“ਕਿਸੇ ਵੀ ਤਰ੍ਹਾਂ ਦੀ ਫੁੱਟ ਹਰ ਅਬਾਦੀ ਲਈ ਬਰਬਾਦੀ ਲੈ ਕੇ ਆਉਂਦੀ ਹੈ ਤੇ ਮਿਲਵਰਤਣ ਵਿੱਚ ਹੀ ਹਰ ਤਰ੍ਹਾਂ ਦਾ ...”
(30 ਨਵੰਬਰ 2024)
ਮੇਰੇ ਬਚਪਨ ਵਿੱਚ ਦੂਜੀ ਤੀਜੀ ਜਮਾਤ ਦੀਆਂ ਕਿਤਾਬਾਂ ਵਿੱਚ ਬੜੀਆਂ ਹੀ ਦਿਲਚਸਪ, ਕੰਮ ਦੀਆਂ ਤੇ ਗੰਭੀਰ ਗੱਲਾਂ ਹੁੰਦੀਆਂ ਸਨ, ਜਿਨ੍ਹਾਂ ਦੀ ਮਹੱਤਤਾ ਹਰ ਘਰ, ਕਿੱਤੇ, ਖ਼ਿੱਤੇ, ਸਮੇਂ ਅਤੇ ਸਮਾਜ ਤਕ ਮਹਿਸੂਸ ਕੀਤੀ ਜਾ ਸਕਦੀ ਸੀ। ਕਾਸ਼ ਉਹ ਕਿਤਾਬਾਂ ਕਿਤੇ ਮਿਲ ਜਾਣ ਤੇ ਉਨ੍ਹਾਂ ਨੂੰ ਅਜੋਕੇ ਬੱਚੇ ਪੜ੍ਹਨ ਤਾਂ ਉਹ ਉਨ੍ਹਾਂ ਵਿਚਲੀ ਅਨਮੋਲ ਸਿੱਖਿਆ ਦਾ ਲਾਹਾ ਲੈ ਸਕਣ।
ਉਨ੍ਹਾਂ ਦਿਨਾਂ ਵਿੱਚ ਜਦੋਂ ਸਕੂਲ ਦੇ ਨਤੀਜੇ ਬੋਲਦੇ ਸਨ ਤਾਂ ਸਾਰੇ ਬੱਚੇ ਵੱਡੀ ਜਮਾਤ ਦੇ ਬੱਚਿਆਂ ਨਾਲ ਪਹਿਲਾਂ ਹੀ ਉਨ੍ਹਾਂ ਦੀਆਂ ਕਿਤਾਬਾਂ ਅੱਧਮੁੱਲ ’ਤੇ ਲੈਣ ਲਈ ਸਾਈਆਂ ਵਧਾਈਆਂ ਲਾ ਲੈਂਦੇ ਸਨ। ਜਿਹਨੇ ਵੀ ਆਪਣੀਆਂ ਕਿਤਾਬਾਂ ਸਾਂਭ ਕੇ ਸਾਫ ਸੁਥਰੀਆਂ ਤੇ ਕੱਸਵੀਂ ਹਾਲਤ ਵਿੱਚ ਰੱਖੀਆਂ ਹੁੰਦੀਆਂ ਸਨ, ਉਨ੍ਹਾਂ ਦੇ ਗਾਹਕ ਵੀ ਵਧੇਰੇ ਹੁੰਦੇ ਸਨ ਤੇ ਉਨ੍ਹਾਂ ਨੂੰ ਕਦੇ ਕਦੇ ਅੱਧਮੁਲ ਤੋਂ ਵਧੇਰੇ ਪੈਸੇ ਵੀ ਮਿਲ ਜਾਂਦੇ ਸਨ। ਪਰ ਜਿਸਦੀਆਂ ਕਿਤਾਬਾਂ ਢਿਲਕੂ ਢਿਲਕੂ ਤੇ ਮੈਲੀਆਂ ਕੁਚੈਲੀਆਂ ਹੁੰਦੀਆਂ ਸਨ, ਉਹਦੀਆਂ ਕਿਤਾਬਾਂ ਦਾ ਗਾਹਕ ਵੀ ਕੋਈ ਕੋਈ ਹੁੰਦਾ ਸੀ ਤੇ ਉਹ ਅਕਸਰ ਅੱਧਮੁਲ ’ਤੇ ਨਹੀਂ ਸਨ ਵਿਕਦੀਆਂ। ਮੇਰੀਆਂ ਕਿਤਾਬਾਂ ਬੇਸ਼ਕ ਮੈਲੀਆਂ ਨਹੀਂ ਸੀ ਹੁੰਦੀਆਂ, ਪਰ ਉਹ ਜ਼ਿਆਦਾ ਪੜ੍ਹਦੇ ਰਹਿਣ ਕਾਰਨ ਢਿਲਕ ਜ਼ਰੂਰ ਜਾਂਦੀਆਂ ਸਨ। ਇਸ ਕਰਕੇ ਉਹ ਹਮੇਸ਼ਾ ਅੱਧਮੁੱਲ ਜੋਗੀਆਂ ਹੀ ਰਹਿੰਦੀਆਂ ਸਨ। ਵੈਸੇ ਵੀ ਮੈਨੂੰ ਕਦੇ ਆਪਣੀਆਂ ਕਿਤਾਬਾਂ ਦਾ ਸੌਦਾ ਕਰਨਾ ਚੰਗਾ ਨਹੀਂ ਸੀ ਲਗਦਾ ਤੇ ਨਾ ਹੀ ਸੌਦਾ ਕਰਨਾ ਆਉਂਦਾ ਸੀ। ਜਿਹਨੇ ਸਭ ਤੋਂ ਪਹਿਲਾਂ ਕਹਿ ਦਿੱਤਾ, ਉਹਨੂੰ ਹੀ ਕਿਤਾਬਾਂ ਚੁੱਕਾ ਦੇਣੀਆਂ ਤੇ ਪੈਸੇ ਵੀ ਜਿੰਨੇ ਮਿਲਣੇ, ਓਨੇ ਹੀ ਲੈ ਲੈਣੇ। ਕਈ ਵਾਰੀ ਤਾਂ ਕਿਸੇ ਨੇ ਉਧਾਰ ਕਰ ਲੈਣਾ ਤੇ ਮੁੜਕੇ ਭੁੱਲ ਜਾਣਾ। ਸਾਡੇ ਸਮਾਜ ਵਿੱਚ ਉਧਾਰ ਦੇ ਕੇ ਵਾਪਸ ਲੈਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਸੱਚ ਦੱਸਾਂ ਤਾਂ ਕਈ ਦੋਸਤਾਂ ਦਾ ਉਧਾਰ ਤਾਂ ਮੇਰੇ ਤੋਂ ਵੀ ਮੋੜਿਆ ਨਹੀਂ ਗਿਆ।
ਮੇਰੀਆਂ ਉਨ੍ਹਾਂ ਕਿਤਾਬਾਂ ਵਿੱਚ ਇੱਕ ਕਹਾਣੀ ਸੀ ਕਿ ਦੋ ਔਰਤਾਂ ਇੱਕ ਬੱਚੇ ਨੂੰ ਲੈ ਕੇ ਝਗੜ ਪਈਆਂ। ਇੱਕ ਕਹੇ ਮੇਰਾ ਬੱਚਾ ਹੈ, ਦੂਜੀ ਕਹੇ ਮੇਰਾ ਹੈ। ਝਗੜਾ ਵਧ ਗਿਆ ਤੇ ਫੈਸਲਾ ਹੋਣਾ ਮੁਸ਼ਕਿਲ ਹੋ ਗਿਆ। ਗੱਲ ਬਾਦਸ਼ਾਹ ਤਕ ਚਲੀ ਗਈ। ਬਾਦਸ਼ਾਹ ਨੇ ਬਥੇਰੀ ਸੋਚ ਵਿਚਾਰ ਕੀਤੀ ਪਰ ਗੱਲ ਦੀ ਕੋਈ ਸਮਝ ਨਾ ਲੱਗੇ ਕਿ ਬੱਚੇ ਦੀ ਅਸਲ ਮਾਂ ਕਿਹੜੀ ਹੈ ਤੇ ਹੁਣ ਉਹ ਕਰੇ ਤਾਂ ਕੀ ਕਰੇ। ਅਖੀਰ ਉਸ ਨੂੰ ਇੱਕ ਤਰਕੀਬ ਸੁੱਝੀ ਤੇ ਉਹਨੇ ਐਲਾਨ ਕਰ ਦਿੱਤਾ ਕਿ ਬੱਚੇ ਦੇ ਦੋ ਟੁਕੜੇ ਕਰ ਦਿਓ ਤੇ ਦੋਵਾਂ ਔਰਤਾਂ ਨੂੰ ਇੱਕ ਇੱਕ ਟੁਕੜਾ ਦੇ ਦਿਓ। ਇਹ ਐਲਾਨ ਸੁਣਦੇਸਾਰ ਹੀ ਬੱਚੇ ਦੀ ਅਸਲ ਮਾਂ ਦੀ ਜਾਨ ਹੀ ਨਿਕਲ ਗਈ। ਉਸਨੇ ਤਰਲਾ ਲੈਂਦਿਆਂ ਕਿਹਾ ਕਿ ਬੇਸ਼ਕ ਬੱਚਾ ਉਸ ਨੂੰ ਹੀ ਦੇ ਦਿਓ ਪਰ ਇਸਦੇ ਟੁਕੜੇ ਨਾ ਕਰੋ।
ਬਾਦਸ਼ਾਹ ਨੂੰ ਇੰਨੀ ਗੱਲ ਨਾਲ ਪਤਾ ਲੱਗ ਗਿਆ ਕਿ ਬੱਚੇ ਦੀ ਅਸਲ ਮਾਂ ਕੌਣ ਹੈ ਤੇ ਉਸਨੇ ਉਹ ਬੱਚਾ ਉਸ ਔਰਤ ਦੇ ਹਵਾਲੇ ਕਰ ਦਿੱਤਾ, ਜਿਹਨੇ ਕਿਹਾ ਸੀ ਕਿ ਇਹਦੇ ਟੁਕੜੇ ਨਾ ਕਰੋ, ਬੇਸ਼ਕ ਦੂਸਰੀ ਔਰਤ ਨੂੰ ਹੀ ਦੇ ਦਿਓ। ਬਾਦਸ਼ਾਹ ਨੂੰ ਪਤਾ ਸੀ ਕਿ ਅਸਲ ਮਾਂ ਹਰ ਸੂਰਤ ਵਿੱਚ ਆਪਣੇ ਬੱਚੇ ਦੀ ਸਲਾਮਤੀ ਚਾਹੁੰਦੀ ਹੈ ਤੇ ਮਤ੍ਰੇਈਆਂ ਨੂੰ ਬੱਚੇ ਦੀ ਵੱਢ ਟੁੱਕ ਨਾਲ ਕੋਈ ਫਰਕ ਨਹੀਂ ਪੈਂਦਾ। ਲੂਣਾ ਅਤੇ ਇੱਛਰਾਂ ਵਿੱਚ ਵੀ ਇਹੀ ਫਰਕ ਹੈ। ਪੂਰਨ ਦੀ ਵੱਢ ਟੁੱਕ ਨਾਲ ਲੂਣਾ ਨੂੰ ਕੋਈ ਫਰਕ ਨਹੀਂ ਸੀ ਪਿਆ ਤੇ ਇੱਛਤਾਂ ਵਿਚਾਰੀ ਦਾ ਬਾਗ ਹੀ ਸੁੱਕ ਗਿਆ ਸੀ ਤੇ ਉਸਦੀ ਨਜ਼ਰ ਵੀ ਜਵਾਬ ਦੇ ਗਈ ਸੀ। ਪੁੱਤਰ ਦੇ ਬਗੈਰ ਮਾਂ ਨੇ ਦੇਖਣਾ ਵੀ ਕੀ ਹੁੰਦਾ ਹੈ। ਪੁੱਤਰ ਦੇ ਬਗੈਰ ਮਾਂ ਲਈ ਇਸ ਜਹਾਨ ਵਿੱਚ ਰੱਖਿਆ ਹੀ ਕੀ ਹੁੰਦਾ ਹੈ।
ਸਾਡੇ ਮੁਲਕ ਦੀ ਅਜ਼ਾਦੀ ਦੀ ਲਹਿਰ ਸਮੇਂ ਕੋਈ ਇਸ ਨੂੰ ਗੁਲਸ਼ਨ ਕਹਿੰਦਾ ਸੀ, ਕੋਈ ਦੁਲਹਨ ਤੇ ਕੋਈ ਇਸ ਨੂੰ ਮਾਂ ਕਹਿੰਦਾ ਸੀ। ਸਾਡੇ ਦੇਸ਼ ਨੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਕਿਹਾ ਕਿ ਉਹਨੂੰ ਕੀ ਕਿਹਾ ਜਾਵੇ। ਹਰੇਕ ਦੀ ਆਪੋ ਆਪਣੀ ਸੋਚ, ਸਮਝ ਅਤੇ ਆਪਣਾ ਹੀ ਅਹਿਸਾਸ ਸੀ। ਇਸ ਲਈ ਸੋਚਣਾ ਬਣਦਾ ਹੈ ਕਿ ਇਸ ਦੇਸ਼ ਨੂੰ ਜਿਸਨੇ ਵੀ ਤੇ ਜੋ ਕੁਝ ਵੀ ਕਿਹਾ, ਕੀ ਉਸਨੇ ਉਸ ਗੱਲ, ਰਿਸ਼ਤੇ ਅਤੇ ਅਹਿਸਾਸ ਦਾ ਖਿਆਲ ਵੀ ਰੱਖਿਆ?
ਜਦੋਂ ਬਾਬਰ ਨੇ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਨੇ ਰੱਬ ਕੋਲ ਆਪਣਾ ਇਤਰਾਜ਼ ਦਰਜ ਕਰਵਾਇਆ ਕਿ ਉਸਨੇ ਜ਼ਾਲਮ ਤੇ ਲੁਟੇਰੇ ਬਾਬਰ ਤੋਂ ਖੁਰਾਸਾਨ ਨੂੰ ਬਚਾ ਲਿਆ ਹੈ ਤੇ ਹਿੰਦੁਸਤਾਨ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਗੁਰੂ ਨਾਨਕ ਨੇ ਉਸ ਵੇਲੇ ਇਹ ਵੀ ਕਿਹਾ ਕਿ “ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ।”
ਗੁਰੂ ਨਾਨਕ ਨੇ ਇਸ ਮਹਾਵਾਕ ਰਾਹੀਂ ਇਹ ਚਿਤਾਵਣੀ ਦਿੱਤੀ ਸੀ ਕਿ ਜੇ ਹਿੰਦੁਸਤਾਨ ਨੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਨਾ ਅਪਣਾਇਆ ਤਾਂ ਇਹ ਅੰਦਰੋਂ ਬਾਹਰੋਂ ਟੁਕੜੇ ਟੁਕੜੇ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਹਿੰਦੁਸਤਾਨ ਮੇਰੀ ਇਸ ਗੱਲ ਨੂੰ ਚੇਤੇ ਰੱਖੇ। ਗੁਰੂ ਨਾਨਕ ਦੀ ਇਸ ਚਿਤਾਵਣੀ ਨੂੰ ਨਾ ਗੌਲਣ ਕਾਰਨ ਹਿੰਦੁਸਤਾਨ ਮੁਗਲਾਂ ਦੇ ਅਧੀਨ ਹੋ ਗਿਆ। ਉੱਥੋਂ ਨਿਕਲਿਆ ਤਾਂ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਉੱਥੋਂ ਨਿਕਲਣ ਦਾ ਮੌਕਾ ਬਣਿਆ ਤਾਂ ਇਸਦੀਆਂ ਕਈ ਮਾਵਾਂ ਜਾਗ ਪਈਆਂ ਤੇ ਇਸਦੀ ਮਾਲਕੀ ਨੂੰ ਲੈ ਕੇ ਆਪਸ ਵਿੱਚ ਝਗੜ ਪਈਆਂ। ਸ਼ਾਇਦ ਗੋਰੇ ਨੇ ਉਸ ਸਿਆਣੇ ਰਾਜੇ ਦੀ ਤਰ੍ਹਾਂ ਹਿੰਦੁਸਤਾਨ ਦੇ ਟੁਕੜੇ ਕਰਨ ਦਾ ਆਦੇਸ਼ ਦੇ ਦਿੱਤਾ ਤੇ ਇਨ੍ਹਾਂ ਆਧੁਨਿਕ ਮਾਵਾਂ ਨੇ ਆਪਣੇ ਬੱਚੇ ਦੇ ਟੁਕੜੇ ਹੋਣੇ ਸਵੀਕਾਰ ਕਰ ਲਏ ਤੇ ਖਿੜੇ ਮੱਥੇ ਆਪੋ ਆਪਣੀਆਂ ਝੋਲੀਆਂ ਵਿੱਚ ਪੁਆ ਲਏ। ਦੇਸ਼ ਵੰਡ ਵੇਲੇ ਸਾਨੂੰ ਆਪੋ ਆਪਣੇ ਮਾਂ ਬਾਪ ਅਤੇ ਬੱਚਿਆਂ ਦਾ ਫ਼ਿਕਰ ਸੀ ਤੇ ਬੇਸ਼ਕ ਹੋਣੀ ਵੀ ਚਾਹੀਦੀ ਸੀ। ਪਰ ਆਪਣੇ ਸਾਂਝੇ ਮਾਂ ਬਾਪ ਜਾਂ ਬੇਟੇ, ਅਰਥਾਤ ਇਸ ਦੇਸ਼ ਦਾ ਫ਼ਿਕਰ ਕਿਸੇ ਨੂੰ ਵੀ ਨਹੀਂ ਸੀ ਤੇ ਨਾ ਹੀ ਅੱਜ ਹੈ।
ਦੇਸ਼ ਤਾਂ ਕਿਸੇ ਦਾ ਬੱਚਾ ਨਹੀਂ, ਬਲਕਿ ਮਾਂ ਹੁੰਦਾ ਹੈ। ਇਸ ਲਈ ਜੇ ਇਹ ਦੇਸ਼ ਸਾਡਾ ਬੱਚਾ ਹੁੰਦਾ ਤਾਂ ਅਸੀਂ ਇਸਦੇ ਟੁਕੜੇ ਹੋਣੋ ਰੋਕ ਲੈਂਦੇ। ਪਰ ਇਹ ਤਾਂ ਸਾਡੀ ਮਾਂ ਸੀ ਤੇ ਅਸੀਂ ਇਸਦੇ ਨਪੈਥਰ ਬੱਚਿਆਂ ਨੇ ਆਪਣੀ ਮਾਂ ਦੇ ਟੁਕੜੇ ਹੋ ਲੈਣ ਦਿੱਤੇ ਤੇ ਬੜੀ ਬੇਸ਼ਰਮੀ ਨਾਲ ਸਵੀਕਾਰ ਕਰ ਲਏ ਤੇ ਆਪਣੀ ਝੋਲੀ ਵਿੱਚ ਪੁਆ ਲਏ। ਜੇ ਇਹ ਦੇਸ਼ ਸਾਡੀ ਮਾਂ ਹੈ ਤਾਂ ਅਸੀਂ ਇਸਦੇ ਕਾਤਲ ਬੱਚੇ ਹਾਂ ਤੇ ਜੇ ਇਹ ਸਾਡਾ ਬੱਚਾ ਹੈ ਤਾਂ ਅਸੀਂ ਇਸਦੀਆਂ ਕਾਤਲ ਮਾਵਾਂ ਹਾਂ।
ਅੱਜ ਅਸੀਂ ਕਿਸੇ ਦੇ ਨਹੀਂ, ਬਲਕਿ ਆਪਣੇ ਹੀ ਗੁਲਾਮ ਹਾਂ। ਅੱਜ ਸਾਨੂੰ ਕਿਸੇ ਦਾ ਵੀ ਸਾਥ ਅਤੇ ਵਿਕਾਸ ਚੰਗਾ ਨਹੀਂ ਲਗਦਾ ਤੇ ਨਾ ਹੀ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਚੰਗਾ ਲਗਦਾ ਹੈ। ਕਿਸੇ ਨੂੰ ਸਿਰਫ ‘ਜੈ ਜਵਾਨ, ਜੈ ਕਿਸਾਨ’ ਚੰਗਾ ਲਗਦਾ ਹੈ ਤੇ ਕਿਸੇ ਨੂੰ ‘ਜਵਾਨ, ਕਿਸਾਨ ਤੇ ਭਲਵਾਨ’ ਚੰਗਾ ਲਗਦਾ ਹੈ। ਕਈ ਤਾਂ ਅੱਜ ਵੀ ਆਪਣੀ ਇਸ ਮਾਂ ਜਾਂ ਬੱਚੇ ਦੇ ਟੁਕੜੇ ਕਰਾਉਣ ਅਤੇ ਲੈਣ ਲਈ ਝੋਲੀ ਅੱਡੀ ਖੜ੍ਹੇ ਹਨ। ਕੌਣ ਹੈ, ਜੋ ਆਪਣੀ ਇਸ ਮਾਂ ਜਾਂ ਬੱਚੇ ਦੀ ਸਲਾਮਤੀ ਵਿੱਚ ਹੀ ਭਲਾ ਚਾਹੁੰਦਾ ਹੈ!
ਜੇ ਦੇਸ਼ ਸਾਡੀ ਮਾਂ ਹੈ ਤਾਂ ਕੋਈ ਮਾਂ ਕਦੇ ਵੀ ਆਪਣੇ ਬੱਚਿਆਂ ਵਿੱਚ ਵਿਤਕਰਾ ਨਹੀਂ ਕਰਦੀ। ਹਰ ਮਾਂ ਆਪਣੇ ਹਰੇਕ ਬੱਚੇ ਦਾ ਭਲਾ ਚਾਹੁੰਦੀ ਹੈ ਤੇ ਭਲਾ ਹਮੇਸ਼ਾ ਰਲਮਿਲ ਕੇ ਰਹਿਣ ਵਿੱਚ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦੀ ਫੁੱਟ ਹਰ ਅਬਾਦੀ ਲਈ ਬਰਬਾਦੀ ਲੈ ਕੇ ਆਉਂਦੀ ਹੈ ਤੇ ਮਿਲਵਰਤਣ ਵਿੱਚ ਹੀ ਹਰ ਤਰ੍ਹਾਂ ਦਾ ਤੇ ਸਰਬੱਤ ਦਾ ਭਲਾ ਹੁੰਦਾ ਹੈ। ਕੇਵਲ ਚੰਦ ਲੋਕਾਂ ਦਾ ਸਮੂਹ ਦੇਸ਼ ਨਹੀਂ, ਬਲਕਿ ਦੇਸ਼ ਦਾ ਹਰ ਬਾਸ਼ਿੰਦਾ ਦੇਸ਼ ਹੈ। ਇਸ ਕਰਕੇ ਜੇ ਸਾਨੂੰ ਸਿਰਫ ਆਪੋ ਆਪਣਾ ਭਲਾ ਹੀ ਚਾਹੀਦਾ ਹੈ ਤੇ ਬੇਸ਼ਕ ਦੇਸ਼ ਪਵੇ ਢੱਠੇ ਖੂਹ ਵਿੱਚ, ਤਾਂ ਇਹ ਦੇਸ਼ ਸਾਨੂੰ ਸ਼ਕੀਲ ਬਦਾਇਊਨੀ ਦੇ ਸ਼ਬਦਾਂ ਵਿੱਚ, ਇਹ ਜ਼ਰੂਰ ਪੁੱਛੇਗਾ:
“ਮੈਨੇ ਕਬ ਤੁਮਸੇ ਕਹਾ ਥਾ ਕਿ ਮੁਝੇ ਪਿਆਰ ਕਰੋ।
ਪਿਆਰ ਜਬ ਤੁਮਨੇ ਕੀਆ ਥਾ ਤੋਂ ਨਿਭਾਇਆ ਹੋਤਾ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5489)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)