“ਮੁਹੱਲੇ ਦੇ ਸਾਰੇ ਬੱਚੇ ਉਹਨਾਂ ਦੇ ਘਰ ਟੀਵੀ ਦੇਖਣ ਜਾਇਆ ਕਰਦੇ ਸਨ। ਉਸ ਸਮੇਂ ...”
(20 ਜੂਨ 2025)
ਮੈਂ ਲੁਧਿਆਣੇ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਜੰਮਪਲ ਹਾਂ। ਜਿਸ ਮੁਹੱਲੇ ਵਿੱਚ ਖੇਡਦਿਆ ਮੈਂ ਵੱਡਾ ਹੋਇਆ, ਉਸ ਮੁਹੱਲੇ ਦਾ ਨਾਂ ਉੱਚਾ ਵਿਹੜਾ ਸੀ ਕਿਉਂਕਿ ਸ਼ਹਿਰ ਦੇ ਸਾਰੇ ਮੁਹੱਲਿਆਂ ਨਾਲੋਂ ਇਹ ਉੱਚੀ ਜਗ੍ਹਾ ’ਤੇ ਸੀ। ਇਸ ਨੂੰ ਮੁਹੱਲਾ ਅਰਾਈਆਂ ਦਾ ਵੀ ਕਿਹਾ ਜਾਂਦਾ ਸੀ ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਅਰਾਈਂ ਰਹਿੰਦੇ ਸਨ ਜੋ ਜ਼ਿਆਦਾਤਰ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਮੈਂ ਅੱਜ 56 ਸਾਲ ਦਾ ਹੋ ਗਿਆ ਹਾਂ। ਮੈਨੂੰ ਅੱਜ ਵੀ ਉਸ ਬੀਤੇ ਸਮੇਂ ਦੀਆਂ ਯਾਦਾਂ ਚੇਤੇ ਆਉਂਦੀਆਂ ਹਨ, ਜੋ ਮੇਰੇ ਬਚਪਨ ਨਾਲ ਜੁੜੀਆਂ ਹਨ। ਸਾਡੇ ਮੁਹੱਲੇ ਵਿੱਚ ਇੱਕ ਘਰ ਨਸਵਾਰ ਵਾਲਿਆਂ ਦਾ ਹੁੰਦਾ ਸੀ, ਜੋ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ। ਨਸਵਾਰ ਵਾਲੇ ਉਹਨਾਂ ਨੂੰ ਤਾਂ ਕਹਿੰਦੇ ਸਨ ਕਿਉਂਕਿ ਉਹ ਜਰਦਾ, ਤੰਬਾਕੂ ਤੇ ਨਸਵਾਰ ਦਾ ਲੰਬਾ ਚੌੜਾ ਕਾਰੋਬਾਰ ਕਰਦੇ ਸਨ। ਉਹ ਦੂਜੇ ਸੂਬਿਆਂ ਨੂੰ ਵੀ ਇਹ ਸਮਾਨ ਸਪਲਾਈ ਕਰਦੇ ਸਨ। ਉਹ ਸਾਰੇ ਮੁਹੱਲੇ ਵਿੱਚ ਸਭ ਤੋਂ ਅਮੀਰ ਸਨ ਤੇ ਸੁਭਾਵਿਕ ਸੀ ਕਿ ਸਾਰੀਆਂ ਸਹੂਲਤਾਂ ਉਹਨਾਂ ਦੇ ਘਰ ਵਿੱਚ ਮੌਜੂਦ ਸਨ। ਮੁਹੱਲੇ ਵਿੱਚ ਸਭ ਤੋਂ ਪਹਿਲਾਂ ਟੀਵੀ ਵੀ ਉਹਨਾਂ ਦੇ ਘਰ ਹੀ ਲੱਗਿਆ ਸੀ।
ਉਦੋਂ ਬਲੈਕ ਐਂਡ ਵਾਈਟ ਟੀਵੀ ਹੁੰਦੇ ਸਨ। ਮੁਹੱਲੇ ਦੇ ਸਾਰੇ ਬੱਚੇ ਉਹਨਾਂ ਦੇ ਘਰ ਟੀਵੀ ਦੇਖਣ ਜਾਇਆ ਕਰਦੇ ਸਨ। ਉਸ ਸਮੇਂ ਜਲੰਧਰ ਦੂਰਦਰਸ਼ਨ ਅਤੇ ਦਿੱਲੀ ਦੂਰਦਰਸ਼ਨ, ਦੋ ਹੀ ਟੀਵੀ ਚੈਨਲ ਹੁੰਦੇ ਸਨ। ਟੀਵੀ ਉੱਤੇ ਵਧੀਆ ਪ੍ਰੋਗਰਾਮ ਆਉਂਦੇ ਸਨ ਜੋ ਕਿ ਸਾਰੇ ਪਰਿਵਾਰ ਵਿੱਚ ਬੈਠ ਕੇ ਬਿਨਾਂ ਸੰਕੋਚ ਵੇਖੇ ਜਾ ਸਕਦੇ ਸਨ। ਟੀਵੀ ਸੀਰੀਅਲ ਬੁਨਿਆਦ, ਹਮ ਲੋਕ, ਨੁੱਕੜ, ਦਾਦਾ ਦਾਦੀ ਕੀ ਕਹਾਣੀਆਂ, ਬਿਕਰਮ ਔਰ ਬੇਤਾਲ, ਮੁੰਗੇਰੀ ਲਾਲ ਕੇ ਹੁਸੀਨ ਸੁਪਨੇ ਅਤੇ ਦੇਖ ਭਾਈ ਦੇਖ ਆਦਿ ਜਾਨਦਾਰ ਅਤੇ ਸਾਫ ਸੁਥਰੇ ਸੀਰੀਅਲ ਅੱਜ ਵੀ ਭੁਲਾਏ ਨਹੀਂ ਜਾ ਸਕਦੇ। ਐਤਵਾਰ ਨੂੰ ਰਮਾਇਣ ਦਾ ਸਮਾਂ ਸਵੇਰੇ 9 ਤੋਂ 10 ਵਜੇ ਤਕ ਹੁੰਦਾ ਸੀ। ਬਜ਼ਾਰ, ਸੜਕਾਂ ਅਤੇ ਗਲੀਆਂ ਸੁਨ-ਮਸਾਨ ਹੋ ਜਾਂਦੇ ਸਨ। ਲੋਕ ਆਪਣੇ ਘਰਾਂ ਵਿੱਚ ਟੀਵੀ ਸਾਹਮਣੇ ਬੈਠ ਜਾਂਦੇ। ਉਸ ਸਮੇਂ ਦੇ ਸੀਰੀਅਲ ਲੋਕਾਂ ਨੂੰ ਭਾਵਨਾਤਮਕ ਅਤੇ ਸਮਾਜਿਕ ਤੌਰ ’ਤੇ ਜੋੜਦੇ ਸਨ, ਅੱਜ ਵਾਂਗ ਤੋੜਦੇ ਨਹੀਂ ਸਨ। ਅਸੀਂ ਮੁਹੱਲੇ ਦੇ ਬੱਚੇ ਚਾਈਂ ਚਾਈਂ ਨਸਵਾਰ ਵਾਲਿਆਂ ਦੇ ਘਰ ਟੀਵੀ ਦੇਖਣ ਜਾਂਦੇ।
ਨਸਵਾਰ ਵਾਲਿਆਂ ਨੂੰ ਆਪਣੀ ਅਮੀਰੀ ਜਾਂ ਸਮਾਜਿਕ ਸਟੇਟਸ ਦਾ ਰਤਾ ਵੀ ਘਮੰਡ ਨਹੀਂ ਸੀ। ਉਹਨਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਮੁਹੱਲੇ ਦੇ ਸਾਰੇ ਬੱਚੇ ਉਹਨਾਂ ਦੇ ਘਰ ਟੀਵੀ ਦੇਖਣ ਆਉਂਦੇ ਸਨ। ਅਸੀਂ ਦਗੜ ਦਗੜ ਕਰਦੇ ਅੰਦਰ ਭੱਜੇ ਆਉਂਦੇ ’ਤੇ ਟੀਵੀ ਅੱਗੇ ਵਿਛੀ ਦਰੀ ’ਤੇ ਇੰਝ ਬੈਠ ਜਾਂਦੇ ਜਿਵੇਂ ਆਪਣਾ ਹੀ ਘਰ ਹੋਵੇ। ਬੱਚੇ ਸ਼ਰਾਰਤੀ ਵੀ ਹੁੰਦੇ ਹਨ ਤੇ ਭਾਵੁਕ ਵੀ। ਜਦੋਂ ਫਿਲਮ ਵਿੱਚ ਕੋਈ ਹੀਰੋ ਗੁੰਡਿਆਂ ਨੂੰ ਕੁੱਟਦਾ ਤਾਂ ਅਸੀਂ ਵੀ ਜੋਸ਼ ਵਿੱਚ ਆ ਕੇ ਆਪਣੀਆਂ ਮੁੱਠੀਆਂ ਮੀਚ ਲੈਂਦੇ। ਜਦੋਂ ਫਿਲਮ ਵਿੱਚ ਕੋਈ ਬੱਚਾ ਆਪਣੇ ਮਾਪਿਆਂ ਤੋਂ ਵਿਛੜ ਜਾਂਦਾ ਤਾਂ ਸਾਡੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜ ਜਾਂਦੀਆਂ।
ਉਹ ਅਜਿਹਾ ਸਮਾਂ ਸੀ, ਜਦੋਂ ਮੁਹੱਲੇ ਦੇ ਲੋਕਾਂ ਵਿੱਚ ਬੇਹੱਦ ਪਿਆਰ ਸੀ। ਮੈਨੂੰ ਯਾਦ ਹੈ ਕਿ ਲੋਹੜੀ ਵਾਲੇ ਦਿਨ ਮੋਤੀਆ ਝਾਈ ਦੇ ਘਰ ਮੋਹਰੇ ਧੂਣੀ ਬਾਲੀ ਜਾਂਦੀ ਸੀ ਤੇ ਸਾਰੇ ਮੁਹੱਲੇ ਦੇ ਲੋਕ ਇਸ ਖੁਸ਼ੀ ਵਿੱਚ ਸ਼ਰੀਕ ਹੁੰਦੇ। ਸਾਡੇ ਮੁਹੱਲੇ ਵਿੱਚ ਇੱਕ ਦੁਰਗਾ ਭੈਣ ਜੀ ਹੁੰਦੀ ਸੀ, ਜੋ ਛੋਟੇ ਕੱਦ ਦੀ ਬਿਰਧ ਔਰਤ ਸੀ। ਸਕੂਲ ਵਿੱਚ ਦਾਖਲੇ ਤੋਂ ਪਹਿਲਾਂ ਸਾਰੇ ਬੱਚੇ ਉਸ ਕੋਲ ਹੀ ਪੜ੍ਹਦੇ। ਉਸਦਾ ਕੋਈ ਧੀ ਪੁੱਤ ਨਹੀਂ ਸੀ, ਉਹ ਛੋਟੇ ਬੱਚਿਆਂ ਨੂੰ ਪੜ੍ਹਾ ਕੇ ਖੁਸ਼ ਤੇ ਸੰਤੁਸ਼ਟ ਸੀ। ਉਸਦਾ ਘਰ ਅੱਜ ਦਾ ਪਲੇਅ ਵੇਅ ਸਕੂਲ ਜਾਂ ਆਂਗਨਵਾੜੀ ਸੀ। ਮੈਨੂੰ ਯਾਦ ਹੈ ਕਿ ਦਸਵੀਂ ਤਕ ਅੱਪੜਦੇ ਹੋਏ ਮੁਹੱਲੇ ਦੇ ਮੁੰਡੇ ਕੁੜੀਆਂ ਲੁਕਣ ਮੀਚੀ, ਬਾਂਦਰ ਕਿੱਲਾ ਅਤੇ ਚੂਚ ਪਾਕਾ ਖੇਡਦੇ ਰਹਿੰਦੇ। ਚਲਾਕੀ, ਮੱਕਾਰੀ ਤੋਂ ਅਣਭਿਁਜ ਬੱਚੇ ਇੱਕ ਪਵਿੱਤਰ ਰਿਸ਼ਤੇ ਵਿੱਚ ਬੱਝ ਕੇ ਚੰਗੀ ਨੀਅਤ ਨਾਲ ਵਿਚਰਦੇ। ਅੱਜ ਦੇ ਸਮੇਂ ਕੋਈ ਵੀ ਮਾਂ ਬਾਪ ਆਪਣੀ ਦਸਵੀਂ ਪਾਸ ਲੜਕੀ ਦਾ ਲੜਕਿਆਂ ਨਾਲ ਖੇਡਣ ਬਾਰੇ ਸੋਚ ਵੀ ਨਹੀਂ ਸਕਦਾ। ਸ਼ਾਇਦ ਅੱਜ ਕਦਰਾਂ ਕੀਮਤਾਂ ਤੋਂ ਵਿਹੂਣੇ ਬਣ ਰਹੇ ਸੀਰੀਅਲ ਦੇ ਦੁਪ੍ਰਭਾਵ ਕਰਕੇ ਕੋਈ ਕਿਸੇ ’ਤੇ ਵਿਸ਼ਵਾਸ ਨਹੀਂ ਕਰ ਸਕਦਾ। ਉਹ ਦਿਨਾਂ ਵਿੱਚ ਬਜ਼ੁਰਗਾਂ ਦਾ ਪੂਰਾ ਸਤਿਕਾਰ ਹੁੰਦਾ ਸੀ। ਮੇਰੇ ਦਾਦਾ ਜੀ ਮੇਰੇ ਬਚਪਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸਨ, ਪਰ ਦਾਦੀ ਦਾ ਪਿਆਰ ਪੂਰਾ ਮਿਲਿਆ। ਉਹ ਮੈਨੂੰ ਤੇ ਮੇਰੇ ਛੋਟੇ ਵੀਰ ਨਵਰਾਜ ਨੂੰ ਬਾਬੇ ਨਾਨਕ ਦੀਆਂ ਸਾਖੀਆਂ ਅਤੇ ਦਿਓ ਪਰੀ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ। ਕਈ ਵਾਰੀ ਮੇਰੇ ਦਾਦੀ ਜੀ ਵੰਡ ਦੌਰਾਨ ਹੋਏ ਘੱਲੂਘਾਰੇ ਦਾ ਜ਼ਿਕਰ ਕਰਕੇ ਰੋ ਪੈਂਦੇ। ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸਾਂ, ਜਦੋਂ ਮੇਰੇ ਦਾਦੀ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸ ਦਿਨ ਮੈਂ ਬਹੁਤ ਰੋਇਆ। ਦਾਗ ਦੇਣ ਤੋਂ ਬਾਅਦ ਆਥਣ ਨੂੰ ਜਦੋਂ ਗੁਆਂਢੀ ਰੋਟੀ ਬਣਾ ਕੇ ਲਿਆਏ ਤਾਂ ਮੈਂ ਰੋਟੀ ਨਹੀਂ ਖਾਧੀ। ਮੈਂ ਰੋ ਰੋ ਕਹਿ ਰਿਹਾ ਸੀ ਕਿ ਮੈਂ ਰੋਟੀ ਕਿਵੇਂ ਖਾਵਾਂ ਮੇਰੇ ਤਾਂ ਬੀਜੀ ਪਤਾ ਨਹੀਂ ਕਿੱਥੇ ਚਲੇ ਗਏ ਹਨ। ਅਫਸੋਸ ਅੱਜ ਦੇ ਬੱਚਿਆਂ ਵਿੱਚੋਂ ਇਹ ਭਾਵਨਾਵਾਂ ਲੁਪਤ ਹੋ ਰਹੀਆਂ ਹਨ। ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਪੜ੍ਹਾਉਣ ਦੇ ਨਾਲ ਨਾਲ ਮਰ ਰਹੀਆਂ ਕਦਰਾਂ ਕੀਮਤਾਂ ਨੂੰ ਬੱਚਿਆਂ ਵਿੱਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)