੇ ਸਮਾਜਿਕ ਮਸਲੇ, ਉਨ੍ਹਾਂ ਪ੍ਰਤੀ ਲੋਕਾਂ ਦਾ ਪ੍ਰਤੀਕਰਮ, ਸਭ ਕੁਝ ਮਿਲਦਾ ਹੈ, ਜੋ ਸਾਡੇ ਸਮਾਜ ਨੂੰ ਸਮਝਣ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ।
ਸੋ ਔਰਤਾਂ ਦੀ ਚੁੰਝ ਚਰਚਾ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਜੋ ਜਾਣਕਾਰੀ ਇਨ੍ਹਾਂ ਤੋਂ ਮਿਲਦੀ ਹੈ, ਉਹ ਕਿਸੇ ਗੂਗਲ ਵਿੱਚੋਂ ਨਹੀਂ ਮਿਲਣੀ। ਅੱਜਕੱਲ੍ਹ ਅੰਤਰਰਾਸ਼ਟਰੀ ਪੱਧਰ ਦੇ ਬਣੇ ਹਾਲਾਤ ਕਰਕੇ ਉਹਨਾਂ ਦੇ ਚਿਹਰਿਆਂ ’ਤੇ ਡੂੰਘੀਆਂ ਹੋਈਆਂ ਚਿੰਤਾ ਦੀਆਂ ਰੇਖਾਵਾਂ, ਸਾਡੇ ਸਭ ਲਈ ਚਿੰਤਨ ਕਰਨ ਦਾ ਵਿਸ਼ਾ ਬਣਨਾ ਚਾਹੀਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)