“ਇਲਾਹਾਬਾਦ ਤੋਂ ਵਿਭੇਂਦੂ ਮੈਨੂੰ ਬਨਾਰਸ ਤੇ ਲਖਨਊ ਲੈ ਗਿਆ ਤੇ ਵਾਪਸੀ ...”
(6 ਫਰਵਰੀ 2025)
ਰੱਬ ਦੀ ਕਰਮ ਨਵਾਜ਼ੀ ਹੋਈ ਜਦੋਂ ਕਿਸੇ ਨੇ ਮੇਰੇ ਕੰਨ ਵਿੱਚ ਕਿਹਾ, “ਤੂੰ ਖੂਹ ਦੇ ਡੱਡੂ ਵਾਂਗ ਰਹਿ ਰਿਹਾ ਹੈਂ, ਜਿਸ ਨੂੰ ਪੰਜਾਬ, ਚੰਡੀਗੜ੍ਹ ਤੇ ਬੱਸ ਥੋੜ੍ਹੀ ਜਿਹੀ ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ਬਾਰੇ ਕੋਈ ਇਲਮ ਨਹੀਂ।”
ਇਹ ਗੱਲ ਮੇਰੇ ਦਿਲ ’ਤੇ ਉਦੋਂ ਤੀਰ ਵਾਂਗ ਵੱਜੀ ਜਦੋਂ ਮੈਂ ਭਾਰਤ ਦੇ ਕੁਝ ਮੋਟਰਸਾਈਲ ਸਵਾਰਾਂ ਨੂੰ ਸੋਸ਼ਲ ਮੀਡੀਆ ’ਤੇ ਫੌਲੋ ਕਰ ਰਿਹਾ ਸੀ। ਬੱਸ ਫਿਰ ਕੀ ਸੀ, ਦੋ ਤਿੰਨ ਦਿਨਾਂ ਦੀ ਵਿਉਂਤਬੰਦੀ ਤੋਂ ਬਾਅਦ ਮੈਂ ਕੰਮ ਤੋਂ ਛੁੱਟੀ ਲਈ ਤੇ ਬੁੱਲਟ ਮੋਟਰਸਾਈਕਲ (ਰੌਇਲ ਇਨਫੀਲਡ 350 ਕਲਾਸਿਕ) ਦਾ ਇੰਤਜ਼ਾਮ ਕੀਤਾ ਤੇ 16 ਦਿਨਾਂ ਵਿੱਚ ਰੋਹਤਕ, ਮਥੁਰਾ, ਆਗਰਾ, ਇਟਾਵਾ, ਲਖਨਉ, ਇਲਾਹਾਬਾਦ (ਪ੍ਰਯਾਗਰਾਜ), ਬਨਾਰਸ, ਨਾਗਪੁਰ, ਨਾਂਦੇੜ, ਕੋਹਲਾਪੁਰ, ਮਾਲਵਣ, ਗੋਆ, ਮੁੰਬਈ, ਨਵੀਂ ਮੁੰਬਈ, ਬੜੌਦਾ, ਜੈਸਲਮੇਰ, ਹਨੁਮਾਨਗੜ੍ਹ ਤੇ ਬੀਕਾਨੇਰ ਦਾ ਤਕਰੀਬਨ ਚੱਪਾ-ਚੱਪਾ ਛਾਣ ਮਾਰਿਆ।
ਇਸ ਸਾਰੇ ਸਫਰ ਵਿੱਚ ਮੇਰੇ ਸਾਈਕਲ ਅਤੇ ਮੋਟਰਸਾਈਕਲ ਮਾਹਰ ਮਿੱਤਰ ਜਸਵੰਤ ਸਿੰਘ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ, ਜਿਸ ਨੇ ਭੋਰਾ ਵੀ ਮੱਥੇ ’ਤੇ ਤਿਉੜੀ ਪਾਏ ਬਗ਼ੈਰ ਮੈਨੂੰ ਆਪਣਾ ਮੋਟਰਸਾਈਕਲ ਇਸ 16 ਦਿਨਾਂ ਦੇ ਸਫ਼ਰ ਲਈ ਸਰਵਿਸ ਕਰਵਾ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਖੁਦ ਮੇਰੇ ਘਰੇ ਆਣ ਕੇ ਬੜੇ ਮਾਣ ਨਾਲ ਦਿੱਤਾ ਸੀ। ਇਸ ਸਾਰੇ ਸਫਰ ਦੌਰਾਨ ਕਈ ਅਨਜਾਣ ਲੋਕਾਂ ਨਾਲ ਅਜਿਹੀ ਵਾਕਫੀਅਤ ਹੋਈ ਕਿ ਹੁਣ ਉਹ ਮੇਰੇ ਮਿੱਤਰ ਬਣ ਗਏ ਹਨ। ਮੈਂਨੂੰ ਇਸ ਸਫਰ ਦੌਰਾਨ ਕੇਰਲਾ, ਗੋਆ, ਮੁੰਬਈ, ਗੁਜਰਾਤ ਅਤੇ ਰਾਜਸਥਾਨ ਦੇ ਲੋਕਾਂ ਦੇ ਨਾਲ ਵਿਚਰਕੇ ਉਨ੍ਹਾਂ ਦੀ ਜੀਵਨਸ਼ੈਲੀ ਤੇ ਵਿਚਾਰਧਾਰਾ ਨੂੰ ਬਹੁਤ ਨੇੜੇ ਹੋ ਕੇ ਵੇਖਣ ਦਾ ਮੌਕਾ ਮਿਲਿਆ। ਚਾਰ-ਪੰਜ ਵਾਰ ਤਾਂ ਇੰਝ ਹੋਇਆ ਕਿ ਮੈਂ ਕਿਸੇ ਰਾਹਗੀਰ ਤੋਂ ਰਾਹ ਪੁੱਛਿਆ ਤੇ ਉਸ ਨੇ ਮੇਰੇ ਦੂਰੋਂ ਆਏ ਬਾਰੇ ਪਤਾ ਲੱਗਣ ’ਤੇ ਮੇਰਾ ਮਾਣ-ਤਾਣ ਕੀਤਾ ਤੇ ਦੋ ਵਾਰ ਤਾਂ ਗੋਆ ਅਤੇ ਕੋਹਲਾਪੁਰ ਵਿਖੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਰਾਤ ਕੱਟਣ ਲਈ ਵੀ ਨਿਓਤਾ (ਨਿਓਂਦਾ) ਦਿੱਤਾ। ਸਾਰੇ ਰਾਹ ਜਦੋਂ ਵੀ ਮੈਨੂੰ ਇਕੱਲਤਾ ਮਹਿਸੂਸ ਹੋਈ ਜਾਂ ਠਹਿਰ ਭਾਲਣ ਦੀ ਔਖ ਹੋਈ ਤਾਂ ਪਰਮਾਤਮਾ ਵੰਨਿਓਂ ਕੋਈ ਰਾਹਗੀਰ ਫਰਿਸ਼ਤਾ ਬਣ ਕੇ ਮੇਰੇ ਸਾਹਮਣੇ ਆ ਖਲੋਂਦਾ। ਮੈਨੂੰ ਗੋਆ ਜਾਂਦੇ ਮੀਂਹ ਪੈਣ ਲੱਗਿਆ ਤਾਂ ਇੱਕ ਪੰਜਾਬੀ ਢਾਬੇ ਵਾਲੇ ਨੇ ਮੇਰੀ ਮਦਦ ਕੀਤੀ। ਕੋਹਲਾਪੁਰ ਵਿਖੇ ਸ਼ਿਵਾਜੀ ਰਾਓ ਪੱਤਰਕਾਰ ਨੇ ਮੈਨੂੰ ਸਾਰਾ ਸ਼ਹਿਰ ਵਿਖਾਇਆ ਤੇ ਲਤਾ ਮੰਗੇਸ਼ਕਰ ਦਾ ਘਰ ਅਤੇ ਹੋਰ ਕਈ ਥਾਵਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਗੁਜਰਾਤ ਦੇ ਬੜੌਦਾ ਵਿੱਚ ਮੈਨੂੰ ਇੱਕ ਪ੍ਰੋਫੈਸ਼ਨਲ ਰਾਈਡਰ ਦੀਪਕ ਨੇ ਸਹੀ ਰਾਹ ਪਾਇਆ ਤੇ ਬੜੌਦਾ ਰਹਿਣ ਦਾ ਇੰਤਜ਼ਾਮ ਕੀਤਾ। ਭਾਰਤ ਦਰਸ਼ਨ ਦੀ ਮੇਰੀ ਹੌਸਲਾ ਅਫਜ਼ਾਈ ਦਰਅਸਲ ਮੇਰੇ ਉਨ੍ਹਾਂ ਦੋਸਤਾਂ ਨੇ ਕੀਤੀ, ਜੋ ਮੇਰੇ ਨਾਲ ਬਠਿੰਡਾ ਛਾਉਣੀ ਵਿੱਚ ਕੇਂਦਰੀ ਵਿਦਿਆਲਿਆ ਸਕੂਲ ਵਿੱਚ ਪੜ੍ਹਦੇ ਸਨ। ਮੇਰੇ ਇਹ ਮਿੱਤਰ ਹੁਣ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵਸੇ ਹੋਏ ਹਨ। ਅਸਲ ਵਿੱਚ ਮੇਰਾ ਇਰਾਦਾ ਤਾਂ ਸਿਰਫ ਇਲਾਹਾਬਾਦ ਰਹਿੰਦੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਵਕੀਲ ਦੋਸਤ ਵਿਭੇਂਦੂ ਮਿਸ਼ਰਾ ਨੂੰ ਮਿਲ ਕੇ ਵਾਪਸ ਆਉਣ ਦਾ ਹੀ ਸੀ। ਮੈਂ ਇੱਕ ਹਜ਼ਾਰ ਕਿਲੋਮੀਟਰ ਦਾ ਪੈਂਡਾ, ਇੱਕ ਰਾਤ ਪੰਜ ਸੌ ਕਿਲੋਮੀਟਰ ਬਾਅਦ ਕਿਤੇ ਵੀ ਕੱਟ ਕੇ ਮੁੜਨ ਦਾ ਟੀਚਾ ਮਿਥਿਆ ਸੀ। ਹੋਇਆ ਇੰਝ ਕਿ ਇਲਾਹਾਬਾਦ ਤੋਂ ਵਿਭੇਂਦੂ ਮੈਨੂੰ ਬਨਾਰਸ ਤੇ ਲਖਨਊ ਲੈ ਗਿਆ ਤੇ ਵਾਪਸੀ ’ਤੇ ਆਪਣਾ ਜੱਦੀ ਪਿੰਡ (ਗਹੀਆਂ) ਗੰਗਾ ਦਾ ਕਿਨਾਰਾ ਤੇ ਐਤਕੀਂ ਬਾਰਾਂ ਸਾਲ ਬਾਅਦ ਲੱਗਣ ਵਾਲੇ ਕੁੰਭ ਮੇਲੇ ਦੀਆਂ ਤਿਆਰੀਆਂ ਤੇ ਸਵਤੰਤਰਤਾ ਸੰਗਰਾਮੀ ਚੰਦਰਸ਼ੇਖਰ ਅਜ਼ਾਦ ਦੇ ਸ਼ਹੀਦ ਸਥਲ ਦੇ ਦਰਸ਼ਨ ਕਰਵਾ ਲਿਆਇਆ। ਯੂ ਪੀ ਦੇ ਤਕਰੀਬਨ ਸਾਰੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਦੀ ਰੌਚਕ ਜਾਣਕਾਰੀ ਇਕੱਤਰ ਕਰ ਕੇ ਮੈਂ ਵਾਪਸ ਮੁੜਨਾ ਸੀ ਪਰ ਹੋਇਆ ਇੰਝ ਕਿ ਇਸ ਉਪਰੰਤ ਨਾਗਪੁਰ ਰਹਿੰਦੇ ਇੱਕ ਹੋਰ ਸਕੂਲ ਵਿੱਚ ਕੱਠਿਆਂ ਪੜ੍ਹਦੇ ਸਾਥੀ ਸਵਪਨਿਲ ਅਭਿਅੰਕਰ ਨੇ ਮੈਂਨੂੰ ਮਿਲਣ ਦੀ ਤਾਂਘ ਵਿਅਕਤ (ਪ੍ਰਗਟ) ਕੀਤੀ। ਉਸ ਨੇ ਮੈਨੂੰ ਇਲਾਹਾਬਾਦ ਤੋਂ ਨਾਗਪੁਰ ਆਉਣ ਦੀ ਪੁਰਜ਼ੋਰ ਗੁਹਾਰ ਲਗਾਈ। ਉਸ ਨੇ ਕਿਹਾ ਕਿ ਜੇ ਤੈਨੂੰ ਇਲਾਹਾਬਾਦ ਤੋਂ ਨਾਗਪੁਰ ਤਕ ਦਾ 650 ਕਿਲੋਮੀਟਰ ਦਾ ਪੈਂਡਾ ਮੋਟਰਸਈਕਲ ’ਤੇ ਔਖਾ ਲਗਦਾ ਹੈ ਤਾਂ ਮੈਂ 300 ਕਿਲੋਮੀਟਰ ਕਾਰ ’ਤੇ ਆ ਜਾਨਾਂ ਤੇ ਆਪਾਂ ਜਬਲਪੁਰ ਹੀ ਮਿਲ ਲੈਂਦੇ ਹਾਂ। ਉਸ ਨੇ ਦੱਸਿਆ ਕਿ ਜਬਲਪੁਰ ਵਿੱਚ ਬਹੁਤ ਖੂਬਸੂਰਤ ਝਰਨੇ ਅਤੇ ਵਾਟਰਫਾਲ ਹੈ ਅਤੇ ਇੱਥੇ ਨਰਮਦਾ ਫੈਸਟੀਵਲ ਵੀ ਮਨਾਇਆ ਜਾਂਦਾ ਹੈ। ਮੈਂ ਉੱਥੇ ਜਾਣ ਨੂੰ ਮੰਨ ਗਿਆ ਤੇ ਖਿੱਚ ਦਿੱਤਾ ਮੋਟਰਸਾਈਕਲ ਇਲਾਹਾਬਾਦ ਤੋਂ ਜਬਲਪੁਰ ਵੱਲ। ਸਵਪਨਿਲ ਅਭਿਅੰਕਰ ਹਾਲੇ ਨਾਗਪੁਰ ਤੋਂ ਕੁਝ ਕੁ ਕਿਲੋਮੀਟਰ ਹੀ ਆਇਆ ਸੀ, ਮੈਂ ਉਸ ਨੂੰ ਕਿਹਾ, “ਤੂੰ ਨਾਗਪੁਰ ਹੀ ਰਹਿ ਮੈਂ ਕਿਉਂ ਤੈਨੂੰ ਵੀ ਤੰਗ ਕਰਾਂ ਤੇ ਆਪ ਵੀ ਤੰਗ ਹੋਵਾਂ। ਮੈਂ ਸਿੱਧਾ ਨਾਗਪੁਰ ਹੀ ਆਵਾਂਗਾ।”
ਜਬਲਪੁਰ ਤਕ 70-80 ਕਿਲੋਮੀਟਰ ਸੜਕ ਕੋਈ ਜ਼ਿਆਦਾ ਵਧੀਆ ਨਾ ਹੋਣ ਕਾਰਨ ਮੈਂ ਸੋਚਿਆ ਕਿੱਥੇ ਪੰਗਾ ਲੈ ਲਿਆ। ਪਰ ਜਿਵੇਂ-ਜਿਵੇਂ ਦਿਨ ਢਲਦਾ ਗਿਆ, ਮੌਸਮ, ਸੜਕ, ਪਹਾੜ ਤੇ ਵਾਦੀਆਂ ਦੀ ਖੂਬਸੂਰਤੀ ਹੋਰ ਨਿੱਖਰਦੀ ਗਈ। ਮੈਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਜੰਗਲ, ਨਦੀਆਂ-ਨਾਲੇ, ਡੈਮ, ਪਿੰਡ ਕਸਬੇ, ਸ਼ਹਿਰ ਤੇ ਕੁਦਰਤ ਦੀ ਹਰ ਸ਼ੈ ਦਾ ਅਨੰਦ ਮਾਣਦਾ ਇੱਕ ਦਿਨ ਵਿੱਚ ਅਤਕਰੀਬਨ 750 ਸੌ ਕਿਲੋਮੀਟਰ (ਇੰਟਰਨੈੱਟ ਤੇ ਦਰਸਾਏ ਸਫਰ ਤੋਂ ਵੱਧ) ਦਾ ਸਫਰ ਸਵੇਰੇ ਸਾਢੇ ਪੰਜੇ ਵਜੇ ਸ਼ੁਰੂ ਕਰ ਕੇ ਨਾਗਪੁਰ ਸ਼ਾਮ 7 ਕੁ ਵਜੇ ਅੱਪੜ ਗਿਆ।
ਪਹਿਲੇ ਹੀ ਦਿਨ ਮੇਰੇ ਮਿੱਤਰ ਨੇ ਮੈਨੂੰ ਆਪਣੇ ਸਾਰੇ ਰਸ਼ਤੇਦਾਰਾਂ ਨਾਲ ਮਿਲਵਾਇਆ ਤੇ ਮੇਰੀ ਆਮਦ ਵਿੱਚ ਨਾਗਪੁਰ ਦੇ ਇੱਕ ਬਹੁਤ ਵੱਡੇ ਹੋਟਲ ਵਿੱਚ ਰਾਤਰੀ-ਭੋਜ ਦਾ ਆਯੋਜਨ ਕਰਵਾਇਆ, ਜਿਸ ਨਾਲ ਮੇਰੀ ਸਾਰੇ ਦਿਨ ਦੀ ਥਕਾਵਟ ਲਹਿ ਗਈ। ਮੈਂ ਦੋ ਦਿਨ ਉਸ ਦੇ ਘਰ ਰੁਕ ਕੇ ਰਹਿੰਦੀ ਖੂੰਹਦੀ ਨੀਂਦ ਉਤਾਰੀ। ਮੈਲ਼ੇ ਕੱਪੜੇ ਤੇ ਮੋਟਰਸਾਈਕਲ ਧੁਵਾਇਆ। ਮੁੜ ਘਰ ਵੱਲ ਚਾਲੇ ਪਾਉਣ ਨੂੰ ਮੇਰਾ ਮਨ ਵਿਆਕੁਲ ਹੋ ਗਿਆ। ਪਰ ਮੇਰਾ ਇਹ ਮਿੱਤਰ ਸਵਪਨਿਲ ਮੈਨੂੰ ਕਹਿੰਦਾ, “ਯਾਰ, ਹੁਣ ਐਨੀ ਦੂਰ ਆ ਹੀ ਗਿਆ ਏਂ ਤਾਂ ਨਾਂਦੇੜ ਵੀ ਮੱਥਾ ਟੇਕ ਜਾ, ਸਾਰਾ 340 ਕਿਲੋਮੀਟਰ ਤਾਂ ਹੈ। ਨਾਲੇ ਸਿੱਖ ਕੌਮ ਲਈ ਤਾਂ ਨਾਂਦੇੜ ਨਾਨਕਿਆਂ ਨਾਲੋਂ ਵੀ ਵੱਧ ਖਿੱਚ ਰੱਖਦੈ।”
ਸਵਪਨਿਲ ਦੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤੇ ਤੇ ਮੈਂ ਮੋਟਰਸਾਈਕਲ ਨਾਂਦੇੜ ਵੱਲ ਨੂੰ ਸਿੱਧਾ ਕਰ ਦਿੱਤਾ।
ਨਾਂਦੇੜ ਪਹੁੰਚਿਆ ਤੇ ਰਾਤ ਕੱਟ ਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ, ਸੇਵਾ ਕਰ ਕੇ ਅਗਲੇ ਦਿਨ ਵਾਪਸੀ ਦੀ ਰਾਹ ਦੇਖਣ ਲੱਗਿਆ। ਪਰ ਸਵਪਨਿਲ ਦਾ ਫਿਰ ਫੋਨ ਆ ਗਿਆ, ਉਹ ਕਹਿੰਦਾ, “ਮਿੱਤਰਾ, ਜਿਹੜੇ ਰਾਹ ਆਇਐਂ, ਹੁਣ ਜੇ ਉਸੇ ਰਾਹ ਮੁੜੇਂਗਾ ਤਾਂ ਬੋਰ ਹੋਵੇਂਗਾ। ਇੰਝ ਕਰ, ਲੱਗੇ ਹੱਥੀਂ ਗੋਆ ਵੀ ਜਾ ਹੀ ਆ, ਮੁੜ ਕੇ ਕਿੱਥੇ ਮੌਕਾ ਮਿਲਣਾ। ਸਾਰਾ 500 ਕਿਲੋਮੀਟਰ ਤਾਂ ਹੈ। ਨਾਲੇ ਉੱਥੋਂ ਬੰਬੇ ਜਾ ਆਵੀਂ ਤੇ ਸਕੂਲੀ ਸਾਥੀ ਨਰਿੰਦਰ ਮਿਸ਼ਰਾ ਨੂੰ ਵੀ ਮਿਲ ਲਵੀਂ।”
ਸਵਪਨਿਲ ਦੀ ਗੱਲ ਮੰਨ ਕੇ ਮੈਂ ਨਾਂਦੇੜ ਤੋਂ ਬਾਅਦ ਇੱਕ ਰਾਤ ਹੋਰ ਕੋਹਲਾਪੁਰ ਗੁਜ਼ਾਰੀ ਤੇ ਫਿਰ ਗੋਆ ਦੋ ਦਿਨ ਗੁਜ਼ਾਰ ਕੇ ਮੁੰਬਈ ਰਹਿੰਦੇ ਆਪਣੇ ਮਿੱਤਰ ਨਰਿੰਦਰ ਮਿਸ਼ਰਾ ਨੂੰ ਮਿਲਕੇ ਨਵੀਂ ਮੁੰਬਈ, ਬੜੋਦਾ, ਜੈਸਲਮੇਰ ਤੇ ਬੀਕਾਨੇਰ ਘੁੰਮਦਾ ਹੋਇਆ 5600 ਸੌ ਕਿਲੋਮੀਟਰ ਦਾ ਸਫਰ 16 ਦਿਨਾਂ ਵਿੱਚ (ਇੱਕ ਦਿਨ ਵਿੱਚ 350 ਕਿਲੋਮੀਟਰ) ਕਰ ਕੇ ਬਠਿੰਡੇ ਅੱਪੜ ਗਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)