“ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀ। ਆਮ ਘਰਾਂ ਵਾਂਗ ਅਸੀਂ ...”
(15 ਜੂਨ 2025)
ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਵਿੱਚ ਸਾਨੂੰ ਸਾਡਾ ਬਾਪ ਬਹੁਤ ਹੀ ਕੁਰਖਤ, ਗੁਸੈਲ ਅਤੇ ਸਖਤ ਸੁਭਾਅ ਵਾਲਾ ਲਗਦਾ ਸੀ। ਦੋ ਭਰਾ, ਦੋ ਭੈਣਾਂ ਦੇ ਪਰਿਵਾਰ ਅਤੇ ਸਾਰੇ ਪਿੰਡ ਵਿੱਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖਸ ਹੋਏ। ਡਾਕਟਰੀ (ਵੈਦ) ਦੀ ਯੋਗਤਾ ਪ੍ਰਾਪਤਾ ਕਰਕੇ ਪਿੰਡ ਤੋਂ 4 ਕਿ.ਮੀ. ਦੂਰ ਸ਼ਹਿਰ ਵਿੱਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤੀ ਦੁਕਾਨ - ਡਾ.ਖੇਮ ਸਿੰਘ, ਟੇਕ ਸਿੰਘ ਦੇ ਨਾਮ ’ਤੇ ਸੰਭਾਲੀ। ਸਾਡੀ ਸੰਭਾਲ ਵਿੱਚ ਉਹ ਸ਼ਹਿਰ ਸਾਈਕਲ ’ਤੇ ਜਾਂਦੇ ਸਨ। ਜ਼ਮਾਨਾ ਸਕੂਟਰਾਂ ਤਕ ਪਹੁੰਚ ਗਿਆ, ਤਾਂ ਵੀ ਆਪਣੇ ਹਠੀ ਅਤੇ ਸਿਰੜੀ ਸੁਭਾਅ ਕਾਰਨ, ਉਮਰ ਦੇ ਆਖਰੀ ਪੜਾਅ ਤਕ ਵੀ ਸਾਈਕਲ ਦਾ ਖਹਿੜਾ ਨਾ ਛੱਡਿਆ। ਪਿਤਾ ਜੀ ਦੀ ਆਪਣੇ ਵੱਡੇ ਭਰਾ ਨਾਲ ਸ਼ਕਲ ਬਹੁਤ ਮਿਲਦੀ ਜੁਲਦੀ ਸੀ। ਲੰਬਾ ਕੱਦ, ਗੋਰਾ ਨਿਛੋਹ ਰੰਗ, ਚਿਹਰੇ ’ਤੇ ਲਾਲੀ ਤੇ ਵਧੀਆ ਸੁੰਦਰ ਦਿੱਖ ਵਾਲੇ ਪਰ ਆਦਤਾਂ ਅਤੇ ਸੁਭਾਅ ਤੋਂ ਵੱਖਰੇ ਸਨ। ਆਪ ਪੜ੍ਹੇ-ਲਿਖੇ ਹੋਣ ਨਾਤੇ ਜਾਗਰੂਕ ਸਨ। ਹਮੇਸ਼ਾ ਭਰਾ ਦੀ ਜ਼ਲਾਲਤ ’ਤੇ ਖਿਝਦੇ-ਕੁੜ੍ਹਦੇ ਰਹਿੰਦੇ ਅਤੇ ਅਕਸਰ ਇਜ਼ਹਾਰ ਵੀ ਕਰਦੇ। ਸਾਡੇ ਦੋਹਾਂ ਪਰਿਵਾਰਾਂ ਵਿੱਚ ਇਹੀ ਸਮਾਜਿਕ, ਸਦਾਚਾਰਕ ਅਤੇ ਸੱਭਿਅਕ ਪਾੜਾ ਹਮੇਸ਼ਾ ਬਣਿਆ ਰਿਹਾ।
ਅਸੀਂ ਆਪਣੇ ਪਿਉ ਦਾ ਸਖਤ ਰਵਈਆ ਅਤੇ ਗੁੱਸਾ ਮਾਂ ਪ੍ਰਤੀ ਵੀ ਦੇਖਦੇ ਪਰ ਕਦੇ ਘਰੇਲੂ ਹਿੰਸਾ ਵੱਲ ਉਨ੍ਹਾਂ ਕਦਮ ਨਹੀਂ ਚੁੱਕਿਆ। ਇਹ ਵਰਤਾਰਾ ਉਦੋਂ ਘਰਾਂ ਵਿੱਚ ਆਮ ਸੀ। ਉਹਨਾਂ ਨੂੰ ਤਾਂ ਜਾਨਵਰਾਂ ਦੀ ਕੁੱਟਮਾਰ ਕਰਨਾ ਵੀ ਗਵਾਰਾ ਨਹੀਂ ਸੀ। ਉਸ ਸਮੇਂ ਵਧੀਆ ਰਾਹ-ਖਹਿੜੇ ਨਹੀਂ ਸਨ। ਤਾਂਗੇ ਵਾਲੇ ਜਾਂ ਗੱਡਿਆਂ ਦੇ ਪਾਂਧੀ ਅਕਸਰ ਸੜਕ ਦੇ ਗਲਤ ਪਾਸੇ ਚੱਲਦੇ ਹੋਏ ਬਲਦਾਂ ’ਤੇ ਪ੍ਰਾਣੀ ਵਰ੍ਹਾਉਂਦੇ ਹੋਏ ਤੇਜ਼ੀ ਫੜਨ ਦਾ ਇਸ਼ਾਰਾ ਦਿੰਦੇ ਲੰਘਦੇ ਕਦੇ ਸ਼ਹਿਰ ਜਾਂਦੇ ਹੋਏ ਪਿਤਾ ਜੀ ਦੀ ਨਜ਼ਰ ਚੜ੍ਹ ਜਾਂਦੇ ਤਾਂ ਉਹ ਸਾਈਕਲ ਅੱਗੇ ਕਰਕੇ ਖੜ੍ਹੇ ਹੋ ਜਾਂਦੇ। ਅੱਜਕੱਲ੍ਹ ਦੇ ਜ਼ਮਾਨੇ ਦੀ ਹਵਾ ਵਿੱਚ ਤਾਂ ਅਸਾਂ ਕੀ ਕਰਨਾ, ਸਾਨੂੰ ਕੀ, ਦਾ ਫਾਰਮੂਲਾ ਵਰਤਿਆ ਜਾਂਦਾ ਹੈ ਪਰ ਉਦੋਂ ਸਾਡਾ ਸਿਧਾਂਤਕ ਬਾਪ ਉਹਨਾਂ ਨੂੰ ਠੀਕ ਦਿਸ਼ਾ ਦਾ ਗਿਆਨ ਦੇ ਕੇ ਪੁੱਛਦਾ ਸੀ, “ਇਸ ਬੇਜੁਬਾਨ ਨੇ ਤੇਰਾ ਕੀ ਵਿਗੜਿਆ ਹੈ?” ਉਨ੍ਹਾਂ ਦਾ ਮਨ ਬੇਜ਼ੁਬਾਨੇ ਦੇ ਦਰਦ ਨਾਲ ਕੁਰਲਾ ਉੱਠਦਾ ਸੀ। ਬੜੀ ਦੂਰ ਤਕ ਸੜਕ ’ਤੇ ਚਲਦੇ ਹੋਏ ਆਪਣਾ ਗਿਆਨ ਵੰਡਦੇ ਜਾਂਦੇ ਤੇ ਗੁੱਸੇ-ਖਿਝ ਨਾਲ ਪੂਰੇ ਭਖੇ ਹੁੰਦੇ। ਸਾਨੂੰ ਇਹ ਸਭ ਕੁਝ ਅਟਪਟਾ ਲਗਦਾ ਸੀ ਪਰ ਹੁਣ ਸਮਝ ਸਕਦੇ ਹਾਂ।
ਉਂਝ ਮੇਰੇ ਬਾਪ ਦੀ ਬਦੌਲਤ ਉਸ ਇਲਾਕੇ ਵਿੱਚ ਥੋੜ੍ਹਾ ਅਨੁਸ਼ਾਸਨ ਅਤੇ ਸੁਧਾਰ ਤਾਂ ਜ਼ਰੂਰ ਸੀ। ਘੱਟੋ-ਘੱਟ ਜਦੋਂ ਸਾਹਮਣੇ ਦਿਸ ਪੈਂਦੇ ਤਾਂ ਕੋਈ ਕੁਤਾਹੀ ਜਾਂ ਅਣਗਹਿਲੀ ਨਾ ਕਰਦੇ। ਜਾਤ-ਪਾਤ, ਪਾਖੰਡਵਾਦ ਅਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦੇ। ਗਲੀ ਵਿੱਚ ਕੋਈ ਪੰਡਿਤ-ਪਾਂਧੇ ਆਉਂਦੇ ਤਾਂ ਪਿਤਾ ਜੀ ਨੂੰ ਦੇਖਦੇ ਹੀ ਰਸਤਾ ਬਦਲ ਲੈਂਦੇ। ਗੁਰਦਵਾਰੇ ਦਾ ਭਾਈ ਵੀ ਸਾਡੇ ਘਰ ਗਜ਼ਾ ਲੈਣ ਨਾ ਆਉਂਦਾ। ਸਿੰਘ ਸਭਾ ਦੇ ਮੈਂਬਰ ਹੁੰਦਿਆਂ ਵੀ ਪਿਤਾ ਜੀ ਧਾਰਮਿਕ ਕੱਟੜਤਾ ਤੋਂ ਦੂਰ ਰਹੇ। ਹੱਕ ਹਲਾਲ ਦੀ ਕਮਾਈ ਖਾਣਾ, ਹੱਥੀਂ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਅਤੇ ਇਮਾਨਦਾਰੀ ਨੂੰ ਹੀ ਉਹ ਧਰਮ ਸਮਝਦੇ ਸਨ। ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿੱਤ ਨੇਮ ਨਾਲ ਕਰਦੇ। ਸਪੀਕਰ ਲਾ ਕੇ ਪਾਠ ਕਰਨ ਦਾ ਉਹ ਵਿਰੋਧ ਕਰਦੇ।
ਸਾਡਾ ਸਾਰਾ ਬਚਪਨ ਹੀ ਨਿਯਮ-ਬੱਧ ਕੀਤਾ ਹੋਇਆ ਸੀ। ਲੋਕਾਂ ਦੇ ਘਰਾਂ ਵਿੱਚ ਲੜਾਈ-ਝਗੜੇ ਜਾਂ ਕਦੇ ਉੱਚੀ ਹਾਸਿਆਂ ਦੀ ਅਵਾਜ਼ ਵੀ ਗੂੰਜਦੀ। ਸਾਡੇ ਘਰ ਹਮੇਸ਼ਾ ਦੇ ਜੀਵਨ ਵਿੱਚ ਨਿਯਮ-ਬੱਧਤਾ ਦਾ ਪਰਵਾਹ ਹੀ ਚੱਲਦਾ। ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀ। ਆਮ ਘਰਾਂ ਵਾਂਗ ਅਸੀਂ ਵੀ ਖੁੱਲ੍ਹ ਕੇ ਵਿਚਰਨਾ ਚਾਹੁੰਦੇ ਸਾਂ। ਫਿਰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਸਾਰੇ ਭੈਣ-ਭਰਾਵਾਂ ਵਿੱਚ ਪਿਤਾ ਜੀ ਦਾ ਸੁਭਾਅ ਅਤੇ ਜ਼ਿੰਦਗੀ ਦੀਆਂ ਤਲਖ ਸਚਾਈਆਂ ਦਾ ਗਿਆਨ ਆਤਮਸਾਤ ਕਰ ਗਿਆ, ਜਿਸਦਾ ਕੁਝ ਅੰਸ਼ ਸਭ ਵਿੱਚ ਮੌਜੂਦ ਹੈ। ਸਿਧਾਂਤਕ ਤੌਰ ’ਤੇ ਪਿਤਾ ਜੀ ਨੂੰ ਦੋ ਧੀਆਂ ਦੇ ਆਪਣੇ ਤਿੰਨ ਪੁੱਤਰਾਂ ਤੋਂ ਵੱਧ ਲਾਇਕ ਅਤੇ ਸਮਝਦਾਰ ਹੋਣ ’ਤੇ ਫਖਰ ਸੀ। ਧੀ ਵਰਗੀ ਛੋਟੀ ਭੈਣ ਨੂੰ ਵੀ ਮੇਰੀ ਵੱਡੀ ਭੈਣ ਨਾਲ ਉਨ੍ਹਾਂ ਦਸਵੀਂ ਕਰਵਾਈ ਤੇ ਫਿਰ ਉਹ ਜੇ .ਬੀ.ਟੀ ਕਰਕੇ ਜਲਦੀ ਹੀ ਅਧਿਆਪਕਾ ਬਣ ਗਈਆਂ। ਮੈਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਇੱਕ ਵਧੀਆ ਕਾਲਜ ਵਿੱਚ ਦਾਖਲ ਕਰਾ ਦਿੱਤਾ। ਮੇਰਾ ਟੀਚਾ ਤਾਂ ਨਰਸ ਬਣਨਾ ਹੀ ਸੀ, ਪਰ ਪਿਤਾ ਜੀ ਦੀ ਕੋਸ਼ਿਸ਼ ਅਤੇ ਖਵਾਹਿਸ਼ ਨੇ ਮੈਨੂੰ ਲੈਕਚਰਾਰ ਦੇ ਅਹੁਦੇ ’ਤੇ ਪਹੁੰਚਾ ਦਿੱਤਾ।
ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਉਨਹਾਂ ਨੇ ਬੱਚਿਆਂ ਦੇ ਰਿਸ਼ਤੇ ਪੜ੍ਹੇ ਲਿਖੇ ਸਧਾਰਨ ਪਰਿਵਾਰਾਂ ਵਿੱਚ ਕੀਤੇ। ਦਾਜ-ਦਹੇਜ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਹ ਸਮਾਜ ਦਾ ਵੱਡਾ ਕਲੰਕ ਅਤੇ ਲਾਹਨਤ ਹੈ। ਇਹ ਗੱਲਾਂ ਉਸ ਜ਼ਮਾਨੇ ਵਿੱਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ। ਅਜਿਹੇ ਵਿਚਾਰਾਂ ਦੇ ਧਾਰਨੀ ਮੇਰੇ ਬਾਪ ਬਾਰੇ ਪਿੰਡ ਦੀ ਸੱਥ ਵਿੱਚ ਖੂਬ ਚਰਚਾ ਤਾਂ ਹੁੰਦੀ, ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰ ਸਕਦਾ। ਸਾਡੇ ਬਾਪ ਨੇ ਜੋ ਧੀਆਂ ਦੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ਅਤੇ ਆਪਣੀ ਸੋਚ, ਜੋ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਖੋਹ ਸਕਦਾ ਹੈ। ਉਨ੍ਹਾਂ ਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਖੁਦਦਾਰੀ, ਨੇਕ ਕਮਾਈ ਅਤੇ ਰਹਿੰਦੀ ਜ਼ਿੰਦਗੀ ਤਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆ। ਆਪਣੀ ਉਮਰ ਹੰਢਾ ਗਏ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਅਤੇ ਰਹਿੰਦੀ ਉਮਰ ਤਕ ਉਸਦੀ ਅਹਿਸਾਨਮੰਦ ਅਤੇ ਰਿਣੀ ਰਹਾਂਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)