“ਉਹ ਹਰ ਰੋਜ਼ ਵੱਡੇ ਤੜਕੇ, ਵੱਡੇ ਘਰ ਵਿਚ ਕਿਸੇ ਵੱਡੇ ਬੰਦੇ ਦੀ ਲੱਤ ਹੇਠੋਂ ਲੰਘ ਕੇ ਸਾਰਾ ਦਿਨ ...”
(23 ਦਸੰਬਰ 2016)
ਬੜੀ ਪੁਰਾਣੀ ਗੱਲ ਹੈ। ਮੈਂ ਪਿਤਾ ਜੀ ਨਾਲ ਨਵਾਂਸ਼ਹਿਰ ਦੇ ਨਜ਼ਦੀਕ ਹਿਆਲ਼ੇ ਦਾ ਜੋੜ ਮੇਲਾ ਦੇਖਣ ਜਾ ਰਿਹਾ ਸੀ। ਸਾਡੇ ਕੋਲੋਂ ਰੇਲ ਗੱਡੀ ਲੰਘੀ, ਜੋ ਨੱਕੋ-ਨੱਕ ਭਰੀ ਹੋਈ ਸੀ। ਬਹੁਤ ਸਾਰੇ ਲੋਕ ਡੱਬਿਆਂ ਦੇ ਉੱਪਰ ਵੀ ਚੜ੍ਹੇ ਹੋਏ ਸਨ। ਪਿਤਾ ਜੀ ਨੇ ਦੇਖਿਆ ਤੇ ਕਿਹਾ, “ਸਭ ਬਟੌਟ।” ਮੈਂ ਪੁੱਛਿਆ, “ਬਟੌਟ ਕੀ ਹੁੰਦਾ?” ਕਹਿੰਦੇ, “ਜਿਹੜੇ ਟਿਕਟ ਨਹੀਂ ਲੈਂਦੇ।” ਇਹ ਗੱਲ ਸਮਝ ਆ ਗਈ ਪਰ ‘ਬਟੌਟ’ ਦੇ ਅਰਥ ਦਾ ਦਸਵੀਂ ਵਿਚ ਜਾ ਕੇ ਪਤਾ ਲੱਗਾ ਕਿ ਉਹ ‘ਵਿਦਾਊਟ’ ਨੂੰ ‘ਬਟੌਟ’ ਕਹਿ ਰਹੇ ਸਨ। ਉਹ ਬੜਾ ਕਮ ਖ਼ਰਚ ਜ਼ਮਾਨਾ ਸੀ, ਜਿਸ ਕਰਕੇ ਲੋਕ ਟਿਕਟ ਲੈਣ ਤੋਂ ਟਾਲ਼ਾ ਵੱਟਦੇ ਸਨ।
ਪਰ ਹੁਣ ਕਮ ਖ਼ਰਚੀ ਦਾ ਨਹੀਂ, ਖ਼ਪਤਕਾਰੀ ਅਤੇ ਖ਼ਰਚਦਾਰੀ ਦਾ ਜ਼ਮਾਨਾ ਹੈ। ਪੁਰਾਣੇ ਸਮਿਆਂ ਵਿਚ ਨਵੀਂ ਹੱਟੀ ਨੂੰ ਕਈ ਕਈ ਸਾਲ ਚੱਟੀ ਭਰਨੀ ਪੈਂਦੀ ਸੀ। ਇਕ ਦਮ ਖੱਟੀ ਨਹੀਂ ਸੀ ਹੁੰਦੀ। ਪਰ ਹੁਣ ਜਦ ਵੀ ਕੋਈ ਨਵਾਂ ਅਤੇ ਵੱਡਾ ਮਾਲ ਖੁੱਲ੍ਹਦਾ ਹੈ ਤਾਂ ਪੁਰਾਣਾ ਫੇਲ ਹੋ ਜਾਂਦਾ ਹੈ ਤੇ ਨਵਾਂ ਮਾਲਾ ਮਾਲ ਹੋ ਜਾਂਦਾ ਹੈ, ਜਿੱਥੇ ਰੱਜੇ ਹੋਏ ਲੋਕ ਹੀ ਜਾਂਦੇ ਹਨ ਅਤੇ ਰੱਜ ਰੱਜ ਕੇ ਆਉਂਦੇ ਹਨ।
ਹੁਣ ਕੋਈ ‘ਬਟੌਟ’ ਨਹੀਂ, ਸਭ ਟਿਕਟ ਕਟਾ ਕੇ ਸਫ਼ਰ ਕਰਦੇ ਹਨ। ਸ਼ਾਇਦ ਇਸੇ ਕਰਕੇ ਸਾਡੀ ਰਾਜਨੀਤੀ ਟਿਕਟ ਕੇਂਦਰਿਤ ਹੋ ਗਈ ਹੈ। ਉਹ ਵੀ ਦਿਨ ਸਨ ਜਦ ਸਾਡੀ ਦੇਸ ਦੀ ਰਾਜਨੀਤੀ ਵਿਚ ਵਰਕਰਾਂ ਦੀ ਭਰਮਾਰ ਹੁੰਦੀ ਸੀ, ਜੋ ਕਿਸੇ ਅਜਿਹੇ ਬੰਦੇ ਦੇ ਬੰਦੇ ਹੁੰਦੇ ਸਨ, ਜੋ ਅੱਗੋਂ ਕਿਸੇ ਪਾਰਟੀ ਦਾ ਬੰਦਾ ਹੁੰਦਾ ਸੀ ਅਤੇ ਪਾਰਟੀ ਦੇ ਕੋਈ ਵਿਚਾਰ ਅਤੇ ਅਸੂਲ ਹੁੰਦੇ ਸਨ। ਹੁਣ ਨਾ ਕਿਸੇ ਪਾਰਟੀ ਦਾ ਅਸੂਲ ਹੈ ਨਾ ਕਿਸੇ ਬੰਦੇ ਦਾ ਤੇ ਨਾ ਕਿਸੇ ਵਰਕਰ ਦਾ।
ਕਿਸੇ ਵੀ ਇਲਾਕੇ, ਹਲਕੇ ਜਾਂ ਪਾਰਟੀ ਦਾ ਕੋਈ ਇਕ ਹੀ ਚੌਧਰੀ ਹੁੰਦਾ ਹੈ। ਕੋਈ ਹੋਰ ਚੌਧਰ ਘੋਟਣ ਦੀ ਕੋਸ਼ਿਸ਼ ਕਰੇ ਤਾਂ ਬਊ ਬਊ ਕਰਕੇ ਹਲਕੇ ਵਿੱਚੋਂ ਬਾਹਰ ਕਰ ਦਿੰਦੇ ਹਨ। ਜੇ ਕਿਸੇ ਨਵੇਂ ਚੌਧਰੀ ਨੂੰ ਪੁਰਾਣਾ ਚੌਧਰੀ ਹਲਕੇ ਵਿੱਚੋਂ ਬਾਹਰ ਨਾ ਕੱਢ ਸਕੇ ਤਾਂ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਹਨ ਕਿ ਇਹ ਹੁਣ ਕੀ ਕਰੂਗਾ, ਟਿਕਟ ਤਾਂ ਇਕ ਨੂੰ ਹੀ ਮਿਲਣੀ ਹੈ। ਦੂਸਰੇ ਲੋਕ ਹੱਲ ਦੱਸਦੇ ਹਨ ਕਿ ਇਸ ਨੂੰ ਕਿਤੇ ਹੋਰ ਥਾਂ ’ਤੇ ਅਡਜਸਟ ਕਰ ਦੇਣਗੇ। ਕਿਤੇ ਚੇਅਰ ਚੂਅਰਮੈਨ ਲਗਾ ਦੇਣਗੇ।
ਸੱਚਮੁੱਚ ਜਿਹੜੇ ਵੱਡੇ ਅਤੇ ਅਸਲ ਚੌਧਰੀ ਹਨ, ਉਹ ਟਿਕਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ ਜਾਂ ਜਿਹੜੇ ਕਿਸੇ ਨਾ ਕਿਸੇ ਹੀਲੇ ਵਸੀਲੇ ਟਿਕਟ ਹਥਿਆ ਲੈਂਦੇ ਹਨ, ਉਹੀ ਅਸਲ ਅਤੇ ਵੱਡੇ ਚੌਧਰੀ ਗਿਣੇ ਜਾਂਦੇ ਹਨ। ਅੱਵਲ ਦਰਜੇ ਦੇ ਟਿਕਟੂ ਚੌਧਰੀ ਪਾਰਲੀਮੈਂਟ ਜਾਂ ਅਸੈਂਬਲੀ ਦਾ ਨਿੱਘ ਮਾਣਦੇ ਹਨ ਤੇ ਦੋਮ, ਤਿੜਕ ਅਤੇ ਮਨੂਰ ਚੌਧਰੀ ਚੇਅਰਮੈਨੀਆਂ ਦੀ ਛਾਂ ਹੇਠ ਜਾ ਬੈਠਦੇ ਹਨ।
ਥੈਲ਼ੀਆਂ ਵੱਟੇ ਲਈ ਟਿਕਟ ਨਾਲ ਬਣੇ ਚੌਧਰੀ ਮੁੜ ਥੈਲੀਆਂ ਭਰਨ ਵਿਚ ਮਸ਼ਰੂਫ਼ ਹੋ ਜਾਂਦੇ ਹਨ। ਟਿਕਟ ਮਿਲਣ ਤੋਂ ਪਹਿਲਾਂ ਵੱਡਿਆਂ ਦੇ ਦਰਾਂ ’ਤੇ ਝੁਕਣ ਵਾਲੇ, ਜਦ ਜਿੱਤ ਹਥਿਆ ਲੈਂਦੇ ਹਨ ਤਾਂ ਦਰ ਦਰ ਦੇ ਲੋਕ ਉਨ੍ਹਾਂ ਦੇ ਦਰ ’ਤੇ ਝੁਕਣਾ ਸ਼ੁਰੂ ਕਰ ਦਿੰਦੇ ਹਨ। ਚੌਧਰੀ ਖ਼ੁਸ਼ ਹੁੰਦੇ ਹਨ।
ਅਜਿਹੇ ਚੌਧਰੀਆਂ ਦਾ ਨਿੱਤ ਕਰਮ ਇਹ ਬਣ ਜਾਂਦਾ ਹੈ ਕਿ ਉਹ ਹਰ ਰੋਜ਼ ਵੱਡੇ ਤੜਕੇ, ਵੱਡੇ ਘਰ ਵਿਚ ਕਿਸੇ ਵੱਡੇ ਬੰਦੇ ਦੀ ਲੱਤ ਹੇਠੋਂ ਲੰਘ ਕੇ ਸਾਰਾ ਦਿਨ ਹਲਕੇ ਵਿਚ ਵਿਚਰਦੇ ਹੋਏ ਹਰ ਜਣੇ ਖਣੇ ਨੂੰ ਆਪਣੀ ਲੱਤ ਹੇਠੋਂ ਲੰਘਾਉਂਦੇ ਹਨ ਤੇ ਵੱਡੇ ਹੋਣ ਦਾ ਭਰਮ ਪਾਲ਼ਦੇ ਹਨ। ਲ਼ੋਕ ਉਨ੍ਹਾਂ ਸਾਹਮਣੇ ਜਾ ਕੇ ਲੇਲ੍ਹੜੀਆਂ ਕੱਢਦੇ ਹਨ, ਕਿ ਸਾਡੀ ਸੜਕ ਪੱਕੀ ਕਰਾ ਦਿਉ, ਨਾਲ਼ੀਆਂ ਦੀ ਮੁਰੰਮਤ ਕਰਾ ਦਿਉ, ਪਾਰਕ ਬਣਵਾ ਦਿਉ, ਸੀਵਰੇਜ ਪੁਆ ਦਿਉ। ਇਹ ਲੋਕ ਕੰਮ ਵੀ ਕਰਦੇ ਹਨ, ਇਸ ਕਰਕੇ ਨਹੀਂ ਕਿ ਇਹ ਲੋਕ ਸੇਵਕ ਹੁੰਦੇ ਹਨ। ਇਸ ਕਰਕੇ ਕਿ ਇਹ ਤਨਖ਼ਾਹ ’ਤੇ ਨਿਰਭਰ ਨਹੀਂ ਰਹਿੰਦੇ। ਆਖ਼ਰ ਖ਼ਰਚ ਪਾਣੀ ਵੀ ਤਾਂ ਚਾਹੀਦਾ ਹੁੰਦਾ ਹੈ। ਕੰਮ ਨਹੀਂ ਕਰਨਗੇ ਤਾਂ ਖਾਣਗੇ ਕੀ? ਤੇ ਅਗਲੀ ਵਾਰੀ ਟਿਕਟ ਨਹੀਂ ਲੈਣੀ!
ਰਾਜਨੀਤੀ ਵਿਚ ‘ਬਟੌਟ’ ਉਹ ਨਹੀਂ ਗਿਣੇ ਜਾਂਦੇ ਜੋ ਟਿਕਟ ਨਹੀਂ ਲੈਂਦੇ, ਬਲਕਿ ਬਟੌਟ ਉਹ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲ਼ਦੀ। ਅਜਿਹੇ ‘ਬਟੌਟ’ ਰਾਜਨੀਤਕ ਦੱਬੇ ਕੁਚਲ਼ੇ ਤੇ ਲਤਾੜੇ ਹੋਏ ਮਜ਼ਲੂਮ ਸਮਝੇ ਜਾਂਦੇ ਹਨ। ਟਿਕਟੂਆਂ ਅਤੇ ਬਟੌਟਾਂ ਨੂੰ ਦੇਖ ਕੇ ਵਰਕਰ ਵੀ ਉਸੇ ਤਰ੍ਹਾਂ ਦੇ ਹੋ ਗਏ ਹਨ। ਉਹ ਵੀ ਹੁਣ ਦਿਹਾੜੀ ਲੈ ਕੇ ਰੈਲੀਆਂ ’ਤੇ ਜਾਂਦੇ ਹਨ। ਕਈ ਵਾਰੀ ਤਾਂ ਇਹ ਵੀ ਸੁਣਨ ਵਿਚ ਆਇਆ ਹੈ ਕਿ ਵਰਕਰ ਪੈਸੇ ਕਿਸੇ ਪਾਰਟੀ ਤੋਂ ਲੈਂਦੇ ਹਨ ਤੇ ਰੈਲੀ ਕਿਸੇ ਹੋਰ ਦੀ ਨੂੰ ਜਾ ਭਾਗ ਲਾ ਆਉਂਦੇ ਹਨ। ਹੁਣ ਤਾਂ ਗਾਣੇ ਵੀ ਇਸ ਤਰ੍ਹਾਂ ਦੇ ਆ ਗਏ ਹਨ, ਅਖੇ, “ਘਰ ਆਈ ਲੱਛਮੀ ਮੋੜਨੀ ਨਹੀਂ, ਮਰਜ਼ੀ ਨਾਲ਼ ਵੋਟਾਂ ਪਾਵਾਂਗੇ।”
ਪੰਜਾਬ ਦੀ ਸਮਾਜਿਕਤਾ ਭ੍ਰਿਸ਼ਟਤਾ ਦੇ ਰਾਹ ਪਈ ਹੋਈ ਹੈ। ਰਾਜਾਸ਼ਾਹੀ ਦਾ ਛੱਪਾ ਸਾਡੀ ਮਾਨਸਿਕਤਾ ਵਿੱਚੋਂ ਨਸ਼ਟ ਨਹੀਂ ਹੋਇਆ। ਅਸੀਂ ਆਪਣੇ ਨੇਤਾ ਨੂੰ ਲੋਕ ਸੇਵਕ ਵਜੋਂ ਦੇਖਣਾ ਪਸੰਦ ਨਹੀਂ ਕਰਦੇ। ਨੇਤਾਵਾਂ ਦੇ ਵੱਡੇ ਵੱਡੇ ਘਰ, ਵੱਡੀਆਂ ਗੱਡੀਆਂ, ਮਹਿੰਗੇ ਕੱਪੜੇ, ਚੱਲਦੇ ਕੇਸ ਅਤੇ ਵੱਡੇ ਵੱਡੇ ਝੂਠ ਅਤੇ ਘਪਲ਼ੇ ਸੁਣ ਕੇ ਖ਼ੁਸ਼ ਹੁੰਦੇ ਹਾਂ।
ਨਿੱਜੀ ਕਿਰਦਾਰ ਤੋਂ ਸਮਾਜੀ ਕਿਰਦਾਰ ਦਾ ਨਿਰਮਾਣ ਹੁੰਦਾ ਹੈ। ਸਮਾਜੀ ਕਿਰਦਾਰ ਸਵੱਛ ਅਤੇ ਨੇਕ ਰਾਜਨੀਤੀ ਦਾ ਜਨਮਦਾਤਾ ਹੈ। ਨੇਕ ਰਾਜਨੀਤੀ ਖ਼ੁਸ਼ਹਾਲੀ ਅਤੇ ਬਿਹਤਰੀ ਦੀ ਜ਼ਾਮਨ ਹੈ। ਹੁਣ ਚਿਹਰਿਆਂ ’ਤੇ ਯਕੀਨ ਨਹੀਂ ਰਿਹਾ। ਭੋਲ਼ੇ ਚਿਹਰੇ ਅਤੇ ਸਾਦਾ ਪਹਿਰਾਵੇ ਸ਼ੱਕ ਦੇ ਘੇਰਿਆਂ ਵਿਚ ਘਿਰ ਗਏ ਹਨ। ਧਾਰਮਿਕਤਾ ਦੂਸਰਿਆਂ ਨੂੰ ਬੁੱਧੂ ਬਣਾਉਣ ਵਿਚ ਕੰਮ ਆਉਂਦੀ ਹੈ। ਨੈਤਿਕਤਾ ਦੀ ਤਵੱਕੋ ਸਿਰਫ਼ ਦੂਸਰਿਆਂ ਤੋਂ ਕੀਤੀ ਜਾਂਦੀ ਹੈ, ਸਬਕ ਸਿਰਫ਼ ਦੂਸਰਿਆਂ ਨੂੰ ਸਿਖਾਏ ਜਾਂਦੇ ਹਨ।
ਪੈਸੇ ਨੇ ਸਾਨੂੰ ਪਾਗਲ ਕਰ ਦਿੱਤਾ ਹੈ। ਪੈਸੇ ਦੀ ਸਮਝ ਸਾਨੂੰ ਨਹੀਂ ਹੈ। ਪੈਸਾ ਕੀ ਹੈ, ਕਿੱਥੋਂ ਆਉਂਦਾ, ਕਿੱਥੇ ਜਾਂਦਾ ਤੇ ਕਿਵੇਂ ਆਉਂਦਾ ਅਤੇ ਕਿਵੇਂ ਜਾਂਦਾ ਹੈ, ਸਾਨੂੰ ਨਹੀਂ ਪਤਾ। ਅਸੀਂ ਨਹੀਂ ਜਾਣਦੇ ਕਿ ਪਰਜਾ ਦਾ ਹੀ ਪੈਸਾ ਸਰਕਾਰੀ ਖ਼ਜ਼ਾਨੇ ਵਿਚ ਜਾਂਦਾ ਹੈ, ਜਿਸ ਵਿੱਚੋਂ ਮੁੜ ਕੇ ਪਰਜਾ ਵੱਲ ਤੁਰਿਆ ਰੁਪਇਆ ਪਰਜਾ ਤੱਕ ਪੁੱਜਦਾ ਪੁੱਜਦਾ ਚਾਰ ਆਨੇ ਰਹਿ ਜਾਂਦਾ ਹੈ। ਬਾਰਾਂ ਆਨੇ ਕਿੱਥੇ ਜਾਂਦੇ ਹਨ? ਪਰਜਾ ਇਸ ਵਾਰੇ ਚਟਖ਼ਾਰੇ ਲਾ ਲਾ ਗੱਲਾਂ ਕਰਦੀ ਹੈ: “ਬਈ ਉਹ ਬੜਾ ਅਸਤਰ ਹੈ, ਬੜੀ ਚੀਜ਼ ਹੈ।”
ਘਾਗ ਸ਼ਬਦ ਨੂੰ ਅਸੀਂ ਸੰਤ ਦਾ ਪਰਿਆਏ ਸਮਝਦੇ ਹਾਂ। ਇਹ ਐਨ ਉਸੇ ਤਰ੍ਹਾਂ ਦੀ ਗੱਲ ਹੈ ਕਿ ਕਿਸੇ ਦੇ ਘਰ ਚੋਰੀ ਹੋ ਗਈ ਹੋਵੇ ਤੇ ਉਹ ਚੁਟਕਲੇ ਬਣਾ ਬਣਾ ਗੱਲਾਂ ਸੁਣਾਵੇ। ਹੁਣ ਤਾਂ ਧੀਆਂ ਦੇ ਉਧਾਲੇ, ਛੇੜਖਾਨੀਆਂ, ਜ਼ੋਰ ਜ਼ਬਰ ਅਤੇ ਕਤਲ ਤੱਕ ਦੀਆਂ ਖ਼ਬਰਾਂ ਪੜ੍ਹਕੇ ਵੀ ਲੋਕਾਂ ਦੇ ਮੱਥੇ ਵੱਟ ਨਹੀਂ ਪੈਂਦੇ। ਸਗੋਂ ਧਾੜਵੀਆਂ, ਬਦਮਾਸ਼ਾਂ ਅਤੇ ਕਾਤਲਾਂ ਦੇ ਪੱਖ ਅਤੇ ਹੱਕ ਵਿਚ ਦਲੀਲਾਂ ਦੇਣ ਲੱਗ ਜਾਂਦੇ ਹਨ ਕਿ “ਤਾੜੀ ਇੱਕ ਹੱਥ ਨਾਲ਼ ਨਹੀਂ ਵੱਜਦੀ ਜੀ।”
ਜਿਹੜਾ ਨੇਤਾ ਚੋਰਾਂ ਮਕਾਰਾਂ ਨੂੰ ਗਲ਼ੇ ਲਾਈ ਫਿਰਦਾ ਹੈ ਉਸਦਾ ਨਾਂ ਲੈ ਲੈ ਕੇ ਅਸੀਂ ਕੱਛਾਂ ਵਜਾਉਂਦੇ ਹਾਂ ਤੇ ਜਿਹੜਾ ਬੇਈਮਾਨਾਂ ਦੀ ਖ਼ਬਰ ਰੱਖਦਾ ਅਤੇ ਖ਼ਬਰ ਲੈਂਦਾ ਵੀ ਹੈ, ਉਸ ਨੂੰ ਅਸੀਂ ਰਾਜਨੀਤੀ ਤੋਂ ਕੋਰਾ, ਅਨਾੜੀ ਅਤੇ ਬੇਸਮਝ ਨੇਤਾ ਸਮਝਦੇ ਹਾਂ। ਦਰਅਸਲ ਅਸੀਂ ਖ਼ੁਦ ਮੂਰਖਤਾ ਦੀ ਹੱਦ ਤੱਕ ਅਨਾੜੀ ਅਤੇ ਨਾਸਮਝ ਹਾਂ।
ਪੰਜਾਬ ਦੀ ਨਬਜ਼ ਕਹਿੰਦੀ ਹੈ ਕਿ ਪੰਜਾਬ ਨੂੰ ਸਮਝਿਆ ਜਾਵੇ। ਪੰਜਾਬ ਵੰਨ-ਸੁਵੰਨਤਾ ਅਤੇ ਸਾਂਝੀਵਾਲਤਾ ਦਾ ਧੁਰਾ ਹੈ ਅਤੇ ਨੇਕ ਲੋਕਾਂ ਦਾ ਹਰਮਨ ਪਿਆਰਾ ਖੇਤਰ ਹੈ। ਸਿੱਖ, ਹਿੰਦੂ, ਮੁਸਲਿਮ, ਬੋਧੀ, ਜੈਨੀ, ਇਸਾਈ, ਬਹੁ ਜਾਤਾਂ, ਗੋਤਾਂ, ਵਰਣਾਂ ਦੇ ਲੋਕ ਇਸਦਾ ਅਨਿੱਖੜ ਅੰਗ ਹਨ। ਗ਼ਰੀਬ, ਮੱਧ ਵਰਗੀ ਅਤੇ ਅਮੀਰ, ਕਿਰਤੀ, ਕਾਰੀਗਰ, ਕਿਸਾਨ, ਸਨਅਤੀ ਅਤੇ ਵਿਉਪਾਰੀ ਇੱਥੋਂ ਦੀ ਸ਼ਾਨ ਹਨ। ਸਭ ਦੀ ਬਿਹਤਰੀ, ਬੱਚਿਆਂ ਲਈ ਸਵੱਛਤਾ, ਦਿਲਖ਼ੁਸ਼ ਵਾਤਾਵਰਣ, ਵਿੱਦਿਆ ਤੇ ਆਸ਼ਿਆਂ ਦੀ ਪੂਰਤੀ ਲੋਕ ਅਭਿਲਾਸ਼ਾ ਹੈ। ਮਿੱਟੀ, ਪਾਣੀ ਤੇ ਰੁੱਖਾਂ ਦੀ ਸੰਭਾਲ, ਬਜ਼ੁਰਗਾਂ ਦਾ ਖ਼ਿਆਲ ਤੇ ਦੁੱਖਾਂ ਦਾ ਇਲਾਜ ਸਭ ਚਾਹੁੰਦੇ ਹਨ। ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ, ਕੁਸ਼ਲ ਮੰਗਲ਼ ਵਾਤਾਵਰਣ, ਸਰਲ ਸੰਚਾਰ, ਸੁਖੈਨ ਅਤੇ ਨਿਸਚਿੰਤ ਆਵਾਜਾਈ ਦੀ ਸਖ਼ਤ ਜ਼ਰੂਰਤ ਹੈ। ਖ਼ੁਸ਼ਹਾਲ ਪੰਜਾਬ ਪੰਜਾਬੀਆਂ ਦੀ ਉਮੰਗ ਹੈ।
*****
(538)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)