“ਉਸੇ ਦਿਨ ਸ਼ਾਮ ਨੂੰ ਇੱਕ ਭਰੇ ਜਲਸੇ ਵਿੱਚ ਲਾਲਾ ਜੀ ...”
(27 ਜਨਵਰੀ 2025)
ਲਾਲਾ ਲਾਜਪਤ ਰਾਇ ਜੀ ਦਾ ਜਨਮ 28 ਜਨਵਰੀ 1865 ਈ. ਵਿੱਚ ਪਿੰਡ ਢੁੱਡੀਕੇ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਰਾਧਾ ਕ੍ਰਿਸ਼ਨ ਸੀ ਤੇ ਉਹ ਸਕੂਲਾਂ ਦੇ ਇੰਸਪੈਕਟਰ ਸਨ। ਬਚਪਨ ਵਿੱਚ ਕੁਝ ਸਮਾਂ ਲਾਜਪਤ ਰਾਏ ਜੀ ਜਗਰਾਉਂ ਵਿੱਚ ਹੀ ਪੜ੍ਹਦੇ ਰਹੇ। 1880 ਈ. ਵਿੱਚ ਆਪ ਨੇ ਦਸਵੀਂ ਜਮਾਤ ਪਾਸ ਕਰ ਲਈ। ਫਿਰ ਲਾਹੌਰ ਜਾ ਕੇ ਐੱਫਏ ਪਾਸ ਕਰਨ ਮਗਰੋਂ ਆਪ ਨੇ ਮੁਖਤਾਰੀ ਦਾ ਇਮਤਿਹਾਨ ਦੇ ਦਿੱਤਾ ਅਤੇ ਜਗਰਾਉਂ ਵਿੱਚ ਜਾ ਕੇ ਮੁਖਤਾਰੀ ਦਾ ਕੰਮ ਕਰਨ ਲੱਗ ਪਏ। ਉੱਥੋਂ ਫਿਰ ਹਿਸਾਰ ਚਲੇ ਗਏ। ਉੱਥੇ ਆਪ ਨੇ ਪਲੀਡਰੀ ਦਾ ਡਿਪਲੋਮਾ ਵੀ ਪ੍ਰਾਪਤ ਕਰ ਲਿਆ ਅਤੇ ਕਚਹਿਰੀ ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
ਸਵਾਮੀ ਦਇਆਨੰਦ ਜੀ ਨੇ ਪੰਜਾਬ ਵਿੱਚ ਆਰੀਆ ਸਮਾਜ ਦੀ ਲਹਿਰ ਚਲਾਈ ਹੋਈ ਸੀ। ਇਸ ਤੋਂ ਆਪ ਬੜੇ ਪ੍ਰਭਾਵਿਤ ਹੋਏ ਅਤੇ ਅਛੂਤ ਉਧਾਰ, ਸਮਾਜ ਸੁਧਾਰ ਤੇ ਵਿੱਦਿਆ ਪ੍ਰਚਾਰ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਅਜੇ ਆਪ ਨੂੰ ਰਾਜਸੀ ਕੰਮਾਂ ਵਿੱਚ ਦਿਲਚਸਪੀ ਘੱਟ ਸੀ।
1886 ਈ. ਵਿੱਚ ਆਪ ਲਾਹੌਰ ਚਲੇ ਗਏ ਅਤੇ ਉੱਥੇ ਜਾ ਕੇ ਵਕਾਲਤ ਸ਼ੁਰੂ ਕਰ ਦਿੱਤੀ। ਲਾਹੌਰ ਵਿੱਚ ਮਹਾਤਮਾ ਹੰਸ ਰਾਜ ਨਾਲ ਆਪ ਦਾ ਮੇਲ ਜੋਲ ਹੋ ਗਿਆ। ਮਹਾਤਮਾ ਹੰਸ ਰਾਜ ਵੀ ਇੱਕ ਉੱਘੇ ਆਰੀਆ ਸਮਾਜੀ ਅਤੇ ਸਮਾਜ ਸੁਧਾਰਕ ਆਗੂ ਸਨ। ਡੀ.ਏ.ਵੀ. ਕਾਲਜ ਲਾਹੌਰ ਦੇ ਮੁਖੀਏ ਸਨ। ਉਨ੍ਹਾਂ ਦੀ ਸੰਗਤ ਨਾਲ ਆਪ ਦੇ ਹਿਰਦੇ ਵਿੱਚ ਸਮਾਜ ਸੁਧਾਰ ਅਤੇ ਵਿੱਦਿਆ ਪ੍ਰਚਾਰ ਦਾ ਸ਼ੌਕ ਹੋਰ ਵੀ ਤੇਜ਼ ਹੋ ਗਇਆ। ਆਪ ਗੁਜ਼ਾਰੇ ਜੋਗੀ ਤਨਖਾਹ ਲੈ ਕੇ ਕਾਲਜ ਵਿੱਚ ਪੜ੍ਹਾਉਣ ਲੱਗ ਪਏ। 1901 ਈ. ਵਿੱਚ ਆਪ ਨੇ “ਪੰਜਾਬ ਸਿੱਖਿਆ ਸਮਿਤੀ” ਦੀ ਨੀਂਹ ਰੱਖੀ, ਜਿਸਦੇ ਰਾਹੀਂ ਪੰਜਾਬ ਵਿੱਚ ਹਾਈ ਤੇ ਪ੍ਰਾਇਮਰੀ ਆਰੀਆ ਸਕੂਲ ਖੋਲ੍ਹਣ ਦੀ ਲਹਿਰ ਚਲਾਈ। ਜਗਰਾਉਂ ਵਿੱਚ ਆਪਣੇ ਪਿਤਾ ਦੇ ਨਾਂ ਉੱਪਰ ਰਾਧਾ ਕ੍ਰਿਸ਼ਨ ਹਾਈ ਸਕੂਲ ਖੋਲ੍ਹਿਆ ਤੇ ਕਈ ਪ੍ਰਾਇਮਰੀ ਸਕੂਲ ਖੁਲ੍ਹਾਏ।
1888 ਈ. ਵਿੱਚ ਕਾਂਗਰਸ ਦਾ ਚੌਥਾ ਸਮਾਗਮ ਅਲਾਹਾਬਾਦ ਵਿੱਚ ਹੋਇਆ। ਆਪ ਪਹਿਲੀ ਵਾਰ ਇਸ ਸਮਾਗਮ ਵਿੱਚ ਸ਼ਾਮਲ ਹੋਏ। ਕਾਂਗਰਸ ਨੂੰ ਬਣਿਆ ਹਾਲੇ ਤਿੰਨ ਵਰ੍ਹੇ ਹੀ ਹੋਏ ਸਨ। ਭਾਰਤ ਦੇ ਪੜ੍ਹੇ ਲਿਖੇ ਇਸ ਵੱਲ ਖਿੱਚੇ ਆ ਰਹੇ ਸਨ। ਇੱਥੇ ਕਾਂਗਰਸ ਦੇ ਵੱਡੇ ਮਤੇ ਦੀ ਪੁਸ਼ਟੀ ਕਰਦੇ ਹੋਇਆ ਆਪ ਨੇ ਉਰਦੂ ਵਿੱਚ ਇੱਕ ਧੜਲੇਦਾਰ ਭਾਸ਼ਨ ਦਿੱਤਾ, ਜਿਸ ਨੂੰ ਸੁਣ ਕੇ ਸਾਰੇ ਵਾਹ ਵਾਹ ਕਰ ਉੱਠੇ। ਇਸਦੇ ਮਗਰੋਂ ਪੰਜਾਬ ਵਿੱਚ ਆ ਕੇ ਆਪ ਨੇ ਰਾਜਸੀ ਕਾਰਜਾਂ ਵਿੱਚ ਵਿਸ਼ੇਸ਼ ਹਿੱਸਾ ਲੈਣਾ ਆਰੰਭ ਦਿੱਤਾ। ਥੋੜ੍ਹੇ ਚਿਰ ਵਿੱਚ ਹੀ ਆਪ ਇੰਨੇ ਹਰਮਨ ਪਿਆਰੇ ਆਗੂ ਪ੍ਰਸਿੱਧ ਹੋ ਗਏ ਕਿ ਸਰਬ ਹਿੰਦ ਕਾਂਗਰਸ ਵਿੱਚ ਪੰਜਾਬ ਵੱਲੋਂ ਆਪ ਹੀ ਪ੍ਰਤਿਨਿਧ ਮੰਨੇ ਜਾਣ ਲੱਗੇ।
1906 ਈ. ਵਿੱਚ ਜਦੋਂ ਕਾਂਗਰਸ ਨੇ ਇੱਕ ਡੈਪੂਟੇਸ਼ਨ ਇੰਗਲੈਂਡ ਵਿੱਚ ਭੇਜਿਆ, ਆਪ ਨੂੰ ਉਸ ਦਾ ਮੈਂਬਰ ਬਣਾਇਆ ਗਿਆ। ਇੰਗਲੈਂਡ ਵਿੱਚ ਜਾ ਕੇ ਆਪ ਬਰਤਾਨਵੀ ਆਗੂਆਂ ਨੂੰ ਮਿਲੇ, ਅਖ਼ਬਾਰਾਂ ਵਿੱਚ ਲੇਖ ਲਿਖੇ ਅਤੇ ਜਲਸੇ ਕਰਕੇ ਭਾਸ਼ਨ ਦਿੱਤੇ, ਜਿਸਦਾ ਲੋਕਾਂ ਉੱਪਰ ਬਹੁਤ ਪ੍ਰਭਾਵ ਪਿਆ।
1905 ਈ. ਵਿੱਚ ਬੰਗਾਲ ਦੀ ਵੰਡ ਮਗਰੋਂ ਦੇਸ਼ ਵਿੱਚ ਸਵਦੇਸ਼ੀ ਪ੍ਰਚਾਰ ਅਤੇ ਵਿਦੇਸ਼ੀ ਬਾਈਕਾਟ ਦੇ ਅੰਦੋਲਨਾਂ ਦਾ ਝੱਖੜ ਝੁੱਲ ਪਿਆ। ਪੰਜਾਬ ਵਿੱਚ ਲਾਲਾ ਲਾਜਪਤ ਰਾਇ ਜੀ ਤੇ ਸਰਦਾਰ ਅਜੀਤ ਸਿੰਘ ਨੇ ਇਸ ਲਹਿਰ ਦੀ ਅਗਵਾਈ ਕੀਤੀ। ਲਹਿਰ ਵਧਦੀ ਗਈ। 1907 ਈ. ਵਿੱਚ ਬਾਰ ਵਿੱਚ ਕਿਸਾਨੀ ਅੰਦੋਲਨ ਆਰੰਭ ਹੋ ਗਿਆ। ਕਾਰਨ ਇਹ ਸੀ ਕਿ ਸਰਕਾਰ ਨੇ ਨਹਿਰੀ ਅਬਾਦੀ ਸੰਬੰਧੀ ਇੱਕ ਕਰੜਾ ਕਾਨੂੰਨ ਬਣਾ ਦਿੱਤਾ ਸੀ। ਜ਼ਿਲ੍ਹਾ ਲਾਇਲਪੁਰ ਦੇ ਆਬਾਦਕਾਰ ਕਿਸਾਨਾਂ ਨੂੰ ਸਰਕਾਰ ਵਿਰੁੱਧ ਬੜੀਆਂ ਸ਼ਿਕਾਇਤਾਂ ਸਨ। ਬੜੇ ਬੜੇ ਜਲਸੇ ਕਰਕੇ ਉਨ੍ਹਾਂ ਨੇ ਰੋਸ ਪ੍ਰਗਟ ਕੀਤਾ। ਲਾਲਾ ਲਾਜਪਤ ਰਾਇ ਤੇ ਸ. ਅਜੀਤ ਸਿੰਘ ਇਸ ਸਮੇਂ ਪੰਜਾਬ ਦੇ ਆਗੂ ਸਨ। ਉਹ ਇਨ੍ਹਾਂ ਜਲਸਿਆਂ ਵਿੱਚ ਧੜੱਲੇਦਾਰ ਵਖਿਆਨ ਦਿੰਦੇ ਸਨ। ਸਵਦੇਸ਼ੀ ਤੇ ਕਿਸਾਨੀ ਅੰਦੋਲਨ ਦਾ ਜ਼ੋਰ ਵਧਦਾ ਵੇਖ ਕੇ ਹਕੂਮਤ ਨੇ ਲਾਲਾ ਲਾਜਪਤ ਰਾਇ ਤੇ ਸ.ਅਜੀਤ ਸਿੰਘ ਜੀ ਨੂੰ ਜਲਾਵਤਨ ਕਰਕੇ ਮਾਂਡਲੇ ਭੇਜ ਦਿੱਤਾ। ਪਰ ਛੇ ਮਹੀਨੇ ਮਗਰੋਂ ਆਪ ਨੂੰ ਰਿਹਾਅ ਕਰ ਦਿੱਤਾ ਗਿਆ।
1907 ਈ. ਵਿੱਚ ਕਾਂਗਰਸ ਦਾ ਸਾਲਾਨਾ ਸਮਾਗਮ ਸੂਰਤ ਵਿੱਚ ਹੋਇਆ। ਇਸ ਸਮੇਂ ਕਾਂਗਰਸ ਅੰਦਰ ਦੋ ਧੜਿਆਂ ਦੀ ਟੱਕਰ ਸਿਖਰਾਂ ’ਤੇ ਸੀ। ਲਾਲਾ ਲਾਜਪਤ ਰਾਇ ਦਾ ਨਾਂ ਕਾਂਗਰਸ ਸੀ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ, ਪਰ ਵਿਰੋਧੀ ਧੜੇ ਨੇ ਪ੍ਰਵਾਨ ਨਾ ਕੀਤਾ। ਝਗੜਾ ਇੰਨਾ ਵਧ ਗਿਆ ਕਿ ਕਾਂਗਰਸ ਦੇ ਦੋ ਟੁਕੜੇ ਹੋ ਗਏ। ਗਰਮ ਧੜਾ ਕਾਂਗਰਸ ਤੋਂ ਅੱਡ ਹੋ ਗਿਆ। ਇਸ ਧੜੇ ਦੇ ਮੁਖੀ ਆਗੂ ਤਿਲਕ ਜੀ ਸਨ। ਲਾਲਾ ਜੀ ਨੇ ਗਰਮ ਧੜੇ ਦਾ ਸਾਥ ਦਿੱਤਾ। ਹਕੂਮਤ ਵੱਲੋਂ ਗਰਮ ਧੜੇ ਵਾਲਿਆਂ ਉੱਤੇ ਬੜੀ ਸਖ਼ਤੀ ਹੋ ਰਹੀ ਸੀ। ਸ੍ਰੀ ਤਿਲਕ ਜੀ ਨੂੰ ਛੇ ਵਰ੍ਹਿਆਂ ਲਈ ਕੈਦ ਕਰਕੇ ਮਾਂਡਲੇ ਭੇਜ ਦਿੱਤਾ ਗਿਆ ਸੀ। ਪੰਜਾਬ ਵਿੱਚ ਵੀ ਕਈ ਵਿਅਕਤੀ ਗ੍ਰਿਫ਼ਤਾਰ ਤੇ ਕੈਦ ਕੀਤੇ ਗਏ। ਲਾਲਾ ਲਾਜਪਤ ਰਾਇ, ਲਾਲਾ ਹਰਿ ਦਿਆਲ ਤੇ ਅਜੀਤ ਸਿੰਘ ਜੀ ਨੂੰ ਵੀ ਦੇਸ਼ ਨਿਕਾਲਾ ਮਿਲ ਗਿਆ ਸੀ।
ਜਦੋਂ 1914 ਈ. ਵਿੱਚ ਪਹਿਲਾ ਸੰਸਾਰ ਯੁੱਧ ਆਰੰਭ ਹੋਇਆ ਤਾਂ ਲਾਲਾ ਜੀ ਇੰਗਲੈਂਡ ਵਿੱਚ ਸਨ। ਆਪ ਭਾਰਤ ਵਿੱਚ ਵਾਪਸ ਆਉਣਾ ਚਾਹੁੰਦੇ ਸਨ ਪਰ ਬਰਤਾਨਵੀ ਸਰਕਾਰ ਨੇ ਆਗਿਆ ਨਾ ਦਿੱਤੀ। ਇਸ ਕਰਕੇ ਆਪ ਅਮਰੀਕਾ ਚਲੇ ਗਏ। ਉੱਥੇ ਗਦਰ ਪਾਰਟੀ ਦੇ ਆਗੂਆਂ ਨੂੰ ਮਿਲੇ ਤੇ ਆਰਥਿਕ ਸਹਾਇਤੀ ਦਿੱਤੀ।
ਅਮਰੀਕਾ ਵਿੱਚ ਆਪ ਨੇ ਇੱਕ ‘ਇੰਡੀਅਨ ਹੋਮ ਰੂਲ ਲੀਗ’ ਨਾਂ ਦੀ ਸੰਸਥਾ ਵੀ ਬਣਾਈ। ਦੂਜਾ ‘ਇੰਡੀਅਨ ਇਨਫਾਰਮੇਸ਼ਨ ਬਿਊਰੋ’ ਕਾਇਮ ਕੀਤਾ ਜਿੱਥੇ ਹਿੰਦ ਸੰਬੰਧੀ ਵੱਧ ਤੋਂ ਵੱਧ ਵਾਕਫ਼ੀ ਇਕੱਠੀ ਕੀਤੀ ਜਾਂਦੀ ਤੇ ਲੋਕਾਂ ਨੂੰ ਦੱਸੀ ਜਾਂਦੀ। ਹਿੰਦ ਦੇ ਰਾਜਸੀ ਹਾਲਾਤ ਸੰਬੰਧੀ ਆਪ ਨੇ ਭਾਸ਼ਨ ਦੇਣੇ ਤੇ ਲੇਖ ਲਿਖਣੇ ਆਰੰਭ ਕਰ ਦਿੱਤੇ। ‘ਯੰਗ ਇੰਡੀਅਨ’ ਨਾਂ ਦਾ ਪੱਤਰ ਵੀ ਜਾਰੀ ਕਰ ਦਿੱਤਾ, ਜਿਸ ਵਿੱਚ ਭਾਰਤ ਦੀ ਗੁਲਾਮੀ ਅਤੇ ਸੁਤੰਤਰਤਾ ਬਾਰੇ ਬੜੇ ਗੰਭੀਰ ਤੇ ਵਾਕਫ਼ੀ ਭਰਪੂਰ ਲੇਖ ਛਪਦੇ ਸਨ।
1912-13 ਈ. ਵਿੱਚ ਮਹਾਤਮਾ ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਵਿੱਚ ਸਤਿਆਗ੍ਰਹਿ ਦੀ ਲਹਿਰ ਚਲਾਈ ਤਾਂ ਲਾਲਾ ਜੀ ਨੇ ਨਾ ਕੇਵਲ ਕਲਮ ਨਾਲ ਆਪ ਦੀ ਸਹਾਇਤਾ ਕੀਤੀ ਬਲਕਿ 30-40 ਹਜ਼ਾਰ ਰੁਪਇਆ ਸਹਾਇਤਾ ਵਜੋਂ ਵੀ ਇਕੱਠਾ ਕਰਕੇ ਭੇਜਿਆ।
ਕਈ ਵਰ੍ਹਿਆਂ ਦੀ ਜਲਾਵਤਨੀ ਮਗਰੋਂ 1920 ਈ. ਵਿੱਚ ਲਾਲਾ ਜੀ ਆਪਣੇ ਪਿਆਰੇ ਵਤਨ ਵਿੱਚ ਵਾਪਸ ਆਏ। ਲੋਕਾਂ ਨੇ ਬੜੇ ਚਾਉ ਨਾਲ ਆਪ ਦਾ ਸਤਿਕਾਰ ਅਤੇ ਸਵਾਗਤ ਕੀਤਾ। ਸਤੰਬਰ 1920 ਈ. ਵਿੱਚ ਕਲਕੱਤੇ ਵਿੱਚ ਕਾਂਗਰਸ ਦਾ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਲਾਲਾ ਲਾਜਪਤ ਰਾਇ ਜੀ ਨੂੰ ਇਸਦਾ ਪ੍ਰਧਾਨ ਚੁਣ ਕੇ ਸਨਮਾਨਿਆ ਗਿਆ। ‘ਬੰਦੇ ਮਾਤ੍ਰਮ’ ਨਾਂ ਦਾ ਉਰਦੂ ਰੋਜ਼ਾਨਾ ਅਖ਼ਬਾਰ ਅਤੇ ‘ਦੀ ਪੀਪਲ’ ਅੰਗਰੇਜ਼ੀ ਹਫ਼ਤੇਵਾਰ ਜਾਰੀ ਕੀਤੇ। ਆਪ ਦੇ ਧੜਲੇਦਾਰ ਪ੍ਰਚਾਰ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿੱਚ ਨਾ-ਮਿਲਵਰਤਨ ਦੀ ਲਹਿਰ ਤੇਜ਼ ਹੋ ਗਈ। ਹਜ਼ਾਰਾਂ ਵਿਦਿਆਰਥੀ ਸਕੂਲ ਅਤੇ ਕਾਲਜ ਛੱਡ ਕੇ ਬਾਹਰ ਆ ਆਏ। ਆਪ ਨੇ ਉਨ੍ਹਾਂ ਲਈ ਕੌਮੀ ਸਕੂਲ ਅਤੇ ਲਾਹੌਰ ਵਿੱਚ ਇੱਕ ਕੌਮੀ ਕਾਲਜ ਵੀ ਸ਼ੁਰੂ ਕਰ ਦਿੱਤਾ। ਕਈ ਵਿਦਿਆਰਥੀ ਸਤਿਆਗ੍ਰਹਿ ਕਰਕੇ ਜੇਲ੍ਹਾਂ ਵਿੱਚ ਵੀ ਚਲੇ ਗਏ।
ਨਵਯੁਵਕਾਂ ਨੂੰ ਰਾਜਸੀ ਸਿੱਖਿਆ ਦੇਣ ਲਈ ਆਪ ਨੇ ਇੱਕ ਸਕੂਲ ਸ਼ੁਰੂ ਕੀਤਾ, ਜਿਸਦਾ ਨਾਂ ‘ਤਿਲਕ ਸਕੂਲ ਆਫ ਪਾਲੇਟਿਕਸ’ (ਤਿਲਕ ਰਾਜਨੀਤੀ ਦੀ ਪਾਠਸ਼ਾਲਾ) ਰੱਖਿਆ। ਫਿਰ ਆਪ ਨੇ ‘ਲੋਕ ਸੇਵਕ ਮੰਡਲ’ ਨਾਂ ਦੀ ਸੰਸਥਾ ਸਥਾਪਤ ਕੀਤੀ।
ਪੰਡਤ ਮੋਤੀ ਲਾਲ ਨਹਿਰੂ ਤੇ ਸੀ.ਆਰ.ਦਾਸ ਜੀ ਨੇ ਸਵਰਾਜ ਪਾਰਟੀ ਬਣਾ ਲਈ ਤੇ ਕੌਂਸਲਾਂ ਅੰਦਰ ਜਾ ਕੇ ਅੰਦੋਲਨ ਕਰਨ ਦਾ ਪ੍ਰੋਗਰਾਮ ਬਣਾਇਆ। ਲਾਲਾ ਲਾਜਪਤ ਰਾਇ ਜੀ ਵੀ ਪਹਿਲਾਂ ਸਵਰਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਵਿਧਾਨ ਸਭਾ ਦੇ ਮੈਂਬਰ ਬਣ ਗਏ, ਪਰ 1925 ਈ. ਵਿੱਚ ਆਪ ਸਵਰਾਜ ਪਾਰਟੀ ਨਾਲੋਂ ਵੀ ਅੱਡ ਹੋ ਗਏ ਅਤੇ ਪੰਡਤ ਮਦਨ ਮੋਹਨ ਮਾਲਵੀਆ ਨਾਲ ਮਿਲ ਕੇ ‘ਨੈਸ਼ਨਲਿਸਟ ਪਾਰਟੀ’ ਬਣਾ ਲਈ।
ਆਪ ਸਹਿਜੇ ਸਹਿਜੇ ਕਾਂਗਰਸ ਛੱਡ ਗਏ ਤੇ ਹਿੰਦੂ ਸਭਾ ਵਿੱਚ ਸ਼ਾਮਲ ਹੋ ਗਏ। 1925 ਈ. ਵਿੱਚ ਕਲਕੱਤਾ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਬਣੇ। ਫਿਰ ਇਟਾਵਾ ਵਿੱਚ ਯੂ.ਪੀ. ਹਿੰਦੂ ਕਾਨਫਰੰਸ ਦੀ ਵੀ ਆਪ ਨੇ ਪ੍ਰਧਾਨਗੀ ਕੀਤੀ। ਆਪ ਕਾਂਗਰਸ ਦੀ ਨੀਤੀ ਨੂੰ ਮੁਸਲਮਾਨਾਂ ਦੇ ਸੰਬੰਧ ਵਿੱਚ ਕਮਜ਼ੋਰ ਅਤੇ ਸਮਝੌਤਾਵਾਦੀ ਸਮਝਦੇ ਸਨ।
ਲਾਹੌਰ ਵਿੱਚ ਆਪ ਨੇ ਇੱਕ ਬੜੀ ਵੱਡੀ ਰਾਜਸੀ ਲਾਇਬ੍ਰੇਰੀ ਬਣਾਈ, ਜਿਸ ਵਿੱਚ ਆਪਣੀਆਂ ਸਭ ਪੁਸਤਕਾਂ ਵੀ ਰੱਖੀਆਂ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਤੇ ਰਾਜਨੀਤਕ ਪੁਸਤਕਾਂ ਖਰੀਦੀਆਂ ਗਈਆਂ। ਲਾਇਬ੍ਰੇਰੀ ਦਾ ਨਾਂ ‘ਦਵਾਰਕਾ ਦਾਸ ਲਾਇਬ੍ਰੇਰੀ’ ਰੱਖਿਆ।
ਤਪਦਿਕ ਦੇ ਬਿਮਾਰਾਂ ਲਈ ਇੱਕ ਬੜਾ ਵਧੀਆ ਹਸਪਤਾਲ ਬਣਵਾਇਆ, ਜਿਸ ਵਿੱਚ ਤਪਦਿਕ ਦੇ ਬਿਮਾਰਾਂ ਦੇ ਹਰ ਤਰ੍ਹਾਂ ਸੰਪੂਰਨ ਇਲਾਜ ਦਾ ਪ੍ਰਬੰਧ ਕੀਤਾ ਗਿਆ। ਇਸਦਾ ਨਾਂ ਆਪਣੀ ਮਾਤਾ ਦੇ ਨਾਂ ਉੱਤੇ ‘ਗੁਲਾਬ ਦੇਵੀ ਹਸਪਤਾਲ’ ਰੱਖਿਆ। ਲਗਭਗ ਇੱਕ ਲੱਖ ਰੁਪਇਆ ਕੋਲੋਂ ਪਾਇਆ ਤੇ ਹੋਰ ਉਧਾਰ ਸੱਜਣਾਂ ਪਾਸੋਂ ਇਕੱਤਰ ਕੀਤਾ। ਇਹ ਹਸਪਤਾਲ ਪਹਿਲਾਂ ਲਾਹੌਰ ਮਾਡਲ ਟਾਊਨ ਦੇ ਪਾਸ ਸੀ, ਫਿਰ ਜਲੰਧਰ ਵਿੱਚ ਖੋਲ੍ਹਿਆ ਗਿਆ ਹੈ।
1928 ਈ. ਵਿੱਚ ਹਕੂਮਤ ਬਰਤਾਨੀਆਂ ਨੇ ਹਿੰਦੀ ਆਗੂਆਂ ਦੀ ਖ਼ਾਹਿਸ਼ ਨੂੰ ਬਿਲਕੁਲ ਅਣਡਿੱਠ ਕਰਕੇ ਸਾਈਮਨ ਕਮਿਸ਼ਨ ਨੂੰ ਭਾਰਤ ਵਿੱਚ ਭੇਜਿਆ ਤਾਂ ਆਪ ਨੇ ਵੀ ਇਸਦਾ ਸਖ਼ਤ ਵਿਰੋਧ ਕੀਤਾ। ਇਸ ਕਮਿਸ਼ਨ ਵਿੱਚ ਸਾਰੇ ਅੰਗਰੇਜ਼ ਸਨ। ਸਾਈਮਨ ਇਸਦਾ ਪ੍ਰਧਾਨ ਸੀ ਤੇ ਇਸਦਾ ਆਸ਼ਾ ਇਹ ਸੀ ਕਿ ਭਾਰਤ ਵਿੱਚ ਆ ਕੇ ਲੋਕਾਂ ਤੋਂ ਗਵਾਹੀਆਂ ਲੈ ਕੇ ਰਿਪੋਰਟ ਕਰੇ ਕਿ ਭਾਰਤ ਆਜ਼ਾਦੀ ਦੇ ਯੋਗ ਹੈ ਕਿ ਨਹੀਂ ਤੇ ਇਸ ਨੂੰ ਕਿਸ ਹੱਦ ਤਕ ਹੋਰ ਰਾਜਸੀ ਅਧਿਕਾਰ ਦਿੱਤੇ ਜਾਣ। ਮਹਾਤਮਾ ਗਾਂਧੀ ਜੀ ਅਤੇ ਕਾਂਗਰਸ ਵੱਲੋਂ ਸਾਈਮਨ ਕਮਿਸ਼ਨ ਨੂੰ ਭਾਰਤ ਦੀ ਹੱਤਕ ਸਮਝਿਆ ਗਿਆ ਤੇ ਇਸ ਨੂੰ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ।
30 ਅਕਤੂਬਰ 1928 ਈ. ਨੂੰ ਸਾਈਮਨ ਕਮਿਸ਼ਨ ਲਾਹੌਰ ਆਇਆ। ਇਸਦਾ ਵਿਰੋਧ ਕਰਨ ਲਈ ਲਾਲਾ ਲਾਜਪਤ ਰਾਇ ਜੀ ਸ਼ੇਰ ਵਾਂਗ ਗਰਜ ਕੇ ਮੈਦਾਨ ਵਿੱਚ ਨਿੱਤਰ ਪਏ। ਸਰਕਾਰ ਨੇ 144 ਦਫ਼ਾ ਲਾ ਕੇ ਮੁਜ਼ਾਹਰਾ ਬੰਦ ਕਰ ਦਿੱਤਾ ਸੀ ਪਰ ਲਾਲਾ ਲਾਜਪਤ ਰਾਇ ਤੇ ਬਾਬਾ ਖੜਕ ਸਿੰਘ ਜੀ ਦੀ ਅਗਵਾਈ ਹੇਠਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲਾਹੌਰ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਸਨ। ਪੁਲਿਸ ਨੇ ਅੰਧਾਧੁੰਦ ਲੋਕਾਂ ਉੱਪਰ ਲਾਠੀਆਂ ਵਰ੍ਹਾਈਆਂ। ਇੱਕ ਹੰਕਾਰੀ ਅੰਗਰੇਜ਼ ਪੁਲਿਸ ਅਫਸਰ ਮਿ. ਸਾਂਡਰਸ ਨੇ ਕ੍ਰੋਧ ਵਿੱਚ ਆ ਕੇ ਲਾਲਾ ਲਾਜਪਤ ਰਾਇ ਨੂੰ ਵੀ ਲਾਠੀਆਂ ਮਾਰੀਆਂ। ਉਨ੍ਹਾਂ ਦੇ ਸਰੀਰ ਉੱਤੇ ਕਈ ਨਿਸ਼ਾਨ ਪੈ ਗਏ। ਲਾਲਾ ਜੀ ਵਰਗੇ ਹਰਮਨ ਪਿਆਰੇ ਤੇ ਵੱਡੇ ਨੇਤਾ ਦੀ ਇਸ ਤਰ੍ਹਾਂ ਬੇਇੱਜ਼ਤੀ ਵੇਖ ਕੇ ਜਨਤਾ ਦੇ ਦਿਲ ਤੜਫ ਉੱਠੇ।
ਉਸੇ ਦਿਨ ਸ਼ਾਮ ਨੂੰ ਇੱਕ ਭਰੇ ਜਲਸੇ ਵਿੱਚ ਲਾਲਾ ਜੀ ਫੱਟੜ ਸ਼ੇਰ ਵਾਂਗ ਭਬਕੇ ਅਤੇ ਆਖਿਆ, “ਮੇਰੇ ਸਰੀਰ ਉੱਤੇ ਲੱਗਾ ਲਾਠੀ ਦਾ ਇੱਕ ਇੱਕ ਵਾਰ ਬ੍ਰਿਟਿਸ਼ ਸਾਮਰਾਜ ਦੇ ਕੱਫ਼ਣ ਦਾ ਇੱਕ ਇੱਕ ਕਿੱਲ ਸਾਬਤ ਹੋਵੇਗਾ।” ਇਸ ਖ਼ਬਰ ਨਾਲ ਲੋਕਾਂ ਵਿੱਚ ਵੀ ਬੜਾ ਜੋਸ਼ ਫੈਲ ਗਿਆ ਸੀ।
‘ਭਾਰਤ ਨੌਜਵਾਨ ਸਭਾ’ ਦੇ ਨੌਜਵਾਨ ਆਗੂਆਂ ਨੇ ਇਸ ਘਟਨਾ ਨੂੰ ਭਾਰਤ ਦੀ ਬੇਇੱਜ਼ਤੀ ਸਮਝਿਆ। ਉਨ੍ਹਾਂ ਦੀ ਅਣਖ ਚਮਕ ਉੱਠੀ। ਸ. ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਮਿ. ਸਾਂਡਰਸ ਨੂੰ ਮਾਰ ਮੁਕਾਉਣ ਦਾ ਫੈਸਲਾ ਕੀਤਾ। ਇੱਕ ਦਿਨ ਮਿ. ਸਾਂਡਰਸ ਕਾਬੂ ਆ ਗਿਆ ਤੇ ਨੌਜਵਾਨਾਂ ਨੇ ਉਸ ਨੂੰ ਪਾਰ ਬੁਲਾ ਕੇ ਬਦਲਾ ਲਿਆ। ਇਸ ਬਦਲੇ ਮਗਰੋਂ ਇਹ ਤਿੰਨੇ ਨੌਜਵਾਨ ਫਾਂਸੀ ’ਤੇ ਲਗਾਏ ਗਏ।
ਲਾਲਾ ਜੀ ਬਿਰਧ ਅਵਸਥਾ ਦੇ ਕਾਰਨ ਇਹ ਸਰੀਰਕ ਅਤੇ ਮਾਨਸਿਕ ਚੋਟਾਂ ਸਹਾਰ ਨਾ ਸਕੇ। ਉਹ ਬਿਮਾਰ ਪੈ ਗਏ ਅਤੇ 17 ਨਵੰਬਰ 1928 ਈ. ਨੂੰ ਸਵਰਗਵਾਸ ਹੋ ਗਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)