“ਵੈਸੇ ਹਿੰਦੋਸਤਾਨ ਦਾ ਇਤਿਹਾਸ ਠੱਗਾਂ ਨਾਲ ਹੀ ਭਰਿਆ ਪਿਆ ਹੈ, ਕਿਵੇਂ ਲੋਕ ...”
(4 ਜਨਵਰੀ 2025)
ਬਾਬਾ ਜੀ ਪ੍ਰਵਚਨ ਦੇ ਰਹੇ ਸਨ ਕਿ ਭਾਈ ਆਉਣ ਵਾਲੇ ਸਮੇਂ ਵਿੱਚ ਸਾਰੇ ਠੱਗ ਹੋਣਗੇ। ਸ਼ਰਧਾਲੂਆਂ ਵਿੱਚੋਂ ਕਿਸੇ ਨੇ ਪੁੱਛ ਲਿਆ, “ਬਾਬਾ ਜੀ, ਫਿਰ ਠੱਗਿਆ ਕਿਹੜਾ ਜਾਊ?”
ਬਾਬਾ ਕਹਿੰਦਾ, “ਭਾਈ, ਜਿਹੜਾ ਯਕੀਨ ਕਰ ਗਿਆ।”
ਚੋਰੀ ਅਤੇ ਠੱਗੀ ਦੋਵੇਂ ਭੈਣਾਂ ਹਨ। ਚੋਰੀ ਰਾਤ ਦੇ ਹਨੇਰੇ ਸੁੰਨ-ਮਸਾਨ ਦੇਖ ਕੇ ਕੀਤੀ ਜਾਂਦੀ ਹੈ ਪਰ ਠੱਗੀ ਸ਼ਰੇਆਮ ਅੱਖਾਂ ਵਿੱਚ ਘੱਟਾ ਪਾ ਕੇ, ਮੂਰਖ ਬਣਾਕੇ, ਸੁਮੋਹਿਤ ਕਰਕੇ, ਲਾਲਚ ਦੇ ਕੇ, ਅੱਜਕਲ੍ਹ ਔਨਲਾਈਨ ਜਾਂ ਅਖੌਤੀ ਬਾਬਿਆਂ ਦੇ ਰੂਪ ਵਿੱਚ ਮਾਰੀ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਇੱਕ ਨੇੜਲੇ ਰਿਸ਼ਤੇਦਾਰ ਨੂੰ ਕਿਸੇ ਦਾ ਫੋਨ ਆਇਆ। “ਤੁਹਾਡੀ ਲਾਟਰੀ ਲੱਗੀ ਐ ਜੀ।” ਕਹਿ ਫੋਨ ਕਰਨ ਵਾਲੇ ਨੇ ਮੇਰੇ ਰਿਸ਼ਤਦਾਰ ਨੂੰ ਗੱਲਾਂ ਵਿੱਚ ਉਲਝਾ ਲਿਆ। ਪਿੱਛੋਂ ਕਹਿੰਦਾ, ਮੋਬਾਇਲ ਬੰਦ ਕਰਕੇ ਆਨ ਕਰੋ। ਬੱਸ ਐਨੇ ਟਾਈਮ ਵਿੱਚ ਹੀ ਪੰਦਰਾਂ ਹਜ਼ਾਰ ਨਿਕਲ਼ ਜਾਣ ਦਾ ਮੈਸੇਜ ਆ ਗਿਆ। ਠਣ-ਠਣ ਗੋਪਾਲ ਹੋ ਗਈ।
ਵੈਸੇ ਤਾਂ ਠੱਗੀ ਅੱਜਕਲ੍ਹ ਹਰੇਕ ਥਾਂ ਹੋ ਗਈ ਹੈ। ਪਹਿਲਾਂ ਨਟਵਰ ਲਾਲ ਜਿਹੇ ਠੱਗਾਂ ਦੇ ਨਾਮ ਸੁਣਦੇ ਸੀ। ਵੈਸੇ ਹਿੰਦੋਸਤਾਨ ਦਾ ਇਤਿਹਾਸ ਠੱਗਾਂ ਨਾਲ ਹੀ ਭਰਿਆ ਪਿਆ ਹੈ, ਕਿਵੇਂ ਲੋਕ ਆਪਣਿਆਂ ਨਾਲ ਹੀ ਠੱਗੀਆਂ ਮਾਰਦੇ ਰਹੇ, ਰਾਜ ਪਲਟੇ ਹੁੰਦੇ ਰਹੇ। ਸਿੱਖ ਇਤਿਹਾਸ ਵਿੱਚ ਵੀ ਸੱਜਣ ਠੱਗ ਤੇ ਹੋਰ ਬਹੁਤ ਸਾਰੇ ਠੱਗਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ। ਰੱਬ ਨਾਲ ਤੇ ਰੱਬ ਦੇ ਨਾਮ ’ਤੇ ਵੀ ਪੂਰੀਆਂ ਠੱਗੀਆਂ ਮਾਰੀਆਂ ਜਾਂਦੀਆਂ ਨੇ। ਭਾਵੇਂ ਗੀਤ ਇਹ ਗਾਏ ਜਾਂਦੇ ਹਨ: ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆਂ।
ਮਿਰਚ ਮਸਾਲੇ, ਮਠਿਆਈ, ਖਾਣ ਪੀਣ, ਘਿਉ, ਦੁੱਧ, ਸੋਨੇ, ਰੇਹ, ਸਪਰੇਅ ਸਭ ਥਾਂ ਠੱਗੀ ਵੱਜਦੀ ਹੈ। ਕਹਿੰਦੇ ਨੇ ਸੁਨਿਆਰ ਨੇ ਇੱਕ ਵਾਰ ਆਪਣੀ ਮਾਂ ਦੇ ਗਹਿਣੇ ਵਿੱਚ ਵੀ ਖੋਟ ਪਾਕੇ ਠੱਗੀ ਮਾਰੀ ਸੀ। ਸੁਨਿਆਰੇ ਨੂੰ ਹੁਣ ਤਕ ਇਹੀ ਗੱਲ ਸੁਣਾਈ ਜਾਂਦੀ ਹੈ। ਆਮ ਗਾਹਕ ਨੂੰ ਕਈ ਪਾਸੇ ਤੋਂ ਠੱਗਿਆ ਜਾਂਦਾ ਹੈ। ਜੇਕਰ ਕੋਈ ਘਰ ਦਾ ਕੰਮ ਕਰਵਾਉਣਾ ਹੋਵੇ ਤਾਂ ਕਮਿਸ਼ਨ ਲੈਣ ਦੇਣ ਵਿੱਚ ਹੀ ਜੇਬ ਹੌਲ਼ੀ ਕਰ ਦਿੱਤੀ ਜਾਂਦੀ ਹੈ। ਮੇਰੇ ਸ਼ਹਿਰ ਵਿੱਚ ਇੱਕ ਮਜ਼ਦੂਰ ਨੂੰ ਕੋਈ ਬੰਦਾ ਆਪਣੇ ਨਾਲ ਕੰਮ ਕਰਵਾਉਣ ਲੈ ਗਿਆ। ਇੱਕ ਬੰਦ ਪਏ ਘਰ ਦੇ ਅੱਗੇ ਜਾਕੇ ਉਹ ਬੰਦਾ ਕਹਿੰਦਾ ਕਿ ਮੈਂ ਚਾਬੀ ਭੁੱਲ ਆਇਆ ਹਾਂ। ਮਜ਼ਦੂਰ ਤੋਂ ਸਾਈਕਲ ਮੰਗਿਆ ਤੇ ਚਾਬੀ ਲੈਣ ਗਿਆ ਅੱਜ ਤਕ ਨਹੀਂ ਮੁੜਿਆ। ਮਜ਼ਦੂਰ ਵਿਚਾਰੇ ਨੇ ਮਸਾਂ ਸਾਈਕਲ ਖਰੀਦਿਆ ਸੀ। ਲੋਕ ਗਰੀਬ ਨੂੰ ਵੀ ਛੱਡਦੇ। ਨਿੱਕੇ ਨਿੱਕੇ ਕਾਗਜ਼ ਪੱਤਰਾਂ ਬਣਾਉਣ ਦੇ ਨਾਮ ’ਤੇ ਵੀ ਇਹੀ ਕੰਮ ਚੱਲਦਾ ਹੈ।
ਮੇਰੇ ਪਿੰਡੋਂ ਇੱਕ ਔਰਤ ਕਿਸੇ ਜਗ੍ਹਾ ਭੋਗ ’ਤੇ ਜਾ ਰਹੀ ਸੀ। ਰਾਹ ਵਿੱਚ ਕਾਰ ਵਿੱਚ ਬੈਠੀਆਂ ਮੋਮੋਠੱਗਣੀਆਂ ਨੇ ਮਿੱਠੀਆਂ ਮਾਰਕੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਜਦੋਂ ਉਸ ਔਰਤ ਨੂੰ ਸੁਰਤ ਆਈ ਤਾਂ ਉਦੋਂ ਤਕ ਉਹ ਕਿਸੇ ਸੁੰਨਸਾਨ ਥਾਂ ’ਤੇ ਖੜ੍ਹੀ ਸੀ। ਉਸ ਦਾ ਘਰ ਵਾਲਾ ਜਦੋਂ ਲੈਣ ਪਹੁੰਚਿਆ ਤਾਂ ਦੇਖਿਆ ਹੱਥ ਪਾਈਆਂ ਸੋਨੇ ਦੀਆਂ ਚੂੜੀਆਂ ਗਾਇਬ ਸਨ। ਉਹ ਆਪਣੇ ਘਰ ਵਾਲੇ ਅੱਗੇ ਖਾਲੀ ਬਾਂਹ ਦਿਖਾਉਂਦੀ ਤੇ ਰੋਂਦੀ ਰੋਂਦੀ ਕਹਿ ਰਹੀ ਸੀ, “ਮਾਹੀ ਮੇਰੀਆਂ ਸੁੰਨੀਆਂ ਕਲਾਈਆਂ ਵੇ।”
ਬਾਬੇ ਵੀ ਟੂਣੇ-ਟਾਮਣ, ਧਾਗੇ-ਤਬੀਤ, ਭਸਮਾ ਹਥੌਲ਼ੇ ਆਦਿ ਦੇ ਨਾਮ ’ਤੇ, ਜਾਂ ਗਲੀਆਂ ਵਿੱਚ ਫਿਰਦੇ ਆਮ ਪਾਂਧੇ ਦੇ ਰੂਪ ਵਿੱਚ ਘਰਾਂ ਦੀਆਂ ਔਰਤਾਂ ਨੂੰ ਚੂਨਾ ਲਾ ਜਾਂਦੇ ਹਨ। ਇਹਨਾਂ ਦੀ ਠੱਗੀ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੀ ਹੁੰਦੀਆਂ ਹਨ। ਇਹ ਵਿਸ਼ਵਾਸ ਜਲਦੀ ਕਰ ਲੈਂਦੀਆਂ ਹਨ।
ਪਰਲਜ਼, ਮੈਕਸਫੋਰੈਕਸ ਤੇ ਹੋਰ ਕੰਪਨੀਆਂ ਦੁਆਰਾ ਦੁੱਗਣੇ ਪੈਸੇ ਦੇਣ ਦੇ ਲਾਲਚ ਵਿੱਚ ਫਸਕੇ ਲੋਕ ਅੱਜ ਤਕ ਰਾਸ ਨੀ ਆਏ। ਕੱਲ੍ਹ ਦੀ ਖ਼ਬਰ ਹੈ ਕਿ ਜ਼ਾਹਲੀ ਡਿਗਰੀਆਂ ਬਣਾਕੇ ਕੋਈ ਫ਼ੋਟੋ ਸਟੇਟ ਵਾਲਾ ਹੀ ਲੱਖਾਂ ਦੀਆਂ ਡਿਗਰੀਆਂ ਵੇਚ ਗਿਆ। ਨੇਤਾਵਾਂ ਅਤੇ ਬਿਜ਼ਨਸਮੈਨਾ ਨੇ ਜ਼ਾਹਲੀ ਫਰਮਾਂ ਬਣਾ ਕੇ ਕਿੰਨੇ ਬੈਂਕ ਕੱਖੋਂ ਹੌਲੇ ਕਰ ਦਿੱਤੇ ਹਨ। ਬਾਅਦ ਵਿੱਚ ਉਹ ਦੇਸ਼ ਛੱਡ ਕੇ ਫਰਾਰ ਹੋ ਗਏ। ਇਹ ਵੀ ਸੁਣਦੇ ਹਾਂ ਕਿ ਉਹਨਾਂ ਨੂੰ ਭਜਾਉਣ ਵਿੱਚ ਲੀਡਰ ਠੱਗਾਂ ਦਾ ਹੱਥ ਰਿਹਾ ਹੈ। ਇੱਕ ਗੁਜਰਾਤੀ ਭਗੌੜਾ ਲੋਕਾਂ ਨੂੰ ਕਰੋੜਾਂ ਦੇ ਨਗਾਂ ਦੀ ਬਜਾਏ ਕੱਚ ਹੀ ਵੇਚ ਗਿਆ।
ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ। ਠੱਗਾਂ ਨੇ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਵੀ ਵਿਕਣ ਲਾ ਦਿੱਤਾ ਹੈ। ਡਰ ਇਹ ਹੈ ਕਿ ਆਉਣ ਸਮੇਂ ਵਿੱਚ ਹਵਾ ਵੀ ਵਿਕਣ ਨਾ ਲਾ ਦੇਣ।
ਕਿਸਾਨਾਂ ਤੇਰੀ ਫਸਲ ਨਾ ਵਿਕੇ, ਵੇਚਣ ਵਾਲੇ ਦੇਸ਼ ਵੇਚ ਗਏ।
ਠੱਗੀਆਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵਧਣਾ ਹੈ। ਨਾ ਸਾਡੀ ਸਿੱਖਿਆ ਵਿੱਚ ਅਜਿਹੀ ਕੋਈ ਸੋਧ ਕੀਤੀ ਹੈ ਕਿ ਘੱਟੋ ਘੱਟੋ ਆਉਣ ਵਾਲੀ ਪੀੜ੍ਹੀ ਜਾਂ ਹੁਣ ਦੀ ਪੀੜ੍ਹੀ ਦੇ ਲੋਕ ਜਾਗਰੂਕ ਹੋ ਸਕਣ। ਪਰ ਜਿਨ੍ਹਾਂ ਨੇ ਦੇਸ਼ ਬਾਰੇ ਸੋਚਣਾ ਹੈ, ਉਹ ਤਾਂ ਆਪ ਹੀ ਠੱਗ ਨੇ। ਸਭ ਤੋਂ ਮਾੜੀ ਉਸ ਵੇਲੇ ਹੁੰਦੀ ਹੈ, ਜਦੋਂ ਥਾਣਿਆਂ ਕਚਹਿਰੀਆਂ ਵਿੱਚ ਵੀ ਪੀੜਤ ਦੀ ਕੋਈ ਨਹੀਂ ਸੁਣਦਾ, ਤੁਹਾਨੂੰ ਇਨਸਾਫ ਲੈਣ ਲਈ ਵੀ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਸੁਚੇਤ ਰਹਿਣ ਦੀ ਲੋੜ ਹੈ। ਠੱਗਾਂ ਦੇ ਅੜਿੱਕੇ ਚੜ੍ਹਿਆ ਸਾਰੀ ਉਮਰ ਨਹੀਂ ਰਾਸ ਆਉਂਦਾ।
ਪਰ ਇਹਨਾਂ ਠੱਗਾਂ ਨੇ ਵੀ ਗੁਜ਼ਾਰਾ ਕਰਨਾ ਹੈ, ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ:
ਠੱਗੀ ਮਾਰਕੇ ਗੁਜ਼ਾਰਾ ਕਰਨਾ, ਸਾਡੇ ਕਿਹੜਾ ਹਲ਼ ਚੱਲਦੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5588)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)