“ਏਨੀ ਵੀ ਕੀ ਕਾਹਲ ਹੈ ਬੇਟੇ? … … ਜਦੋਂ ਸਮਾਂ ਲੱਗਿਆ ਮੇਰੇ ਖਾਤੇ ਵਿੱਚ ...”
(17 ਮਾਰਚ 2025)
ਅੱਠ ਸਾਲ ਦੀ ਬੱਚੀ ਆਪਣੇ ਮੰਮੀ ਡੈਡੀ ਤੋਂ ਅੱਗੇ ਚਲੱਦਿਆਂ ਜਿਉਂ ਹੀ ਫਗਵਾੜੇ ਤੋਂ ਜਲੰਧਰ ਜਾਣ ਵਾਲੀ ਬੱਸ ਦੀ ਸੀਟ ਬੈਠਣ ਲੱਗੀ ਤਾਂ ਉਸਦੀ ਨਜ਼ਰ ਸੀਟ ’ਤੇ ਪਏ ਇੱਕ ਪਰਸ (ਬਟੂਏ) ’ਤੇ ਪਈ। “ਮੰਮੀ ਆਹ ਕਿਸੇ ਭਾਈ ਦਾ ਪਰਸ ਪਿਆ ਹੈ।” ਉਸ ਬੱਚੀ ਨੇ ਬਟੂਆ ਚੁੱਕ ਕੇ ਆਪਣੀ ਮੰਮੀ ਨੂੰ ਫੜਾ ਦਿੱਤਾ। ਉਸਦੀ ਮੰਮੀ ਨੇ ਪਰਸ ਦੇ ਅੰਦਰ ਨਜ਼ਰ ਮਾਰੇ ਬਿਨਾਂ ਹੀ ਆਪਣੇ ਪਤੀ ਵੱਲ ਵਧਾ ਦਿੱਤਾ, “ਪਰਸ ਵਾਹਵਾ ਭਾਰਾ ਲਗਦਾ ਹੈ, ਜਿਸ ਕਿਸੇ ਦਾ ਵੀ ਹੈ, ਬੇਚਾਰਾ ਬਹੁਤ ਪ੍ਰੇਸ਼ਾਨ ਹੋਵੇਗਾ। ਡਰਾਈਵਰ ਜਾਂ ਕੰਡਕਟਰ ਨੂੰ ਫੜਾ ਦਿਓ … ਉਹ ਪਰਸ ਦੀ ਭਾਲ ਲਈ ਬੱਸ ਵਿੱਚ ਜ਼ਰੂਰ ਆਵੇਗਾ। ਬੇਚਾਰੇ ਕੋਲ ਪਤਾ ਨਹੀਂ ਘਰ ਜਾਣ ਜੋਗੇ ਪੈਸੇ ਵੀ ਹੋਣਗੇ ਜਾਂ ਨਹੀਂ।”
“ਜਦੋਂ ਕੰਡਕਟਰ ਟਿਕਟਾਂ ਕੱਟਦਾ ਇੱਧਰ ਆਵੇਗਾ ਤਾਂ ਉਸ ਨੂੰ ਦੇ ਦੇਵਾਂਗੇ … ਪਹਿਲਾਂ ਵੇਖ ਤਾਂ ਲੈ ਇਸ ਵਿੱਚ ਹੈ ਕੀ? ਧਿਆਨ ਨਾਲ ਵੇਖ, ਇਸ ਵਿੱਚ ਕੋਈ ਅਜਿਹਾ ਕਾਗਜ਼ ਪੱਤਰ ਤਾਂ ਨਹੀਂ ਜਿਸ ’ਤੇ ਪਰਸ ਵਾਲੇ ਦਾ ਪਤਾ-ਠਿਕਾਣਾ ਜਾਂ ਫੋਨ ਨੰਬਰ ਲਿਖਿਆ ਹੋਵੇ।” ਪਤੀ ਨੇ ਰਾਇ ਦਿੱਤੀ।
ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਮੁੜ ਰਹੀ ਇਸ ਜੋੜੀ ਨੇ ਜਦੋਂ ਬਟੂਏ ਦੇ ਅੰਦਰ ਨਜ਼ਰ ਮਾਰੀ ਤਾਂ ਇਸ ਵਿੱਚ ਪੰਜ ਪੰਜ ਸੌ ਦੇ ਕਾਫੀ ਨੋਟ ਸਨ ਤੇ ਅੰਦਰਲੀ ਜੇਬ ਵਿੱਚ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਇੱਕ ਪਛਾਣ ਪੱਤਰ ਵੀ ਸੀ।
“ਕੰਡਕਟਰ ਜਾਂ ਡਰਾਈਵਰ ਦਾ ਕੀ ਪਤੈ ਪਰਸ ਵਗਾਹ ਕੇ ਮਾਰਨ ਤੇ ਰਕਮ ਅੱਧੀ ਅੱਧੀ ਕਰਕੇ ਆਪਣੀ ਜੇਬ ਵਿੱਚ ਪਾ ਲੈਣ। ਜਦੋਂ ਪਰਸ ਆਪਾਂ ਨੂੰ ਮਿਲਿਆ ਹੈ ਤਾਂ ਇਹ ਅਸਲ ਮਾਲਕ ਨੂੰ ਵਾਪਸ ਕਰਨ ਦੀ ਜ਼ਿੰਮੇਵਾਰੀ ਵੀ ਆਪਣੀ ਹੀ ਬਣਦੀ ਹੈ। ਪਛਾਣ ਪੱਤਰ ’ਤੇ ਲਿਖੇ ਨੰਬਰ ’ਤੇ ਫੋਨ ਮਿਲਾ, ਉਹ ਅਜੇ ਬੱਸ ਅੱਡੇ ਦੇ ਨੇੜ ਤੇੜ ਹੀ ਹੋਣਾ ਚਾਹੀਦਾ ਹੈ।” ਉਸਦੇ ਪਤੀ ਨੇ ਹਦਾਇਤ ਕੀਤੀ।
ਉਸ ਬੀਬੀ ਨੇ ਆਪਣੇ ਪਤੀ ਦੀ ਹਦਾਇਤ ’ਤੇ ਅਮਲ ਕਰਦਿਆਂ ਤਰੁੰਤ ਫੋਨ ਲਾ ਲਿਆ ਪਰ ਅਗਲਾ ਫੋਨ ਰੇਂਜ ਤੋਂ ਬਾਹਰ ਹੋਣ ਦੇ ਸੰਕੇਤ ਦੇ ਰਿਹਾ ਸੀ। ਉਹ ‘ਪਰਸ ਦਾ ਕੀ ਕਰੀਏ’ ਦੇ ਦਵੰਦ ਵਿੱਚ ਪਏ ਹੋਏ ਸਨ ਕਿ ਬਰਾਬਰ ਦੀ ਸੀਟ ’ਤੇ ਬੈਠੀ ਸਵਾਰੀ ਨੇ ਆਪਣੀ ਰਾਇ ਦਿੱਤੀ ਕਿ ਉਹ ਪਰਸ ਕੰਡਕਟਰ ਨੂੰ ਦੇਣ ਦੀ ਬਜਾਏ ਆਪਣੇ ਕੋਲ ਹੀ ਰੱਖਣ ਤਾਂ ਇਸਦੇ ਅਸਲ ਮਾਲਕ ਕੋਲ ਪਹੁੰਚਣਾ ਯਕੀਨੀ ਹੈ। ਸਵਾਰੀ ਦੀ ਗੱਲ ਮੰਨ ਕੇ ਉਨ੍ਹਾਂ ਪਰਸ ਹਾਲ ਦੀ ਘੜੀ ਆਪਣੇ ਕੋਲ ਹੀ ਰੱਖ ਲਿਆ।
ਦੁਬਾਰਾ ਫੋਨ ਲਇਆ ਤਾਂ ਫੋਨ ਮਿਲ ਗਿਆ।
“ਤੁਸੀਂ … … ਬੋਲਦੇ ਹੋ? ਮੈਂ ਜਲੰਧਰ ਤੋਂ ਬੋਲਦੀ ਹਾਂ … … ਤੁਹਾਡਾ ਪਰਸ ਮੇਰੇ ਕੋਲ ਹੈ … … ਸਾਡਾ ਘਰ ਅੰਮ੍ਰਿਤਸਰ ਬਾਈ ਪਾਸ ਦੇ ਬਿਲਕੁਲ ਨੇੜੇ ਹੈ … … ਤੁਸੀਂ ਸਾਡੇ ਘਰੋਂ ਆਪਣਾ ਪਰਸ ਲਿਜਾ ਸਕਦੇ ਹੋ। ਆਉਣ ਤੋਂ ਪਹਿਲਾਂ ਇਸ ਨੰਬਰ ’ਤੇ ਕਾਲ ਕਰ ਲੈਣਾ।” ਉਸ ਬਹੁਤ ਕਾਹਲੀ ਨਾਲ ਕਿਹਾ ਜਿਵੇਂ ਉਸ ਨੂੰ ਫੋਂਨ ਫਿਰ ਰੇਂਜ ਤੋਂ ਬਾਹਰ ਜਾਣ ਦਾ ਖਦਸ਼ਾ ਹੋਵੇ।
ਮੈਂ ਉਸ ਇਮਾਨਦਾਰ ਪਤੀ-ਪਤਨੀ ਦੀ ਜੋੜੇ ਨੂੰ ਬਿਲਕੁਲ ਨਹੀਂ ਜਾਣਦਾ ਪਰ ਜਿਸ ਨੂੰ ਉਨ੍ਹਾਂ ਫੋਨ ਮਿਲਾਇਆ ਸੀ, ਉਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਉਹ ਭੁਲੱਕੜ ਬੰਦਾ ਕੋਈ ਹੋਰ ਨਹੀਂ, ਸਗੋਂ ਮੈਂ ਹੀ ਹਾਂ। ਫਗਵਾੜੇ ਅੰਬੇਦਕਰ ਭਵਨ ਵਿੱਚ ਹੋਏ ਇੱਕ ਸਾਹਿਤਕ ਸਮਾਗਮ ਵਿੱਚ ਗੁਰਨਾਮ ਬਾਵਾ ਦੇ ਨਾਵਲ ’ਤੇ ਹੋਈ ਗੋਸ਼ਟੀ ਵਿੱਚ ਭਾਗ ਲੈਣ ਤੋਂ ਬਾਅਦ ਮੈਂ ਬੱਸ ਰਾਹੀਂ ਲੁਧਿਆਣੇ ਵੱਲ ਆ ਰਿਹਾ ਸਾਂ। ਮੈਂ ਆਪਣੇ ਵੱਲੋਂ ਤਾਂ ਟਿਕਟ ਕਟਾਉਣ ਤੋਂ ਬਾਅਦ ਪਰਸ ਪੈਂਟ ਦੀ ਜੇਬ ਵਿੱਚ ਪਾ ਲਿਆ ਸੀ ਪਰ ਮੇਰੀ ਬੇਧਿਆਨੀ ਕਾਰਨ ਜਾਂ ਤਾਂ ਉਹ ਜੇਬ ਵਿੱਚ ਪੂਰਾ ਨਹੀਂ ਸੀ ਪਿਆ ਜਾਂ ਮੇਰਾ ਧਿਆਨ ਕਿਸੇ ਹੋਰ ਪਾਸੇ ਹੋਣ ਕਾਰਨ ਸੀਟ ’ਤੇ ਹੀ ਰਹਿ ਗਿਆ ਸੀ। ਲੁਧਿਆਣਾ ਤੋਂ ਬੁਢਲਾਡਾ ਦੀ ਬੱਸ ਲੈਣ ਦੀ ਕਾਹਲ ਵਿੱਚ ਮੈਂ ਬੱਸ ਤੋਂ ਉੱਤਰਨ ਵੇਲੇ ਪਰਸ ਵੱਲ ਧਿਆਨ ਹੀਂ ਨਹੀਂ ਦਿੱਤਾ। ਪਰਸ ਗੁੰਮ ਜਾਣ ਦਾ ਪਤਾ ਤਾਂ ਉਦੋਂ ਲੱਗਾ ਜਦੋਂ ਦੂਜੀ ਬੱਸ ਦੇ ਕੰਡਕਟਰ ਨੂੰ ਨੇੜੇ ਆਉਂਦਾ ਵੇਖ ਕੇ ਟਿਕਟ ਕਟਾਉਣ ਲਈ ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ। ਪਰਸ ਕਿੱਥੋਂ ਮਿਲਣਾ ਸੀ। ਮੇਰੇ ਕੋਲ ਟਿਕਟ ਕਟਾਉਣ ਜੋਗੇ ਪੈਸੇ ਵੀ ਨਹੀਂ ਸਨ, ਮੈਂ ਬੌਂਦਲਿਆ ਜਿਹਾ ਪਰਸ ਲੱਭਣ ਲਈ ਇੱਕ ਤੋਂ ਬਾਅਦ ਦੂਜੀ ਜੇਬ ਵਿੱਚ ਹੱਥ ਮਾਰ ਰਿਹਾ ਸਾਂ ਤਾਂ ਕੰਡਕਟਰ ਨੇ ਮੇਰੀ ਮਨੋ ਅਵਸਥਾ ਭਾਂਪ ਕੇ ਕਿਹਾ, “ਕੋਈ ਨਾ ਬਾਬੂ ਜੀ, ਤੁਸੀਂ ਅਰਾਮ ਨਾਲ ਲੱਭ ਲਵੋ ਆਪਣਾ ਪਰਸ … ਮੈਂ ਟਿਕਟ ਅਗਲੇ ਗੇੜੇ ਕੱਟ ਦਿਆਂਗਾ।”
ਮੇਰੇ ਨਾਲ ਸੀਟ ’ਤੇ ਬੈਠੀ ਕਿਸੇ ਅਣਜਾਣ ਬੇਟੀ ਨੂੰ ਜਦੋਂ ਮੇਰਾ ਪਰਸ ਗੁੰਮ ਹੋਣ ਦਾ ਪਤਾ ਲੱਗਾ ਤਾਂ ਉਸਨੇ ਵੀ ਮੈਨੂੰ ਹੌਸਲਾ ਦਿੱਤਾ, “ਅੰਕਲ ਜੀ, ਪ੍ਰੇਸ਼ਾਨ ਨਾ ਹੋਵੇ … … ਤੁਹਾਡੀ ਟਿਕਟ ਮੈਂ ਕਟਾ ਲੈਂਦੀ ਹਾਂ।” ਪਰ ਮੈਨੂੰ ਉਸ ਬੇਟੀ ਤੋਂ ਪੈਸੇ ਲੈਣ ਦੀ ਲੋੜ ਨਾ ਪਈ ਕਿਉਂਕਿ ਕੰਡਕਟਰ ਟਿਕਟ ਦੇ ਪੈਸੇ ਗੂਗਲ ਪੇਅ ਰਾਹੀਂ ਲੈਣ ਲਈ ਮੰਨ ਗਿਆ ਸੀ।
ਬੱਸ ਵਿੱਚ ਬੈਠਿਆਂ ਹੀ ਬੇਟੇ ਨੂੰ ਫੋਨ ਕੀਤਾ ਕਿ ਉਹ ਮੈਨੂੰ ਬੁਢਲਾਡਾ ਆ ਕੇ ਮੈਨੂੰ ਬੱਸ ਅੱਡੇ ਤੋਂ ਲੈ ਜਾਵੇ ਕਿਉਂਕਿ ਮੇਰੇ ਕੋਲ ਬੁਢਲਾਡਾ ਤੋਂ ਬੋਹਾ ਜਾਣ ਜੋਗੇ ਪੰਦਰਾਂ ਰੁਪਏ ਵੀ ਨਹੀਂ ਸਨ।
ਮੈਨੂੰ ਪੈਸਿਆਂ ਨਾਲ ਬਹੁਤਾ ਮੋਹ ਤਾਂ ਨਹੀਂ ਹੈ ਪਰ ਦਸ ਹਜ਼ਾਰ ਦਾ ਇੱਕ ਦਮ ਨੁਕਸਾਨ ਹੋਣ ’ਤੇ ਕੋਈ ਵੀ ਬੰਦਾ ਥੋੜ੍ਹੇ ਚਿਰ ਲਈ ਤਾਂ ਪ੍ਰੇਸ਼ਾਨ ਜ਼ਰੂਰ ਹੁੰਦਾ ਹੀ ਹੈ। ਸੁਭਾਵਿਕ ਵਿੱਚ ਮੈਂ ਵੀ ਪ੍ਰੇਸ਼ਾਨ ਸਾਂ। ਬਰਨਾਲੇ ਦੇ ਨੇੜੇ ਅੱਪੜਿਆ ਤਾਂ ਕਿਸੇ ਅਣਜਾਣ ਨੰਬਰ ਤੋਂ ਆਏ ਫੋਨ ਨੇ ਮੇਰੀ ਸਾਰੀ ਪ੍ਰੇਸ਼ਾਨੀ ਨੂੰ ਖੁਸ਼ੀ ਵਿੱਚ ਬਦਲ ਦਿੱਤਾ। ਗੁਆਚੇ ਪੈਸੇ ਇਸ ਤਰ੍ਹਾਂ ਮਿਲ ਜਾਣ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ। ਮੈਂ ਜਿੱਥੇ ਫੋਨ ਕਰਨ ਵਾਲੀ ਬੇਟੀ ਦਾ ਹਾਰਦਿਕ ਧੰਨਵਾਦ ਕੀਤਾ ਤੇ ਕਿਹਾ, “ਮੈਂ ਤਾਂ ਹੁਣ 50 ਕਿਲੋਮੀਟਰ ਅੱਗੇ ਲੰਘ ਗਿਆਂ ਹਾਂ। ਜੇ ਥੋੜ੍ਹੀ ਜਿਹੀ ਖੇਚਲ ਕਰਕੇ ਪੈਸੇ ਗੂਗਲ ਪੇਅ ਕਰ ਦਿਉ ਤਾਂ ਬਹੁਤ ਮਿਹਰਬਾਨੀ ਹੋਵੇਗੀ।”
ਉਹ ਦੋਵੇਂ ਪਤੀ-ਪਤਨੀ ਦੋਵੇਂ ਗੂਗਲ ਪੇਅ ਦੀ ਵਰਤੋਂ ਨਹੀਂ ਸਨ ਕਰਦੇ। ਉਨ੍ਹਾਂ ਕਿਹਾ, “ਬੱਸ ਵਿੱਚ ਤਾਂ ਤੁਹਾਡੇ ਪੈਸੇ ਵਾਪਸ ਕਰਨੇ ਸਾਡੇ ਲਈ ਸੰਭਵ ਨਹੀਂ ਹਨ ਪਰ ਘਰ ਪਹੁੰਚ ਕੇ ਕੋਈ ਇੰਤਜ਼ਾਮ ਜ਼ਰੂਰ ਕਰ ਕਰਾਂਗੇ।”
ਨਾਲ ਬੈਠੀ ਅਣਜਾਣ ਬੇਟੀ ਵੀ ਮੇਰਾ ਪਰਸ ਲੱਭਣ ਦੀ ਗੱਲ ਸੁਣ ਕੇ ਖੁਸ਼ ਹੋ ਗਈ ਤੇ ਮੇਰੀ ਖੁਸ਼ੀ ਵਿੱਚ ਹੋਰ ਵਾਧਾ ਕਰਦਿਆਂ ਉਹਨੇ ਕਿਹਾ, “ਅੰਕਲ ਜੀ ਤੁਹਾਡੀ ਕਮਾਈ ਹੱਕ ਹਲਾਲ ਦੀ ਲਗਦੀ ਹੈ, ਇਸੇ ਲਈ ਲਈ ਤੁਹਾਡਾ ਗੁਆਚਿਆ ਪਰਸ ਇਮਾਨਦਾਰ ਹੱਥਾਂ ਵਿੱਚ ਪਹੁੰਚਿਆ ਹੈ।”
ਮੈਂ ਕਿਹਾ, “ਮੇਰਾ ਸਿਰਫ ਪਰਸ ਵੀ ਨਹੀਂ ਲੱਭਾ ਸਗੋਂ ਮੈਂਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਦੋ ਬੇਟੀਆਂ ਵੀ ਲੱਭ ਗਈਆਂ ਹਨ, ਜਿਨ੍ਹਾਂ ਨੂੰ ਅੱਜ ਤੋਂ ਪਹਿਲਾਂ ਮੈਂ ਬਿਲਕੁਲ ਹੀ ਨਹੀਂ ਸਾਂ ਜਾਣਦਾ।”
ਰਾਤੀ ਸਾਢੇ ਅੱਠ ਕੁ ਵਜੇ ਮੇਰੇ ਵਾਟਸਐੱਪ ’ਤੇ ਜਲੰਧਰ ਵਾਲੀ ਬੇਟੀ ਦੀ ਲਾਈਵ ਕਾਲ ਆ ਗਈ। ਉਸਨੇ ਮੇਰੇ ਬਟੂਏ ਵਿਚਲੀ ਰਕਮ ਕੈਮਰੇ ਦੇ ਸਾਹਮਣੇ ਗਿਣ ਕੇ ਵਿਖਾਉਂਦਿਆਂ ਕਿਹਾ, “ਅੰਕਲ ਜੀ ਇਸ ਤੋਂ ਪਹਿਲਾਂ ਅਸੀਂ ਇਸ ਵਿਚਲੀ ਰਕਮ ਗਿਣੀ ਵੀ ਨਹੀਂ। ਇੰਨੇ ਪੈਸੇ ਹੀ ਹਨ ਨਾ?”
ਮੇਰੇ ਵੱਲੋਂ ਹਾਂ ਕਹਿਣ ’ਤੇ ਉਸ ਕਿਹਾ ਕਿ ਮੈਂ ਆਪਣਾ ਬੈਂਕ ਅਕਾਊਂਟ ਉਸ ਨੂੰ ਭੇਜ ਦੇਵਾਂ ਤਾਂ ਕਿ ਉਹ ਕੱਲ੍ਹ ਬੈਂਕ ਵਿੱਚ ਜਾ ਕੇ ਮੇਰੇ ਪੈਸੇ ਮੇਰੇ ਅਕਾਊਂਟ ਵਿੱਚ ਪਾ ਸਕੇ। ਮੈਂ ਉਸ ਨੂੰ ਆਪਣਾ ਬੈਂਕ ਖਾਤਾ ਨੰਬਰ ਭੇਜ ਦਿੱਤਾ।
… … ਜੇ ਗੱਲ ਇੰਨੀ ਹੀ ਹੁੰਦੀ ਤਾਂ ਸ਼ਾਇਦ ਮੈਂ ਇਹ ਲਿਖਤ ਨਾ ਵੀ ਲਿਖਦਾ ਪਰ ਘੰਟੇ ਕੁ ਬਾਅਦ ਹੀ ਆਏ ਉਸਦੇ ਦੂਸਰੇ ਫੋਨ ਨੇ ਮੇਰੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਇਹ ਲਿਖਤ ਲਿਖਣ ਲਈ ਵੀ ਮਜਬੂਰ ਕਰ ਦਿੱਤਾ।
“ਅੰਕਲ ਜੀ, ਮੈਂ ਆਪਣੇ ਗੁਆਢੀਆਂ ਦੇ ਘਰ ਜਾ ਕੇ ਤੁਹਾਨੂੰ ਤੁਹਾਡੀ ਅਮਾਨਤ ਵਾਪਸ ਭੇਜ ਰਹੀ ਹਾਂ। ਇਨ੍ਹਾਂ ਕੋਲ ਗੂਗਲ ਪੇਅ ਚੱਲਦਾ ਹੈ।”
“ਏਨੀ ਵੀ ਕੀ ਕਾਹਲ ਹੈ ਬੇਟੇ? … … ਜਦੋਂ ਸਮਾਂ ਲੱਗਿਆ ਮੇਰੇ ਖਾਤੇ ਵਿੱਚ ਪਾ ਦੇਈਂ।”
“ਅੰਕਲ, ਜਿੰਨਾ ਚਿਰ ਤੁਹਾਡੀ ਅਮਾਨਤ ਮੈਂ ਤੁਹਾਡੇ ਕੋਲ ਪੁੱਜਦੀ ਨਹੀਂ ਕਰ ਦਿੰਦੀ, ਉੰਨਾ ਚਿਰ ਮੈਂਨੂੰ ਨੀਂਦ ਨਹੀਂ ਆਉਣੀ। ਹੁਣ ਮੈਂ ਚੈਨ ਨਾਲ ਸੌਵਾਂਗੀ ...।”
ਮੈਂ ਅਵਾਕ ਰਹਿ ਗਿਆ ਤੇ ਸੋਚਣ ਲੱਗਾ ਕਿ ਸਿਰਫ ਸੰਵੇਦਨਸ਼ੀਲ ਅਤੇ ਇਮਾਨਦਾਰ ਬੰਦੇ ਹੀ ਰਾਤਾਂ ਨੂੰ ਕਿਉਂ ਜਾਗਦੇ ਨੇ …. ਜੇ ਮੇਰਾ ਪਰਸ ਕਿਸੇ ਬੇਈਮਾਨ ਦੇ ਹੱਥ ਲੱਗਾ ਹੁੰਦਾ ਤਾਂ ਉਸ ਘੁਰਾੜੇ ਮਾਰ ਕੇ ਸੌਣਾ ਸੀ। ... ਫੋਨ ਉਸ ਬੇਟੀ ਦਾ ਨਾਂ ਸੰਜਨਾ ਸੈਣੀ ਦਰਸਾ ਰਿਹਾ। ਹੁਣ ਮੈਂ ਆਪਣਾ ਪਰਸ ਲੈਣ ਲਈ ਨਹੀਂ ਸਗੋਂ ਉਸ ਨੂੰ ਆਪਣੀ ਇਮਾਨਦਾਰ ਧੀ ਦੇ ਰੂਪ ਵਿੱਚ ਮਿਲਣ ਕਦੇ ਉਸਦੇ ਘਰ ਜਾਵਾਂਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (