“ਅਸਲੀਅਤ ਕੀ ਹੈ, ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਪੀੜਿਤਾਂ ਨੂੰ ਇੰਝ ਮਹਿਸੂਸ ਨਾ ਹੋਵੇ ਕਿ ...”
(27 ਮਈ 2025)
ਕਸ਼ਮੀਰ ਦਾ ‘ਪਹਿਲਗਾਮ’ ਜਿਸ ਨੂੰ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਸੈਲਾਨੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ। ਇਹ ਨਵੇਂ ਵਿਆਹੇ ਜੋੜਿਆਂ ਦੀ ਮਨ ਪਸੰਦ ਸੈਰਗਾਹ ਹੈ। ਇਸਦੀ ਖੂਬਸੂਰਤੀ ਹਰ ਦਿਲ ਨੂੰ ਟੁੰਬਦੀ ਹੈ। ਪਰ ਅਚਾਨਕ 22 ਅਪਰੈਲ ਨੂੰ ਸਾਰੀ ਵਾਦੀ ਚੀਕਾਂ ਨਾਲ ਗੂੰਜ ਉੱਠੀ। ਇਹ ਕੀ ਭਾਣਾ ਵਾਪਰ ਗਿਆ? ਕਿਸ ਦੀ ਨਜ਼ਰ ਲੱਗ ਗਈ ਕਿ ਮਿੰਟਾਂ ਵਿੱਚ ਸੱਜ ਵਿਆਹੀਆਂ ਦੇ ਸੰਧੂਰ ਮਿਟ ਗਏ, ਜਿਨ੍ਹਾਂ ਦੇ ਹੱਥਾਂ ਦੀ ਮਹਿੰਦੀ ਵੀ ਅਜੇ ਨਹੀਂ ਮਿਟੀ ਸੀ। ਇਸ ਕਤਲੇਆਮ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਕੇਂਦਰ ਸਰਕਾਰ ਦੇ ਦਾਅਵੇ ਹਵਾ ਹੋ ਗਏ ਜੋ ਲਗਾਤਾਰ ਇਹੀ ਕਹਿੰਦੀ ਰਹਿੰਦੀ ਸੀ ਕਿ ਨੋਟਬੰਦੀ ਤੋਂ ਬਾਅਦ ਅੱਤਵਾਦ ਦਾ ਲੱਕ ਟੁੱਟ ਗਿਆ ਹੈ। ਫਿਰ ਇਹ ਅੱਤਵਾਦੀ ਕਿੱਥੋਂ ਆ ਗਏ? ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਸ਼ਰੇਆਮ ਅੱਤਵਾਦੀਆਂ ਨੇ ਹਮਲਾ ਬੋਲਿਆ ਤੇ ਆਰਾਮ ਨਾਲ ਵਾਪਸ ਵੀ ਚਲੇ ਗਏ। ਕਸ਼ਮੀਰ, ਜਿਸਦੇ ਚੱਪੇ-ਚੱਪੇ ’ਤੇ ਫੌਜ ਮੌਜੂਦ ਹੁੰਦੀ ਹੈ, ਉਹ ਉੱਥੇ ਨਜ਼ਰ ਹੀ ਨਹੀਂ ਆਈ। ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ ਇੱਥੋਂ ਫੌਜ ਨੂੰ ਹਟਾ ਦਿੱਤਾ ਗਿਆ ਸੀ ਜਦਕਿ ਸੰਵੇਦਨਸ਼ੀਲ ਥਾਂਵਾਂ ’ਤੇ ਫੌਜੀ ਟੁਕੜੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਸ ਹਮਲੇ ਵਿੱਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਨੇਤਾ ਤਾਂ ਆਪਣੇ ਅੱਗੇ-ਪਿੱਛੇ ਸੁਰੱਖਿਆ ਲੈ ਕੇ ਚੱਲਦੇ ਹਨ ਫਿਰ ਲੋਕਾਂ ਨੂੰ ਉੱਥੇ ਆਨਾਥ ਕਿਉਂ ਛੱਡ ਦਿੱਤਾ ਗਿਆ? ਅੱਧਾ ਘੰਟਾ ਗੋਲੀ ਚਲਦੀ ਰਹੀ, ਫੌਜ ਕਿੱਥੇ ਸੀ? ਪਰ ਗੋਦੀ ਮੀਡੀਆ ਨੇ ਅਸਲ ਸਵਾਲਾਂ ਵੱਲ ਆਉਣ ਦੀ ਬਜਾਏ ਹਿੰਦੂ, ਮੁਸਲਮਾਨ ਕਰਨਾ ਹੀ ਜਾਰੀ ਰੱਖਿਆ। ਇਸ ਸਭ ਤੋਂ ਨਿਰਾਸ਼ ਹੋਈ ਸ਼ਹੀਦ ਨਰਵਾਲ ਦੀ ਪਤਨੀ ਹਿਮਾਸ਼ੀ ਨੂੰ ਇਹ ਅਪੀਲ ਕਰਨੀ ਪਈ ਕਿ “ਸਾਰੇ ਮੁਸਲਮਾਨ ਜਾਂ ਕਸ਼ਮੀਰੀਆਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ। ਅਸੀਂ ਸ਼ਾਂਤੀ ਚਾਹੁੰਦੇ ਹਾਂ।” ਉਸਦੇ ਇੰਨਾ ਕਹਿਣ ਦੀ ਦੇਰ ਸੀ ਕਿ ਵੰਡ-ਪਾਊ ਟੋਲੇ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਨ੍ਹਾਂ ਹਿਮਾਸ਼ੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਇਹ ਵੀ ਭੁੱਲ ਗਏ ਕਿ ਹਿਮਾਸ਼ੀ ਪਹਿਲਗਾਮ ਹਮਲੇ ਵਿੱਚ ਆਪਣਾ ਪਤੀ ਗਵਾਹ ਕੇ ਆਈ ਹੈ, ਜਿਸਦਾ ਹਫਤਾ ਪਹਿਲਾਂ ਹੀ ਵਿਆਹ ਹੋਇਆ ਸੀ। ਹਮਲੇ ਨੇ ਉਸਦਾ ਸੰਦੂਰ ਉਜਾੜ ਦਿੱਤਾ ਸੀ ਤੇ ਉਹ ਗਹਿਰੇ ਸਦਮੇ ਵਿੱਚੋਂ ਗੁਜ਼ਰ ਰਹੀ ਸੀ। ਕੀ ਤੁਹਾਡੀ ਨਜ਼ਰ ਵਿੱਚ ਉਸਦੇ ਸੰਦੂਰ ਦੀ ਕੋਈ ਕੀਮਤ ਨਹੀਂ ਸੀ? ਦੁਖਦਾਈ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਾਂ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ। ਪ੍ਰਧਾਨ ਮੰਤਰੀ ਤਾਂ ਪਹਿਲਗਾਮ ਜਾਣ ਦੀ ਥਾਂ ਬਿਹਾਰ ਵਿੱਚ ਚੋਣ ਪ੍ਰਚਾਰ ਕਰਨ ਚੱਲੇ ਗਏ। ਸ਼ਾਇਦ ਸੰਧੂਰ ਨਾਲੋਂ ਵੋਟਾਂ ਵੱਧ ਕੀਮਤੀ ਹਨ।
ਹਰ ਪਾਸੇ ਸਰਕਾਰ ਦੀ ਅਸਫਲਤਾ ਦੀ ਗੱਲ ਹੋਣ ਲੱਗੀ। ਵਿਰੋਧੀ ਪਾਰਟੀਆਂ ਅਤੇ ਆਮ ਲੋਕ ਸਰਕਾਰ ਨੂੰ ਸਵਾਲ ਕਰਨ ਲੱਗੇ ਕਿ ਇੰਟੈਲੀਜੈਂਸੀ ਦੀ ਰਿਪੋਰਟ ਮਿਲਣ ਦੇ ਬਾਵਜੂਦ ਸੁਰੱਖਿਆ ਕਿਉਂ ਹਟਾਈ ਗਈ? ਗ਼ੌਰ ਕਰਨ ਵਾਲੀ ਗੱਲ ਹੈ ਕਿ ਉਸੇ ਖੁਫ਼ੀਆ ਰਿਪੋਰਟ ਦੇ ਅਧਾਰ ’ਤੇ ਹੀ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੀ ਜੰਮੂ ਫੇਰੀ ਨੂੰ ਰੱਦ ਕੀਤਾ ਗਿਆ ਸੀ। ਇਹ ਵੀ ਧਿਆਨ ਕਰਨਯੋਗ ਹੈ ਕਿ LOC ਤੋਂ ਕਰੀਬ 70 ਕਿਲੋਮੀਟਰ ਦੂਰ ਪਹਿਲਗਾਮ ਘਾਟੀ ਤਕ ਹਮਲਾਵਰ ਪਹੁੰਚਣ ਵਿੱਚ ਕਿਵੇਂ ਕਾਮਯਾਬ ਹੋ ਗਏ? ਹਮਲਾਵਰ ਲੰਬੇ ਸਮੇਂ ਤਕ ਨਾਮ ਪੁੱਛ-ਪੁੱਛ ਕੇ ਫਾਇਰਿੰਗ ਕਰਦੇ ਰਹੇ ਤੇ ਇੰਨੇ ਸਮੇਂ ਵਿੱਚ ਸੁਰੱਖਿਆ ਦਸਤੇ ਘਟਨਾ ਸਥਾਨ ਤਕ ਪਹੁੰਚਣ ਵਿੱਚ ਨਾਕਾਮ ਕਿਉਂ ਰਹੇ? ਹਮਲਾਵਰ ਸੁਰੱਖਿਅਤ ਭੱਜਣ ਵਿੱਚ ਕਾਮਯਾਬ ਕਿਵੇਂ ਹੋ ਗਏ? ਅਜੇ ਤਕ ਹਮਲਾਵਰਾਂ ਦੀ ਗਿਣਤੀ ਅਤੇ ਪਛਾਣ ਸਾਹਮਣੇ ਕਿਉਂ ਨਹੀਂ ਆਈ?
ਜਦੋਂ ਸਵਾਲਾਂ ਦੀ ਲੜੀ ਲੰਮੀ ਹੋਣ ਲੱਗੀ ਤਾਂ ਗੋਗਲੂਆਂ ਤੋਂ ਮਿੱਟੀ ਚਾੜ੍ਹਨ ਵਾਂਗ ਭਾਰਤ ਪਾਕਿਸਤਾਨ ਵਿੱਚ ਜੰਗ ਦਾ ਮਾਹੌਲ ਸਿਰਜ ਦਿੱਤਾ ਗਿਆ। ਜੰਗ ਭਾਰਤ ਵੱਲੋਂ ‘ਅਪ੍ਰੇਸ਼ਨ ਸੰਧੂਰ’ ਹੇਠ ਸ਼ੁਰੂ ਕੀਤੀ ਗਈ, ਬੇਸ਼ੱਕ ਇਸ ਨੂੰ ਅਧਿਕਾਰਿਤ ਤੌਰ ’ਤੇ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਾਰ ਦਿੱਤਾ ਗਿਆ। ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਗੋਦੀ ਮੀਡੀਆ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਸ ਤਰੀਕੇ ਦਾ ਰੋਲ ਗੋਦੀ ਮੀਡੀਆ ਨੇ ਨਿਭਾਇਆ, ਸਰਹੱਦ ’ਤੇ ਵਸਣ ਵਾਲੇ ਲੋਕਾਂ ਨੇ ਇਸਦੀ ਭਾਰੀ ਨਿੰਦਾ ਕੀਤੀ ਅਤੇ ਕਿਹਾ, “ਸਾਨੂੰ ਪੁੱਛ ਕੇ ਦੇਖੋ ਜੰਗ ਕੀ ਹੁੰਦੀ ਹੈ। ਤੁਸੀਂ ਏ ਸੀ ਕਮਰਿਆਂ ਵਿੱਚ ਬੈਠ ਕੇ ਜੋ ਬੋਲ ਰਹੇ ਹੋ ਇਹ ‘ਹਾਰਟ ਅਟੈਕ’ ਆਉਣ ਵਿੱਚ ਕਸਰ ਨਹੀਂ ਛੱਡਦੇ। ਅਸੀਂ ਪਤਾ ਨਹੀਂ ਕਿੰਨੀ ਵਾਰ ਉੱਜੜ ਉੱਜੜ ਕੇ ਵਸੇ ਹਾਂ। ਸਾਨੂੰ ਸ਼ਾਂਤੀ ਨਾਲ ਜੀਣ ਦਿਓ।” ਸੱਚਮੁੱਚ ਗੋਦੀ ਮੀਡੀਆ ਨੇ ਤਾਂ ਵੀਡੀਓ ਗੇਮਾਂ ਦਿਖਾ ਦਿਖਾ ਕੇ ਕੋਈ ਕਸਰ ਨਹੀਂ ਛੱਡੀ ਜੰਗ ਭੜਕਾਉਣ ਦੀ। ਉਹਨਾਂ ਤਾਂ ਅੱਧੇ ਪਾਕਿਸਤਾਨ ’ਤੇ ਕਬਜ਼ਾ ਵੀ ਕਰਵਾ ਦਿੱਤਾ ਸੀ। ਜੇ ਜੰਗ ਖਤਰਨਾਕ ਰੂਪ ਧਾਰਨ ਕਰ ਜਾਂਦੀ ਤਾਂ ਪਤਾ ਨਹੀਂ ਕਿੰਨੇ ਜਵਾਨ ਅਤੇ ਆਮ ਲੋਕ ਸ਼ਹੀਦ ਹੁੰਦੇ ਤੇ ਕਿੰਨੀਆਂ ਭੈਣਾ ਦੇ ਸੰਧੂਰ ਮਿਟ ਜਾਂਦੇ ਅਤੇ ਆਰਥਿਕ ਨੁਕਸਾਨ ਵੱਖਰਾ ਹੁੰਦਾ। ਮੀਡੀਆ ਕਰਕੇ ਸਾਰੀ ਦੁਨੀਆ ਵਿੱਚ ਹੀ ਭਾਰਤ ਦੀ ਬਹੁਤ ਕਿਰਕਰੀ ਹੋਈ ਹੈ। ਸਰਕਾਰ ਵੱਲੋਂ ਇਨ੍ਹਾਂ ਨੂੰ ਕੋਈ ਲਗਾਮ ਨਹੀਂ ਪਾਈ ਗਈ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹੈ। ਅਸਲ ਵਿੱਚ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ, ਉਹ ਤਾਂ ਲੋਕਾਂ ਨੂੰ ਅੱਗ ਵਿੱਚ ਸੁੱਟ ਕੇ ਪਾਸਾ ਵੱਟਦੇ ਹੀ ਨਜ਼ਰ ਆਏ। ਇਸ ਮਾਹੌਲ ਦੌਰਾਨ ਕੀਤੀਆਂ ਗਈਆਂ ਆਲ ਪਾਰਟੀ ਮੀਟਿੰਗਾਂ ਵਿੱਚੋਂ ਪ੍ਰਧਾਨ ਮੰਤਰੀ ਗੈਰਹਾਜ਼ਰ ਹੀ ਰਹੇ।
ਸੀਜ਼ਫਾਇਰ ਦੀ ਸੂਚਨਾ ਵੀ ਦੋਵਾਂ ਦੇਸ਼ਾਂ ਵੱਲੋਂ ਨਹੀਂ, ਸਗੋਂ ਤੀਜੀ ਧਿਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀ ਗਈ। ਹੈਰਾਨੀਜਨਕ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਅਧਿਕਾਰੀਆਂ ਦੇ ਐਲਾਨ ਤੋਂ ਪਹਿਲਾਂ ਜੰਗਬੰਦੀ ਦਾ ਐਲਾਨ ਕਿਵੇਂ ਕਰ ਦਿੱਤਾ? ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਮਜਬੂਰ ਕੀਤਾ ਹੈ। ਪਰ ਪ੍ਰਧਾਨ ਮੰਤਰੀ ਹੋਰ ਹੀ ਬੜ੍ਹਕਾਂ ਮਾਰੀ ਗਏ। ਜੇ ਇਹ ਝੂਠ ਸੀ ਫਿਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਟਰੰਪ ਦੇ ਬਿਆਨ ਦਾ ਖੰਡਨ ਕਿਉਂ ਨਹੀਂ ਕੀਤਾ? ਅਚਾਨਕ ਜੰਗਬੰਦੀ ਕਿਵੇਂ ਹੋ ਗਈ? ਜਦੋਂ ਭਾਰਤੀ ਫੌਜ ਲੜਾਈ ਵਿੱਚ ਪਾਕਿਸਤਾਨ ਨਾਲੋਂ ਜ਼ਿਆਦਾ ਮਜ਼ਬੂਤ ਸਥਿਤੀ ਵਿੱਚ ਸੀ, ਫਿਰ ਪਹਿਲਗਾਮ ਹਮਲੇ ਦੇ ਦੋਸ਼ੀ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਕਰਨ ਲਈ ਕਿਉਂ ਨਹੀਂ ਕਿਹਾ ਗਿਆ? ਜੇ ਉਨ੍ਹਾਂ ਨੂੰ ਫੜਿਆ ਹੀ ਨਹੀਂ ਗਿਆ ਤਾਂ ਹਮਲੇ ਦੀਆਂ ਪੀੜਿਤ ਔਰਤਾਂ ਨੂੰ ਉਨ੍ਹਾਂ ਦੇ ਮਿਟੇ ਸੰਧੂਰ ਦਾ ਇਨਸਾਫ ਕਿਵੇਂ ਮਿਲੇਗਾ? ਕੀ ਇਹ ਸਾਰੀ ਖੇਡ ਸਿਰਫ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਤਾਂ ਨਹੀਂ ਸੀ? ਕਿਉਂਕਿ ਪਾਕਿਸਤਾਨ ਇਸ ਜੰਗ ਦੀ ਆੜ ਵਿੱਚ 2.3 ਅਰਬ ਡਾਲਰ ਦਾ ਆਈ.ਐੱਮ.ਐੱਫ਼ ਅੰਤਰਰਾਸ਼ਟਰੀ ਕਰਜ਼ਾ ਪ੍ਰਾਪਤ ਕਰ ਗਿਆ ਹੈ ਅਤੇ ਸਾਡੇ ਹਾਕਮ ‘ਬਿਹਾਰ’ ਦੀ ਚੋਣ ਜਿੱਤਣ ਵਿੱਚ ਇਸਦਾ ਸਿਹਰਾ ਲੈ ਰਹੇ ਹਨ। ਅਸਲੀਅਤ ਕੀ ਹੈ, ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਪੀੜਿਤਾਂ ਨੂੰ ਇੰਝ ਮਹਿਸੂਸ ਨਾ ਹੋਵੇ ਕਿ ਉਹਨਾਂ ਦੇ ’ਸੰਧੂਰ’ ਦਾ ਮਜ਼ਾਕ ਉਡਾਇਆ ਗਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)