“ਤੰਬਾਕੂ ਵੇਚਣ ਵਾਲਿਆਂ ਨੂੰ ਮੋਟੀ ਕਮਾਈ ਹੁੰਦੀ ਹੈ। ਉਹ ਕਦੇ ਨਹੀਂ ਚਾਹੁਣਗੇ ਕਿ ਇਸਦੀ ਵਿਕਰੀ ...”
(31 ਮਈ 2025)
ਤੰਬਾਕੂ, ਜੋ ਕਿ ਅਕਸਰ ਧੂਮਰਪਾਨ, ਚੱਬਣ ਵਾਲੇ ਤੰਬਾਕੂ, ਸੁਗੰਧਿਤ ਦੇਣ ਵਾਲੇ, ਸਾਦਾ ਗੁਟਕਾ ਜਾਂ ਹੋਰ ਰੂਪਾਂ ਵਿੱਚ ਵਰਤਿਆ ਜਾਂਦਾ ਹੈ, ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਸੰਸਾਰ ਸਿਹਤ ਸੰਸਥਾ (World Health Organization - WHO) ਵੱਲੋਂ ਹਰ ਸਾਲ 31 ਮਈ ਨੂੰ ‘ਨੋ ਤੰਬਾਕੂ ਡੇਅ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਜਿਸਦਾ ਮਕਸਦ ਲੋਕਾਂ ਵਿੱਚ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਤੰਬਾਕੂ ਦੀ ਆਦਤ ਛੱਡਣ ਵੱਲ ਉਤਸ਼ਾਹਿਤ ਕਰਨਾ ਹੈ। ਜੇਕਰ ਇਸਦੇ ਇਤਿਹਾਸਿਕ ਪੱਖ ਨੂੰ ਦੇਖੀਏ ਤਾਂ ਤੰਬਾਕੂ ਦੀ ਇਤਿਹਾਸਕ ਝਲਕ ਤੰਬਾਕੂ ਦੀ ਪੈਦਾਵਾਰ ਅਤੇ ਵਰਤੋਂ ਦੀ ਸ਼ੁਰੂਆਤ ਲਗਭਗ 500 ਸਾਲ ਪਹਿਲਾਂ ਹੋਈ ਸੀ। ਅਮਰੀਕਾ ਦੇ ਮੂਲ ਨਿਵਾਸੀਆਂ ਨੇ ਇਸਦੀ ਵਰਤੋਂ ਧਾਰਮਿਕ ਅਤੇ ਰਸਮੀ ਮੌਕਿਆਂ ’ਤੇ ਕਰਨੀ ਸ਼ੁਰੂ ਕੀਤੀ। 16ਵੀਂ ਸਦੀ ਵਿੱਚ ਯੂਰਪੀ ਕਲੋਨੀਆਂ ਨੇ ਤੰਬਾਕੂ ਨੂੰ ਵਪਾਰਕ ਪਦਾਰਥ ਵਜੋਂ ਵਿਕਸਿਤ ਕੀਤਾ। ਸਮੇਂ ਦੇ ਨਾਲ ਇਹ ਆਦਤ ਵਿਆਪਕ ਹੋ ਗਈ ਤੇ ਅੱਜ ਇਹ ਇੱਕ ਵਿਸ਼ਵਵਿਆਪੀ ਸਮੱਸਿਆ ਬਣ ਚੁੱਕੀ ਹੈ।
ਤੰਬਾਕੂ ਦੇ ਰੂਪ
ਤੰਬਾਕੂ ਕਈ ਰੂਪਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਬੀੜੀ ਅਤੇ ਸਿਗਰਟ। ਇਹ ਸਭ ਤੋਂ ਆਮ ਰੂਪ ਹੈ। ਜੋ ਵੱਡੀ ਪੱਧਰ ’ਤੇ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਹੁੱਕਾ ਖਾਸ ਕਰਕੇ ਕਈ ਸੱਭਿਆਚਾਰਾਂ ਵਿੱਚ ਆਮ ਵਰਤਿਆ ਜਾਂਦਾ ਹੈ। ਇਹ ਉਹਨਾਂ ਦੇ ਸੱਭਿਆਚਾਰਾਂ ਦਾ ਅੰਗ ਬਣ ਗਿਆ ਹੈ। ਇਸ ਨੂੰ ਸੋਸ਼ਲ ਸਟੇਟਸ ਦੇ ਤੌਰ ’ਤੇ ਦੇਖਿਆ ਜਾਂਦਾ। ਹੈ। ਕਿਸ ਦੀ ਆਉ ਭਗਤ ਲਈ ਇਸ ਨੂੰ ਜ਼ਰੂਰੀ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ। ਚੈਣੀ/ਸਾਦਾ ਗੁਟਕਾ ਅਤੇ ਖੈਣੀ, ਚੱਬਣ ਵਾਲੇ ਤੰਬਾਕੂ ਦੀ ਵਰਤੋਂ ਵੀ ਆਮ ਹੈ। ਸਨੂਸ, ਜਰਦਾ, ਮਵਾਸ, ਇਹ ਵੱਖ-ਵੱਖ ਖੇਤਰਾਂ ਵਿੱਚ ਵਰਤੇ ਜਾਂਦੇ ਰੂਪ ਹਨ, ਜੋ ਲੋਕਾਂ ਲਈ ਆਮ ਮਿਲ ਵੀ ਜਾਂਦੇ ਹਨ। ਅੱਜ ਈ-ਸਿਗਰਟ ਅਤੇ ਵੇਪਿੰਗ, ਇਹ ਨਵੇਂ ਰੂਪ ਨੌਜਵਾਨਾਂ ਵਿੱਚ ਹਰਮਨ ਪਿਆਰੇ ਹੋ ਰਹੇ ਹਨ।
ਤੰਬਾਕੂ ਦੇ ਸਿਹਤ ਉੱਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ:
ਫੇਫੜਿਆਂ ਦਾ ਕੈਂਸਰ, ਸਿਗਰਟ ਪੀਣ ਵਾਲਿਆਂ ਵਿੱਚ ਇਹ ਰੋਗ ਆਮ ਹੈ। ਤੇ ਵੱਡੀ ਪੱਧਰ ਤੇ ਪਾਇਆ ਜਾਂਦਾ ਹੈ।
ਹਿਰਦੇ ਰੋਗ: ਰਕਤ ਵਾਲੀਆਂ ਨਸਾਂ ਆਕੜ ਜਾਂਦੀਆਂ ਹਨ ਤੇ ਇਸ ਨਾਲ ਹੋਰ ਖਤਰਨਾਕ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨਾਲ ਮੂੰਹ, ਗਲੇ ਅਤੇ ਜਿਗਰ ਦੇ ਰੋਗ ਸ਼ੁਰੂ ਹੋ ਜਾਂਦੇ ਹਨ।
ਸਭ ਤੋਂ ਵੱਡੀ ਗੱਲ ਇਹ ਕਿ ਔਰਤਾਂ ਵੀ ਵੱਡੀ ਪੱਧਰ ਤੇ ਤੰਬਪਾਕੂ ਦੀਆਂ ਆਦੀ ਹੋ ਚੁੱਕੀਆਂ ਹਨ। ਗਰਭਵਤੀ ਔਰਤਾਂ ਉੱਤੇ ਇਸਦੇ ਪ੍ਰਭਾਵ ਬਹੁਤ ਮਾਰੂ ਪੈਂਦੇ ਹਨ। ਬੱਚਾ ਕਮ ਵਜ਼ਨ ਨਾਲ ਪੈਦਾ ਹੋ ਸਕਦਾ ਹੈ ਜਾਂ ਮੌਤ ਵੀ ਹੋ ਸਕਦੀ ਹੈ। ਜਾਂ ਦੋਵੇਂ, ਜੱਚਾ-ਬੱਚਾ ਜਾਨ ਤੋਂ ਹੱਥ ਧੋ ਸਕਦੇ ਹਨ। ਬੱਚਾ ਅਪਾਹਿਜ ਪੈਦਾ ਹੋ ਸਕਦਾ ਹੈ।
ਤੰਬਾਕੂ ਤੋਂ ਦੰਦਾਂ ਦੀ ਸਿਹਤ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਪੀਲੇ ਦੰਦ, ਮੂੰਹ ਦੀ ਬੂ ਅਤੇ ਦੰਦਾਂ ਦੀ ਗਲਣ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਅਸਲ ਵਿੱਚ ਅਸੀਂ ਕਹਿ ਸਕਦੇ ਹਾਂ ਇਸਦਾ ਕੋਈ ਫਾਇਦਾ ਤਾਂ ਅਸੀਂ ਗਿਣਾ ਨਹੀਂ ਸਕਦੇ, ਸਭ ਸਿਹਤ ਪੱਖੋਂ ਮਾਰੂ ਹੀ ਹਨ।
‘ਨੋ ਤੰਬਾਕੂ ਡੇਅ’ ਦੀ ਸ਼ੁਰੂਆਤ:
ਸੰਸਾਰ ਸਿਹਤ ਸੰਸਥਾ ਨੇ 1987 ਵਿੱਚ ਪਹਿਲੀ ਵਾਰ ‘ਨੋ ਤੰਬਾਕੂ ਡੇਅ’ ਮਨਾਉਣ ਦਾ ਐਲਾਨ ਕੀਤਾ। ਮੂਲ ਮਕਸਦ ਇਹ ਸੀ ਕਿ ਜਨਤਾ ਨੂੰ ਤੰਬਾਕੂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਛੱਡਣ ਲਈ ਉਤਸ਼ਾਹਿਤ ਕੀਤਾ ਜਾਵੇ। ਹਰ ਸਾਲ ਇਹ ਦਿਨ ਵੱਖ-ਵੱਖ ਥੀਮਾਂ ਨਾਲ ਮਨਾਇਆ ਜਾਂਦਾ ਹੈ।
ਹਰ ਸਾਲ ‘ਨੋ ਤੰਬਾਕੂ ਡੇਅ’ ਲਈ ਇੱਕ ਨਵੀਂ ਥੀਮ ਨਿਰਧਾਰਤ ਕੀਤੀ ਜਾਂਦੀ ਹੈ ਜੋ ਸਿੱਧਾ ਜਾਗਰੂਕਤਾ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ:
2024 ਦੀ ਥੀਮ: “Protecting Children from Tobacco Industry Interference”
(ਬੱਚਿਆਂ ਨੂੰ ਤੰਬਾਕੂ ਉਦਯੋਗ ਦੀ ਦਖਲਅੰਦਾਜ਼ੀ ਤੋਂ ਬਚਾਉਣਾ) ਸੀ।
2025 ਵਿੱਚ ਵਿਸ਼ਵ ਨੋ ਤੰਬਾਕੂ ਦਿਵਸ ਦੀ ਥੀਮ ਹੈ: “ਚਮਕਦਾਰ ਉਤਪਾਦ, ਹਨੇਰੀਆਂ ਨੀਤੀਆਂ: ਆਕਰਸ਼ਣ ਦੀ ਪੜਤਾਲ” (Bright products. Dark intentions. Unmasking the Appeal)। ਇਹ ਥੀਮ ਤੰਬਾਕੂ ਉਦਯੋਗ ਵੱਲੋਂ ਉਤਪਾਦਾਂ ਨੂੰ ਆਕਰਸ਼ਕ ਬਣਾਉਣ ਲਈ ਵਰਤੇ ਜਾਂਦੇ ਚਲਾਕ ਤਰੀਕਿਆਂ ਨੂੰ ਬੇਨਕਾਬ ਕਰਨ ’ਤੇ ਕੇਂਦਰਿਤ ਹੈ, ਜੋ ਕਿ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਸ ਥੀਮ ਦਾ ਮਕਸਦ ਸੀ ਕਿ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਦੇ ਚੰਗੇ ਪ੍ਰਚਾਰ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਲਈ ਤੰਬਾਕੂ ਰਹਿਤ ਵਾਤਾਵਰਣ ਬਣਾਇਆ ਜਾਵੇ। ਦੇਖਿਆ ਗਿਆ ਕਿ ਜ਼ਮਾਨਾ ਇਸ਼ਤਿਹਾਰਬਾਜ਼ੀ ਦਾ ਹੈ। ਮਾੜੀਆਂ ਚੀਜ਼ਾਂ ਵੀ ਉਸਦੇ ਗ਼ਲਤ ਗੁਣ ਗਿਣਾ ਕੇ ਵੇਚੀਆਂ ਜਾਂਦੀਆਂ ਹਨ। ਉੱਤੋਂ ਇਸ ਕੰਮ ਲਈ ਸੈਲੀਬ੍ਰਿਟੀ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਨਾਲ ਨਵੀਂ ਪੀੜ੍ਹੀ ਵੱਧ ਪ੍ਰਭਾਵਿਤ ਹੁੰਦੀ ਹੈ। ਇਸ ਬੁਰਾਈ ਨੂੰ ਵਡਿਆ ਕੇ ਪੇਸ਼ ਕੀਤਾ ਜਾਂਦਾ ਹੈ।
ਭਾਰਤ ਵਿੱਚ ਤੰਬਾਕੂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਭਾਰਤ ਵਿੱਚ ਤੰਬਾਕੂ ਵਰਤਣ ਵਾਲਿਆਂ ਦੀ ਗਿਣਤੀ ਕਾਫੀ ਵੱਡੀ ਹੈ। ਇੱਕ ਅੰਕੜੇ ਮੁਤਾਬਕ ਤੰਬਾਕੂ ਵਰਤਣ ਵਾਲੇ ਭਾਰਤੀ (15+) 28.6% (ਪੁਰਸ਼ 42.4%, ਔਰਤਾਂ 14.2%) ਹਨ। ਕੁੱਲ ਤੰਬਾਕੂ ਵਰਤੋਂਕਾਰ ਲਗਭਗ 26 ਕਰੋੜ (260 ਮਿਲੀਅਨ) ਸਲਾਨਾ ਮੌਤਾਂ ਤੰਬਾਕੂ ਕਾਰਨ 13 ਲੱਖ 1.3 ਮਿਲੀਅਨ।
ਬੱਚਿਆਂ ਦੀ ਮੌਤ ਪੈਸਿਵ ਸਮੋਕਿੰਗ ਲਗਭਗ 1 ਲੱਖ ਪ੍ਰਤੀ ਸਾਲ। ਇਹ ਬਹੁਤ ਵੱਡੀ ਗਿਣਤੀ ਹੈ। ਪੈਸਿਵ ਸਮੋਕਿੰਗ, ਜੋ ਇਨ੍ਹਾਂ ਦੀ ਵਰਤੋਂ ਕਾਰਨ ਹੋਰ ਆਮ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ। ਪਰ ਕਿਉਂਕਿ ਇਸ ਵਿੱਚ ਕਮਾਈ ਮੋਟੀ ਹੈ, ਕੰਪਨੀਆਂ ਕਮਾ ਰਹੀਆਂ ਹਨ, ਸਰਕਾਰਾਂ ਲਈ ਮੋਟੀ ਆਮਦਨ ਪੈਦਾ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਕੋਈ ਰੋਕਣਾ ਨਹੀਂ ਚਾਹੁੰਦਾ।
ਸਰਕਾਰੀ ਪੱਧਰ ਤੇ ’COTPA’ (Cigarettes and Other Tobacco Products Act, 2003) ਜਿਹਾ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਤੰਬਾਕੂ ਉਤਪਾਦਾਂ ਉੱਤੇ ਚਿਤਾਵਣੀ ਲਾਜ਼ਮੀ ਕੀਤੀ ਗਈ ਹੈ। ਇਹ ਵੱਡੀ ਗੱਲ ਹੈ ਕਿ ਕਿਸੇ ਪ੍ਰੋਡਕਟ ਉੱਪਰ ਉਸ ਨੂੰ ਵਰਤਣ ਦੇ ਨੁਕਸਾਨ ਲਿਖਿਆ ਹੋਣਾ। ਪਰ ਫਿਰ ਵੀ ਲੋਕ ਜ਼ਿਆਦਾ ਵਰਤਦੇ ਹਨ। ਸਿਗਰਟ ਵਗੈਰਾ ਤਾਂ ਪਾਰਟੀਆਂ ਦਾ ਸ਼ਿੰਗਾਰ ਬਣ ਗਈਆਂ ਹਨ। ਅਸੀਂ ਰੋਲ ਮਾਡਲ ਵੀ ਉਹਨਾਂ ਨੂੰ ਮੰਨਦੇ ਹਾਂ, ਜੋ ਸਾਨੂੰ ਇਹ ਗਲਤ ਆਦਤਾਂ ਲਈ ਪ੍ਰੇਰਿਤ ਕਰਦੇ ਹਨ
ਤੰਬਾਕੂ ਉਦਯੋਗ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਈ-ਸਿਗਰਟ, ਸੁਗੰਧਿਤ ਗੁਟਕੇ ਅਤੇ ਆਕਰਸ਼ਕ ਪੈਕੇਜਿੰਗ ਰਾਹੀਂ ਇਹ ਉਤਪਾਦ ਵੇਚਣ ਵਾਲੇ ਨਵੇਂ ਨੌਜਵਾਨਾਂ ਨੂੰ ਖਿੱਚਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਵੱਡੀ ਪੱਧਰ ਵਿਕਦੇ ਹਨ ਇਹ ਪ੍ਰੋਡਕਟ।
ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ? ਤੰਬਾਕੂ ਵੇਚਣ ਵਾਲਿਆਂ ਨੂੰ ਮੋਟੀ ਕਮਾਈ ਹੁੰਦੀ ਹੈ। ਉਹ ਕਦੇ ਨਹੀਂ ਚਾਹੁਣਗੇ ਕਿ ਇਸਦੀ ਵਿਕਰੀ ਬੰਦ ਹੋਵੇ। ਇਸ ਲਈ ਲੋੜ ਸਮਾਜ ਨੂੰ ਜਾਗਣ ਦੀ ਹੈ। ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਗਰੂਕਤਾ ਪੈਦਾ ਕਰਨ।
ਤੰਬਾਕੂ ਛੱਡਣ ਦੇ ਤਰੀਕੇ ਜੋ ਅਸੀਂ ਵਰਤ ਸਕਦੇ ਹਾਂ:
ਭਾਵੇਂ ਇਹ ਕਹਿੰਦੇ ਨੇ ਕਿ ਤੰਬਾਕੂ ਛੱਡਣਾ ਆਸਾਨ ਨਹੀਂ ਪਰ ਇਹ ਨਾ ਮੁਮਕਿਨ ਵੀ ਨਹੀਂ। ਤੰਬਾਕੂ ਛੱਡਣ ਲਈ ਅਸੀਂ ਕੁਝ ਤਕਨੀਕਾਂ ਅਪਣਾ ਸਕਦੇ ਹਾਂ। ਪਹਿਲਾਂ
ਮਨੋਵਿਗਿਆਨਕ ਸਲਾਹ ਜ਼ਰੂਰੀ ਹੈ। ਤਜਰਬੇਕਾਰ ਮਾਨਸਿਕ ਸਲਾਹਕਾਰਾਂ ਦੀ ਮਦਦ ਨਾਲ ਤੰਬਾਕੂ ਛੱਡਿਆ ਜਾ ਸਕਦਾ ਹੈ। ਆਪਣੇ ਮਨ ’ਤੇ ਕਾਬੂ ਪਾਉਣਾ ਜ਼ਰੂਰੀ ਹੈ।
ਨਿਕੋਟੀਨ ਬਦਲ ਥੈਰੇਪੀ (NRT): ਨਿਕੋਟੀਨ ਗੰਮ, ਪੈਚ ਜਾਂ ਲੌਂਜ਼ੇਜ਼ ਵਰਗੀ ਥੈਰੇਪੀ ਨਾਲ ਛੁਟਕਾਰਾ ਮਿਲ ਸਕਦਾ ਹੈ।
ਹੌਸਲਾ ਅਤੇ ਪਰਿਵਾਰਿਕ ਸਹਿਯੋਗ: ਪਰਿਵਾਰ, ਦੋਸਤ ਅਤੇ ਸਾਥੀਆਂ ਦੀ ਹੌਸਲਾ ਅਫ਼ਜਾਈ ਬਹੁਤ ਜ਼ਰੂਰੀ ਹੈ। ਇਸ ਨਾਲ ਆਦੀ ਹੋਏ ਬੰਦੇ ਨੂੰ ਮੁੜ ਹੌਸਲਾ ਮਿਲ ਸਕਦਾ ਹੈ, ਜਿਸ ਨਾਲ ਉਹ ਵਿਅਕਤੀ ਇਸ ਬੁਰਾਈ ਤੋਂ ਛੁਟਕਾਰਾ ਪਾ ਸਕਦਾ ਹੈ।
‘ਨੋ ਤੰਬਾਕੂ ਡੇਅ’ ਮੌਕੇ ਕੀ ਕੀਤਾ ਜਾ ਸਕਦਾ ਹੈ? ਇਸ ਮੌਕੇ ’ਤੇ ਇੱਕਲੇ ਸੈਮੀਨਾਰ ਤੇ ਰੈਲੀਆਂ ਹੀ ਕੀਤੇ ਜਾਣ, ਸਗੋਂ ਇਸ ਲਈ ਸਕੂਲਾਂ ਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਮਝਾਉਣ ਲਈ ਸਾਨੂੰ ਵੱਡੀ ਪੱਧਰ ਤੇ ਯਤਨ ਕਰਨੇ ਪੈਣਗੇ। ਉਹਨਾਂ ਨੂੰ ਖੇਡਾਂ ਨਾਲ ਜੋੜਨਾ ਪਵੇਗਾ। ਧਾਰਮਿਕ ਸੰਸਥਾਵਾਂ ਕਲੱਬਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਕੈਂਪ ਵੀ ਲਗਾਏ ਜਾਣ।
ਤੰਬਾਕੂ ਵਰਤਣ ਵਾਲਿਆਂ ਦੀ ਸਹਾਇਤਾ ਲਈ ਉਨ੍ਹਾਂ ਲਈ ਚਿਕਿਤਸਾ ਅਤੇ ਮਦਦ ਉਪਲਬਧ ਕਰਵਾਉਣਾ ਸਮਾਜ ਅਤੇ ਸਰਕਾਰ ਦਾ ਫਰਜ਼ ਹੈ ਤਾਂ ਕਿ ਨੌਜਵਾਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ। ਸੋਸ਼ਲ ਮੀਡੀਆ ਅਭਿਆਨ ਨੌਜਵਾਨਾਂ ਨੂੰ ਜਾਂ ਖ਼ਤਰਨਾਕ ਆਦਤਾਂ ਤੋਂ ਬਚਾਉਣ ਲਈ ਵਧੀਆ ਰੋਲ ਅਦਾ ਕਰ ਸਕਦਾ ਹੈ। ਤੰਬਾਕੂ ਉਦਯੋਗ ਦਾ ਵਿਰੋਧ ਕਰਨਾ ਚਾਹੀਦਾ ਹੈ।
ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਤੰਬਾਕੂ ਵਰਤਣ ਵਾਲਾ ਵਿਅਕਤੀ ਸਿਰਫ਼ ਆਪਣੀ ਹੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਰਾਹੀਂ ਖ਼ਤਰੇ ਵਿੱਚ ਪਾ ਦਿੰਦਾ ਹੈ। ਇਸ ਕਰਕੇ ਤੰਬਾਕੂ ਛੱਡਣਾ ਇੱਕ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਹੈ, ਜਿਸ ਨਾਲ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ
‘ਨੋ ਤੰਬਾਕੂ ਡੇਅ’ ਸਿਰਫ਼ ਇੱਕ ਦਿਨ ਦੀ ਮਰਿਯਾਦਾ ਤਕ ਸੀਮਿਤ ਨਹੀਂ ਹੋਣਾ ਚਾਹੀਦਾ, ਇਹ ਇੱਕ ਲੰਮੀ ਲੜਾਈ ਦਾ ਹਿੱਸਾ ਹੈ, ਜੋ ਲੋਕਾਂ ਦੀ ਸਿਹਤ ਬਚਾਉਣ ਲਈ ਲੜੀ ਜਾ ਰਹੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ, ਆਪਣੇ ਪਰਿਵਾਰ ਅਤੇ ਸਮਾਜ ਵਿੱਚ ਤੰਬਾਕੂ ਰਹਿਤ ਵਾਤਾਵਰਣ ਬਣਾਈਏ। ਇਹ ਸੰਘਰਸ਼ ਸਿਰਫ਼ ਸਿਹਤ ਲਈ ਹੀ ਨਹੀਂ ਸਗੋਂ ਇੱਕ ਸੁਚੱਜੇ ਅਤੇ ਸੁਰੱਖਿਅਤ ਭਵਿੱਖ ਲਈ ਵੀ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)