“ਪਰ ਉਹ ਵਿਦਿਆਰਥੀ ਇੰਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ...”
(6 ਜਨਵਰੀ 2017)
ਕਾਲਜ ਦੇ ਵਿਦਿਆਰਥੀਆਂ ਨੇ ਅਚਾਨਕ ਅਨੰਦਪੁਰ ਸਾਹਿਬ ਦੀ ਵਿੱਦਿਅਕ ਯਾਤਰਾ ਦਾ ਮਨ ਬਣਾਇਆ ਤੇ ਮੈਨੂੰ ਅਧਿਆਪਕ ਦੀ ਹੈਸੀਅਤ ਵਿਚ ਨਾਲ ਜਾਣ ਲਈ ਆਖਿਆ। ਮੈਂ ਖ਼ੁਦ ਨੂੰ ਰੋਕ ਨਾ ਸਕਿਆ। ਤੈਅ ਹੋਏ ਦਿਨ ਅਸੀਂ ਦੋ ਅਧਿਆਪਕ ਅਤੇ ਦਰਜਣ ਕੁ ਵਿਦਿਆਰਥੀ ਟੈਂਪੂ ਟ੍ਰੈਵਲਰ ਵਿਚ ਸਵਾਰ ਹੋਏ ਤੇ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ। ਗੱਡੀ ਦੇ ਸਟਾਰਟ ਹੁੰਦਿਆਂ ਹੀ ਵਿਦਿਆਰਥੀਆਂ ਨੇ ਉੱਚੀ ਦੇਣੀ “ਬੋਲੇ ਸੋ ਨਿਹਾਲ” ਦਾ ਜੈਕਾਰਾ ਗਜਾਇਆ। ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਜੈਕਾਰਾ ਹੀ ਗਜਾਇਆ ਜਾ ਸਕਦਾ ਹੈ।
ਸੋਚ ਹੀ ਰਿਹਾ ਸੀ ਕਿ ਅਚਾਨਕ ਕੰਨਾਂ ਵਿਚ ਠੁੱਲ਼ਲ਼ ਠੁੱਲ਼ਲ਼ ਦਾ ਸ਼ੋਰ ਪੈਣਾ ਸ਼ੁਰੂ ਹੋ ਗਿਆ। ਚੌਂਕ ਕੇ ਦੇਖਿਆ ਤਾਂ ਡਰਾਇਵਰ ਦੇ ਬਰਾਬਰ ਦੀ ਸੀਟ ’ਤੇ ਬੈਠੇ ਵਿਦਿਆਰਥੀ ਨੇ ਟ੍ਰੈਵਲਰ ਵਿਚ ਫਿੱਟ ਕੀਤੇ ਡੈੱਕ ਵਿਚ ਪੈੱਨ ਡਰਾਇਵ ਤੁੰਨ ਦਿੱਤੀ ਸੀ। ਗਾਣਾ ਸੀ “ਮਿਤਰਾਂ ਨੂੰ ਸ਼ੌਕ ਹਥਿਆਰਾਂ ਦਾ।” ਮੈਂ ਚੁੱਪ ਰਿਹਾ। ਅਗਲਾ ਗਾਣਾ ਸ਼ੁਰੂ ਹੋਇਆ ਤਾਂ ਬੋਲ ਕੰਨੀ ਪਏ, “ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ।” ਮੇਤੋਂ ਰਿਹਾ ਨਾ ਗਿਆ। ਸਖ਼ਤੀ ਨਾਲ ਡਰਾਇਵਰ ਨੂੰ ਡੈੱਕ ਬੰਦ ਕਰਨ ਲਈ ਆਖ ਦਿੱਤਾ। ਗੱਡੀ ਵਿਚ ਇਕ ਦਮ ਚੁੱਪ ਪਸਰ ਗਈ।
ਕੁਝ ਦੂਰ ਗਏ ਤਾਂ ਇਕ ਢਾਬੇ ’ਤੇ ਚਾਹ ਪੀਣ ਲਈ ਰੁਕੇ। ਵਾਪਸ ਗੱਡੀ ਵਿਚ ਪੈਰ ਰੱਖਿਆ ਤਾਂ ਡਰਾਇਵਰ ਨੇ ਫਿਰ ਡੈੱਕ ਲਗਾ ਦਿੱਤਾ। ਇਸ ਵਾਰ ਗਾਣਾ “ਠਾਹ-ਠਾਹ” ਦੀ ਅਵਾਜ਼ ਨਾਲ ਸ਼ੁਰੂ ਹੋਇਆ। ਬੋਲ ਸਨ, “ਮੁੱਕ ਗਈ ਪੇਟੀ ਰੌਂਦਾ ਵਾਲੀ, ਗੱਡੀ ਵਿਚ ਪਈ ਏਕੇ ਸੰਤਾਲ਼ੀ, ਜੇ ਲੋੜ ਪਈ ਤਾਂ ਵਰਤਾਂਗੇ।” ਮੈਂ ਫਿਰ ਉੱਠਿਆ ਤੇ ਇਸ ਬਾਰ ਡੈੱਕ ਵਿੱਚੋਂ ਝਟਕੇ ਨਾਲ਼ ਪੈੱਨ ਡਰਾਇਵ ਹੀ ਕੱਢ ਲਈ।
ਗੱਡੀ ਤੁਰੀ ਤਾਂ ਵਿਦਿਆਰਥੀ ਬਹੁਤ ਹੀ ਹਲੀਮੀ ਨਾਲ ਪੈੱਨ ਡਰਾਇਵ ਦੀ ਮੰਗ ਕਰਨ ਲੱਗੇ। ਮੈਂ ਘੱਟ ਅਵਾਜ਼ ਵਿਚ ਚੰਗੇ ਗਾਣੇ ਲਗਾਉਣ ਦੀ ਤਾਕੀਦ ਕਰਕੇ ਪੈੱਨ ਡਰਾਇਵ ਵਾਪਸ ਕਰ ਦਿੱਤੀ। ਮੈਂ ਹੈਰਾਨ ਹੋਇਆ ਕਿ ਇਸ ਬਾਰ ਗਾਣੇ ਦੇ ਬੋਲ ਸੰਨ, “ਤੇਰੇ ਕਰਕੇ ਲੈ ਲਈ ਦੇਸੀ ਗੰਨ, ਮੈਂ ਕਰਾ ਦਊਂਗਾ ਧੰਨ ਧੰਨ, ਫ਼ੂਕ ਦਊਂਗਾ ਸਾਲ਼ਾ ਆਇਆ ਜੋ ਪਿਆਰ ਵਿਚ।” ਗੁੱਸੇ ਵਿਚ ਮੈਂ ਯਕਲਖ਼ਤ ਗਾਣਾ ਸਕਿੱਪ ਕਰਨ ਲਈ ਆਖਿਆ ਤਾਂ ਵਿਦਿਆਰਥੀ ਨੇ ਅਗਲਾ ਗਾਣਾ ਲਗਾਇਆ। ਇਸਦੇ ਬੋਲ ਸਨ, “ਦੇਸੀ ਗੰਨ ਜਿਹਾ ਲਲਕਾਰਾ ਜੱਟ ਦਾ।”
ਮੈਂ ਆਪਣੀ ਜ਼ਿੰਮੇਦਾਰੀ ਦਾ ਵਾਸਤਾ ਪਾਇਆ ਅਤੇ ਗਾਣੇ ਬੰਦ ਕਰਨ ਲਈ ਆਖਿਆ ਤਾਂ ਵਿਦਿਆਰਥੀ ਮੇਰੀ ਗੱਲ ਮੰਨ ਗਏ। ਪਰ, ਮਾਯੂਸ ਜਿਹੇ ਹੋ ਕੇ ਚੁੱਪ ਚਾਪ ਬੈਠ ਗਏ, ਜਿਵੇਂ ਉਨ੍ਹਾਂ ਦੇ ਦਿਲ ਬੁਝ ਗਏ ਹੋਣ ਜਾਂ ਬਹੁਤ ਅੱਕੇ ਅਤੇ ਥੱਕੇ ਹੋਏ ਹੋਣ। ਇੱਕ ਬਾਰ ਫਿਰ ਗੱਡੀ ਵਿਚ ਚੁੱਪ ਫ਼ੈਲ ਗਈ।
ਗੱਡੀ ਤੇਜ਼ ਰਫ਼ਤਾਰ ਜਾ ਰਹੀ ਸੀ। ਅਸੀਂ ਸਾਰੇ ਖਿੜਕੀਆਂ ਵਿੱਚੋਂ ਬਾਹਰ ਝਾਕਣ ਲੱਗੇ। ਨਿੱਕੀਆਂ ਨਿੱਕੀਆਂ ਪਹਾੜੀਆਂ ’ਤੇ ਉੱਗੇ ਵੰਨਸੁਵੰਨੇ ਰੁੱਖਾਂ ਦੀ ਹਰਿਆਲੀ ਦੇ ਸੁੰਦਰ ਦ੍ਰਿਸ਼ ਆਕਰਸ਼ਿਤ ਕਰ ਰਹੇ ਸਨ। ਪਹਾੜੀਆਂ ’ਤੇ ਚੜ੍ਹੀਆਂ ਵੇਲਾਂ, ਚਰਦੀਆਂ ਬੱਕਰੀਆਂ, ਚਰਵਾਹੇ, ਤੇ ਨਿੱਕੀਆਂ ਨਿੱਕੀਆਂ ਝੌਂਪੜੀਆਂ ਵਿੱਚੋਂ ਪਿਆਰ ਭਰੇ ਸੱਦੇ ਆਉਂਦੇ ਪ੍ਰਤੀਤ ਹੋ ਰਹੇ ਸਨ। ਵਲ਼ ਵਲ਼ੇਵੇਂ ਖਾਂਦੀ ਸੜਕ ਦੇ ਆਸ ਪਾਸ ਉੱਗੀ ਵਣ ਬੂਟੀ ਅਜੀਬ ਜਿਹੇ ਢੰਗ ਨਾਲ ਸਭ ਦੇ ਮਨ ਮੋਹ ਰਹੀ ਸੀ। ਅਚਾਨਕ ਇੱਕ ਲੜਕੀ ਨੇ ਚੀਕ ਕੇ ਕਿਹਾ, “ਬਾਂਦਰ।” ਲੱਗਿਆ ਜਿਵੇਂ ਬਾਂਦਰ ਗੱਡੀ ਵਿਚ ਆ ਵੜਿਆ ਹੋਵੇ। ਪਰ ਕੀ ਦੇਖਿਆ ਕਿ ਟ੍ਰੈਵਲਰ ਦੇ ਸਾਹਮਣੇ ਬਾਂਦਰਾਂ ਦੀ ਭੀੜ ਇਵੇਂ ਹੁੜਦੰਗ ਮਚਾ ਰਹੀ ਸੀ, ਜਿਵੇਂ ਕਿਤੇ ਪੰਜਾਬੀਆਂ ਦੀ ਬਰਾਤ ਉੱਤਰੀ ਹੋਵੇ। ਦਰਅਸਲ ਲੜਕੀਆਂ ਨੇ ਇੰਨੇ ਬਾਂਦਰ ਇਕੱਠੇ ਪਹਿਲੀ ਵਾਰ ਦੇਖੇ ਸਨ। ਡਰਾਇਵਰ ਨੇ ਬੜੀ ਭਿਆਨਕ ਕਿਸਮ ਦੇ ਹੌਰਨ ਬਜਾਏ ਤੇ ਬਾਂਦਰ ਤਿਤਰ ਬਿਤਰ ਹੋਏ। ਮੈਂ ਡਰਾਇਵਰ ਨੂੰ ਪੁੱਛਿਆ ਕਿ ਉਸਨੇ ਇੰਨਾ ਭਿਆਨਕ ਹੌਰਨ ਕਿਉਂ ਲਗਵਾਇਆ ਹੈ। ਉਸਨੇ ਦੱਸਿਆ ਇਸ ਤੋਂ ਘੱਟ ਹੌਰਨ ਦੀ ਬਾਂਦਰ ਪਰਵਾਹ ਹੀ ਨਹੀਂ ਕਰਦੇ। ਮੈਂ ਜਵਾਬ ਸੁਣਕੇ ਹੱਕਾ ਬੱਕਾ ਰਹਿ ਗਿਆ ਤੇ ਸੋਚਣ ਲਈ ਮਜਬੂਰ ਹੋ ਗਿਆ ਕਿ ਸੜਕਾਂ ’ਤੇ ਸਿਰਫ਼ ਬਾਂਦਰ ਹੀ ਚੜ੍ਹਦੇ ਹਨ?
ਸੋਚਦੇ ਸੋਚਦੇ, ਅਧਿਆਪਕ ਸਾਥੀ ਅਤੇ ਮੈਂ ਗੱਲਾਂ ਵਿਚ ਰੁੱਝ ਗਏ। ਅਚਾਨਕ ਮੈਂ ਦੇਖਿਆ ਕਿ ਵਿਦਿਆਰਥੀ ਵੀ ਗੱਲਾਂ ਵਿਚ ਮਸਤ ਸਨ। ਕੁਝ ਦੇਰ ਚੁੱਪ ਕਰਕੇ ਧਿਆਨ ਨਾਲ ਸੁਣਿਆ ਤਾਂ ਉਹ ਬੜੀ ਉਤਸੁਕਤਾ ਨਾਲ ਇਕ ਦੂਜੇ ਦੇ ਨੇੜੇ ਹੁੰਦਿਆਂ ਆਪੋ ਵਿਚ ਜਗਿਆਸਾ ਵਧਾ ਰਹੇ ਸਨ। ਕੋਈ ਆਪਣੇ ਘਰ ਦੇ ਮੈਂਬਰਾਂ ਦੇ ਸੁਭਾਅ ਬਾਬਤ ਗੱਲਾਂ ਕਰ ਰਿਹਾ ਸੀ। ਕੋਈ ਚੁਟਕਲੇ ਸੁਣਾ ਰਿਹਾ ਸੀ। ਕੋਈ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਸੀ। ਕੋਈ ਵੈਸੇ ਹੀ ਮਨੋਰੰਜਕ ਕਹਾਣੀਆਂ ਬਣਾ ਰਿਹਾ ਸੀ। ਕੋਈ ਕਿਸੇ ਦੀਆਂ ਨਕਲਾਂ ਲਾਹ ਰਿਹਾ ਸੀ। ਕੋਈ ਭਵਿੱਖ ਦੀਆਂ ਸਕੀਮਾਂ ਸਾਂਝੀਆਂ ਕਰ ਰਿਹਾ ਸੀ। ਗੱਲ ਕੀ ਸਾਰੇ ਵਿਦਿਆਰਥੀ ਆਪਸ ਵਿਚ ਮਸਰੂਫ਼ ਸਨ ਅਤੇ ਇਕ ਦੂਜੇ ਦੀ ਨੇੜਤਾ ਦੇ ਅਹਿਸਾਸ ਦਾ ਖ਼ੂਬ ਲੁਤਫ਼ ਲੈ ਰਹੇ ਸਨ। ਇਸ ਲੁਤਫ਼ ਵਿਚ ਕਿਤੇ ਕਿਤੇ ਸੂਖਮ ਜਿਹੇ ਮੁਹੱਬਤੀ ਡੋਰੇ ਵੀ ਸੁੱਟੇ, ਬੋਚੇ ਅਤੇ ਲੋਚੇ ਜਾ ਰਹੇ ਸਨ। ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਡੈੱਕ ਨਹੀਂ ਲੱਗਾ ਹੋਇਆ।
ਗੱਲਾਂ ਗੱਲਾਂ ਵਿਚ ਹੀ ਅਨੰਦਪੁਰ ਸਾਹਿਬ ਪਹੁੰਚ ਗਏ। ਹੇਠਾਂ ਉੱਤਰੇ। ਜੋੜੇ ਜਮ੍ਹਾਂ ਕਰਾਏ। ਹੱਥ ਸੁੱਚੇ ਕੀਤੇ। ਯਥਾਸ਼ਕਤ ਦੇਗ ਦੀ ਪਰਚੀ ਕਟਾਈ। ਦੇਗ ਲਈ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਕੁਝ ਪਲ ਮਨੋਹਰ ਕੀਰਤਨ ਦਾ ਅਨੰਦ ਮਾਣਿਆ। ਸੰਗਤ ਦਾ ਠਾਠ ਦੇਖਿਆ। ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ। ਬਾਹਰ ਆਏ ਅਤੇ ਅਨੰਦਪੁਰ ਸਾਹਿਬ ਦੇ ਪਹਾੜੀ ਅਤੇ ਮੈਦਾਨੀ ਚੌਗਿਰਦੇ ਦੇ ਰਮਣੀਕ ਦੀਦਾਰ ਕਰਦਿਆਂ ਮਨ ਖਿੜ ਗਿਆ।
ਰੁਹਾਨੀ ਫ਼ਿਜ਼ਾ ਨਾਲ ਲਬਰੇਜ਼, ਅਸੀਂ ਬਾਜ਼ਾਰ ਚਲੇ ਗਏ। ਇੱਕ ਵੱਡੀ ਦੁਕਾਨ ਵਿੱਚੋਂ ਕੜੇ ਦੀ ਮੰਗ ਕੀਤੀ ਤਾਂ ਦੁਕਾਨਦਾਰ ਨੇ ਗਰਾਰੀਦਾਰ ਕੜਾ ਦਿਖਾਇਆ। ਮੈਂ ਆਖਿਆ ਕਿ ਮੈਂ ਕੜਾ ਮੰਗਿਆ ਹੈ ਸਾਇਕਲ ਦਾ ਫ਼ਲਾਇਵੀਲ ਨਹੀਂ। ਫਿਰ ਉਸਨੇ ਅਜਿਹਾ ਕੜਾ ਦਿਖਾਇਆ, ਜਿਸਨੂੰ ਕੇਵਲ ਭਲਵਾਨ ਹੀ ਪਹਿਨ ਸਕਦੇ ਹਨ ਜਾਂ ਫਿਰ ਸਕੂਲਾਂ ਕਾਲਜਾਂ ਦੇ ਉਹ ਦੰਗਈ ਮੁੰਡੇ, ਜਿਨ੍ਹਾਂ ਨੇ ਝਗੜੇ ਦੇ ਬਹਾਨੇ ਕਿਸੇ ਦਾ ਸਿਰ ਪਾੜਨਾ ਹੋਵੇ। ਮੇਰੀ ਚਾਹਤ ਵਾਲੇ ਕੜੇ ਬਾਬਤ ਉਸਨੇ ਆਖਿਆ, ”ਹੁਣ ਬਣਨੇ ਹੀ ਬੰਦ ਹੋ ਗਏ ਹਨ।” ਮੇਰੀ ਪਸੰਦ ਦਾ ਕੰਘਾ ਵੀ ਮੈਨੂੰ ਕਿਤੋਂ ਨਾ ਮਿਲਿਆ।
ਅਚਾਨਕ ਮੇਰਾ ਧਿਆਨ ਗਿਆ ਕਿ ਹਰ ਦੁਕਾਨ ਵਿਚ ਰਿਵੌਲਵਰਾਂ ਤੇ ਗੰਨਾਂ ਦੀ ਭਰਮਾਰ ਹੈ। ਪੁੱਛਣ ’ਤੇ ਪਤਾ ਲੱਗਾ ਕਿ ਅੱਜਕਲ ਬੱਚੇ ਨਿਸ਼ਾਨੇਬਾਜ਼ੀ ਸਿੱਖਣ ਦੇ ਬਹੁਤ ਸ਼ੌਕੀਨ ਹਨ। ਦੁਕਾਨਾਂ ਵਿਚ ਧਾਤ ਦੇ ਨਿੱਕੇ ਨਿੱਕੇ ਪਤਲੇ ਜਿਹੇ ਡੰਡੇ ਪਏ ਦੇਖੇ ਤਾਂ ਦੱਸਿਆ ਗਿਆ ਕਿ ਉਹ ਡੰਡੇ ਨਹੀਂ, ਬਲਕਿ ਡੰਡਿਆਂ ਦੇ ਭੇਸ ਵਿਚ ਤਿੱਖੀਆਂ ਤੇਜ਼ ਕਿਰਚਾਂ ਹਨ। ਇਹ ਤਾਂ ਕੋਈ ਨਿਸ਼ਾਨਾ ਸਾਧਣ ਦੇ ਕੰਮ ਵੀ ਨਹੀਂ ਆਉਂਦੀਆਂ। ਮੈਂ ਦੇਖਿਆ ਕਿ ਗਾਤਰੇ ਵਾਲੀਆਂ ਨਿੱਕੀਆਂ ਕਿਰਪਾਨਾਂ ਨਾਮਾਤਰ ਹੀ ਸਨ। ਇਕ ਦੁਕਾਨ ਦੇਖ, ਦੂਜੀ ਦੇਖ। ਸਭ ਦੁਕਾਨਾਂ “ਪੰਜਾਬੀ ਮਿੱਤਰਾਂ” ਨੂੰ ਪਏ ਹਥਿਆਰਾਂ ਦੇ ਗੁੰਡਈ ਸ਼ੌਂਕ ਦੀ ਗਵਾਹੀ ਭਰਦੀਆਂ ਸਨ।
ਮੈਨੂੰ ਟ੍ਰੈਵਲਰ ਵਿਚ ਸੁਣੇ ਗਾਣਿਆਂ ਦੀ ਸਮਝ ਪਈ ਤੇ ਨਾਲ ਹੀ ਕੁਝ ਦਿਨ ਪਹਿਲਾਂ ਅਖ਼ਬਾਰ ਵਿਚ ਪੜ੍ਹੀ ਖ਼ਬਰ ਚੇਤੇ ਆਈ ਕਿ ਕਿਵੇਂ ਬਟਾਲ਼ੇ ਦੇ ਮੈਰਿਜ ਪੈਲਸ ਵਿਚ ਇਕ ਸਕੂਲ ਅੀਧਆਪਕਾ ਨੂੰ ਉਸਦੇ ਪੁੱਤ ਅਤੇ ਪਤੀ ਦੀਆਂ ਨਜ਼ਰਾਂ ਦੇ ਸਾਹਮਣੇ, ਦੋ ਬਰਾਤੀ ਜਾਂ ਮੇਲ਼ ਵਿਚ ਆਏ ਮੁੰਡਿਆਂ ਜਾਂ ਗੁੰਡਿਆਂ ਨੇ ਰਿਵੌਲਵਰ ਨਾਲ ਚਿੱਤ ਕਰ ਦਿੱਤਾ ਸੀ, ਕਿਉਂਕਿ ਉਹ ਅਧਿਆਪਕਾ ਉਨ੍ਹਾਂ “ਮਿੱਤਰਾਂ” ਨਾਲ ਡੀਜੇ ’ਤੇ ਲੱਗੇ “ਹਥਿਆਰਾਂ ਦੇ ਸ਼ੌਂਕ” ਵਿਚ (ਟ੍ਰੈਵਲਰ ਸਾਹਮਣੇ ਅਚਾਨਕ ਆਏ ਬਾਂਦਰਾਂ ਜਿਹਾ) ਹੁੜਦੰਗ ਮਚਾਉਣ ਵਿਚ ਸ਼ਰੀਕ ਨਹੀਂ ਸੀ ਹੋਈ। ਸ਼ਾਇਦ ਉਸ ਨੂੰ ਆਪਣੇ ਪੁੱਤ, ਪਤੀ ਅਤੇ ਪੱਤ ਦੀ ਸ਼ਰਮ ਲਿਹਾਜ਼ ਪਾਲਣ ਦੀ ਸਜ਼ਾ ਦੇ ਦਿੱਤੀ ਗਈ।
ਵਾਪਸੀ ’ਤੇ ਉਹੀ ਇੱਕ ਵਿਦਿਆਰਥੀ ਮੇਰੇ ਕੋਲ਼ ਆਇਆ ਤੇ ਆਜ਼ਜ਼ੀ ਵਿਚ ਡੈੱਕ ਵਜਾਉਣ ਦੀ ਆਗਿਆ ਮੰਗਣ ਲੱਗਾ। ਮੈਂ ਆਖਿਆ ਕਿ ਉਹ ਮੈਨੂੰ ਇਜਾਜ਼ਤ ਦੇ ਦੇਵੇ ਤੇ ਮੈਂ ਉਸਨੂੰ ਆਗਿਆ ਦੇ ਦੇਵਾਂਗਾ। ਉਸਨੇ ਪੁੱਛਿਆ ਕਿ ਕਾਹਦੀ ਇਜਾਜ਼ਤ ਸਰ? ਮੈਂ ਆਖਿਆ ਕਿ ਮੈਂ ਬੱਸ ਵਿਚ ਵਾਪਸ ਚਲਿਆ ਜਾਂਦਾ ਹਾਂ, ਤੁਸੀਂ ਮਨ ਮਰਜ਼ੀ ਕਰਦੇ ਆਇਉ। ਪਰ ਉਹ ਵਿਦਿਆਰਥੀ ਇੰਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ਵਾਪਸ ਜਾ ਲੈਣ ਦੇਣ ਲਈ ਰਾਜ਼ੀ ਹੋ ਜਾਂਦਾ। ਅਸੀਂ ਟ੍ਰੈਵਲਰ ਵਿਚ ਸਵਾਰ ਹੋਏ। ਸਾਰੇ ਵਿਦਿਆਰਥੀ ਆਪੋ ਵਿਚ ਘੁਲਣ ਮਿਲਣ ਦਾ ਲੁਤਫ਼ ਲੈਂਦੇ ਵਾਪਸ ਪਰਤੇ।
ਅਗਲੇ ਦਿਨ ਕਲਾਸ ਵਿਚ ਗੱਲਾਂ ਕਰਦਿਆਂ ਵਿਦਿਆਰਥੀਆਂ ਨੇ ਖਿਮਾਂ ਮੰਗੀ ਤੇ ਆਖਿਆ ਕਿ ਜੇ ਉਹ ਡੈੱਕ ਸੁਣਦੇ ਰਹਿੰਦੇ ਤਾਂ ਸ਼ਾਇਦ ਇੱਕ ਦੂਜੇ ਨਾਲ ਇੰਨਾ ਭਿੱਜ ਨਾ ਸਕਦੇ।
*****
(553)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)