“ਪੰਜਾਬ ਦੀ ਰਾਜਨੀਤੀ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੇ ਇਕੱਲੇ ਆਪਣੇ ਦਮ ’ਤੇ ...”
(8 ਅਪਰੈਲ 2025)
ਲੋਕਤੰਤਰੀ ਪ੍ਰਬੰਧ ਵਿੱਚ ਲੋਕ ਫ਼ਤਵੇ ਦੀ ਅਹਿਮ ਭੂਮਿਕਾ ਹੁੰਦੀ ਹੈ। ਜਿੱਥੇ ਸੱਤਾਧਾਰੀ ਪਾਰਟੀ ਲੋਕਾਂ ਦਾ ਫ਼ਤਵਾ ਪ੍ਰਾਪਤ ਕਰਕੇ ਰਾਜ ਪ੍ਰਬੰਧ ਚਲਾਉਂਦੀ ਹੈ, ਉੱਥੇ ਵਿਰੋਧੀ ਧਿਰ ਲੋਕ ਪੱਖੀ ਮੁੱਦਿਆਂ ਨੂੰ ਉਭਾਰ ਕੇ ਆਪਣੀ ਅਹਿਮ ਹਾਜ਼ਰੀ ਦਰਜ ਕਰਾਉਂਦੀ ਹੈ। ਲੋਕਤੰਤਰ ਦੀ ਸਫਲਤਾ ਲਈ ਸ਼ਾਸਕ ਅਤੇ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਅਜੋਕੇ ਪੰਜਾਬੀ ਸੂਬੇ ਵਿੱਚ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਵੱਖ ਵੱਖ ਸਮੇਂ ’ਤੇ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਰੂਪ ਵਿੱਚ ਫ਼ਤਵਾ ਦਿੱਤਾ ਹੈ। ਕਈ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਅਤੇ ਰਲੀ ਮਿਲੀ ਸਰਕਾਰ ਹੋਂਦ ਵਿੱਚ ਆਈ। ਪ੍ਰੰਤੂ ਕਈ ਵਾਰ ਇਸਦੇ ਉਲਟ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਜ਼ਬਰਦਸਤ ਫ਼ਤਵਾ ਦਿੱਤਾ ਹੈ ਜਦੋਂ ਵਿਰੋਧੀ ਧਿਰ ਦੀ ਸਥਿਤੀ ਬਹੁਤ ਕਮਜ਼ੋਰ ਹੋ ਕੇ ਰਹਿ ਗਈ।
ਅਜੋਕਾ ਪੰਜਾਬੀ ਸੂਬਾ 1966 ਈਸਵੀ ਨੂੰ ਹੋਂਦ ਵਿੱਚ ਆਇਆ ਸੀ ਅਤੇ ਪਹਿਲੀਆਂ ਅਸੈਂਬਲੀ ਚੋਣਾਂ 1967 ਵਿੱਚ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ਕੁੱਲ 104 ਅਸੰਬਲੀ ਸੀਟਾਂ ਸਨ। ਕਾਂਗਰਸ ਪਾਰਟੀ ਨੇ 48 ਸੀਟਾਂ ਜਿੱਤ ਕੇ ਰਲੀ ਮਿਲੀ ਸਰਕਾਰ ਬਣਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 24 ਸੀਟਾਂ ਆਈਆਂ ਸਨ। ਇਸ ਤਰ੍ਹਾਂ ਸੱਤਾਧਾਰੀ ਅਤੇ ਮੁੱਖ ਵਿਰੋਧੀ ਧਿਰ ਦੋਵੇਂ ਹੀ ਕਮਜ਼ੋਰ ਸਥਿਤੀ ਵਿੱਚ ਰਹੀਆਂ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਇਹ ਸਰਕਾਰ ਸਿਰਫ ਦੋ ਸਾਲ ਹੀ ਚੱਲ ਸਕੀ।
1969 ਵਿੱਚ ਹੋਈਆਂ ਅਸੰਬਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 43 ਸੀਟਾਂ ਲੈ ਕੇ ਸਭ ਤੋਂ ਵੱਡੀ ਧਿਰ ਵਜੋਂ ਉੱਭਰਿਆ ਅਤੇ ਕਾਂਗਰਸ 38 ਸੀਟਾਂ ਲੈ ਕੇ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰੀ। ਰਲੀ ਮਿਲੀ ਸਰਕਾਰ ਬਣੀ ਅਤੇ ਗੁਰਨਾਮ ਸਿੰਘ ਸੂਬੇ ਦੇ ਮੁੱਖ ਮੰਤਰੀ ਬਣੇ। ਇਹ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ।
1972 ਵਿੱਚ ਹੋਈਆਂ ਚੋਣਾਂ ਵਿੱਚ 104 ਵਿੱਚੋਂ 66 ਸੀਟਾਂ ਜਿੱਤ ਕੇ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕੀਤਾ। ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1966 ਵਿੱਚ ਬਣੇ ਪੰਜਾਬੀ ਸੂਬੇ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਆਪਣਾ ਕਾਰਜ ਕਾਲ ਪੂਰਾ ਕੀਤਾ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਸਿਰਫ 24 ਸੀਟਾਂ ’ਤੇ ਸਿਮਟ ਗਿਆ ਅਤੇ ਕਮਜ਼ੋਰ ਵਿਰੋਧੀ ਧਿਰ ਦੀ ਸਥਿਤੀ ਵਿੱਚ ਰਿਹਾ।
1977 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 117 ਸੀਟਾਂ ਵਿੱਚੋਂ 58 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਿਆ। ਪਹਿਲੀ ਵਾਰ ਚੋਣਾਂ ਲੜ ਰਹੀ ਜਨਤਾ ਪਾਰਟੀ ਨੇ 25 ਸੀਟਾਂ ਜਿੱਤੀਆਂ ਅਤੇ ਕਾਂਗਰਸ 17 ਸੀਟਾਂ ਲੈ ਕੇ ਤੀਸਰੇ ਨੰਬਰ ’ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਜਿਸਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ। ਪ੍ਰੰਤੂ ਇਹ ਸਰਕਾਰ ਵੀ ਆਪਣਾ ਕਾਰਜ ਕਾਲ ਪੂਰਾ ਨਾ ਕਰ ਸਕੀ।
1980 ਵਿੱਚ ਹੋਈਆਂ ਚੋਣਾਂ ਵਿੱਚ ਫਿਰ ਇੱਕ ਵਾਰ ਕਾਂਗਰਸ ਨੇ 63 ਸੀਟਾਂ ਲੈ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ 37 ਸੀਟਾਂ ਲੈ ਕੇ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰਿਆ। ਸਰਦਾਰ ਦਰਬਾਰਾ ਸਿੰਘ ਸੂਬੇ ਦੇ ਮੁੱਖ ਮੰਤਰੀ ਬਣੇ। ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਇਹ ਸਰਕਾਰ ਸਮੇਂ ਤੋਂ ਪਹਿਲਾਂ 1983 ਵਿੱਚ ਭੰਗ ਕਰ ਦਿੱਤੀ ਗਈ ਸੀ।
1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 73 ਸੀਟਾਂ ਜਿੱਤ ਕੇ ਪਹਿਲੀ ਵਾਰ ਆਪਣੇ ਦਮ ’ਤੇ ਸਪਸ਼ਟ ਬਹੁਮਤ ਹਾਸਲ ਕੀਤਾ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ। ਕਾਂਗਰਸ ਦੇ ਹਿੱਸੇ ਸਿਰਫ 32 ਸੀਟਾਂ ਆਈਆਂ।
1992 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਪੰਜਾਬ ਦੀਆਂ ਚੋਣਾਂ ਦੇ ਇਤਿਹਾਸ ਵਿੱਚ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਘੱਟ ਵੋਟ ਪ੍ਰਤੀਸ਼ਤ 23.82 ਫੀਸਦ ਪੋਲਿੰਗ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਬਾਈਕਾਟ ਕਾਰਨ ਕਾਂਗਰਸ ਪਾਰਟੀ ਨੇ ਇੱਕ ਤਰਫਾ ਜਿੱਤ ਹਾਸਲ ਕਰਦੇ ਹੋਏ 87 ਵਿਧਾਨ ਸਭਾ ਸੀਟਾਂ ਪ੍ਰਾਪਤ ਕੀਤੀਆਂ ਅਤੇ ਸਰਦਾਰ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਬਹੁਜਨ ਸਮਾਜ ਪਾਰਟੀ ਨੇ 9 ਸੀਟਾਂ ਜਿੱਤੀਆਂ ਅਤੇ ਵਿਰੋਧੀ ਧਿਰ ਦੀ ਹੋਂਦ ਨਾ ਮਾਤਰ ਰਹੀ।
1997 ਦੀਆਂ ਅਸੰਬਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 95 ਸੀਟਾਂ ਜਿੱਤੀਆਂ। ਕਾਂਗਰਸ ਪਾਰਟੀ ਦੇ ਹਿੱਸੇ ਸਿਰਫ 14 ਸੀਟਾਂ ਆਈਆਂ। ਇਸ ਤਰ੍ਹਾਂ ਵਿਰੋਧੀ ਧਿਰ ਦੀ ਸਥਿਤੀ ਗਿਣਤੀ ਪੱਖੋਂ ਬੜੀ ਕਮਜ਼ੋਰ ਰਹੀ। ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਆਪਣੀ ਸਰਕਾਰ ਦਾ ਕਾਰਜਕਾਲ ਪੂਰਾ ਕੀਤਾ।
2002 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਖਤ ਮੁਕਾਬਲੇ ਵਿੱਚ ਕਾਂਗਰਸ ਨੇ 62 ਸੀਟਾਂ ਜਿੱਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ 41 ਸੀਟਾਂ ਜਿੱਤ ਕੇ ਮਜ਼ਬੂਤ ਵਿਰੋਧੀ ਧਿਰ ਵਜੋਂ ਆਪਣੀ ਹਾਜ਼ਰੀ ਦਰਜ ਕਰਵਾਈ। ਕੈਪਟਨ ਅਮਰਿੰਦਰ ਸਿੰਘ ਇਸ ਸਰਕਾਰ ਦੇ ਮੁੱਖ ਮੰਤਰੀ ਬਣੇ।
2007 ਦੀਆਂ ਚੋਣਾਂ ਵਿੱਚ ਫਿਰ ਦੋਵਾਂ ਪਾਰਟੀਆਂ ਵਿੱਚ ਸਖਤ ਮੁਕਾਬਲਾ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 67 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਈ। ਕਾਂਗਰਸ ਨੇ 44 ਸੀਟਾਂ ਜਿੱਤ ਕੇ ਮਜ਼ਬੂਤ ਵਿਰੋਧੀ ਧਿਰ ਦੀ ਸਥਿਤੀ ਹਾਸਲ ਕੀਤੀ।
2012 ਦੀਆਂ ਚੋਣਾਂ ਵਿੱਚ ਫਿਰ ਦੋਵਾਂ ਪਾਰਟੀਆਂ ਵਿੱਚ ਕਾਂਟੇ ਦੀ ਟੱਕਰ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 68 ਸੀਟਾਂ ਜਿੱਤੀਆਂ ਅਤੇ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਦੂਸਰੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਈ। ਕਾਂਗਰਸ 46 ਸੀਟਾਂ ਜਿੱਤ ਕੇ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰੀ।
2017 ਦੀਆਂ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਨੇ ਮੁੜ ਸ਼ਾਨਦਾਰ ਵਾਪਸੀ ਕੀਤੀ। ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ 77 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣੀ। ਪੰਜਾਬ ਦੀ ਰਾਜਨੀਤੀ ਵਿੱਚ ਤੀਜੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤੀਆਂ ਅਤੇ ਵਿਰੋਧੀ ਧਿਰ ਵਜੋਂ ਉੱਭਰੀ। ਅਕਾਲੀ ਦਲ ਦੇ ਹਿੱਸੇ ਸਿਰਫ 15 ਸੀਟਾਂ ਆਈਆਂ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕਿਆ।
ਆਖਰੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਵਿੱਚ ਹੋਈਆਂ। ਇਨ੍ਹਾਂ ਚੋਣਾਂ ਵਿੱਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜ਼ਬਰਦਸਤ ਫ਼ਤਵਾ ਦਿੱਤਾ। ਪੰਜਾਬ ਦੀ ਰਾਜਨੀਤੀ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੇ ਇਕੱਲੇ ਆਪਣੇ ਦਮ ’ਤੇ 92 ਸੀਟਾਂ ਹਾਸਲ ਕੀਤੀਆਂ। ਕਾਂਗਰਸ ਦੇ ਹਿੱਸੇ 18 ਸੀਟਾਂ ਆਈਆਂ ਅਤੇ ਪਾਰਟੀ ਦੀ ਸਥਿਤੀ ਕਮਜ਼ੋਰ ਵਿਰੋਧੀ ਧਿਰ ਵਾਲੀ ਰਹੀ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਹੋਈ ਅਤੇ ਪਾਰਟੀ ਦੇ ਹਿੱਸੇ ਸਿਰਫ ਤਿੰਨ ਸੀਟਾਂ ਆਈਆਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (