“ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀਂ ਇੱਕ ਨਵੇਂ ਕਥਾ ਵਿਵੇਕ ਦੀ ...”
(29 ਮਈ 2024)
ਇਸ ਸਮੇਂ ਪਾਠਕ: 460.
ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀਂ ਨਵੇਂ ਕਥਾ ਵਿਵੇਕ ਦੀ ਸਿਰਜਣਾ ਕਰਦੀਆਂ ਕਹਾਣੀਆਂ
ਰਵਿੰਦਰ ਸਿੰਘ ਸੋਢੀ ਪੰਜਾਬੀ ਨਾਟਕ, ਆਲੋਚਨਾ, ਵਾਰਤਕ, ਕਹਾਣੀ ਤੇ ਕਵਿਤਾ ਦੇ ਖੇਤਰ ਵਿੱਚ 15 ਪੁਸਤਕਾਂ ਦਾ ਮੁੱਲਵਾਨ ਯੋਗਦਾਨ ਪਾ ਕੇ ਸਾਹਿਤਕ ਖੇਤਰ ਵਿੱਚ ਹੰਢੇ ਵਰਤੇ ਤੇ ਪਾਠਕਾਂ ਵੱਲੋਂ ਸਵੀਕਾਰੇ ਸਰਬਾਂਗੀ ਲੇਖਕ ਵਜੋਂ ਆਪਣੀ ਉੱਘੜਵੀਂ ਪਛਾਣ ਬਣਾ ਚੁੱਕਾ ਹੈ। ਆਪਣੀ ਯਥਾ ਸ਼ਕਤੀ ਅਨੁਸਾਰ ਉਸਨੇ ਸਾਹਿਤ ਦੇ ਅਨੁਵਾਦ ਤੇ ਸੰਪਾਦਨ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਉਸਦੀ 15ਵੀਂ ਪੁਸਤਕ ਦੇ ਰੂਪ ਵਿੱਚ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਿਆਂ ਉਸਦਾ ਕਹਾਣੀ ਸੰਗ੍ਰਹਿ ‘ਹੱਥਾਂ ’ਚੋਂ ਕਰਦੀ ਰੇਤ’ ਅਵਾਸ-ਪਰਵਾਸ ਨਾਲ ਜੁੜੇ ਮਨੋ-ਸਮਾਜਿਕ ਮਸਲਿਆਂ ਬਾਰੇ ਮੰਤਵੀ ਸੰਵਾਦ ਵੀ ਸਿਰਜਦਾ ਹੈ ਅਤੇ ਇਨ੍ਹਾਂ ਨੂੰ ਸੁਲਝਾਉਣ ਦੀਆਂ ਮਨੋਵਿਗਿਆਨਕ ਜੁਗਤਾਂ ਵੱਲ ਵੀ ਇਸ਼ਾਰੇ ਕਰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਆਪਣੇ ਪਾਤਰਾਂ ਅੰਦਰ ਅਜਿਹੀਆਂ ਮਨੋ ਤਰੰਗਾਂ ਪੈਦਾ ਕਰਨ ਵਿੱਚ ਸਫਲ ਵਿਖਾਈ ਦਿੰਦੀਆਂ ਹਨ, ਜਿਹੜੀਆਂ ਅਜੋਕੇ ਆਪਾ-ਧਾਪੀ ਵਾਲੇ ਮਾਹੌਲ ਵਿੱਚ ਟੁੱਟਦੇ, ਤਿੜਕਦੇ ਤੇ ਹੱਥਾਂ ਵਿੱਚੋਂ ਰੇਤ ਵਾਂਗ ਕਿਰਦੇ ਜਾ ਰਹੇ ਸਮਾਜਿਕ ਰਿਸ਼ਤਿਆਂ ਨੂੰ ਫਿਰ ਤੋਂ ਨਿੱਘੇ ਤੇ ਹੰਢਣਸਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹਨ। ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਇਹ ਵੀ ਹੈ ਕਿ ਇਹ ਮਰ ਰਹੇ ਰਿਸ਼ਤਿਆਂ ਨੂੰ ਜਿਉਂਦੇ ਰੱਖਣ ਵਾਲੀ ਸੰਜੀਵਨੀ ਬੂਟੀ ਆਪਣੇ ਪਾਤਰਾਂ ਦੇ ਮਨਾਂ ਦੇ ਨਰਮ ਕੋਨਿਆਂ ਵਿੱਚੋਂ ਹੀ ਤਲਾਸ਼ਦੀਆਂ ਹਨ।
ਸੰਗ੍ਰਹਿ ਦੀ ਪਹਿਲੀ ਕਹਾਣੀ ‘ਮੈਨੂੰ ਫੋਨ ਕਰ ਲਵੀਂ’ ਇਸ ਸਮਾਜਿਕ ਸੂਝ ਨੂੰ ਪਾਠਕੀ ਮਾਨਸਿਕਤਾ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ ਕਿ ਜੇ ਘਰ ਪਰਿਵਾਰ ਦੇ ਮੈਂਬਰਾਂ ਵਿੱਚ ਵਿਚਾਰਾਂ ਦੀ ਪੂਰਨ ਇਕਸੁਰਤਾ ਨਾ ਹੋਵੇ ਤਾਂ ਛੋਟੇ ਛੋਟੇ ਸਮਝੌਤੇ ਕਰਕੇ ਘਰ ਨੂੰ ਟੁੱਟਣ ਤੋਂ ਬਚਾ ਲੈਣਾ ਚਾਹੀਦਾ ਹੈ। ਕਹਾਣੀ ਵਿਚਲੇ ਪੰਜਾਬੀ ਮੂਲ ਦੇ ਪਰਵਾਸੀ ਪਤੀ ਪਤਨੀ ਅਰੁਜਨ ਤੇ ਸ਼ਿਫਾਲੀ ਵਿਚਕਾਰ ਪਈਆਂ ਮਾਨਸਿਕ ਦੂਰੀਆਂ ਭਾਵੇਂ ਤਲਾਕ ਲੈਣ ਦੀ ਨੌਬਤ ਤਕ ਪਹੁੰਚ ਜਾਂਦੀਆਂ ਹਨ ਪਰ ਮਨੁੱਖੀ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਸਮਝਦੀ ਮੈਰਿਜ ਕੌਂਸਲਰ ਸ਼ੈਲੀ ਉਨ੍ਹਾਂ ਦੋਵਾਂ ਦੇ ਦਿਲਾਂ ਦੇ ਨਰਮ ਕੋਨਿਆਂ ਵਿੱਚ ਪਏ ਇੱਕ ਦੂਜੇ ਪ੍ਰਤੀ ਪਿਆਰ ਨੂੰ ਜਾਗ ਲਾ ਕੇ ਉਨ੍ਹਾਂ ਦੇ ਮੁੜ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਤਲਾਸ਼ ਲੈਂਦੀ ਹੈ।
ਕਹਾਣੀ ‘ਤੂੰ ਆਪਣੇ ਵੱਲ ਵੇਖ’ ਗ੍ਰਹਿਸਥੀ ਜੀਵਨ ਦੀ ਹੰਡਣਸਾਰਤਾ ਵਧਾਉਣ ਲਈ ਇਹ ਪਾਠ ਪੜ੍ਹਾਉਂਦੀ ਹੈ ਕਿ ਘਰ ਪਰਿਵਾਰ ਵਿੱਚ ਹੁੰਦੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਕਹਾਣੀ ਦੀ ਵਿਸ਼ਲੇਸ਼ਣੀ ਪਹੁੰਚ ਅਨੁਸਾਰ ਭਾਵੇਂ ਪਰ ਪੁਰਸ਼ ਜਾਂ ਪਰ ਨਾਰੀ ਨਾਲ ਸੰਬੰਧ ਪਰਿਵਾਰਕ ਮਰਯਾਦਾ ਦਾ ਉਲੰਘਣ ਸਮਝੇ ਜਾਂਦੇ ਹਨ ਪਰ ਵਰਜਿਤ ਫ਼ਲ ਖਾਣ ਦੀ ਲਾਲਸਾ ਅਧੀਨ ਜੇ ਪਤੀ ਜਾਂ ਪਤਨੀ ਵਿੱਚੋਂ ਕੋਈ ਵਕਤੀ ਤੌਰ ’ਤੇ ਗਲਤੀ ਕਰ ਬੈਠਾ ਹੈ ਤਾਂ ਉਸ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।
ਕਹਾਣੀ ‘ਉਹ ਖਾਸ ਦਿਨ’ ਵਿਚਲੇ ਬਜ਼ੁਰਗ ਪਤੀ ਪਤਨੀ ਡੇਵਿਡ ਤੇ ਡੋਰਥੀ ਲਈ ਉਹ ਦਿਨ ਉਤਸਵ ਦਾ ਰੂਪ ਧਾਰਨ ਲੈਂਦਾ ਹੈ ਜਿਸ ਦਿਨ ਉਹ ਆਪਣੇ ਟੁੱਟ ਚੁੱਕੇ ਰਿਸ਼ਤੇ ਨੂੰ ਫਿਰ ਤੋਂ ਜੋੜਨ ਵਿੱਚ ਸਫ਼ਲ ਹੋਏ ਸਨ। ਦੋਵਾਂ ਦੇ ਅਲੱਗ ਅਲੱਗ ਰਹਿਣ ਕਾਰਨ ਉਨ੍ਹਾਂ ਦਾ ਇਕਲੌਤਾ ਪੁੱਤਰ ਫਿਲਿਪਸ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਦੋਵੇਂ ਆਪਣੇ ਅਹੰਮ ਨੂੰ ਤਿਆਗ ਕੇ ਫਿਰ ਤੋਂ ਇਕੱਠੇ ਰਹਿਣ ਦਾ ਫੈਸਲਾ ਕਰ ਲੈਂਦੇ ਹਨ। ਇਹ ਅਹੰਮ ਰਹਿਤ ਸਾਥ ਉਨ੍ਹਾਂ ਦੇ ਆਪਸੀ ਪਿਆਰ ਨੂੰ ਪਹਿਲਾਂ ਤੋਂ ਵੀ ਵਧਾ ਦਿੰਦਾ ਹੈ ਤਾਂ ਉਹ ਆਪਣੇ ਪੁਨਰ ਮਿਲਾਪ ਵਾਲੇ ਦਿਨ ਨੂੰ ਯਾਦਗਾਰੀ ਬਣਾਉਣ ਲਈ ਹਰ ਸਾਲ ਆਪਣੇ ਨਜ਼ਦੀਕੀਆਂ ਨੂੰ ਪਾਰਟੀ ਦੇਣ ਦੀ ਰਿਵਾਇਤ ਸ਼ੁਰੂ ਕਰਦੇ ਹਨ। ਜਿਹੜੇ ਪੁੱਤਰ ਨੇ ਉਨ੍ਹਾਂ ਨੂੰ ਇਕੱਠਿਆਂ ਕੀਤਾ ਸੀ, ਉਹ ਵੱਡਾ ਹੋ ਕੇ ਵਿਅਕਤੀਗਤ ਤਰਜੀਹਾਂ ਵਾਲੀ ਆਬੋ ਹਵਾ ਕਾਰਨ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲਗਦਾ ਹੈ ਤਾਂ ਉਹ ਔਲਾਦ ਦੇ ਪਿਆਰ ਦੀ ਭੁੱਖ ਦੀ ਪੂਰਤੀ ਆਪਣੇ ਘਰ ਕਿਰਾਏ ’ਤੇ ਰਹਿਣ ਵਾਲੇ ਨੌਜਵਾਨ ਭਾਰਤੀ ਜੋੜੇ ਰਾਹੀਂ ਕਰਨ ਦਾ ਰਾਹ ਤਲਾਸ਼ ਲੈਂਦੇ ਹਨ।
ਕਹਾਣੀ ਆਪਣੇ ‘ਘਰ ਦੀ ਖੁਸ਼ਬੂ’ ਘਰ ਪਰਿਵਾਰ ਨੂੰ ਪਿਆਰ ਦੀ ਖੁਸਬੂ ਰਾਹੀਂ ਸੁਗੰਧਿਤ ਰੱਖਣ ਵਾਲੀਆਂ ਮਨੋ ਵਿਗਿਆਨਕ ਜੁਗਤਾਂ ਰਾਹੀਂ ਮਤਰੇਈ ਮਾਂ ਦੇ ਪ੍ਰਚਲਿਤ ਬਿੰਬ ਨੂੰ ਤੋੜਦੀ ਹੈ। ਕਹਾਣੀ ਦੀ ਪਾਤਰ ਪ੍ਰੀਤੋ ਦੇ ਮਨ ਵਿੱਚ ਇਸ ਗੱਲ ਦਾ ਗਿਲਾ ਹੈ ਕਿ ਉਸਦੀ ਭੂਆ ਨੇ ਉਸ ਲਈ ਅਜਿਹੇ ਦੁਹਾਜੂ ਮੁੰਡੇ ਦੀ ਭਾਲ ਕੀਤੀ ਹੈ ਜੋ ਪਹਿਲਾਂ ਹੀ ਇੱਕ ਬੱਚੇ ਦਾ ਬਾਪ ਹੈ। ਸਹੁਰੇ ਘਰ ਵਿੱਚੋਂ ਮਿਲਿਆ ਪਿਆਰ ਤੇ ਸਤਿਕਾਰ ਉਸਦਾ ਇਹ ਗਿਲਾ ਦੂਰ ਕਰ ਦਿੰਦਾ ਹੈ ਤਾਂ ਉਹ ਆਪਣੇ ਮਤਰੇਏ ਪੁੱਤਰ ਜਾਪੀ ਨੂੰ ਉਸਦੀ ਸਕੀ ਮਾਂ ਜਿੰਨਾ ਹੀ ਪਿਆਰ ਕਰਨ ਲਗਦੀ ਹੈ। ਮਾਂ ਪੁੱਤਰ ਦੇ ਸੰਬੰਧਾਂ ਵਿੱਚ ਦਰਾੜ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਉਸਦੀ ਬੇਧਿਆਨੀ ਕਾਰਨ ਜਾਪੀ ਦੀ ਸਕੀ ਮਾਂ ਦੀ ਫੋਟੋ ਦਾ ਫਰੇਮ ਟੁੱਟ ਜਾਂਦਾ ਹੈ ਤੇ ਜਾਪੀ ਨੂੰ ਲਗਦਾ ਹੈ ਕਿ ਉਸਦੀ ਨਵੀਂ ਮਾਂ ਨੇ ਈਰਖਾ ਵੱਸ ਜਾਣ ਬੁੱਝ ਕੇ ਅਜਿਹਾ ਕੀਤਾ ਹੈ। ਰੁੱਸੇ ਪੁੱਤਰ ਨੂੰ ਮਨਾ ਕੇ ਉਹ ਨਾ ਕੇਵਲ ਮਾਂ-ਪੁੱਤ ਦੇ ਟੁੱਟਦੇ ਜਾ ਰਹੇ ਰਿਸ਼ਤੇ ਨੂੰ ਬਚਾ ਲੈਂਦੀ ਹੈ ਸਗੋਂ ਉਸਦੇ ਦਿਲ ਵਿੱਚ ਆਪਣੇ ਲਈ ਨਰਮ ਥਾਂ ਬਣਾਉਣ ਵਿੱਚ ਵੀ ਸਫਲ ਹੋ ਜਾਂਦੀ ਹੈ।
ਕਹਾਣੀ ‘ਮੁਸ਼ਤਾਕ ਅੰਕਲ ਦਾ ਦਰਦ’ ਵਿਚਲਾ ਮਾਨਵੀ ਨਜ਼ਰੀਆ ਘਰ ਪਰਿਵਾਰ ਵਾਂਗ ਸਮੁੱਚੀ ਮਨੁੱਖ ਜਾਤੀ ਨੂੰ ਆਪਸ ਵਿੱਚ ਜੋੜਨ ਦੀ ਸੁਹਿਰਦ ਇੱਛਾ ਰੱਖਦਾ ਹੈ। ਹਮਸਾਏ ਮੁਲਕ ਭਾਰਤ ਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਅਵਨੀਤ ਤੇ ਮੁਸ਼ਤਾਕ ਅੰਕਲ ਕੈਨੇਡਾ ਦੇ ਇੱਕ ਹੋਟਲ ਵਿੱਚ ਕੰਮ ਕਰਦੇ ਹਨ। ਕਹਾਣੀ ਦੇ ਪਹਿਲੇ ਪੜਾਅ ’ਤੇ ਆਪਣੇ ਮੁਲਕ ਦੇ ਹਾਕਮਾਂ ਵੱਲੋਂ ਆਪਣੇ ਰਾਜਸੀ ਹਿਤਾਂ ਲਈ ਗੁਆਂਢੀ ਮੁਲਕ ਪ੍ਰਤੀ ਪੈਦਾ ਕੀਤੀ ਨਫਰਤ ਦੇ ਪ੍ਰਭਾਵ ਅਧੀਨ ਅੰਕਲ ਮੁਸ਼ਤਾਕ ਅਵਨੀਤ ਨੂੰ ਇਸ ਕਦਰ ਤੰਗ ਪ੍ਰੇਸ਼ਾਨ ਕਰਦਾ ਹੈ ਕਿ ਉਹ ਹੋਟਲ ਦੀ ਨੌਕਰੀ ਛੱਡਣ ਲਈ ਹੀ ਤਿਆਰ ਹੋ ਜਾਂਦੀ ਹੈ। ਕਹਾਣੀ ਦਾ ਅਗਲਾ ਪੜਾਅ ਦੋਵਾਂ ਵਿਚਕਾਰ ਦਰਦ ਦੀ ਸਾਂਝ ਪੈਦਾ ਕਰਕੇ ਅੰਦਰਲੀ ਨਫਰਤ ਨੂੰ ਮੁਹੱਬਤ ਵਿੱਚ ਬਦਲ ਦਿੰਦਾ ਹੈ। ਆਪਣੀ ਬੇਟੀ ਦੇ ਨਿਕਾਹ ’ਤੇ ਪਹੁੰਚ ਨਾ ਸਕਣ ਦਾ ਦਰਦ ਜਦੋਂ ਮੁਸ਼ਤਾਕ ਅੰਕਲ ਦੀਆਂ ਅੱਖਾਂ ਵਿੱਚੋਂ ਝਲਕਦਾ ਹੈ ਤਾਂ ਅਵਨੀਤ ਨੂੰ ਉਸ ਵਿੱਚੋਂ ਆਪਣਾ ਬਾਪੂ ਵਿਖਾਈ ਦੇਣ ਲਗਦਾ ਹੈ ਤੇ ਮੁਸ਼ਤਾਕ ਅੰਕਲ ਵੀ ਅਵਨੀਤ ਵਿੱਚੋਂ ਆਪਣੀ ਬੇਟੀ ਦੇ ਨਕਸ਼ ਪਛਾਨਣ ਲੱਗ ਪੈਂਦਾ ਹੈ।
ਕਹਾਣੀ ‘ਉਫ! ਉਹ ਤੱਕਣੀ’ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀ ਮਾਨਵੀ ਸੰਵੇਦਨਾ ਨੂੰ ਉਭਾਰ ਕੇ ਮਨੁੱਖਤਾ ਦੇ ਜਿਉਂਦੇ ਹੋਣ ਦੀ ਗਵਾਹੀ ਭਰਦੀ ਹੈ। ਕਹਾਣੀ ਦਾ ਬਿਰਤਾਂਤਕਾਰ ਪਾਤਰ ਘੱਟ ਮੁੱਲ ’ਤੇ ਮਿਲ ਰਹੀ ਕਾਰ ਨੂੰ ਖਰੀਦਣ ਦਾ ਮਨ ਬਣਾ ਲੈਂਦਾ ਹੈ ਪਰ ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਦਹੇਜ ਵਿੱਚ ਮਿਲੀ ਇਸ ਕਾਰ ਨਾਲ ਕਿਸੇ ਮੁਟਿਆਰ ਦੇ ਬਹੁਤ ਸਾਰੇ ਸੁਪਨੇ ਜੁੜੇ ਹੋਏ ਹਨ ਤਾਂ ਉਹ ਹੋਣ ਵਾਲੇ ਮੁਨਾਫੇ ਨੂੰ ਨਜ਼ਰ ਅੰਦਾਜ਼ ਕਰਕੇ ਇਸ ਨੂੰ ਖਰੀਦਣ ਤੋਂ ਨਾਂਹ ਕਰ ਦਿੰਦਾ ਹੈ। ਭਾਵੇਂ ਉਸ ਨੂੰ ਪਤਾ ਹੈ ਕਿ ਕਿ ਕੋਈ ਹੋਰ ਵਿਅਕਤੀ ਇਸ ਨੂੰ ਖਰੀਦ ਲਵੇਗਾ ਪਰ ਮੁਟਿਆਰ ਦੀ ਤੱਕਣੀ ਵਿਚਲਾ ਦਰਦ ਉਸ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪ ਕਿਸੇ ਦੇ ਸੁਪਨਿਆਂ ਦਾ ਕਾਤਲ ਨਾ ਬਣੇ। ਕਹਾਣੀ ਇਕਹਿਰੀ ਪਰਤ ਦੀ ਹੋਣ ਦੇ ਬਾਵਜੂਦ ਪਾਠਕਾਂ ਅੰਦਰਲੀਆਂ ਸੰਵੇਦਨਾਵਾਂ ਨੂੰ ਟੁੰਬਣ ਵਾਲੀ ਹੈ।
ਕਹਾਣੀ ‘ਹਟਕੋਰੇ ਲੈਂਦੀ ਜ਼ਿੰਦਗੀ’ ਸਮਰਪਿਤ ਭਾਵਨਾ ਵਾਲੇ ਪਿਆਰ ਨੂੰ ਜ਼ਿੰਦਗੀ ਦਾ ਵੱਡਾ ਹਾਸਲ ਮੰਨਦੀ ਹੈ। ਕਹਾਣੀ ਦਾ ਪਾਤਰ ਪ੍ਰਵੀਨ ਤਮੰਨਾ ਨੂੰ ਦਿਲੋਂ ਪਿਆਰ ਕਰਦਾ ਹੈ ਤੇ ਉਸ ਨੂੰ ਆਪਣਾ ਜੀਵਨ ਸਾਥੀ ਵੀ ਬਣਾਉਣਾ ਚਾਹੁੰਦਾ। ਉਹ ਤਮੰਨਾ ਵੱਲੋਂ ਕਈ ਕਈ ਸ਼ਿਫਟਾਂ ਵਿੱਚ ਕੰਮ ਕਰਨ ਅਤੇ ਆਪਣੀ ਸਿਹਤ ਦਾ ਖਿਆਲ ਨਾ ਰੱਖਣ ਕਾਰਨ ਬਹੁਤ ਪ੍ਰੇਸ਼ਾਨ ਹੈ। ਦੂਜੇ ਪਾਸੇ ਤਮੰਨਾ ਆਪਣੇ ਮਾਪਿਆਂ ਵੱਲੋਂ ਉਸ ਨੂੰ ਵਿਦੇਸ਼ ਭੇਜਣ ਲਈ ਚੁੱਕੇ ਕਰਜ਼ੇ ਨੂੰ ਉਤਾਰਨ ਲਈ ਅਨੀਂਦਰੇ ਕੱਟ ਕੇ ਕੰਮ ਕਰਨ ਲਈ ਮਜਬੂਰ ਹੈ। ਤਮੰਨਾ ਦੀਆਂ ਅੱਖਾਂ ਵਿਚਲੇ ਦਰਦ ਦੀ ਭਾਸ਼ਾ ਪੜ੍ਹਨ ਤੋਂ ਬਾਅਦ ਜਦੋਂ ਉਹ ਉਸਦੇ ਮਾਪਿਆਂ ਨੂੰ ਫੋਨ ਕਰਕੇ ਇਹ ਕਰਜ਼ ਮਿਲ ਕੇ ਚੁਕਾਉਣ ਦਾ ਵਾਅਦਾ ਕਰਦਾ ਹੈ ਤਾਂ ਇਸ ਧਾਰਨਾ ਦੀ ਪੁਸ਼ਟੀ ਹੁੰਦੀ ਹੈ ਕਿ ਪਿਆਰ ਕਰਨ ਵਾਲੇ ਲੋਕ ਹਰ ਯੁਗ ਵਿੱਚ ਕੁਰਬਾਨੀਆਂ ਕਰਨਾ ਜਾਣਦੇ ਹਨ।
ਸੰਗ੍ਰਹਿ ਦੀ ਟਾਈਟਲ ਕਹਾਣੀ ‘ਹੱਥਾਂ ’ਚੋਂ ਕਿਰਦੀ ਰੇਤ’ ਨਵੀਂ ਧਰਤੀ ਵਿੱਚ ਸਮਾਜਿਕ ਤੇ ਆਰਥਿਕ ਜੜ੍ਹਾਂ ਲਾਉਣ ਨਾਲ ਸੰਬੰਧਿਤ ਮਨੋ-ਸਮਾਜਿਕ ਸਮੱਸਿਆਵਾਂ ਬਾਰੇ ਸੰਵਾਦਕ ਚਰਚਾ ਛੇੜਦੀ ਹੈ। ਪਰਵਾਸ ਧਾਰਨ ਕਰਨ ਵਾਲੀ ਨਵੀਂ ਪੀੜ੍ਹੀ ਆਪਣੀ ਜੀਵਨ ਜਾਚ ਦੀ ਵਿਉਂਤਬੰਦੀ ਇੱਥੋਂ ਦੇ ਖੁੱਲ੍ਹ ਦਿਲੇ ਸਮਾਜਿਕ ਸੱਭਿਆਚਾਰ ਅਨੁਸਾਰ ਕਰਦੀ ਹੈ ਤਾਂ ਪੂਰਵਜੀ ਸੰਸਕਾਰਾਂ ਨਾਲ ਜੁੜੀ ਪੁਰਾਣੀ ਪੀੜ੍ਹੀ ਨਾਲ ਉਸਦੇ ਸੰਬੰਧ ਤਣਾਓ ਪੂਰਨ ਬਣ ਜਾਂਦੇ ਹਨ। ਸਮਾਜਿਕ ਵਿਡੰਬਣਾ ਇਹ ਵੀ ਹੈ ਕਿ ਪੁਰਾਣੀ ਪੀੜ੍ਹੀ ਦੇ ਮਾਪੇ ਆਪਣੇ ਪੁੱਤਰਾਂ ਨੂੰ ਗੋਰੀਆਂ ਕੁੜੀਆਂ ਨਾਲ ਤੁਰਦੇ ਫਿਰਦੇ ਵੇਖ ਕੇ ਮਾਣ ਮਹਿਸੂਸ ਕਰਦੇ ਹਨ, ਪਰ ਧੀਆਂ ਦੇ ਮਾਮਲੇ ਵਿੱਚ ਉਹ ਆਪਣੀ ਸਾਮੰਤੀ ਦੌਰ ਦੀ ਸੋਚ ’ਤੇ ਹੀ ਅਟਕੇ ਹੋਏ ਹਨ।
ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਦੇਸ਼ ਦੀ ਮੌਜੂਦਾ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਰਾਜਨੀਤਕ ਵਿਵਸਥਾ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਇਨ੍ਹਾਂ ਵਿਰੁੱਧ ਲੋਕ ਰਾਇ ਤਿਆਰ ਕਰਨ ਦਾ ਕਾਰਜ ਵੀ ਕਰਦੀਆਂ ਹਨ। ਕਹਾਣੀ ‘ਹਾਏ ਵਿਚਾਰੇ ਬਾਬਾ ਜੀ’ ਬਾਬਾਗਿਰੀ ਦੇ ਕਿੱਤੇ ’ਤੇ ਨਿਸ਼ਾਨਾ ਸਾਧਦਿਆਂ ਇਸਦੀਆਂ ਕਾਰਪੋਰਟ ਜਗਤ ਤੇ ਸੱਤਾ ਪੱਖ ਨਾਲ ਜੁੜਦੀਆਂ ਤਾਰਾਂ ਨੂੰ ਆਪਣੀ ਕਟਾਖਸ਼ ਦਾ ਨਿਸ਼ਾਨਾ ਬਣਾਉਂਦੀ ਹੈ। ਕਹਾਣੀ ‘ਮੁਰਦਾ ਖਰਾਬ ਨਾ ਕਰੋ’ ਪੁਲਿਸ ਮੁਕਾਬਲਿਆਂ ਨੂੰ ਗੈਂਗਸਟਰਾਂ ਦੇ ਖਾਤੇ ਵਿੱਚ ਪਾਉਣ ਵਾਲੀਆਂ ਪੁਲਸੀਆ ਚੁਸਤ ਚਲਾਕੀਆਂ ਦਾ ਪਰਦਾ ਫਾਸ਼ ਕਰਦੀ ਹੈ। ਕਹਾਣੀ ‘ਉਹ ਕਿਉਂ ਆਈ ਸੀ’ ਇਸ ਸਵਾਲ ਦਾ ਜਵਾਬ ਤਲਾਸ਼ਦੀ ਹੈ ਕਿ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਲੋਕ ਇਸ ਬਰਬਾਦੀ ’ਤੇ ਅਫਸੋਸ ਕਿਹੜੇ ਮੂੰਹ ਨਾਲ ਕਰਦੇ ਹਨ? ਕਹਾਣੀ ‘ਡਾਕਟਰ ਕੋਲ ਨਹੀਂ ਜਾਣਾ’ ਭਰੂਣ ਹੱਤਿਆ ਲਈ ਜ਼ਿੰਮੇਵਾਰ ਸਾਰੀਆਂ ਧਿਰਾਂ ਦੀ ਸ਼ਨਾਖਤ ਕਰਕੇ ਇਸ ਅਮਾਨਵੀ ਕਾਰਜ ਵਿੱਚ ਉਨ੍ਹਾਂ ਵੱਲੋਂ ਨਿਭਾਈ ਅਮਾਨਵੀ ਭੂਮਿਕਾ ਦਾ ਅਹਿਸਾਸ ਕਰਾਉਂਦੀ ਹੈ।
ਇਸ ਤਰ੍ਹਾਂ ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀਂ ਇੱਕ ਨਵੇਂ ਕਥਾ ਵਿਵੇਕ ਦੀ ਸਿਰਜਣਾ ਵੀ ਕਰਦੀਆਂ ਹਨ ਤੇ ਮਨੁੱਖੀ ਸੋਚ ਵਿੱਚ ਹੋਰ ਵਿਸ਼ਾਲਤਾ ਲਿਆਉਣ ਦਾ ਦਮ ਵੀ ਭਰਦੀਆਂ ਹਨ। ਉਸਦੀਆਂ ਕਹਾਣੀਆਂ ਵਿਚਲਾ ਕਥਾ ਰਸ ਪਾਠਕ ਦਾ ਧਿਆਨ ਕਹਾਣੀ ਤੋਂ ਬਾਹਰ ਨਹੀਂ ਜਾਣ ਦਿੰਦਾ। ਉਸਦੀਆਂ ਕਹਾਣੀਆਂ ਵੱਲੋਂ ਸਿਰਜਿਆ ਗਿਆ ਪ੍ਰਵਚਨ ਮਾਨਵੀ ਰਿਸ਼ਤਿਆਂ ਨੂੰ ਨਿੱਘ ਪ੍ਰਦਾਨ ਕਰਨ ਵਾਲਾ ਸਾਬਤ ਹੁੰਦਾ ਹੈ। ‘ਹਾਏ ਵਿਚਾਰੇ ਬਾਬਾ ਜੀ’ ਤੇ ‘ਮੁਰਦਾ ਖਰਾਬ ਨਾ ਕਰੋ’ ਵਿਚਲੀ ਕਟਾਖਸ਼ੀ ਸੁਰ ਭਾਵੇਂ ਇਨ੍ਹਾਂ ਦੀ ਪੜ੍ਹਨ ਯੋਗਤਾ ਨੂੰ ਵਧਾਉਂਦੀ ਹੈ ਪਰ ਇਨ੍ਹਾਂ ਵਿੱਚ ਭਾਰੂ ਰਹੇ ਲੇਖਕੀ ਬਿਰਤਾਂਤ ਨੇ ਉਸਦੀਆਂ ਹੋਰ ਕਹਾਣੀਆਂ ਵਾਂਗ ਇਹਨਾਂ ਵਿਚਲੀ ਆਪਣੀ ਗਲਪੀ ਕਲਾਤਮਿਕਤਾ ਨੂੰ ਪੂਰੀ ਤਰ੍ਹਾਂ ਉੱਭਰਨ ਨਹੀਂ ਦਿੱਤਾ। ਪਰਵਾਸੀ ਕਹਾਣੀ ਵਿੱਚ ਹੋਏ ਇਸ ਨਿੱਗਰ ਵਾਧੇ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ।
172 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 230 ਰੁਪਏ ਹੈ ਜੋ ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।