CharanjitSGumtalaDr7ਹੋਇਆ ਇੰਜ ਕਿ ਇਸ ਲੜਾਈ ਵਿੱਚ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਵਿੱਚ ...GeneralHarbakhashSingh1
(16 ਨਵੰਬਰ 2024)

 

GeneralHarbakhashSingh11 ਅਕਤੂਬਰ 1913 - 14 ਨਵੰਬਰ 1999


ਭਾਰਤ ਦੇ ਇਤਿਹਾਸ ਵਿੱਚ ਜਦ ਵੀ
1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ ਇਹ ਲੜਾਈ ਹੋਈ ਤਾਂ ਇਹ ਲੇਖਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰੀ-ਮੈਡੀਕਲ ਦਾ ਵਿਦਿਆਰਥੀ ਸੀ। ਮੇਰਾ ਪਿੰਡ ਗੁਮਟਾਲਾ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੈ, ਜਿੱਥੇ ਕਿ ਅੱਜਕੱਲ ਰਣਜੀਤ ਐਵਨਿਊ ਹੈ, ਇੱਥੇ ਪਾਕਿਸਤਾਨ ਦੇ ਹਵਾਈ ਜਹਾਜਾਂ ਨੂੰ ਡੇਗਣ ਲਈ ਐਂਟੀਏਅਰਕਰਾਫਟ ਗਨਜ਼ ਲਾਈਆਂ ਗਈਆਂ ਸਨ ਤਾਂ ਜੋ ਦੁਸ਼ਮਣ ਦੇ ਹਵਾਈ ਜਹਾਜ਼ ਸ਼ਹਿਰ ’ਤੇ ਬੰਬਾਰੀ ਨਾ ਕਰ ਸਕਣ। ਇਸ ਦੇ ਬਾਵਜੂਦ ਵੀ ਪਾਕਿਸਤਾਨ ਦੀ ਫੌਜ ਦੇ ਹਵਾਈ ਜਹਾਜ਼ ਬੰਬ ਸੁਟਣ ਵਿੱਚ ਕਮਾਯਾਬ ਹੋ ਗਏ। ਪਿੰਡ ਗੁਮਟਾਲਾ ਅਤੇ ਸ਼ਹਿਰ ਦੇ ਇਲਾਕੇ ਇਸ ਕਰਕੇ ਬਚ ਗਏ ਕਿਉਂਕਿ ਇਹ ਬੰਬ ਖੇਤਾਂ ਵਿੱਚ ਡਿੱਗ ਪਏ। ਛੇਹਰਟਾ ਖੇਤਰ ਵਿੱਚ ਪਾਕਿਸਤਾਨ ਦੇ ਫੌਜੀ ਜਹਾਜ਼ ਬੰਬ ਸੁੱਟਣ ਵਿੱਚ ਕਾਮਯਾਬ ਹੋ ਗਏ, ਜਿਸ ਨਾਲ ਕੁਝ ਮੌਤਾਂ ਹੋਈਆਂ ਤੇ ਕੁਝ ਘਰ ਢਹਿ ਗਏ। ਪਾਕਿਸਤਾਨ ਦਾ ਇੱਕ ਲੜਾਕੂ ਜਹਾਜ਼ ਸਾਡੀਆਂ ਗੰਨਾਂ ਨੇ ਡੇਗ ਲਿਆ।

ਜਿੱਥੋਂ ਤੀਕ ਮੇਜਰ ਜਨਰਲ ਹਰਬਖਸ਼ ਸਿੰਘ ਦਾ ਸਬੰਧ ਹੈ, ਉਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਮਾਝੇ ਨੂੰ ਤਬਾਹੀ ਤੋਂ ਬਚਾਅ ਲਿਆ। ਹੋਇਆ ਇੰਜ ਕਿ ਇਸ ਲੜਾਈ ਵਿੱਚ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੀਆਂ ਕਈ ਡਵੀਜ਼ਨਾਂ ਨੇ ਇੱਕ ਵਾਰ ਅਚਾਨਕ ਹਮਲਾ ਕਰ ਦਿੱਤਾ। ਉਸ ਸਮੇਂ ਇਸ ਇਲਾਕੇ ਦੀ ਕਮਾਂਡ ਦੇ ਮੁਖੀ ਉਸ ਸਮੇਂ ਦੇ ਆਪ ਸਨ। ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਖ਼ਤਰਨਾਕਤਾ ਨੂੰ ਵੇਖਦੇ ਹੋਏ ਉਸ ਸਮੇਂ ਦੇ ਭਾਰਤੀ ਫੌਜ ਦੇ ਮੁੱਖੀ ਮਿਸਟਰ ਚੌਧਰੀ ਦਾ ਹੁਕਮ ਆਪ ਨੂੰ ਆਇਆ ਕਿ ਉਹ ਆਪਣੀਆਂ ਫੌਜਾਂ ਨੂੰ ਪਿੱਛੇ ਦਰਿਆ ਬਿਆਸ ਦੇ ਜਲੰਧਰ ਵਾਲੇ ਪਾਸੇ ਲੈ ਆਉਣ।

ਇਸ ਹੁਕਮ ਨੂੰ ਲਾਗੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਸੀ। ਜੇ ਉਹ ਫੌਜ ਨੂੰ ਪਿੱਛੇ ਲੈ ਆਉਂਦੇ ਤੇ ਪਾਕਿਸਤਾਨੀ ਫੌਜਾਂ ਮਾਝੇ ਦੇ ਇਲਾਕੇ ਉੱਪਰ ਕਬਜ਼ਾ ਕਰਕੇ ਇਸ ਨੂੰ ਤਬਾਹ ਕਰ ਦਿੰਦੀਆਂ ਤਾਂ ਸਾਡੇ ਲੋਕਾਂ ਅਤੇ ਧਾਰਮਿਕ ਸਥਾਨਾਂ ਦਾ ਕੀ ਬਣਨਾ ਸੀ? ਜੋ ਕੁਝ 1947 ਵਿੱਚ ਪੰਜਾਬੀਆਂ ਦਾ ਉਜਾੜਾ ਹੋਇਆ, ਜਿਸ ਵਿੱਚ ਦਸ ਲੱਖ ਦੇ ਕਰੀਬ ਲੋਕ ਮਾਰੇ ਗਏ, ਘਰ ਘਾਟ ਛੱਡ ਕੇ ਉਧਰੋਂ ਲੋਕ ਆਏ, ਉਹੋ ਹਾਲਤ ਉਸ ਸਮੇਂ ਮਾਝੇ ਦੇ ਲੋਕਾਂ ਦੀ ਹੋਣੀ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਰਲ ਹਰਬਖਸ਼ ਸਿੰਘ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪਾਕਿਸਤਾਨ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਸਰਹੱਦੀ ਪਿੰਡ ਆਸਲ ਉਤਾੜ ਪਿੰਡ ਨੇੜੇ ਹੋਈ ਲੜਾਈ ਵਿੱਚ ਪਾਕਿਸਤਾਨ ਦੇ ਕਈ ਪੈਟਨ ਟੈਂਕ ਤਬਾਹ ਕਰ ਦਿੱਤੇ ਜਿਸ ਨਾਲ ਲੜਾਈ ਦਾ ਪਾਸਾ ਪਲਟ ਗਿਆ। ਪਾਕਿਸਤਾਨੀ ਰਾਸ਼ਟਰਪਤੀ ਆਯੂਬ ਖ਼ਾਨ ਨੇ ਖੁਦ ਮੰਨਿਆ ਕਿ ਪਾਕਿਸਤਾਨੀ ਫੌਜ ਕਦੇ ਨਾ ਹਾਰਦੀ ਜੇ ਉਸਦੇ ਸਾਹਮਣੇ ਪਰਬਤ ਜਿੱਡੇ ਜਿਗਰ ਵਾਲਾ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸ ਦੀ ਅਗਵਾਈ ਵਿੱਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ। ਇਸ ਲੜਾਈ ਤੋਂ ਬਾਅਦ ਜਨਰਲ ਹਰਬਖਸ਼ ਸਿੰਘ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰੀਆਂ ਤੋਂ ਇਲਾਵਾ ਮੇਰੇ ਸਮੇਤ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਸ਼ਾਮਲ ਹੋਏ।

ਜਦ ਅਸੀਂ ਜਨਰਲ ਹਰਬਖਸ਼ ਸਿੰਘ ਦੀ ਜ਼ਿੰਦਗੀ ’ਤੇ ਝਾਤੀ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਜਨਮ 1 ਅਕਤੂਬਰ 1913 ਈ. ਸੰਗਰੂਰ ਦੇ ਨੇੜੇ ਬਡਰੁੱਖਾਂ ਪਿੰਡ, ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ, ਵਿਖੇ ਇੱਕ ਅਮੀਰ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਡਾ. ਹਰਨਾਮ ਸਿੰਘ ਪਿੰਡ ਦੇ ਪਹਿਲੇ ਅਜਿਹੇ ਵਿਅਕਤੀ ਸਨ, ਜੋ ਡਾਕਟਰ ਬਣੇ।

ਸੰਗਰੂਰ ਦੇ ਰਣਬੀਰ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਕੇ ਹਰਬਖਸ਼ ਸਿੰਘ ਨੇ ਕਾਲਜ ਵਿੱਚ ਦਾਖਲਾ ਲਿਆ। ਉਚੇਰੀ ਪੜ੍ਹਾਈ ਉਨ੍ਹਾਂ ਗੌਰਮਿੰਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਦੀ ਪ੍ਰੀਖਿਆ ਪਾਸ ਕਰਕੇ ਮਾਰਚ 1933 ਵਿੱਚ ਦੇਹਰਾਦੂਨ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਦਾਖਲ ਹੋਏ। 15 ਜੁਲਾਈ 1935 ਨੂੰ ਕਮਿਸ਼ਨ ਦਿੱਤਾ ਗਿਆ ਅਤੇ ਉਨ੍ਹਾਂ ਨੇ ਆਪਣਾ ਕੈਰੀਅਰ ਦੂਜੀ ਬਟਾਲੀਅਨ, ਅਰਗਿਲ ਅਤੇ ਸਦਰਲੈਂਡ ਹਾਈਲੈਂਡਰਜ਼ ਨਾਲ ਇੱਕ ਸਾਲ ਦੇ ਕਮਿਸ਼ਨ ਉਪਰੰਤ ਸ਼ੁਰੂ ਕੀਤਾ। ਫਿਰ ਉਨ੍ਹਾਂ ਨੂੰ ਰਾਵਲਪਿੰਡੀ ਵਿਖੇ ਤਾਇਨਾਤ ਕੀਤਾ ਗਿਆ। ਉਨ੍ਹਾਂ ਨੇ 1935 ਦੀ ਮੁਹੰਮਦ ਮੁਹਿੰਮ ਦੌਰਾਨ ਉੱਤਰ ਪੱਛਮੀ ਸਰਹੱਦ ’ਤੇ ਸੇਵਾ ਨਿਭਾਈ। ਹਾਈਲੈਂਡਰਜ਼ ਨਾਲ ਇੱਕ ਸਾਲ ਦੀ ਸਾਂਝ ਤੋਂ ਬਾਅਦ, ਉਹ 19 ਅਗਸਤ 1936 ਨੂੰ ਔਰੰਗਾਬਾਦ ਵਿਖੇ 5ਵੀਂ ਬਟਾਲੀਅਨ, 11ਵੀਂ ਸਿੱਖ ਰੈਜਮੈਂਟ (ਪਹਿਲਾਂ 47ਵੀਂ ਸਿੱਖ) ਵਿੱਚ ਸ਼ਾਮਲ ਹੋਏ।

ਦੂਜੇ ਵਿਸ਼ਵ ਯੁੱਧ ਸਮੇਂ ਜਨਰਲ ਹਰਬਖਸ਼ ਸਿੰਘ ਉਨ੍ਹਾਂ ਦੀ ਬਟਾਲੀਅਨ ਨੂੰ ਅਪ੍ਰੈਲ 1939 ਵਿਚ ਵਿਦੇਸ਼ ਜਾਣ ਦੀ ਤਿਆਰੀ ਕਰਨ ਦੇ ਆਦੇਸ਼ ਮਿਲੇ। ਕੁਝ ਦਿਨਾਂ ਉਹ ਬਾਅਦ ਸਿੰਗਾਪੁਰ ਪਹੁੰਚ ਗਏ। ਉਹ ਫਿਰ ਇਪੋਹ ਸ਼ਹਿਰ ਚਲੇ ਗਏ, ਜੋ ਉਨ੍ਹਾਂ ਦਾ ਅੰਤਰਿਮ ਸਟੇਸ਼ਨ ਸੀ 5 ਜਨਵਰੀ 1942 ਨੂੰ ਕੁਆਂਤਾਨ ਤੋਂ ਵਾਪਸੀ ਦੇ ਦੌਰਾਨ, ਉਹ ਇੱਕ ਜਾਪਾਨੀ ਹਮਲੇ ਵਿਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦਾ ਇਲਾਜ ਸਿੰਗਾਪੁਰ ਦੇ ਅਲੈਗਜ਼ੈਂਡਰਾ ਹਸਪਤਾਲ ਵਿਚ ਕੀਤਾ ਗਿਆ। ਉਨ੍ਹਾਂ ਨੂੰ 15 ਫਰਵਰੀ 1942 ਨੂੰ ਜੰਗੀ ਕੈਦੀ ਬਣਾ ਲਿਆ ਗਿਆ ਤੇ ਇੰਪੀਰੀਅਲ ਜਾਪਾਨੀ ਆਰਮੀ ਏਅਰ ਸਰਵਿਸ ਨੂੰ ਸੌਂਪ ਦਿੱਤਾ ਗਿਆ। ਉਸ ਦਾ ਭਰਾ ਲੈਫਟੀਨੈਂਟ ਕਰਨਲ ਗੁਰਬਖਸ਼ ਸਿੰਘ ਅਤੇ ਜੀਂਦ ਇਨਫੈਂਟਰੀ ਦੀ ਬਟਾਲੀਅਨ ਉਸ ਦੇ ਨਾਲ ਉਸੇ ਕੈਂਪ ਵਿਚ ਸੀ। ਉਨ੍ਹਾਂ ਨੇ ਜੰਗ ਦੇ ਬਾਕੀ ਸਾਲ ਕਲੂਆਂਗ ਕੈਂਪ ਵਿੱਚ ਇੱਕ ਜੰਗੀ ਫੌਜੀ ਵਜੋਂ ਬਿਤਾਏ। ਉਨ੍ਹਾਂ ਨੂੰ ਸਤੰਬਰ 1945 ਵਿਚ ਦੁਸ਼ਮਣੀ ਖ਼ਤਮ ਹੋਣ ਤੋਂ ਬਾਅਦ ਹੀ ਵਾਪਸ ਭੇਜਿਆ ਗਿਆ ਸੀ।

ਸਾਲ ਦੇ ਅੰਤ ਤੱਕ ਉਹ ਦੇਹਰਾਦੂਨ ਵਿੱਚ ਯੂਨਿਟ ਦੇ ਕਮਾਂਡਰਜ਼ ਕੋਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਅਪ੍ਰੈਲ 1945 ਵਿੱਚ, ਕੈਂਬਲਪੁਰ (ਹੁਣ ਅਟਕ) ਵਿਖੇ 4ਵੀਂ ਬਟਾਲੀਅਨ, 11ਵੀਂ ਸਿੱਖ ਰੈਜੀਮੈਂਟ (4/11 ਸਿੱਖ) ਦੇ ਦੂਜੇ-ਇਨ-ਕਮਾਂਡ ਵਜੋਂ ਤਾਇਨਾਤ ਕੀਤਾ ਗਿਆ। ਫਰਵਰੀ 1947 ਵਿੱਚ ਉਨ੍ਹਾਂ ਨੂੰ ਸਟਾਫ ਕਾਲਜ ਕੋਇਟਾ ਦੇ ਪਹਿਲੇ ਲੰਬੇ ਕੋਰਸ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ।

ਆਜ਼ਾਦੀ ਉਪਰੰਤ ਉਨ੍ਹਾਂ ਨੂੰ ਸਟਾਫ ਕਾਲਜ ਵਿੱਚ ਕੋਰਸ ਪੂਰਾ ਕਰਨ ਤੋਂ ਬਾਅਦ ਜੀਐਸਓ-1 (ਓਪਰੇਸ਼ਨ ਅਤੇ ਸਿਖਲਾਈ), ਈਸਟਰਨ ਕਮਾਂਡ ਵਜੋਂ ਤਾਇਨਾਤ ਕੀਤਾ ਗਿਆ। ਅਕਤੂਬਰ 1947 ਵਿੱਚ ਉਨ੍ਹਾਂ ਨੇ ਬਟਾਲੀਅਨ, ਜਿਸ ਦਾ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ, ਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਜੋ 1948 ਵਿੱਚ ਕਸ਼ਮੀਰ ਦੇ ਆਪਰੇਸ਼ਨ ਦੌਰਾਨ ਮਾਰਿਆ ਗਿਆ ਸੀ, ਦੀ ਕਮਾਂਡ ਕਰਨ ਲਈ ਸਵੈ-ਇੱਛਾ ਨਾਲ ਕੰਮ ਕੀਤਾ; ਹਾਲਾਂਕਿ ਉਹ 161 ਇਨਫੈਂਟਰੀ ਬ੍ਰਿਗੇਡ ਦੇ ਡਿਪਟੀ ਕਮਾਂਡਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ 7 ਨਵੰਬਰ 1947 ਨੂੰ ਸ਼ੈਲਾਤਾਂਗ ਪੁਲ ’ਤੇ ਧਾੜਵੀਆਂ ਵਿਰੁੱਧ ਮੁੱਖ ਲੜਾਈ ਲੜੀ। ਇਹ ਫੈਸਲਾਕੁੰਨ ਲੜਾਈ, ਜਿਸ ਵਿੱਚ ਪਹਿਲੀ ਬਟਾਲੀਅਨ ਸਿੱਖ ਰੈਜਮੈਂਟ ਅਤੇ ਚੌਥੀ ਬਟਾਲੀਅਨ ਕੁਮਾਉਂ ਰੈਜਮੈਂਟ ਸ਼ਾਮਲ ਸੀ, ਯੁੱਧ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ।

12 ਦਸੰਬਰ 1947 ਨੂੰ ਹਰਬਖਸ਼ ਸਿੰਘ ਦੀ ਬਟਾਲੀਅਨ ਨੂੰ ਸ੍ਰੀਨਗਰ ਵਾਪਸ ਲਿਆਂਦਾ। ਲੜਾਈਆਂ ਦੀ ਇੱਕ ਲੜੀ ਤੋਂ ਬਾਅਦ ਇਸ ਬਟਾਲੀਅਨ ਨੇ ਦੁਸ਼ਮਣ ਨੂੰ ਕਸ਼ਮੀਰ ਦੀ ਘਾਟੀ ਵਿੱਚੋਂ ਬਾਹਰ ਕੱਢ ਦਿੱਤਾ। 1948 ਵਿਚ ਉਨ੍ਹਾਂ ਨੂੰ ਬ੍ਰਿਗੇਡੀਅਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਉਨ੍ਹਾਂ ਨੇ ਛੇ ਦਿਨਾਂ ਦੀ ਲੜਾਈ ਲੜ ਕੇ 23 ਮਈ 1948 ਨੂੰ ਟਿੱਥਵਾਲ ਉੱਤੇ ਕਬਜ਼ਾ ਕਰ ਲਿਆ ਗਿਆ। ਉਨ੍ਹਾਂ ਨੂੰ ਬਹਾਦਰੀ ਲਈ ਪਦਮ ਵਿਭੂਸ਼ਣ ਜੋ ਕਿ ਭਾਰਤ ਰਤਨ ਤੋਂ ਹੇਠਲੇ ਦਰਜੇ ਦਾ ਹੈ, ਪਦਮ ਭੂਸ਼ਣ ਅਤੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ

ਜਨਰਲ ਹਰਬਖਸ਼ ਸਿੰਘ 14 ਨਵੰਬਰ 1999 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿਚ ਹਰ ਸਾਲ ਸਮਾਗਮ ਹੁੰਦੇ ਹਨ। ਉਨ੍ਹਾਂ ਦਾ 111 ਵਾਂ ਜਨਮ ਦਿਨ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਹਾਲ ਮਨਾਇਆ ਗਿਆ, ਜਿਸ ਵਿਚ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇ। ਸਮੂਹ ਦੇਸ਼ ਵਾਸੀਆਂ ਅਤੇ ਰਾਜਨੀਤਕ ਪਾਰਟੀਆਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਮੰਗ ਦੀ ਹਮਾਇਤ ਕਰਨੀ ਚਾਹੀਦੀ ਹੈ।

ਜਨਰਲ ਹਰਬਖਸ਼ ਸਿੰਘ ਦੀ ਜੀਵਨੀ ਬਾਰੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪੁਸਤਕ ‘ਪੰਜਾਬ ਤੇ ਕਸ਼ਮੀਰ ਦਾ ਰਾਖਾ, ਜਨਰਲ ਹਰਬਖ਼ਸ਼ ਸਿੰਘ’ ਲਿਖੀ ਹੈ ਜੋ ਕਿ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤੀ ਹੈ। ਇਹ ਪੁਸਤਕ ਹਰ ਭਾਰਤੀ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5449)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

WhatsApp: (91 - 94175 - 33060)
Email: (gumtalacs@gmail.com)