“ਮਲਟੀਨੈਸ਼ਨਲ ਕੰਪਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਰਾਹੀਂ ...”
(25 ਜਨਵਰੀ 2025)
ਵਿਸ਼ਵੀਕਰਨ ਜਾਂ ਉਦਾਰੀਕਰਨ ਦੀ ਸ਼ੁਰੂਆਤ 1990 ਦੇ ਲਗਭਗ ਹੋਈ, ਜਦੋਂ ਮਲਟੀਨੈਸ਼ਨਲ ਕੰਪਨੀਆਂ ਨੇ ਦੁਨੀਆ ਵਿੱਚ ਫੈਲਣਾ ਸ਼ੁਰੂ ਕੀਤਾ। ਸਾਰੀ ਦੁਨੀਆਂ ਇੱਕ ਪਿੰਡ ਜਿਹਾ ਬਣ ਗਈ। ਆਉਣ ਜਾਣ ਦੇ ਰਾਹ ਮੋਕਲੇ ਹੋਏ। ਇੱਕ ਦੇਸ਼ ਦੀਆਂ ਵਸਤਾਂ ਦੂਜੇ ਦੇਸ਼ ਵਿੱਚ ਅਸਾਨੀ ਨਾਲ ਆਉਣ ਜਾਣ ਤੇ ਵਿਕਣ ਲੱਗ ਪਈਆਂ। ਇੱਕ ਦੂਜੇ ਦੇਸ਼ ਵਿੱਚ ਵਪਾਰ ਕਰਨਾ ਸੌਖਾ ਹੋ ਗਿਆ। ਇੱਕ ਦੂਜੇ ਦੇਸ਼ ਦਾ ਵੀਜ਼ਾ ਅਸਾਨੀ ਨਾਲ ਮਿਲਣ ਲੱਗ ਪਿਆ। ਇਹ ਨਿਸ਼ਚਿਤ ਹੀ ਸੀ ਕਿ ਇਸ ਨਾਲ ਇੱਕ ਦੇਸ਼, ਮਹਾਂਦੀਪ ਦਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ ਤੇ ਸੱਭਿਆਚਾਰ ਵੀ ਦੂਜੇ ਦੇਸ਼ ਜਾਂ ਮਹਾਂਦੀਪ ਵਿੱਚ ਜਾਣਗੇ। ਵਿਸ਼ਵੀਕਰਨ ਹੈ ਕੀ? ਜੇਕਰ ਮਾਹਿਰਾਂ ਮੁਤਾਬਕ ਮੰਨੀਏ ਤਾਂ ਵਰਲਡ ਟਰੇਡ ਔਰਗੇਨਾਈਜੇਸ਼ਨ ਅਨੁਸਾਰ ਇਹ ਵਣਜ-ਵਪਾਰ, ਆਵਾਜਾਈ ਤੇ ਮਨੁੱਖ ਦੇ ਇੱਕ ਦੂਜੇ ਦੇਸ਼ ਵਿੱਚ ਆਉਣ-ਜਾਣ ਦੀ ਖੁੱਲ੍ਹ ਹੈ। ਮੈਲਕਮ ਵਾਰਟਰ ਅਨੁਸਾਰ ਇਹ ਸਮਾਜਿਕ, ਰਾਜਨੀਤਕ ਅਤੇ ਆਰਥਿਕ ਤੌਰ ’ਤੇ ਦੇਸ਼ਾਂ ਦੇ ਆਪਸੀ ਅਦਾਨ-ਪ੍ਰਦਾਨ ਦਾ ਨਾਮ ਹੈ।
ਮਤਲਬ ਇਹੀ ਸਿੱਧ ਹੁੰਦਾ ਹੈ ਕਿ ਸਾਰੀ ਦੁਨੀਆਂ ਦਾ ਇੱਕ ਮੰਚ, ਇੱਕ ਮੰਡੀ ਦਾ ਹਿੱਸਾ ਬਣ ਜਾਣਾ ਵਿਸ਼ਵੀਕਰਨ ਕਹਾਉਂਦਾ ਹੈ। ਭਾਰਤ ਦੀ ਮਜਬੂਰੀ ਜਾਂ ਲੋੜ ਸੀ ਕਿ ਭਾਰਤ ਨੂੰ ਵੀ ਇਸ ਲਈ ਆਪਣੇ ਦਰਵਾਜ਼ੇ ਖੋਲ੍ਹਣੇ ਪਏ। ਇਸਦੇ ਸੰਬੰਧੀ ਹਾਂ ਪੱਖੀ ਤੇ ਨਾਂਹ ਪੱਖੀ, ਦੋਵੇਂ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਕੁਝ ਇਸ ਨੂੰ ਵਿਰੋਧ ਦੇ ਤੌਰ ’ਤੇ ਲੈਂਦੇ ਹਨ, ਜਦੋਂ ਕਿ ਕੁਝ ਇਸਦੇ ਹੱਕ ਵਿੱਚ ਹਨ। ਇਸ ਨਾਲ ਤੁਸੀਂ ਆਪਣਾ ਮਾਲ ਵੱਡੀ ਮੰਡੀ ਤੇ ਖੁੱਲ੍ਹੇ ਮੁਕਾਬਲੇ ਵਿੱਚ ਵੇਚ ਸਕਦੇ ਹੋ। ਉੱਥੇ ਹੀ ਖੁੱਲ੍ਹੀ ਮੰਡੀ ਵਿੱਚੋਂ ਵਧੀਆ ਤੇ ਸਸਤੀਆਂ ਵਸਤੂਆਂ ਵੀ ਖਰੀਦ ਸਕਦੇ ਹੋ। ਭਾਰਤ ਵਿੱਚ ਜਦੋਂ ਇਸ ਲਈ ਰਾਹ ਪੱਧਰਾ ਕੀਤਾ ਗਿਆ ਤਾਂ ਵੱਡੀਆਂ ਕੰਪਨੀਆਂ ਇੱਥੋਂ ਦੀ ਅਬਾਦੀ ਅਤੇ ਮੰਗ ਨੂੰ ਦੇਖ ਕੇ, ਇੱਥੇ ਮਾਲ ਵੇਚਣ ਨੂੰ ਤਰਜੀਹ ਦੇਣ ਲੱਗੀਆਂ। ਇੱਥੇ ਥੋੜ੍ਹੇ ਸਾਲਾਂ ਵਿੱਚ ਹੀ ਕੰਪਨੀਆਂ ਆਪਣੇ ਫਰਿੱਜ, ਟੀਵੀ, ਓਵਨ, ਕਾਰਾਂ, ਸੌਫਟ ਡਰਿੰਕ ਹੋਰ ਬਹੁਤ ਕੁਝ ਲੈ ਆਈਆਂ। ਇੱਥੋਂ ਦੇ ਲੋਕ ਧੜਾਧੜ ਇਹਨਾਂ ਨੂੰ ਖਰੀਦਣ ਲੱਗ ਪਏ। ਇਸ ਨਾਲ ਲੋਕਾਂ ਨੂੰ ਆਮ ਵਸਤਾਂ ਸਸਤੀਆਂ ਤੇ ਵਧੀਆ ਉਪਲਬਧ ਹੋਣ ਲੱਗੀਆਂ। ਬਹੁਤੀਆਂ ਵਸਤਾਂ ਨੇ ਜੀਵਨ ਨੂੰ ਅਰਾਮਦਾਇਕ ਵੀ ਬਣਾ ਦਿੱਤਾ। ਮਸ਼ੀਨਾਂ ਘਰ, ਖੇਤੀਬਾੜੀ ਅਤੇ ਹੋਰ ਕੰਮਾਂ ਨੂੰ ਸੌਖਾ ਕਰਨ ਲੱਗੀਆਂ। ਲੋਕਾਂ ਦਾ ਜੀਵਨ ਪੱਧਰ ਉੱਪਰ ਉੱਠਿਆ। ਫਰਿੱਜ, ਟੀਵੀ, ਏਸੀ, ਸਕੂਟਰ, ਕਾਰਾਂ ਨੇ ਜੀਵਨ ਨੂੰ ਸੁਖਾਵਾਂ ਕਰ ਦਿੱਤਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਰੱਕੀ ਹੋਈ ਹੈ। ਜਿੱਥੋਂ ਇਹ ਕੰਪਨੀਆਂ ਆਈਆਂ ਸਨ, ਉੱਥੋਂ ਉਨ੍ਹਾਂ ਦੇਸ਼ਾਂ ਦਾ ਸੱਭਿਆਚਾਰ ਵੀ ਨਾਲ ਹੀ ਆ ਗਿਆ। ਮਲਟੀਨੈਸ਼ਨਲ ਕੰਪਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਰਾਹੀਂ ਹਰ ਘਰ ਤਕ ਦਸਤਕ ਦੇ ਦਿੱਤੀ। ਲੋਕਾਂ ਦੀ ਸੋਚ ਨੂੰ ਪ੍ਰਭਾਵਤ ਕੀਤਾ। ਕਰੋੜਾਂ ਰੁਪਏ ਪ੍ਰਚਾਰ ਉੱਤੇ ਖਰਚ ਕਰਕੇ ਲੋਕਾਂ ਨੂੰ ਆਪਣੀ ਸੋਚ, ਸੱਭਿਆਚਾਰ ਮੁਤਾਬਕ ਢਾਲ ਲਿਆ, ਜਿਸ ਨਾਲ ਇੱਥੇ ਖਾਣ-ਪੀਣ, ਪਹਿਨਣ, ਕੰਮਕਾਰ ਕਰਨ ਦੇ ਢੰਗ, ਰੀਤੀ ਰਿਵਾਜ਼, ਗੀਤ-ਸੰਗੀਤ ਵਿੱਚ ਬਹੁਤ ਤਬਦੀਲੀ ਆਈ।
ਸਿਆਣੇ ਦੱਸਦੇ ਹਨ ਕਿ ਉਹਨਾਂ ਨੇ ਆਪਣੀ ਉਮਰ ਦੇ ਪਹਿਲੇਸੱਠਾਂ ਵਿੱਚ ਉਹ ਤਬਦੀਲੀ ਨਹੀਂ ਦੇਖੀ ਜਿਹੜੀ ਕਿ ਆਪਣੀ ਉਮਰ ਦੇ ਅਖੀਰਲੇ ਵੀਹ ਸਾਲਾਂ ਵਿੱਚ ਦੇਖ ਲਈ ਹੈ। ਪੰਜਾਬ ਜੋ ਕਿ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ, ਇਸ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਿਆ ਹੈ। ਪੰਜਾਬੀ ਲੋਕਾਂ ਦੀ ਜ਼ਿੰਦਗੀ ਜਿਊਣ ਦਾ ਆਪਣਾ ਢੰਗ ਸੀ, ਆਪਣਾ ਸੱਭਿਆਚਾਰ, ਆਪਣਾ ਖਾਣ-ਪੀਣ ਅਤੇ ਆਪਣਾ ਗੀਤ-ਸੰਗੀਤ ਸੀ। ਇਸੇ ਸਾਰੇ ਸਿਸਟਮ ਵਿੱਚ ਵੱਡੀ ਤਬਦੀਲੀ ਆਈ ਹੈ। ਸਭ ਤੋਂ ਪਹਿਲਾਂ ਜੇ ਖਾਣ ਪੀਣ ਦੀ ਗੱਲ ਕਰੀਏ ਤਾਂ ਇਸਨੇ ਸਾਡੀ ਪੂਰੀ ਰਸੋਈ ਬਦਲ ਕੇ ਰੱਖ ਦਿੱਤੀ ਹੈ। ਰਸੋਈ ਦਾ ਕੁੱਲ ਹਾਰ ਸ਼ਿੰਗਾਰ ਹੀ ਬਦਲ ਗਿਆ ਹੈ। ਲੈ ਮਧਾਣੀਆਂ ਤੋਂ ਪਤੀਲੇ, ਬਾਟੀਆਂ ਤਕ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਬਾਟੀਆਂ ਵਿੱਚ ਚਾਹ, ਲੱਸੀਆਂ ਪੀਣ ਵਾਲੇ ਹੁਣ ਕੱਪਾਂ ਗਲਾਸਾਂ ’ਤੇ ਆ ਗਏ ਹਨ।
ਖਾਣ ਪੀਣ ਵਿੱਚ ਹੁਣ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਬਾਜਰੇ ਦੀ ਖਿਚੜੀ, ਮਰੂੰਡੇ, ਘਿਓ, ਲੱਸੀਆਂ ਸਭ ਬਦਲ ਦਿੱਤੀਆਂ ਹਨ। ਬੱਚਿਆਂ ਦੀ ਪਸੰਦ ਨੂਡਲ, ਮਕਰੌਨੀ, ਚਿਪਸ, ਪਾਸਤੇ ਤੇ ਬਰਗਰ-ਪੀਜ਼ੇ ਬਣ ਗਏ ਹਨ। ਉਹਨਾਂ ਨੂੰ ਘਰੇ ਬਣਿਆ ਕੁਝ ਪਸੰਦ ਨਹੀਂ ਆਉਂਦਾ। ਮਾਵਾਂ ਵੀ ਬਾਹਰ ਦਾ ਖਾ ਕੇ ਖੁਸ਼ ਹਨ, ਉਹਨਾਂ ਨੂੰ ਘਰ ਰੋਟੀ ਪਕਾਉਣੀ ਔਖੀ ਲਗਦੀ ਹੈ। ਇਸਦਾ ਅਸਰ ਇਹ ਦਿਸ ਰਿਹਾ ਹੈ ਕਿ ਪੰਜਾਬੀ ਹੁਣ ਪਹਿਲਾਂ ਜਿਹੇ ਜੁੱਸਿਆਂ ਵਾਲੇ ਨਹੀਂ ਰਹੇ। ਜਿਹੜੇ ਪੰਜਾਬੀ ਦੁੱਧ ਮੱਖਣਾਂ ਨਾਲ ਪਲਦੇ ਸਨ, ਉਹਨਾਂ ਨੂੰ ਹੁਣ ਡਾਕਟਰ ਖਾਣ ਪੀਣ ਤੋਂ ਰੋਕ ਰਹੇ ਹਨ। ਪੰਜਾਬੀ ਵੱਖ ਵੱਖ ਤਰ੍ਹਾਂ ਦੇ ਅਟੈਕਾਂ ਦੇ ਸ਼ਿਕਾਰ ਹੋ ਰਹੇ ਹਨ। ਹਰੇਕ ਘਰ ਦਵਾਈਆਂ ਪਹੁੰਚ ਗਈਆਂ ਹਨ। ਪੰਜਾਬੀ ਸਿਹਤ ਪੱਖੋਂ ਨਿਵਾਵਾਂ ਵੱਲ ਜਾ ਰਹੇ ਹਨ। ਜ਼ਿਆਦਾਤਰ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਰੋਗ ਪਾਏ ਗਏ ਹਨ। ਉਹ ਮਲਟੀ ਵਿਟਾਮਿਨ ਦੀਆਂ ਗੋਲੀਆਂ ਨਾਲ ਤਾਕਤ ਪੂਰੀ ਕਰਦੇ ਹਨ। ਹੁਣ ਦਾਰਾ ਸਿੰਘ ਵਰਗੇ ਪਹਿਲਵਾਨ ਪੈਦਾ ਨਹੀਂ ਹੁੰਦੇ।
ਸੱਭਿਆਚਾਰ ਪੱਖੋਂ ਸਾਡਾ ਗੀਤ-ਸੰਗੀਤ, ਸਾਹਿਤ ਤੇ ਪਹਿਰਾਵਾ ਬਦਲ ਗਿਆ ਹੈ। ਜਿਸ ਪੱਧਰ ਦਾ ਸਾਹਿਤ ਪਹਿਲਾਂ ਰਚਿਆ ਗਿਆ ਸੀ, ਉਸ ਪੱਧਰ ਦੀ ਕੋਈ ਵੀ ਕਿਤਾਬ, ਗ੍ਰੰਥ ਇਸ ਗਲੋਬਲੀਕਰਨ ਤੋਂ ਬਾਅਦ ਨਹੀਂ ਛਪਿਆ। ਉੱਚ ਪਾਏ ਦੇ ਸਾਹਿਤ ਦਾ ਸੋਕਾ ਪੈ ਗਿਆ ਹੈ। ਪਹਿਲਾਂ ਵਾਲੇ ਕਵੀਆਂ, ਨਾਵਲਕਾਰਾਂ, ਜਾਂ ਵਾਰਤਕ ਲਿਖਣ ਵਾਲੇ ਸਾਹਿਤਕਾਰਾਂ ਦੀ ਘਾਟ ਹੈ। ਸਾਹਿਤ ਪੱਖੋਂ ਹਲਕੇ ਪੱਧਰ ਦਾ ਸਾਹਿਤ ਛਪ ਰਿਹਾ ਹੈ। ਨਾ ਹੀ ਉਹੋ ਜਿਹੇ ਪਾਠਕ ਲੱਭ ਰਹੇ ਹਨ। ਨਵੀਂ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ। ਉਹ ਆਪਣੇ ਸ਼ੋਰ-ਓ-ਗੁੱਲ (ਰੌਲ਼ੇ-ਰੱਪੇ) ਵਿੱਚ ਮਸਤ ਹੈ।
ਗੀਤ-ਸੰਗੀਤ ਵਿੱਚ ਢਾਡੀ ਵਾਰਾਂ, ਚਿੱਠੇ, ਕਵੀਸ਼ਰੀ, ਗੀਤ, ਲੋਕ-ਤੱਥ ਹੁਣ ਘੱਟ ਹੀ ਸੁਣਨ ਨੂੰ ਮਿਲਦੇ ਹਨ। ਹਲਕੇ ਪੱਧਰ ਦੇ ਗੀਤਾਂ ਨੇ ਵੱਡੇ ਵੱਡੇ ਸਪੀਕਰਾਂ ਵਿੱਚ ਵੱਜਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਗੀਤ ਘੱਟ ਤੇ ਸਾਜ਼ ਜ਼ਿਆਦਾ ਰੌਲ਼ਾ ਪਾਉਂਦੇ ਹਨ। ਇਹ ਗੀਤ ਵੀ ਸ਼ਰਾਬ, ਕਲੱਬ ਕਲਚਰ, ਪਾਰਟੀ ਸੱਭਿਆਚਾਰ, ਹਥਿਆਰ, ਕੁੜੀਆਂ ਉੱਤੇ ਹੀ ਲਿਖੇ ਹੁੰਦੇ ਹਨ। ਸਾਡੀ ਸੁਣਨ ਦੀ ਬਿਰਤੀ ਹੀ ਅਜਿਹੀ ਬਣ ਗਈ ਹੈ, ਜਾਂ ਬਣਾ ਦਿੱਤਾ ਗਈ ਹੈ। ਅਸੀਂ ਜੋ ਸੁਣ ਰਹੇ ਹਾਂ, ਉਹ ਉਹੀ ਗਾ ਰਹੇ ਹਾਂ। ਗਾਇਕ ਜੋ ਗਾ ਰਹੇ ਹਨ, ਉਹੀ ਅਸੀਂ ਸੁਣ ਰਹੇ ਹਾਂ। ਪਹਿਰਾਵਾ ਵੀ ਬਦਲ ਗਿਆ ਹੈ। ਹੁਣ ਕੁੜਤੇ-ਚਾਦਰੇ, ਕੈਂਠੇ, ਕੱਢੀਆਂ ਜੁੱਤੀਆਂ ਨਜ਼ਰ ਨਹੀਂ ਪੈਂਦੀਆਂ। ਕੁੜੀਆਂ ਮੁੰਡੇ ਜੀਨ ਕਲਚਰ ਨੂੰ ਅਪਣਾ ਰਹੇ ਹਨ। ਕਈ ਵਾਰ ਤਾਂ ਕੁੜੀ ਮੁੰਡੇ ਵਿੱਚ ਅੰਤਰ ਕਰਨਾ ਔਖਾ ਹੋ ਜਾਂਦਾ ਹੈ। ਸ਼ਹਿਰ ਵਿੱਚ ਮਾਵਾਂ ਦੇ ਪਹਿਰਾਵੇ ਦਾ ਕਲਚਰ ਵੀ ਬਦਲ ਗਿਆ ਹੈ। ਕੰਪਨੀਆਂ ਨੇ ਮਾਰਕੀਟ ਵਿੱਚ ਕੱਪੜਿਆਂ ਦੇ ਢੇਰ ਲਗਾ ਦਿੱਤੇ ਹਨ। ਲੋਕ ਬਰਾਂਡ ਨੂੰ ਤਰਜੀਹ ਦਿੰਦੇ ਹਨ। ਕੱਪੜੇ ਸਰੀਰਕ ਲੋੜ ਨਾ ਬਣਕੇ ਇੱਕ ਫੈਸ਼ਨ ਬਣ ਗਿਆ ਹੈ। ਕਈ ਵਾਰ ਕਿਸੇ ਦੇ ਪਹਿਨੇ ਕੱਪੜੇ ਦੇਖ ਕੇ ਸਿਆਣੇ ਆਦਮੀ ਵੀ ਸ਼ਰਮ ਮਹਿਸੂਸ ਕਰਦੇ ਹਨ।
ਕੰਮਾਂ ਧੰਦਿਆਂ ਉੱਤੇ ਵੀ ਅਸਰ ਪਿਆ ਹੈ। ਪਿਤਾ ਪੁਰਖੀ ਕਿੱਤਿਆਂ ਨੂੰ ਮਸ਼ੀਨਾਂ ਖਾ ਗਈਆਂ ਹਨ। ਕੰਮ ਕਰਨ ਦੇ ਢੰਗ ਤਰੀਕੇ ਬਦਲ ਗਏ ਹਨ। ਬੇਰੁਜ਼ਗਾਰੀ ਵਧੀ ਹੈ ਕਿਉਂਕਿ ਕਈ ਬੰਦਿਆਂ ਦਾ ਕੰਮ ਹੁਣ ਮਸ਼ੀਨਾਂ ਹੀ ਕਰ ਦਿੰਦੀਆਂ ਹਨ। ਹੁਣ ਕੰਮਾਂ ਦੀ ਦਸ਼ਾ ਤੇ ਦਿਸ਼ਾ ਜਲਦੀ ਬਦਲ ਜਾਂਦੀ ਹੈ। ਮਕੈਨਿਕਾਂ ਦਾ ਕੰਮ ਘਟਿਆ ਹੈ, ਕਿਉਂਕਿ ਲੋਕ ਚੀਜ਼ ਖਰਾਬ ਹੋਏ ਤੋਂ ਨਵੀਂ ਲੈਣੀ ਪਸੰਦ ਕਰਦੇ ਹਨ। ਮੋਬਾਇਲ ਅਤੇ ਟੀਵੀ ਉੱਤੇ ਚੱਲ ਰਹੀਆਂ ਖੇਡਾਂ ਨੇ ਨਵੀਂ ਪੀੜ੍ਹੀ ਉੱਪਰ ਬਹੁਤ ਅਸਰ ਪਾਇਆ ਹੈ। ਬੱਚਿਆਂ ਲਈ ਮੋਬਾਈਲ ਇੱਕ ਬਿਮਾਰੀ ਬਣ ਗਿਆ ਹੈ। ਉਹ ਕਈ ਕਈ ਘੰਟੇ ਮੋਬਾਇਲ ਉੱਪਰ ਗੇਮਾਂ ਖੇਡਦੇ ਬਰਬਾਦ ਕਰ ਦਿੰਦੇ ਹਨ। ਉਹਨਾਂ ਨੂੰ ਖੇਡ ਮੈਦਾਨ ਭੁੱਲ ਗਏ ਹਨ। ਇਸ ਨਾਲ ਬੱਚੇ ਆਪਣੀ ਜ਼ਿੰਦਗੀ ਦੇ ਉਦੇਸ਼ ਤੋਂ ਭਟਕ ਰਹੇ ਹਨ ਤੇ ਨਾਲ ਹੀ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਖਪਤਕਾਰੀ ਸੱਭਿਆਚਾਰ ਵਧ ਗਿਆ ਹੈ। ਲੋਕ ਵੱਧ ਖਰਚ ਕਰਦੇ ਹਨ। ਉਹ ਕੱਪੜੇ, ਘਰ ਦੀਆਂ ਸਹੂਲਤਾਂ ਉੱਤੇ ਹੋਰ ਵਾਧੂ ਰੁਪਏ ਖਰਚ ਕਰਦੇ ਹਨ। ਸਮਾਨ ਨਾਲ ਘਰ ਭਰੇ ਪਏ ਹਨ। ਅਲਮਾਰੀਆਂ ਕੱਪੜਿਆਂ ਨਾਲ ਤੁੰਨੀਆਂ ਪਈਆਂ ਹਨ। ਕਈ ਵਾਰ ਅਸੀਂ ਉਹ ਚੀਜ਼ਾਂ ਵੀ ਖਰੀਦ ਕੇ ਲੈ ਆਉਂਦੇ ਹਨ, ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮਲਟੀਨੈਸ਼ਨਲ ਕੰਪਨੀਆਂ ਬਿਆਨੇ ’ਤੇ ਫਰਿੱਜ, ਕਾਰ, ਮਸ਼ੀਨਾਂ ਤੇ ਮੋਟਰਸਾਈਕਲ ਤੇ ਹੋਰ ਬਹੁਤ ਕੁਝ ਵੇਚ ਰਹੀਆਂ ਹਨ। ਸਾਨੂੰ ਕੰਪਨੀਆਂ ਆਪਣੇ ਮੁਤਾਬਿਕ ਚਲਾਉਂਦੀਆਂ ਹਨ। ਲੋਕਾਂ ਦਾ ਮਨ ਪੜ੍ਹਿਆ ਜਾਂਦਾ ਹੈ। ਔਰਤਾਂ ਨੂੰ ਇਸ ਕਾਰਜ ਲਈ ਫੋਟੋ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਹਰੇਕ ਵਸਤ ਤੇ ਉਸ ਨੂੰ ਮਾਡਲ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਤੁਹਾਨੂੰ ਫਿਰ ਚੀਜ਼ ਵਰਤਣੀ ਹੀ ਪੈਂਦੀ ਹੈ। ਕੰਪਨੀਆਂ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦੀਆਂ ਹਨ ਕਿ ਤੁਹਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ, ਇਸਦੇ ਬਿਨਾਂ ਤੁਸੀਂ ਅਧੂਰੇ ਹੋ। ਆਦਮੀ ਇਹ ਮਹਿਸੂਸ ਕਰਨ ਲੱਗ ਜਾਂਦਾ ਕਿ ਜੇਕਰ ਇਹ ਚੀਜ਼ ਮੇਰੇ ਕੋਲ ਹੈ ਨਹੀਂ, ਜਾਂ ਮੈਂ ਇਹ ਚੀਜ਼ ਵਰਤੀ ਨਹੀਂ, ਜਾਂ ਮੈਂ ਇਹ ਖਰੀਦ ਨਹੀਂ ਸਕਦਾ ਤਾਂ ਮੇਰੇ ਵਿੱਚ ਕੋਈ ਘਾਟ। ਮਨੁੱਖ ਆਪਣੇ ਆਪ ਨੂੰ ਹੀਣਾ ਸਮਝਣ ਲੱਗ ਪੈਂਦਾ ਹੈ।
ਇਹਨਾਂ ਸਾਧਨਾਂ ਨੂੰ ਖਰੀਦਣ ਅਤੇ ਚਲਦੇ ਰੱਖਣ ਖਰਚ ਵੀ ਵਧ ਗਏ, ਜਿਸ ਨਾਲ ਆਦਮੀ ਦੀ ਭੱਜ ਦੌੜ ਵਧ ਗਈ ਹੈ। ਹੁਣ ਦੋਵੇਂ ਮੀਆਂ ਬੀਵੀ ਕੰਮ ਕਰਕੇ ਵੀ ਇਸ ਦੌੜ ਵਿੱਚ ਪਿੱਛੇ ਰਹਿ ਰਹੇ ਮਹਿਸੂਸ ਕਰਦੇ ਹਨ। ਮਹਿੰਗਾਈ ਵਧ ਰਹੀ ਹੈ। ਆਮਦਨ ਦੇ ਸਾਧਨ ਘਟ ਰਹੇ ਹਨ।
ਪੰਜਾਬੀਆਂ ਵਿੱਚ ਬੱਚਤ ਕਰਨ ਦੀ ਪ੍ਰਵਿਰਤੀ ਘਟੀ ਹੈ। ਲੋਕ ਪੱਛਮੀ ਸੱਭਿਆਚਾਰ ਵਾਂਗ ਵਰਤਮਾਨ ਵਿੱਚ, ਜ਼ਿਆਦਾ ਐਸ਼ ਕਰਨ ਵਿੱਚ ਯਕੀਨ ਕਰਨ ਲੱਗੇ ਹਨ।
ਖੇਤੀ ਖੇਤਰ ਵਿੱਚ ਮਲਟੀਨੈਸ਼ਨਲ ਕੰਪਨੀਆਂ ਨੇ ਵੱਖ ਵੱਖ ਤਰ੍ਹਾਂ ਦੇ ਬੀਜ, ਕੀੜੇ ਮਾਰ ਦਵਾਈਆਂ, ਖਾਦਾਂ ਅਤੇ ਕੈਮੀਕਲਾਂ ਦੀ ਹਨੇਰੀ ਲਿਆ ਦਿੱਤੀ ਹੈ। ਮੰਡੀ ਲਈ ਬੇਸ਼ਕ ਅਸੀਂ ਅਨਾਜ ਪੈਦਾ ਕਰ ਰਹੇ ਹਾਂ ਪਰ ਅਸੀਂ ਆਪਣੇ ਕੁਦਰਤੀ ਸਾਧਨ ਪਾਣੀ, ਮਿੱਟੀ, ਹਵਾ ਤੇ ਪੁਰਾਣੇ ਕੁਦਰਤੀ ਬੀਜ ਖਤਮ ਕਰ ਲਏ ਹਨ, ਜਿਸਦਾ ਖਮਿਆਜ਼ਾ ਅਸੀਂ ਬਿਮਾਰੀਆਂ ਦੇ ਰੂਪ ਵਿੱਚ ਝੱਲ ਰਹੇ ਹਾਂ। ਮਾਲਵੇ ਦੀ ਪੱਟੀ ਕੈਂਸਰ ਬੈਲਟ ਬਣ ਚੁੱਕੀ ਹੈ। ਰੋਜ਼ ਬਠਿੰਡਾ ਤੋਂ ਕੈਂਸਰ ਵਾਲਿਆਂ ਦੀ ਟਰੇਨ ਭਰਕੇ ਬੀਕਾਨੇਰ ਕੈਂਸਰ ਹਸਪਤਾਲ ਪਹੁੰਚ ਰਹੀ ਹੈ। ਇਹੀ ਸਾਡਾ ਨਵਾਂ ਖੇਤੀ ਮਾਡਲ ਹੈ, ਜਿਸ ਨਾਲ ਸ਼ਾਇਦ ਪੈਸਾ ਆ ਰਿਹਾ ਹੋਵੇ ਪਰ ਜਾ ਕਿੱਧਰ ਰਿਹਾ ਹੈ, ਇਹ ਚਿੰਤਾ ਦਾ ਵਿਸ਼ਾ ਹੈ।
ਸਿੱਖਿਆ ਦੇ ਖੇਤਰ ਵਿੱਚ ਅਸੀਂ ਅੰਗਰੇਜ਼ੀ ਨੂੰ ਸਫਲਤਾ ਦਾ ਸਾਧਨ ਮੰਨ ਲਿਆ ਹੈ। ਪੱਛਮੀ ਸਮਾਜ ਵਾਂਗ ਕਾਨਵੈਂਟ ਸਕੂਲ ਖੱਬਲ਼ ਵਾਂਗ ਪੈਦਾ ਹੋ ਗਏ ਹਨ। ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਸੁਪਨੇ ਦਿਖਾਕੇ ਮਾਪਿਆਂ ਦੀ ਲੁੱਟ ਖਸੁੱਟ ਹੋ ਰਹੀ ਹੈ। ਅਸੀਂ ਸਾਰੇ ਹੀ ਇਸ ਗੱਲ ਦਾ ਸ਼ਿਕਾਰ ਹੋ ਗਏ ਹਾਂ। ਟਾਈਆਂ, ਬੈਲਟਾਂ, ਮਹਿੰਗੀਆਂ ਵਰਦੀਆਂ ਸਟੇਟਸ ਸਿੰਬਲ ਬਣ ਗਈਆਂ ਹਨ। ਮਹਿੰਗੀਆਂ ਕਿਤਾਬਾਂ ਲਾਕੇ ਲੁੱਟ ਜਾਰੀ ਹੈ।
ਲੋਕ ਧਰਮ ਵੀ ਬਦਲ ਰਹੇ ਹਨ। ਕਿਸੇ ਲਾਲਚ, ਗਲਤ ਪ੍ਰਚਾਰ ਕਰਨ ਜਾਂ ਕਈ ਹੋਰ ਕਾਰਨਾਂ ਕਰਕੇ ਧਾਰਮਿਕ ਖੇਤਰ ਵਿੱਚ ਧਰਮ ਬਦਲਣ ਕਾਰਨ ਖ਼ਤਰਾ ਵਧਦਾ ਜਾ ਰਿਹਾ ਹੈ।
ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਪਰਵਾਸ ਦਾ ਰੁਝਾਨ ਵਧਿਆ ਹੈ। ਲੋਕ ਕੰਮਾਂ ਦੀ ਭਾਲ ਵਿੱਚ ਜਾਂ ਬਾਹਰ ਵਸਣ ਦੀ ਚਾਹਤ ਵਿੱਚ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ। ਉਹ ਜੱਦੀ ਪਿੰਡ ਛੱਡ ਰਹੇ ਹਨ। ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ। ਵੱਸ, ਪੈਸੇ ਦੀ ਦੌੜ ਲੱਗੀ ਹੋਈ ਹੈ।
ਉਦਾਰੀਕਰਨ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਖੇਤਰ ਨੂੰ ਵੱਡੀ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ, ਜਿਸਦਾ ਪੂਰਾ ਮੁਲਾਂਕਣ ਅਜੇ ਆਉਣ ਵਾਲੇ ਸਮੇਂ ਵਿੱਚ ਹੋਵੇਗਾ।
ਪੰਜਾਬ ਨੇ ਕੀ ਖੱਟਿਆ ਕੀ ਗੁਆਇਆ ਹੈ, ਇਹ ਸਮਾਂ ਦੱਸੇਗਾ। ਵਿਕਾਸ ਕੋਈ ਮਾੜੀ ਗੱਲ ਨਹੀਂ, ਆਪਣੇ ਸੱਭਿਆਚਾਰ, ਆਪਣੀ ਬੋਲੀ ਆਪਣੇ ਵਿਰਸੇ ਨੂੰ ਵਿਸਾਰ ਦੇਣਾ ਮਾੜੀ ਗੱਲ ਹੈ। ਰੂਸ ਦੀ ਪ੍ਰਸਿੱਧ ਕਿਤਾਬ ਵਿੱਚ ਲਿਖਿਆ ਹੈ ਕਿ ਜਿਹੜੀ ਕੌਮ ਆਪਣੀ ਬੋਲੀ, ਸੱਭਿਆਚਾਰ ਭੁੱਲ ਜਾਂਦੇ ਹੈ, ਉਹ ਕੌਮ ਖਤਮ ਹੋ ਜਾਂਦੀ ਹੈ। ਪਰ ਇੱਥੇ ਦੌੜ ਮੁਨਾਫ਼ੇ ਦੀ ਹੈ। ਕੰਪਨੀਆਂ ਆਪਣੇ ਹਿਸਾਬ ਨਾਲ ਦੁਨੀਆਂ ਚਲਾ ਰਹੀਆਂ ਹਨ। ਆਦਮੀ ਇੱਕ ਮਸ਼ੀਨ ਦਾ ਪੁਰਜ਼ਾ ਬਣ ਗਿਆ ਹੈ। ਉਸਦੇ ਜੀਵਨ ਵਿੱਚ ਜੋ ਥੋੜ੍ਹਾ ਬਹੁਤ ਠਹਿਰਾਓ ਹੈ, ਉਸਨੇ ਵੀ ਖ਼ਤਮ ਹੋ ਜਾਣਾ ਹੈ। ਵਿਸ਼ਵੀਕਰਨ ਦੀ ਇਸ ਦੌੜ ਵਿੱਚ ਆਪਣੇ ਸੁਪਨੇ ਪੂਰੇ ਕਰਦਾ ਮਨੁੱਖ ਹਾਲ ਦੀ ਘੜੀ ਸਾਹੋ ਸਾਹ ਹੋਇਆ ਪਿਆ ਹੈ। ਰੱਬ ਕਰੇ ਮਨੁੱਖ ਦੇ ਜੀਵਨ ਵਿੱਚ ਠਹਿਰਾਓ ਵੀ ਆਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)