“ਪਰ ਇਹ ਖੁਸ਼ੀ ਦੀ ਲੂਹਰੀ ਝਟ ਹੀ ਖੌਫ ਵਿੱਚ ਤਬਦੀਲ ਹੋ ਗਈ ਜਦੋਂ ਰੇਲਗੱਡੀ ਘੁੱਪ ਹਨੇਰੇ ਬੀਆਬਾਨ ਇਲਾਕੇ ਵਿੱਚ ...”
(4 ਜੁਲਾਈ 2024)
ਇਸ ਸਮੇਂ ਪਾਠਕ: 180.
ਇੱਕ ਸਮਾਗਮ ਦੌਰਾਨ ਸਕੂਲੀ ਬੱਚਿਆਂ ਨਾਲ ਮੈਂ ਆਪਣੇ ਪੱਤਰਕਾਰੀ ਜੀਵਨ ਦੇ 17 ਕੁ ਸਾਲ ਦੇ ਸਫਰ ਦੀ ਕਹਾਣੀ ਸਾਂਝੀ ਕਰ ਰਿਹਾ ਸੀ। ਮਾਨਸਾ, ਬਠਿੰਡਾ, ਜਲੰਧਰ, ਚੰਡੀਗੜ੍ਹ, ਫਤਿਹਗੜ ਸਾਹਿਬ, ਰਾਜਪੁਰਾ, ਖੰਨਾ, ਸਮਰਾਲਾ, ਮਾਛੀਵਾੜਾ, ਫਿਰੋਜ਼ਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਲਾਕੇ ਦੀਆਂ ਖਬਰਾਂ ਦੇ ਛਪਣ ਦਾ ਜ਼ਿਕਰ ਮੈਂ ਬੜੇ ਮਾਣ ਨਾਲ ਬਿਆਨ ਕੀਤਾ। ਮੈਂ ਹਿੱਕ ਠੋਕ ਕੇ ਦੱਸਿਆ ਕਿ ਇਨ੍ਹਾਂ ਸਾਲਾਂ ਦੌਰਾਨ ਖਬਰ ਭੇਜਣ ਦੇ ਇਵਜ਼ ਵਿੱਚ ਕਦੇ ਕਿਸੇ ਤੋਂ ਪੰਜੀ ਨਹੀਂ ਸੀ ਲਈ, ਬਲਕਿ ਗੁੰਜਾਇਸ਼ ਮੁਤਾਬਿਕ ਕਈ ਬਾਰ ਪੱਲਿਉਂ ਪੈਸੇ ਖਰਚ ਕਰਦਾ ਰਿਹਾ। ਮੈਂ ਇਹ ਵੀ ਦੱਸਿਆ ਕਿ ਕਿੰਝ ਇਨ੍ਹਾਂ ਖਬਰਾਂ ਦੇ ਅਖਬਾਰਾਂ ਵਿੱਚ ਛਪਣ ਕਾਰਨ ਸੂਬਾ, ਜ਼ਿਲ੍ਹਾ, ਕਸਬਾ ਅਤੇ ਪਿੰਡ ਪੱਧਰ ’ਤੇ ਲੋਕਾਂ ਨੂੰ ਫਾਇਦੇ ਪੁੱਜੇ ਸਨ। ਅੰਤ ਵਿੱਚ ਜਦੋਂ ਮੈਂ ਬੱਚਿਆਂ ਨੂੰ ਇਸ ਸੰਬੰਧੀ ਕੋਈ ਸਵਾਲ ਕਰਨ ਨੂੰ ਕਿਹਾ ਤਾਂ ਇੱਕ ਬੱਚੇ ਨੇ ਸਵਾਲ ਕਰਕੇ ਮੈਨੂੰ ਜਿਵੇਂ ਅਤੀਤ ਦੀ ਕਿਸੇ ਡੂੰਘੀ ਖੱਡ ਵਿੱਚ ਧਕੇਲ ਦਿੱਤਾ। ਸਵਾਲ ਸੀ, “ਜਦੋਂ ਇੰਟਰਨੈੱਟ ਨਹੀਂ ਹੁੰਦਾ ਸੀ ਉਦੋਂ ਫੋਟੋ ਤੇ ਖਬਰਾਂ ਕਿਵੇਂ ਟੈਲੀਵਿਜ਼ਨ ਤੇ ਅਖਬਾਰਾਂ ਵਿੱਚ ਛਪਦੀਆਂ ਸੀ।”
ਜਵਾਬ ਦਿੰਦਿਆਂ ਮੇਰੇ ਅੰਦਰ ਭੂਤਕਾਲ ਦੀਆਂ ਯਾਦਾਂ ਜਾਗ ਪਈਆਂ। ਮੈਂ ਦੱਸਿਆ ਕਿ ਸਨ 1999-2000 ਵਿੱਚ ਵਟਸਐਪ, ਯੂਟਿਊਬ, ਸੋਸ਼ਲ ਮੀਡੀਆ ਦੀ ਥਾਂ ’ਤੇ ਬਜ਼ਾਰਾਂ ਵਿੱਚ ਐੱਸ.ਟੀ.ਡੀ, ਪੀ.ਸੀ.ਓ ਤੇ ਸਾਈਬਰ ਕੈਫੇ ਹੁੰਦੀ ਸੀ। ਸਾਡੇ ਸ਼ਹਿਰ ਬਠਿੰਡੇ ਵਿੱਚ ਇੱਕ ਜਾਂ ਦੋ ਸਾਈਬਰ ਕੈਫੇ ਹੀ ਹੁੰਦੇ ਸੀ, ਜਿੱਥੇ ਇੰਟਰਨੈੱਟ ਦੀ ਸੁਵਿਧਾ ਹੁੰਦੀ ਸੀ। ਇੰਟਰਨੈੱਟ ਵਾਲੇ ਕੰਪਿਊਟਰ ਦੇ ਇਸਤੇਮਾਲ ਲਈ ਪਹਿਲਾਂ 60 ਰੁਪਏ ਪ੍ਰਤੀ ਘੰਟਾ ਤੇ ਫਿਰ ਘਟ ਕੇ 50, 30 ਤੇ ਫਿਰ 20-25 ਰੁਪਏ ਰਹਿ ਗਈ ਸੀ।
ਉਸ ਸਮੇਂ ਮੈਂ ਇੱਕ ਅੰਗਰੇਜ਼ੀ ਦੇ ਅਖਬਾਰ, ਜਿਸਦਾ ਪੰਜਾਬ ਦਾ ਮੁੱਖ ਦਫਤਰ ਚੰਡੀਗੜ੍ਹ ਇੰਡਸਟਰੀਅਲ ਸੈਂਟਰ ਵਿਖੇ ਹੁੰਦਾ ਸੀ, ਬਠਿੰਡੇ ਤੋਂ ਪੱਤਰਕਾਰ ਸਾਂ। ਇਸ ਅਖਬਾਰ ਦਾ ਇੱਕ ਹਫਤਾਵਾਰੀ ਅਡੀਸ਼ਨ ਸ਼ੁਰੂ ਹੋਇਆ ਸੀ ਜਿਸ ਸਦਕਾ ਮੈਂਨੂੰ ਇਸ ਵਿੱਚ ਨੌਕਰੀ ਮਿਲ ਗਈ। ਕਿਉਂਕਿ ਉਦੋਂ ਵੀਡੀਓ, ਫੋਟੋ ਜਾਂ ਹੋਰ ਭਾਰੀ ਸਮਗਰੀ ਕਛੂਏ ਦੀ ਚਾਲ ਵਾਲੀ ਇੰਟਰਨੈੱਟ ਦੀ ਰਫਤਾਰ ਕਾਰਨ ਜਾ ਨਹੀਂ ਸੀ ਸਕਦੀ, ਮੈਂ ਸਾਰਾ ਕੁਝ ਇੱਕ ਫਲਾਪੀ ਡਿਸਕ (ਸੀ ਡੀ, ਪੈੱਨ ਡਰਾਇਵ ਵਾਂਗ) ਵਿੱਚ ਪਾ ਕੇ ਅਖ਼ਬਾਰ ਵਿੱਚ ਛਾਪਣ ਲਈ, ਹਰ ਹਫਤੇ, ਚੰਡੀਗੜ੍ਹ ਲੈ ਜਾਂਦਾ। ਪਹਿਲੀ ਵਾਰ ਗਿਆ ਤਾਂ ਫਲਾਪੀ ਖੁੱਲ੍ਹੀ ਹੀ ਨਾ। ਮੈਂਨੂੰ ਕਹਿੰਦੇ, ਕਾਕਾ ਘੱਟੋ-ਘੱਟ ਦੋ ਜਾਂ ਤਿੰਨ-ਚਾਰ ਫਲਾਪੀਆਂ ਲਿਆਇਆ ਕਰ, ਕਈ ਵਾਰੀ ਇਨ੍ਹਾਂ ਵਿੱਚ ਵਾਇਰਸ ਆ ਜਾਂਦਾ ਹੈ, ਇਸ ਕਰਕੇ ਇਹ ਕੰਪਿਊਟਰ ਵਿੱਚ ਖੁੱਲ੍ਹਦੀ ਨਹੀਂ। ਇਸ ਕਿੱਸੇ ਤੋਂ ਬਾਅਦ ਮੈਂ ਮੁੜਕੇ ਕਦੇ ਦਸ ਫਲਾਪੀਆਂ ਤੋਂ ਘੱਟ ਮੈਟਰ ਸਟੋਰ ਕਰੇ ਬਿਨਾਂ ਚੰਡੀਗੜ੍ਹ ਨਾ ਗਿਆ। ਇੰਝ ਬੱਚਿਆਂ ਨੂੰ ਮੈਂ ਦੱਸਿਆ ਕਿ ਇੰਟਰਨੈੱਟ ਬਿਨਾਂ ਕਿਵੇਂ ਖਬਰਾਂ ਚੰਡੀਗੜ੍ਹ ਪੁੱਜਦੀਆਂ ਸੀ। ਇਸ ਉਪਰੰਤ ਸੀ ਡੀ ਡਰਾਇਵ ਆਈ, ਜੋ ਕਿ ਫਲਾਪੀ ਡਿਸਕ ਤੋਂ ਜ਼ਿਆਦਾ ਕਾਰਗਰ ਸਿੱਧ ਹੋਈ ਤੇ ਫਿਰ ਪੈੱਨ ਡਰਾਈਵ ਦਾ ਦੌਰ ਆਇਆ ’ਤੇ ਕੰਮ ਥੋੜ੍ਹਾ ਹੋਰ ਤੇਜ਼ ਅਤੇ ਸੁਖਾਲਾ ਹੋ ਗਿਆ।
ਉਨ੍ਹਾਂ ਦਿਨਾਂ ਵਿੱਚ ਪੈੱਨ ਡਰਾਇਵ ਵਿੱਚ ਸਟੋਰ ਕੀਤੀਆਂ ਖਬਰਾਂ ਖੁੱਲ੍ਹ ਤਾਂ ਜਾਂਦੀਆਂ ਪਰ ਹਰ ਹਫਤੇ ਚੰਡੀਗੜ੍ਹ ਜਾਣ ਦੀ ਸਮੱਸਿਆ ਤੋਂ ਉਦੋਂ ਹੀ ਖਹਿੜਾ ਛੁੱਟਿਆ ਜਦੋਂ ਇੰਟਰਨੈੱਟ ਦੀ ਸਪੀਡ ਕਛੂਏ ਤੋਂ ਚੀਤੇ ਬਰਾਬਰ ਹੋਈ। ਉਨ੍ਹਾਂ ਦਿਨਾਂ ਦੌਰਾਨ ਚੰਡੀਗੜ੍ਹ ਤੋਂ ਵੇਲੇ ਸਿਰ ਮੁੜਨਾ ਮੇਰੇ ਲਈ ਹਮੇਸ਼ਾ ਟੇਢੀ ਖੀਰ ਰਿਹਾ। ਉੱਥੇ ਕਮਰਾ ਲੈ ਕੇ ਰਾਤ ਕੱਟਣ ਦੇ ਖਰਚੇ ਤੋਂ ਬਚਣ ਲਈ ਚਾਹੇ ਜਿੰਨਾ ਮਰਜ਼ੀ ਹਨੇਰਾ ਹੁੰਦਾ, ਮੈਂ ਵਾਪਸ ਘਰ ਬਠਿੰਡੇ ਹੀ ਪਰਤਦਾ ਸੀ।
ਇੱਕ ਵਾਰ ਕੁਦਰਤੀ ਮੇਰਾ ਇੱਕ ਹੋਰ ਸਹਿਯੋਗੀ ਨਰਿੰਦਰ ਵਰਮਾ ਮੇਰੇ ਨਾਲ ਸੀ ਤੇ ਸਾਨੂੰ ਰਾਤ ਦੇ 11, 11.30 ਦਫਤਰ ਵਿੱਚ ਹੀ ਵੱਜ ਗਏ। ਜੇ ਮੈਂ ਇਕੱਲਾ ਹੁੰਦਾ ਤਾਂ ਰੇਲਵੇ ਸਟੇਸ਼ਨ ’ਤੇ ਜਾ ਕੇ ਕੇ ਵਿਜ਼ਟਰ ਰੂਮ ਵਿੱਚ ਬੈਠ ਅਗਲੀ ਗੱਡੀ, ਜੋ ਕਿ ਸਵੇਰੇ ਚੱਲਣੀ ਸੀ, ਰਾਹੀਂ ਬਠਿੰਡੇ ਪਹੁੰਚਦਾ। ਪਰ ਮੇਰਾ ਉਹ ਸਹਿਯੋਗੀ, ਜੋ ਹੁਣ ਵੀ ਉਸੇ ਅਖਬਾਰ ਵਿੱਚ ਕੰਮ ਕਰਦਾ ਹੈ, ਕਹਿੰਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਨਾਲੋਂ ਜ਼ੀਰਕਪੁਰ ਨੂੰ ਜਾਂਦੀ ਸੜਕ ਜ਼ਿਆਦਾ ਨੇੜੇ ਹੈ। ਕਿਉਂ ਨਾ ਕਿਸੇ ਤੋਂ ਲਿਫਟ ਲੈ ਕੇ ਪਟਿਆਲੇ ਪਹੁੰਚਿਆ ਜਾਵੇ। ਉੱਥੋਂ 12.45 ਵਜੇ ਵਾਲੀ ਰੇਲ ਮਿਲ ਸਕਦੀ ਹੈ।
ਅਸੀਂ ਦਫਤਰੋਂ 5-4 ਮਿੰਟਾਂ ਵਿੱਚ ਜ਼ੀਰਕਪੁਰ ਨੂੰ ਜਾਂਦੀ ਸੜਕ ’ਤੇ ਪਹੁੰਚ ਗਏ। ਸਬੱਬੀਂ ਸਾਨੂੰ ਕੁਝ ਮਿੰਟਾਂ ਵਿੱਚ ਹੀ ਇੱਕ ਟਰੱਕ ਨੇ ਬਿਨਾਂ ਪੰਜੀ ਲਏ ਅਖਬਾਰ ਦੇ ਨੁਮਾਇੰਦਿਆਂ ਵਜੋਂ ਪੂਰੇ ਮਾਣ-ਸਤਿਕਾਰ ਨਾਲ ਜੀਰਕਪੁਰ ਹੀ ਨਹੀਂ ਸਗੋਂ ਇੱਕ ਹੋਰ ਪਟਿਆਲੇ ਜਾਣ ਵਾਲੇ ਟਰੱਕ ’ਤੇ ਵੀ ਚੜ੍ਹਾ ਦਿੱਤਾ। ਇਹ ਗੱਲ ਵੱਖਰੀ ਹੈ ਕਿ ਦੂਸਰੇ ਟਰੱਕ ਡਰਾਇਵਰ ਨੇ ਸਾਥੋਂ ਬੱਸ ਦੀ ਟਿਕਟ ਨਾਲੋਂ ਤਿੰਨ ਗੁਣਾ ਵੱਧ ਪੈਸੇ ਵਸੂਲ ਲਏ। ਪਟਿਆਲੇ 12.45 ਵਾਲੀ ਗੱਡੀ ਟਾਈਮ ’ਤੇ ਹੋਣ ਕਰਕੇ ਸਾਡੇ ਅੱਗੇ-ਅੱਗੇ ਕੁਝ ਮਿੰਟਾਂ ਦੇ ਫਰਕ ਤੋਂ ਨਿਕਲ ਗਈ। ਅਗਲੀ ਰੇਲ ਸਵੇਰੇ 6 ਵਜੇ ਸੀ। ਸਾਨੂੰ ਟਿਕਟ ਖਿੜਕੀ ਦਾ ਮੁਲਾਜ਼ਮ ਕਹਿੰਦਾ, “ਇੱਕ ਮਾਲ-ਗੱਡੀ ਪੰਜ-ਚਾਰ ਮਿੰਟਾਂ ਵਿੱਚ ਚੱਲਣ ਵਾਲੀ ਹੈ, ਜੋ ਕਿ ਪਹਿਲਾਂ ਚੱਲੀ ਟਰੇਨ ਤੋਂ ਵੀ ਪਹਿਲਾਂ ਬਠਿੰਡੇ ਪਹੁੰਚ ਜਾਵੇਗੀ। ਡਰਾਇਵਰ ਨੂੰ ਬੇਨਤੀ ਕਰ ਕੇ ਦੇਖ ਲਵੋ।”
ਅਸੀਂ ਝਟਪਟ ਆਪਣੇ ਅਖਬਾਰਾਂ ਦੇ ਕਾਰਡ ਕੱਢੇ ਤੇ ਬੇਝਿjਕ ਮਾਲ ਗੱਡੀ ਦੇ ਡਰਾਇਵਰ ਕੋਲ ਬੇਨਤੀ ਲੈ ਕੇ ਪਹੁੰਚ ਗਏ। ਉਸ ਸਮੇਂ ਅਖਬਾਰਾਂ ਦੇ ਪੱਤਰਕਾਰਾਂ ਦਾ ਰੁਤਬਾ ਹੀ ਕੁਝ ਅਜਿਹਾ ਹੁੰਦਾ ਸੀ ਕਿ ਲੋਕ ਸਾਡੀ ਦਿਲੋਂ ਮਦਦ ਵੀ ਕਰਦੇ ਤੇ ਸਤਿਕਾਰ ਵੀ। ਉਸ ਮਾਲ ਗੱਡੀ ਦਾ ਡਰਾਇਵਰ ਸਾਨੂੰ ਬਿਨਾਂ ਮੱਥੇ ਤਿਉੜੀ ਪਾਏ ਅਖੀਰਲੇ ‘ਫਲੈਟ ਬੈੱਡ’, ਬਿਨਾਂ ਖਿੜਕੀ ਬਾਰੀ ਤੇ ਛੱਤ ਵਾਲੇ ਡੱਬੇ ਵਿੱਚ ਬਿਠਾਉਣਾ ਮੰਨ ਗਿਆ। ਖੁੱਲ੍ਹੇ ਅਸਮਾਨ ਹੇਠ ਅਜਿਹੇ ਸਫਰ ਦਾ ਸੁਆਦ ਹੀ ਵੱਖਰਾ ਸੀ। ਸਾਡੇ ਅੰਦਰ ਖੁਸ਼ੀ ਦੀ ਇੱਕ ਲੂਹਰੀ ਉੱਠੀ। ਪਰ ਇਹ ਖੁਸ਼ੀ ਦੀ ਲੂਹਰੀ ਝਟ ਹੀ ਖੌਫ ਵਿੱਚ ਤਬਦੀਲ ਹੋ ਗਈ ਜਦੋਂ ਰੇਲਗੱਡੀ ਘੁੱਪ ਹਨੇਰੇ ਬੀਆਬਾਨ ਇਲਾਕੇ ਵਿੱਚ ਖੜ੍ਹ ਗਈ ਤੇ ਘੱਟੋ-ਘੱਟ 40-45 ਮਿੰਟਾਂ ਬਾਅਦ ਚੱਲੀ। ਸਾਨੂੰ ਜੰਗਲੀ ਜਾਨਵਰਾਂ ਦੀਆਂ ਅਵਾਜ਼ਾਂ ਤੋਂ ਅਜਿਹਾ ਖੌਫ ਪਿਆ ਕਿ ਅਗਲੇ ਸਟੇਸ਼ਨ ’ਤੇ ਅਸੀਂ ਡਰਾਇਵਰ ਨੂੰ ਇੰਜਨ ਵਿੱਚ ਹੀ ਥਾਂ ਦੇਣ ਦੀ ਗੁਹਾਰ ਲਾਈ। ਉਸ ਨੇ ਸਾਨੂੰ ਇੰਜਨ ਵਿੱਚ ਆਉਣ ਤਾਂ ਦਿੱਤਾ ਪਰ ਬੈਠਣ ਦੇ ਨਾਂ ’ਤੇ ਸਿਰਫ ਇੱਕ ਨਿੱਕਾ ਜਿਹਾ ਗੋਲ ਡਰੱਮ ਹੀ ਸੀ। ਅਸੀਂ ਵਾਰੀ-ਵਾਰੀ ਉਸ ਡਰੱਮ ’ਤੇ ਬੈਠ ਕੇ ਸਾਡੇ ਤਿੰਨ ਕੁ ਘੰਟੇ ਦਾ ਸਫਰ ਮਸਾਂ ਪੂਰਾ ਕੀਤਾ। ਅਸੀਂ ਸਵੇਰੇ ਪੰਜ ਵਜੇ ਦੇ ਬਠਿੰਡਿਉਂ ਚੱਲੇ ਵਾਪਸ ਪੰਜ ਵਜੇ ਥੱਕੇ ਹਾਰੇ ਉਣੀਂਦਰੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੇ ਜਿੱਥੇ ਸਾਡੇ ਵੱਲੋਂ ਹੀ ਤਿਆਰ ਕਰਵਾਇਆ ਅੰਗਰੇਜ਼ੀ ਦਾ ਅਖਬਾਰ ਸਾਡੇ ਤੋਂ ਪਹਿਲਾਂ ਪਹੁੰਚ ਗਿਆ ਸੀ, ਜਿਸ ਵਿੱਚ ਹਾਕਰ ਪੈਂਫਲਿਟ ਪਾ ਰਹੇ ਸਨ। ਅਖਬਾਰ ਵਿੱਚ ਪ੍ਰਕਾਸ਼ਿਤ ਆਪਣੀਆਂ ਤਿਆਰ ਕੀਤੀਆਂ ਖਬਰਾਂ ਨੂੰ ਵੇਖ ਅਸੀਂ ਫਿਰ ਤੋਂ ਤਰੋਤਾਜ਼ਾ ਹੋਏ ਮਹਿਸੂਸ ਕਰਨ ਲੱਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5105)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.