“ਪਰ ਨਸ਼ਿਆਂ ਦੇ ਮੁੱਦੇ, ਜੋ ਪਹਿਲ ਦੇ ਅਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ...”
(8 ਮਈ 2022)
ਮਹਿਮਾਨ: 355.
ਕਈ ਸਾਲਾਂ ਤਕ ਪੰਜਾਬ ਨੇ ਅਤਿਵਾਦ ਦਾ ਸੰਤਾਪ ਭੋਗਿਆ ਹੈ। ਜਦੋਂ ਦਿਲ ਦਹਿਲਾ ਦੇਣ ਵਾਲੇ ਭਿਆਨਕ ਸਮੇਂ ਤੋਂ ਪੰਜਾਬ ਮੁਕਤ ਹੋਇਆ ਤਾਂ ਇੱਕ ਆਸ ਬੱਝੀ ਕਿ ਹੁਣ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਬਦਕਿਸਮਤੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਦੀ ਜਵਾਨੀ ਦਾ ਕੁਝ ਹਿੱਸਾ ਉਸ ਸੰਤਾਪ ਨੇ ਨਿਗਲ ਲਿਆ, ਕੁਝ ਵਿਦੇਸ਼ਾਂ ਨੂੰ ਚਾਲੇ ਪਾ ਗਏ ਤੇ ਹੁਣ ਲਗਭਗ 70% ਨੌਜਵਾਨ ਨਸ਼ਿਆਂ ਦੀ ਝੁੱਲਦੀ ਹਨੇਰੀ ਦੀ ਲਪੇਟ ਵਿੱਚ ਹਨ। ਘੋਖਿਆ ਜਾਵੇ ਤਾਂ ਬਾਹਰ ਜਾਣ ਵਾਲੇ ਚੰਗੇ ਰਹੇ ਅਤੇ ਇੱਕ ਸੋਚ ਲੋਕਾਂ ਦੀ ਅਵਾਜ਼ ਵੀ ਬਣੀ …
ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ,
ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ।
ਲੱਖ ਲਾਹਨਤਾਂ ਤੇਰੇ ’ਤੇ ਸਰਕਾਰੇ।
ਇੱਧਰ ਪੰਜਾਬ ਵਿੱਚ ਹੁਣ ਤਕ ਤਾਂ ਹਾਲਾਤ ਇਹ ਰਹੇ ਹਨ ਕਿ ਸਰਕਾਰ ਦੇ ਨੁਮਾਇੰਦੇ ਰਾਜਨੀਤੀਵਾਨਾਂ ਤੇ ਤਸਕਰਾਂ ਦੀ ਨਜ਼ਰੇ-ਅਨਾਇਤ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਸਭ ਕੁਝ ਗਵਾ ਕੇ ਉੱਜੜੇ ਪਰਿਵਾਰਾਂ ਦੀ ਤਬਾਹੀ ਦਾ ਮੰਜ਼ਰ ਵੇਖਦੇ ਹੋਏ ਮੌਤ ਦੀ ਬੁੱਕਲ ਵਿੱਚ ਸਮਾਂ ਰਹੇ ਹਨ।
ਆਪਣੀ ਜ਼ਿੰਦਗੀ ਦੇ ਪਿਛਲੇ ਕਈ ਦਹਾਕਿਆਂ ਦੌਰਾਨ ਮੈਂ ਸਭ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਬਾਰੇ ਹੀ ਜਾਣਿਆ ਸੀ। ਫਿਰ ਭੰਗ, ਪੋਸਤ ਤੰਬਾਕੂ ਆਦਿ ਵੱਖਰੀਆਂ ਕਿਸਮਾਂ ਦੇ ਨਸ਼ਿਆਂ ਦੀ ਆਮਦ ਵਿੱਚ ਹੀ ਕਈ ਸਿੰਥੈਟਿਕ ਅਤੇ ਸਭ ਤੋਂ ਮਹਿੰਗਾ ਤੇ ਜਾਨਲੇਵਾ ਨਸ਼ਾ ਸਮੈਕ ਭਾਵ ਚਿੱਟਾ ਵੀ ਆਣ ਜੁੜਿਆ। ਨਸ਼ੇ ਦੀ ਸ਼ੁਰੂਆਤ ਜਾਣੇ-ਅਣਜਾਣੇ ਸ਼ਰਾਬ, ਸਿਗਰਟ ਤੋਂ ਹੀ ਹੁੰਦੀ ਹੈ। ਜਦੋਂ ਸ਼ਰਾਬ ਦਾ ਨਸ਼ਾ ਮਨ-ਮਸਤਕ ਵਿੱਚ ਘਰ ਕਰ ਜਾਂਦਾ ਹੈ ਤਾਂ ਨਸ਼ਿਆਂ ਦੇ ਬਜ਼ਾਰ ਵਿੱਚ ਅਸਾਨੀ ਨਾਲ ਮਿਲਦੇ ਹੋਰ ਨਸ਼ਿਆਂ ਵੱਲ ਖਿੱਚੇ ਜਾਣਾ ਸੁਭਾਵਿਕ ਹੈ। ਸਰਕਾਰਾਂ ਦਾ ਮੰਨਣਾ ਹੈ ਕਿ ਸ਼ਰਾਬ ਦੀ ਵੱਧ ਖਪਤ ਦੀ ਕਮਾਈ ਵਿਕਾਸ ਦੇ ਕੰਮਾਂ ਵਿੱਚ ਲਗਦੀ ਹੈ। ਪਰ ਅਸੀਂ ਅਕਸਰ ਪੜ੍ਹਦੇ, ਸੁਣਦੇ ਤੇ ਵੇਖਦੇ ਹਾਂ ਕਿ ਕਿਵੇਂ ਨਸ਼ਿਆਂ ਦੀ ਜਿੱਲਣ ਵਿੱਚ ਫਸੇ ਲੋਕ ਨਰਕ ਭੋਗ ਰਹੇ ਹਨ।
ਮੈਨੂੰ ਯਾਦ ਹੈ ਕਿ ਸਾਡੇ ਸੈਕਟਰ ਦੇ ਨਾਲ ਲੱਗਦੇ ਪਿੰਡ ਵਿੱਚ ਇੱਕ ਗਲੀ ਦੇ ਮੋੜ ’ਤੇ ਠੇਕਾ ਖੁੱਲ੍ਹਿਆ ਤਾਂ ਪਿੰਡ ਵਾਸੀਆਂ ਨੇ ਸੰਘਰਸ਼ ਦਾ ਬਿਗਲ ਵਜਾਇਆ। ਸਭ ਤੋਂ ਵੱਧ ਔਰਤਾਂ ਨੇ ਲਾਠੀਆਂ ਸੋਟਿਆਂ ਨਾਲ ਅੱਗੇ ਆ ਕੇ ਭੰਨ ਤੋੜ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਕਿਉਂਕਿ ਸਭ ਤੋਂ ਵੱਧ ਸੰਤਾਪ ਤਾਂ ਔਰਤਾਂ ਹੀ ਭੋਗਦੀਆਂ ਹਨ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨਸ਼ੇ ਛੁਡਾਉਣਾ ਚਾਹੁੰਦੀਆਂ ਹਾਂ ਪਰ ਜਦੋਂ ਨਸ਼ਾ ਖੁਦ ਘਰ ਦੇ ਨੇੜੇ ਆ ਜਾਵੇ ਤਾਂ ਇਹ ਕਿੱਥੋਂ ਸੁਧਰ ਜਾਣਗੇ। ਸ਼ਰਾਬ ਦਾ ਤਾਂ ਮੁਸ਼ਕ ਵੀ ਨਸ਼ਈ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਮੇਰੀ ਨੌਕਰੀ ਵੇਲੇ ਜਿਸ ਚੌਂਕ ਤੋਂ ਮੈਂ ਬੱਸ ਫੜਨੀ ਹੁੰਦੀ ਸੀ, ਉੱਥੇ ਇੱਕ ਪਾਸੇ ਠੇਕਾ ਤੇ ਮਨਜੂਰ ਸ਼ੁਦਾ ਅਹਾਤਾ ਵੀ ਸੀ। ਸਵੇਰੇ ਉੱਥੇ ਖੜ੍ਹੇ ਹੋਣਾ ਤਾਂ ਕਈ ਵੇਰ ਦਿਲ ਬੜਾ ਪਸੀਜਦਾ ਜਦੋਂ ਕਿਤੇ ਵੇਖਣਾ ਕਿ ਕਈ ਨਸ਼ੇੜੀ ਰਾਤ ਦੀਆਂ ਸੁੱਟੀਆ ਹੋਈਆਂ ਬੋਤਲਾਂ ਵਿੱਚੋਂ ਬਚੀ ਖੁਚੀ ਸ਼ਰਾਬ ਹਲਕ ਵਿੱਚ ਉਤਾਰ ਰਹੇ ਨੇ।
ਸਾਰਾ ਦਿਨ ਸ਼ਰਾਬੀ ਅਹਾਤੇ ਵਿੱਚ ਮਹਿਫਲਾਂ ਸਜਾਈ ਬੈਠੇ ਹੁੰਦੇ। ਕਈ ਸੜਕਾਂ ਦੇ ਕੰਢੇ ਡਿਗੇ ਹੋਏ ਦਿਸਦੇ। ਸਮਝ ਨਾ ਆਉਂਦੀ ਕਿ ਸਰਕਾਰ ਨਸ਼ੇ ਰੋਕ ਰਹੀ ਹੈ ਜਾਂ ਇਹਨਾਂ ਮਹਿਫਲਾਂ ਤੇ ਬਹਾਰਾਂ ਦਾ ਆਨੰਦ ਮਾਣ ਰਹੀ ਹੈ ਜਦੋਂ ਕਿ ਸਰਕਾਰ ਇਸਦੇ ਅੰਜਾਮ ਅਤੇ ਘਟਨਾਵਾਂ ਤੋਂ ਵੀ ਬੇਖਬਰ ਨਹੀਂ ਹੈ।
ਨਸ਼ਾ ਮਨੁੱਖ ਨੂੰ ਜਿਸਮਾਨੀ, ਰੂਹਾਨੀ, ਇਖਲਾਕੀ ਤੇ ਮਾਨਸਿਕ ਪੱਖੋਂ ਖੋਖਲਾ ਕਰ ਦਿੰਦਾ ਹੈ। ਉਹ ਸਮਾਜਿਕ ਕੁਰੀਤੀਆਂ ਤੇ ਜ਼ਲਾਲਤ ਵਿੱਚ ਫਸਦਾ ਜਾਂਦਾ ਹੈ। ਅਜਿਹੇ ਵਿੱਚ ਮਾਂ, ਧੀ ਭੈਣ ਦੇ ਰਿਸ਼ਤੇ ਅੱਜ ਬੇ ਪਛਾਣ ਹੋ ਰਹੇ ਹਨ। ਸਰਕਾਰਾਂ ਖੁਦ ਹੀ ਸੋਚਣ ਕਿ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ? ਮੇਰੇ ਕਿਸੇ ਲੇਖ ਦੇ ਪ੍ਰਤੀਕਰਮ ਵਿੱਚ ਪਾਠਕ ਫੋਨ ’ਤੇ ਹੱਡ-ਬੀਤੀਆਂ ਸੁਣਾ ਕੇ ਨਸ਼ਿਆਂ ਬਾਰੇ ਲਿਖਣ ਨੂੰ ਕਹਿੰਦੇ ਹਨ। ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਕਦਰਦਾਨ ਵਿਅਕਤੀਆਂ ਦੀ ਕਤਾਰ ਵਿੱਚ ਵੇਖਣਾ ਚਾਹੁੰਦੇ ਹਾਂ ਪਰ ਉਹ ਨਸ਼ਿਆਂ ਦੀ ਲਪੇਟ ਵਿੱਚ ਪਤਾ ਨਹੀਂ ਕਿਹੜੇ ਨਵੇਕਲੇ ਰਾਹਾਂ ’ਤੇ ਤੁਰ ਪੈਂਦੇ ਹਨ। ਮਾਂ ਆਪਣੀ ਹੀ ਕੁੱਖ ਨੂੰ ਉਲਾਂਭੇ ਦਿੰਦੀ ਹੈ ਕਿ ਨਿੱਜ ਜੰਮਦਾ ਮੇਰੇ ਘਰ। ਨਸ਼ੇੜੀ ਪੁੱਤ ਦੀ ਮੌਤ ਤੋਂ ਬਾਅਦ ਮਾਂ ਵਿਰੜੇ ਕਰਦੀ ਆਖਦੀ ਹੈ, “ਚੰਗਾ! ਰੱਬ ਨੇ ਪਰਦਾ ਪਾ ’ਤਾ, ਨਿੱਤ ਨਸ਼ਾ ਮੰਗਦਾ, ਹਾੜੇ ਕੱਢਦਾ ਤੇ ਜ਼ਲੀਲ ਹੁੰਦਾ ਵੀ ਜਰਿਆ ਨਹੀਂ ਸੀ ਜਾਂਦਾ। ਮੇਰੇ ਪਿੱਛੋਂ ਤਾਂ ਗਲੀਆਂ ਵਿੱਚ ਰੁਲਦਾ ਫਿਰਦਾ।” ਨਸ਼ੇੜੀ ਪੁੱਤ ਨੂੰ ਇੱਕ ਵਿਧਵਾ ਮਾਂ ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੈ।
ਅਸੀਂ ਦੁਨੀਆਂ ਦਾ ਸਭ ਤੋਂ ਜਵਾਨ ਮੁਲਕ ਹਾਂ। ਅਬਾਦੀ ਭਾਵੇਂ ਚੀਨ ਦੀ ਵੱਧ ਹੈ ਪਰ ਨੌਜਵਾਨ ਸਾਡੇ ਕੋਲ ਵੱਧ ਹਨ। ਅੱਜ ਨੌਜਵਾਨੀ ਨਸ਼ਿਆਂ ਦੀ ਜਿੱਲਣ ਵਿੱਚ ਫਸ ਕੇ ਬਰਬਾਦੀ ਦੀ ਕਗਾਰ ’ਤੇ ਖੜ੍ਹੀ ਹੈ. ਇਹ ਦੇਸ਼ ਦਾ ਭਵਿੱਖ ਹੈ। ਸੂਰਬੀਰ ਯੋਧਿਆਂ ਦੇ ਵਾਰਿਸ ਅੱਜ ਆਪਣੇ ਪੈਰਾਂ ’ਤੇ ਖਲੋਣ ਜੋਗੇ ਵੀ ਨਹੀਂ। ਹਾਲਾਤ ਇਹ ਹਨ ਕਿ ਨੌਜਵਾਨ ਲੜਕੀਆਂ ਤੇ ਔਰਤਾਂ ਵੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੀਆਂ ਹਨ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਘਰ-ਪਰਿਵਾਰ ਤੇ ਸਮਾਜ ਨੂੰ ਸੁਧਾਰਨ ਦਾ ਜ਼ਿੰਮਾ ਲੈਣ ਵਾਲੀ ਔਰਤ ਜਾਤੀ ਦੇ ਪੈਰ ਕਾਹਤੋਂ ਥਿਰਕ ਗਏ? ਔਰਤਾਂ ਦਾ ਅਪਰਾਧ ਜਗਤ ਵਿੱਚ ਉੱਤਰਨਾ ਫਿਕਰਮੰਦ ਕਰਦਾ ਹੈ। ਇਸ ਨਸ਼ੇ ਦੇ ਵਹਿਣ ਦੇ ਡਰੋਂ ਹੀ ਮਾਪੇ ਮਹਿੰਗੇ ਕਰਜ਼ੇ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਆਏ ਦਿਨ ਨਸ਼ਿਆਂ ਕਾਰਨ ਬਲਦੇ ਸਿਵਿਆਂ ਨੂੰ ਵੇਖਦੇ ਹੋਏ ਹੀ ਸਰਕਾਰ ਅਤੇ ਪ੍ਰਸ਼ਾਸਨ ਦੀ ਝਾਕ ਛੱਡਦਿਆਂ ਕੁਝ ਮਹੀਨੇ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਾਲਝਰਾਣੀ ਤੇ ਕੁਝ ਹੋਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ।
ਜੇਕਰ ਜਨਤਾ ਜਾਗਰੂਕ ਹੈ ਤਾਂ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਦੀ ਪੂਰਨ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਉੱਤੇ ਸ਼ਿਕੰਜਾ ਕੱਸ ਕੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੱਖ-ਧਾਰਾ ਵਿੱਚ ਸ਼ਾਮਲ ਹੋਣ ਯੋਗ ਬਣਾਏ। ਹਰ ਤਰ੍ਹਾਂ ਦੇ ਨਸ਼ੇ ਦੇ ਉਤਪਾਦਨ ਅਤੇ ਵਿਕਰੀ ਉੱਤੇ ਪੂਰਨ ਪਾਬੰਦੀ/ਰੋਕ ਲਗਾਏ। ਸਰਕਾਰੀ ਕਮਾਈ ਦੇ ਸਾਧਨਾਂ ਦਾ ਬਦਲ ਲੱਭੇ ਜਾਂ ਹੋਰ ਧੰਦਿਆਂ ਨੂੰ ਪ੍ਰਫੁੱਲਿਤ ਕਰੇ। ਝੂਠੇ ਵਾਅਦਿਆਂ, ਲਾਰਿਆਂ ਤੋਂ ਅੱਕੀ ਥੱਕੀ ਜਨਤਾ, ਪੰਜਾਬ ਨੂੰ ਉੱਪਰ ਉੱਠਦਾ ਵੇਖਣ ਲਈ ਵੱਡੀ ਸਿਆਸੀ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੋ ਸਕੀ ਹੈ ਇਸ ਤਬਦੀਲੀ ਦੀ ਫਿਜ਼ਾ ਵਿੱਚ ਵਧੀਆ ਕਾਰਗੁਜ਼ਾਰੀ ਦਾ ਇਤਿਹਾਸ ਵੀ ਇਸ ਪਾਰਟੀ ਨੂੰ ਸਿਰਜਣਾ ਹੋਵੇਗਾ। ਨਸ਼ੇ ਦੀ ਭੇਟ ਚੜ੍ਹੇ ਪੁੱਤਰ ਦੀ ਮੌਤ ਤੋਂ ਬਾਅਦ, “ਕੱਫਣ ਬੋਲ ਪਿਆ” ਸੰਸਥਾ ਬਣਾਉਣ ਵਾਲਾ ਮੁਖਤਿਆਰ ਸਿੰਘ ਕਈ ਸਾਲਾਂ ਤੋਂ ਨਸ਼ਾ ਖਤਮ ਹੋਣ ਦੀ ਉਡੀਕ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਖੁਦ ਇਹ ਮਸਲਾ ਪਾਰਲੀਮੈਂਟ ਵਿੱਚ ਉਠਾ ਚੁੱਕੇ ਹਨ।
‘ਆਪ’ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਮਸਲੇ ਹੱਲ ਕਰਨ ਲਈ ਸਰਗਰਮੀ ਵਿਖਾ ਰਹੀ ਹੈ। ਪਰ ਨਸ਼ਿਆਂ ਦੇ ਮੁੱਦੇ, ਜੋ ਪਹਿਲ ਦੇ ਅਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ਯਾਦ ਕਰਾ ਰਹੀ ਹੈ ਕਿ ਲੋਕ ਫਤਵੇ ਨਾਲ ਜਿੱਤ ਹਾਸਿਲ ਕਰ ਚੁੱਕੀ ਪਾਰਟੀ ਨੇ ‘ਉੜਤਾ ਪੰਜਾਬ’ ਦੀ ਥਾਂ ‘ਉੱਠਦਾ ਪੰਜਾਬ’ ਬਣਾਉਣ ਦਾ ਦਾਅਵਾ ਵੀ ਕੀਤਾ ਸੀ। ਸਮੇਂ ਦੀ ਮੰਗ ਹੈ ਕਿ ਸਰਕਾਰ ਨਸ਼ੇ ਨੂੰ ਅਹਿਮ ਮੁੱਦਾ ਬਣਾ ਕੇ ਇਸਦਾ ਹਰ ਹੀਲੇ ਹੱਲ ਵੀ ਕਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3552)
(ਸਰੋਕਾਰ ਨਾਲ ਸੰਪਰਕ ਲਈ: