“... ਬਨੇਰੇ ਤੋਂ ਅਗਾਂਹ ਨੂੰ ਅਜਿਹਾ ਉੱਲਰਿਆ ਕਿ ਅਚਾਨਕ ਕੋਠੇ ਤੋਂ ਹੇਠਾਂ ਡਿਗ ਪਿਆ। ਪਤੰਗ ...”
(27 ਜੂਨ 2025)
ਇਹ ਗੱਲ 1975 ਦੀ ਹੈ ਜਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸਾਂ। ਮੇਰੇ ਨਾਨਾ ਜੀ ਦੀ ਜਗਰਾਵਾਂ ਨੇੜੇ ਹਠੂਰ ਪਿੰਡ ਵਿੱਚ ਕੱਪੜੇ ਦੀ ਦੁਕਾਨ ਸੀ। ਇਹ ਪਿੰਡ ਜਗਰਾਵਾਂ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੂਰ ਹੈ। ਪਿੰਡ ਦੇ ਮੇਨ ਬਜ਼ਾਰ ਵਿੱਚ ਦੁਕਾਨਾਂ ਉੱਤੇ ਚੁਬਾਰਾ ਸੀ। ਉਸ ਚੁਬਾਰੇ ਵਿੱਚ ਮੇਰਾ ਨਾਨਕਾ ਪਰਿਵਾਰ ਰਹਿੰਦਾ ਸੀ। ਮੇਰੇ ਦੋ ਮਾਮੇ ਤੇ ਇੱਕ ਮਾਸੀ ਸੀ। ਮਾਮੇ ਤੇ ਮਾਸੀ ਕੁਆਰੇ ਸਨ। ਮੈਂ ਆਪਣੇ ਮਾਤਾ ਪਿਤਾ ਨਾਲ ਖੰਨਾ ਸ਼ਹਿਰ ਵਿੱਚ ਰਹਿੰਦਾ ਸੀ, ਜਿੱਥੇ ਮੇਰਾ ਜਨਮ ਹੋਇਆ ਸੀ। ਸਕੂਲ ਵਿੱਚ ਜੂਨ ਦੀਆਂ ਛੁੱਟੀਆਂ ਆ ਗਈਆਂ। ਮੇਰੇ ਨਾਨਾ ਜੀ ਉਚੇਚੇ ਤੌਰ ’ਤੇ ਹਠੂਰ ਤੋਂ ਖੰਨਾ ਸ਼ਹਿਰ ਮੈਨੂੰ ਲੈਣ ਲਈ ਆਏ। ਉਸ ਸਮੇਂ ਹਠੂਰ ਤੋਂ ਖੰਨਾ ਲਈ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਸਨ। ਮੇਰੇ ਨਾਨਾ ਜੀ ਧਾਰਮਿਕ ਵਿਚਾਰਾਂ ਵਾਲੇ ਸਨ। ਜਦੋਂ ਸਾਡੇ ਘਰ ਆਉਂਦੇ, ਚੌਂਕ ਤੋਂ ਹੀ ਉੱਚੀ ਉੱਚੀ ਸਤਿ ਸ੍ਰੀ ਅਕਾਲ ਬੋਲਦੇ ਆਉਂਦੇ। ਉਹਨਾਂ ਦੀ ਆਵਾਜ਼ ਸੁਣ ਕੇ ਮੇਰੇ ਮੰਮੀ ਆਖਣ ਲੱਗੇ ਕਿ ਭਾਪਾ ਜੀ ਆ ਗਏ ਨੇ। ਮੈਂ ਚੌਂਕ ਵੱਲ ਭੱਜਿਆ। ਨਾਨਾ ਜੀ ਨੇ ਮੈਨੂੰ ਦੇਖ ਕੇ ਗੋਦੀ ਚੁੱਕ ਲਿਆ। ਘਰ ਆ ਕੇ ਚਾਹ ਪਾਣੀ ਪੀਤਾ ਫਿਰ ਮੈਨੂੰ ਆਪਣੇ ਨਾਲ ਪਿੰਡ ਲਿਜਾਣ ਲਈ ਤਿਆਰ ਹੋ ਗਏ। ਅਜੇ ਅਸੀਂ ਪੈਦਲ ਥੋੜ੍ਹੀ ਦੂਰ ਗਏ ਸਾਂ ਕਿ ਅਚਾਨਕ ਇੱਕ ਬਿੱਲੀ ਸਾਡੇ ਅੱਗਿਓਂ ਲੰਘ ਗਈ। ਨਾਨਾ ਜੀ ਮੈਨੂੰ ਲੈ ਕੇ ਵਾਪਸ ਆ ਗਏ। ਜੁੱਤੀ ਉਤਾਰੀ ਅਤੇ ਦਸ ਮਿੰਟ ਬੈਠ ਕੇ ਫਿਰ ਮੈਨੂੰ ਲੈ ਕੇ ਬੱਸ ਸਾਡੇ ਵੱਲ ਰਵਾਨਾ ਹੋ ਗਏ।
ਮੈਨੂੰ ਨਾਨਕੇ ਜਾਣ ਦਾ ਬਹੁਤ ਚਾਅ ਸੀ। ਮੇਰੇ ਨਾਨਾ ਨਾਨੀ, ਮਾਮੇ ਤੇ ਮਾਸੀ ਮੈਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਮੰਮੀ ਸਾਰੇ ਭੈਣ ਭਰਾਵਾਂ ਤੋਂ ਵੱਡੇ ਸਨ। ਮੇਰੀ ਮਾਸੀ ਤੋਂ ਮੇਰੇ ਮੰਮੀ 15 ਸਾਲ ਵੱਡੇ ਸਨ। ਮਾਸੀ ਮੇਰੇ ਤੋਂ ਮਸਾਂ ਛੇ ਸਾਲ ਵੱਡੀ ਸੀ। ਮੈਂ ਮਾਸੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸਾਂ ਕਿਉਂਕਿ ਮੇਰੀ ਆਪਣੀ ਕੋਈ ਸਕੀ ਭੈਣ ਨਹੀਂ ਸੀ। ਛੋਟੇ ਮਾਮਾ ਮਨਿੰਦਰ ਸਿੰਘ ਮੇਰੇ ਤੋਂ 12 ਸਾਲ ਅਤੇ ਵੱਡੇ ਮਾਮਾ ਅਵਤਾਰ ਸਿੰਘ 17 ਸਾਲ ਵੱਡੇ ਸੀ। ਭਾਵੇਂ ਉਮਰ ਮੇਰੀ ਅੱਜ 56 ਸਾਲ ਹੋ ਗਈ ਪਰ ਉਹਨਾਂ ਦੇ ਪਿਆਰ ਵਿੱਚ ਅੱਜ ਵੀ ਕਮੀ ਨਹੀਂ ਆਈ। ਅੱਜ ਵੀ ਉਹ ਮੈਨੂੰ ਉੰਨਾ ਹੀ ਪਿਆਰ ਕਰਦੇ ਹਨ। ਮੇਰੀ ਨਾਨੀ ਅਕਸਰ ਸਾਗ ਬਣਾਉਂਦੀ ਰਹਿੰਦੀ ਤੇ ਮੱਖਣ ਪਾ ਕੇ ਮੈਨੂੰ ਖਵਾਉਂਦੀ।
ਜਿਸ ਸਮੇਂ ਦੀ ਮੈਂ ਗੱਲ ਕਰਦਾ ਹਾਂ, ਉਸ ਸਮੇਂ ਘਰਾਂ ਵਿੱਚ ਟੀਵੀ ਨਹੀਂ ਹੋਇਆ ਕਰਦੇ ਸਨ। ਪਤੰਗ ਉਡਾ ਕੇ ਬੱਚੇ ਮਨ ਪਰਚਾਉਂਦੇ ਸਨ। ਮੇਰੇ ਛੋਟੇ ਮਾਮਾ ਜੀ ਨੂੰ ਵੀ ਪਤੰਗ ਉਡਾਉਣ ਦਾ ਬਹੁਤ ਸ਼ੌਕ ਸੀ। ਸਵੇਰ ਦਾ ਸਮਾਂ ਸੀ, ਮਾਮਾ ਜੀ ਨੇ ਡੋਰ ਲਿਆਂਦੀ ਅਤੇ ਪਤੰਗ ਅਸਮਾਨੀ ਚੜ੍ਹਾ ਦਿੱਤਾ। ਮੈਂ ਡੋਰ ਫੜਨ ਲਈ ਕਾਹਲਾ ਸਾਂ। ਮੇਰੇ ਮਾਮਾ ਜੀ ਨੂੰ ਪਿਆਸ ਲੱਗ ਗਈ ਤੇ ਮਾਮਾ ਜੀ ਮੈਨੂੰ ਡੋਰ ਫੜਾ ਕੇ ਆਪ ਹੇਠਾਂ ਪਾਣੀ ਪੀਣ ਚਲੇ ਗਏ। ਕੋਠੇ ਉੱਤੇ ਬਨੇਰੇ ਬਹੁਤ ਛੋਟੇ ਛੋਟੇ ਸਨ। ਅਚਾਨਕ ਮੇਰੀ ਪਤੰਗ ਕਿਸੇ ਨੇ ਕੱਟ ਦਿੱਤੀ। ਮੈਂ ਬਨੇਰੇ ਤੋਂ ਝਾਕ ਕੇ ਮਾਮਾ ਜੀ ਨੂੰ ਦੱਸਣ ਲੱਗਾ ਤਾਂ ਬਨੇਰੇ ਤੋਂ ਅਗਾਂਹ ਨੂੰ ਅਜਿਹਾ ਉੱਲਰਿਆ ਕਿ ਅਚਾਨਕ ਕੋਠੇ ਤੋਂ ਹੇਠਾਂ ਡਿਗ ਪਿਆ। ਪਤੰਗ ਉਡਾਉਣ ਅਤੇ ਬਨੇਰੇ ਤੋਂ ਹੇਠਾਂ ਝਾਕਣ ਤਕ ਦਾ ਦ੍ਰਿਸ਼ ਮੈਨੂੰ ਹੈ, ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਕੁਝ ਨਹੀਂ ਪਤਾ। ਮੈਨੂੰ ਬਾਅਦ ਵਿੱਚ ਘਰਦਿਆਂ ਤੋਂ ਪਤਾ ਲੱਗਾ ਕਿ ਡਿਗਦੇ ਸਾਰ ਮੇਰੇ ਸਿਰ ਨੱਕ ਤੇ ਕੰਨਾਂ ਵਿੱਚੋਂ ਖੂਨ ਵਗਣ ਲੱਗਾ। ਮੈਂ ਪੂਰੀ ਤਰ੍ਹਾਂ ਬੇਹੋਸ਼ ਸੀ। ਮੇਰੀ ਨਾਨੀ ਨੇ ਪਿੱਟ ਪਿੱਟ ਕੇ ਸਰੀਰ ਨੀਲਾ ਕਰ ਲਿਆ।
ਜਗਰਾਵਾਂ ਸ਼ਹਿਰ ਵਿੱਚ ਡਾਕਟਰ ਕੁਲਵੰਤ ਸਿੰਘ ਦਾ ਹਸਪਤਾਲ ਸੀ, ਜੋ ਸ਼ਾਇਦ ਅੱਜ ਵੀ ਹੈ। ਪਿੰਡ ਤੋਂ ਜਗਰਾਵਾਂ ਨੂੰ ਦੋ ਘੰਟੇ ਬਾਅਦ ਬੱਸ ਚਲਦੀ ਸੀ। ਬੱਸ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਸੀ। ਦੋ ਘੰਟੇ ਬਾਅਦ ਇੱਕ ਬੱਸ ਆਈ। ਮੈਨੂੰ ਜਲਦੀ ਚਾਦਰ ਵਿੱਚ ਲਪੇਟ ਕੇ ਜਗਰਾਵਾਂ ਲਿਜਾਣ ਦੀ ਤਿਆਰੀ ਹੋਣ ਲੱਗੀ। ਬੱਸ ਦੇ ਡਰਾਈਵਰ ਨੇ ਜਦੋਂ ਮੇਰੀ ਨਾਨੀ ਨੂੰ ਧਾਹਾਂ ਮਾਰਦੇ ਹੋਏ ਦੇਖਿਆ ਤਾਂ ਉਸਨੇ ਹਠੂਰ ਤੋਂ ਜਗਰਾਵਾਂ ਤਕ ਕਿਸੇ ਪਿੰਡ ਦੀ ਸਵਾਰੀ ਨਾ ਚੁੱਕੀ। ਸਿਰਫ ਮੈਨੂੰ, ਮੇਰੇ ਨਾਨਾ ਨਾਨੀ ਤੇ ਵੱਡੇ ਮਾਮਾ ਜੀ ਨੂੰ ਲੈ ਕੇ ਉਹ ਜਗਰਾਵਾਂ ਹਸਪਤਾਲ ਪਹੁੰਚ ਗਿਆ। ਦੁਪਹਿਰ ਹੋ ਚੁੱਕੀ ਸੀ, ਵੱਡੇ ਮਾਮਾ ਜੀ ਖੰਨਾ ਲਈ ਰਵਾਨਾ ਹੋ ਚੁੱਕੇ ਸਨ। ਉਹਨਾਂ ਦਿਨਾਂ ਵਿੱਚ ਚਿੱਠੀ ਤੋਂ ਇਲਾਵਾ ਹੋਰ ਸੰਪਰਕ ਦਾ ਕੋਈ ਸਾਧਨ ਨਹੀਂ ਸੀ। ਮੇਰੇ ਪਿਤਾ ਜੀ ਕਾਫੀ ਸਖਤ ਸੁਭਾਅ ਦੇ ਹੋਣ ਕਰਕੇ ਹਰ ਰਿਸ਼ਤੇਦਾਰ ਉਹਨਾਂ ਤੋਂ ਡਰਦਾ ਸੀ। ਨਾਨੀ ਜੀ ਹਸਪਤਾਲ ਵਿੱਚ ਰੋ ਰੋ ਕੇ ਕਹਿ ਰਹੇ ਸਨ ਕਿ ਜੇ ਬੱਚੇ ਨੂੰ ਕੁਝ ਹੋ ਗਿਆ ਤਾਂ ਇਸਦੇ ਪਿਓ ਨੇ ਸਾਰੀ ਉਮਰ ਸਾਨੂੰ ਨਹੀਂ ਛੱਡਣਾ। ਉੱਧਰ ਵੱਡੇ ਮਾਮਾ ਜੀ ਰਾਤ ਵੇਲੇ ਖੰਨੇ ਪਹੁੰਚ ਗਏ। ਮਾਮਾ ਜੀ ਦੀ ਘਬਰਾਈ ਸ਼ਕਲ ਦੇਖ ਕੇ ਪਿਤਾ ਨੇ ਪੁੱਛਿਆ, “ਕੀ ਗੱਲ, ਸਭ ਖੈਰ ਸੁੱਖ ਹੈ?
ਮਾਮਾ ਜੀ ਨੇ ਕਿਹਾ, “ਨਵਦੀਪ ਪੌੜੀਆਂ ਤੋਂ ਡਿਗ ਪਿਆ।”
ਜਦੋਂ ਪਿਤਾ ਜੀ ਨੇ ਸਖਤੀ ਨਾਲ ਪੁੱਛਿਆ ਤਾਂ ਮਾਮਾ ਜੀ ਨੂੰ ਕਹਿਣਾ ਪਿਆ ਕਿ ਪੌੜੀਆਂ ਤੋਂ ਨਹੀਂ, ਕੋਠੇ ਤੋਂ ਡਿਗ ਪਿਆ ਹੈ। ਮੇਰੇ ਦਾਦੀ ਜੀ ਉੱਚੀ ਉੱਚੀ ਰੋਣ ਲੱਗ ਪਏ। ਸਾਰੀ ਰਾਤ ਸਾਰੇ ਮੈਂਬਰਾਂ ਨੇ ਜਾਗ ਕੇ ਕੱਟੀ। ਅਗਲੇ ਦਿਨ ਤੜਕੇ ਪਹਿਲੀ ਬੱਸ ਫੜੀ ਤੇ ਜਗਰਾਵਾਂ ਲਈ ਤੁਰ ਪਏ। ਮੈਨੂੰ ਬੇਹੋਸ਼ ਹੋਏ 24 ਘੰਟੇ ਹੋ ਗਏ ਸਨ। ਉਹਨਾਂ ਦਿਨਾਂ ਵਿੱਚ ਸੀਟੀ ਸਕੈਨ ਅਤੇ ਐੱਮ ਆਰ ਆਈ ਦੀ ਸਹੂਲਤ ਨਹੀਂ ਸੀ ਹੁੰਦੀ। ਮੈਨੂੰ ਟੀਕੇ ਲੱਗਦੇ ਰਹੇ। ਅਗਲੇ ਦਿਨ ਰਾਤ ਵੇਲੇ 48 ਘੰਟੇ ਬਾਅਦ ਮੈਨੂੰ ਹੋਸ਼ ਆਈ। ਮੇਰਾ ਹੋਸ਼ ਵਿੱਚ ਆਉਣਾ, ਮੇਰਾ ਦੂਜਾ ਜਨਮ ਸੀ। ਮੈਨੂੰ ਇੰਨਾ ਯਾਦ ਹੈ ਕਿ ਜਦੋਂ ਮੇਰੀ ਅੱਖ ਖੁੱਲ੍ਹੀ, ਮੇਰੇ ਨਾਨਾ ਜੀ ਮੇਰੇ ਨਾਲ ਲੇਟੇ ਹੋਏ ਸਨ। ਮੈਨੂੰ ਹਨੇਰੇ ਵਿੱਚ ਰੱਖਿਆ ਗਿਆ ਸੀ। ਡਾਕਟਰ ਨੇ ਕਿਹਾ ਸੀ ਕਿ ਇਸ ਬੱਚੇ ਨੂੰ ਚਾਨਣ ਨਹੀਂ ਵਿਖਾਉਣਾ।
ਅੱਖਾਂ ਖੋਲ੍ਹਦਿਆਂ ਹੀ ਮੈਂ ਆਪਣੇ ਨਾਨਾ ਜੀ ਨੂੰ ਪੁੱਛਣ ਲੱਗਾ, ਭਾਪਾ ਜੀ, ਅਸੀਂ ਕਿੱਥੇ ਹਾਂ? ਇਹ ਕਿਹੜੀ ਥਾਂ ਹੈ? ਇੰਨਾ ਹਨੇਰਾ ਕਿਉਂ ਹੈ? ਅਗਲੇ ਦਿਨ ਮੇਰੇ ਮੰਮੀ ਡੈਡੀ ਵੀ ਪਹੁੰਚ ਗਏ। ਡਾਕਟਰ ਦੇ ਸ਼ਬਦ ਸਨ, “ਸ਼ੁਕਰ ਹੈ ਖਤਰਾ ਟਲ਼ ਗਿਆ।”
ਮੈਂ ਜਦੋਂ ਆਪਣੇ ਸਿਰ ’ਤੇ ਹੱਥ ਲਾਇਆ ਤਾਂ ਸਿਰ ਦਾ ਵਿਚਕਾਰਲਾ ਹਿੱਸਾ ਟਮਾਟਰ ਵਾਂਗ ਪਿਲ ਪਿਲ ਕਰ ਰਿਹਾ ਸੀ। ਡਾਕਟਰ ਨੇ ਕਿਹਾ ਕਿ ਇਸ ਬੱਚੇ ਦੇ ਚਾਰ ਸਾਲ ਜੂੜਾ ਨਹੀਂ ਕਰਨਾ, ਪਾਸਿਆਂ ’ਤੇ ਗੁੱਤਾਂ ਹੀ ਕਰਨੀਆਂ ਹਨ। ਮੇਰੇ ਨਾਨਕਿਆਂ ਦੇ ਸਾਹ ਵਿੱਚ ਸਾਹ ਆਇਆ। ਅੱਜ ਵੀ ਜਦੋਂ ਮੈਂ ਚਿੰਤਾ ਵਿੱਚ ਹੁੰਦਾ ਹਾਂ ਤਾਂ ਮੇਰੇ ਸਿਰ ਦੇ ਵਿਚਕਾਰ ਦਰਦ ਮਹਿਸੂਸ ਹੁੰਦਾ ਹੈ। ਆਪਣੇ ਦੂਜੇ ਜਨਮ ਲਈ ਮੈਂ ਅੱਜ ਵੀ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)