“ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰਕੇ ਮੋਤੀ ਰਾਮ ਮਹਿਰਾ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ...”
(27 ਦਸੰਬਰ 2024)
ਸਿੱਖ ਇਤਿਹਾਸ ਅੰਦਰ ਸ਼ਹੀਦਾਂ ਦਾ ਸਤਿਕਾਰ ਸਹਿਤ ਵਰਣਨ ਮਿਲਦਾ ਹੈ। ਅਨੇਕਾਂ ਹੀ ਅਜਿਹੇ ਸ਼ਹੀਦ ਵੀ ਹਨ, ਜਿਨ੍ਹਾਂ ਦੀਆਂ ਜੀਵਨੀਆਂ ਅਤੇ ਕੁਰਬਾਨੀਆਂ ਬਾਰੇ ਇਤਿਹਾਸ ਚੁੱਪ ਹੈ। ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਰੱਖਣ ਵਾਲੇ ਅਤੇ ਸਾਰਾ ਪਰਿਵਾਰ ਗੁਰੂ ਘਰ ਅਤੇ ਕੌਮ ਦੇ ਲੇਖੇ ਲਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਵੀ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਆਉਂਦਾ ਹੈ।
ਕੁਝ ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 1677 ਈਸਵੀ ਦੇ ਨੇੜੇ ਪਿਤਾ ਭਾਈ ਹਰਾ ਰਾਮ ਜੀ ਅਤੇ ਮਾਤਾ ਲਧੋ ਜੀ ਦੇ ਘਰ ਸਰਹੰਦ ਜਾਂ ਸੰਗਤ ਪੁਰ ਸੋਢੀਆਂ ਵਿਖੇ ਹੋਇਆ ਮੰਨਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਸੂਬਾ ਸਰਹਿੰਦ ਵਜ਼ੀਰ ਖਾਂ ਦੇ ਹਿੰਦੂਆਂ ਦੇ ਰਸੋਈਖਾਨੇ ਵਿੱਚ ਕੈਦੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ। ਉਧਰ ਜਦੋਂ ਗੰਗੂ ਬ੍ਰਾਹਮਣ ਦੇ ਮੁਖਬਰੀ ਕਰਨ ਕਰਕੇ ਉਸਦੇ ਘਰੋਂ ਮੁਰਿੰਡੇ ਦੀ ਪੁਲਿਸ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਸਰਹਿੰਦ ਦੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ। ਕੈਦੀਆਂ ਨੂੰ ਭੋਜਨ ਦੇਣ ਦੇ ਸਮੇਂ ਬਾਬਾ ਮੋਤੀ ਰਾਮ ਮਹਿਰਾ ਜੀ ਵੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਭੋਜਨ ਲੈ ਕੇ ਠੰਢੇ ਬੁਰਜ ਗਏ ਤਾਂ ਮਾਤਾ ਜੀ ਨੇ ਇਹ ਕਹਿ ਕੇ ਭੋਜਨ ਖਾਣ ਤੋਂ ਮਨ੍ਹਾ ਕਰ ਦਿੱਤਾ, “ਮੋਤੀ ਰਾਮ ਜੀ, ਤੁਹਾਡੀ ਸੇਵਾ ਕਬੂਲ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਵਿੱਚ ਗਰੀਬਾਂ ਦੀ ਲੁੱਟ ਅਤੇ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਬਣਿਆ ਖਾਣਾ ਨਹੀਂ ਖਾਵਾਂਗੇ।”
ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਚਿੰਤਤ ਹੋ ਕੇ ਅਤੇ ਚਿਹਰੇ ਤੇ ਉਦਾਸੀ ਲੈ ਕੇ ਘਰ ਵਾਪਸ ਆਏ ਤਾਂ ਉਨ੍ਹਾਂ ਦੀ ਮਾਤਾ ਨੇ ਚਿੰਤਾ ਅਤੇ ਉਦਾਸੀ ਦਾ ਕਾਰਨ ਪੁੱਛਿਆ। ਬਾਬਾ ਮੋਤੀ ਰਾਮ ਜੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿੱਚ ਕੈਦ ਹਨ ਅਤੇ ਉਨ੍ਹਾਂ ਨੇ ਸਰਕਾਰੀ ਰਸੋਈ ਦਾ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ ਹੈ, ਉਨ੍ਹਾਂ ਕੋਲ ਠੰਢ ਤੋਂ ਬਚਣ ਲਈ ਕੋਈ ਗਰਮ ਕੱਪੜਾ ਵੀ ਨਹੀਂ ਹੈ। ਪਰ ਸਾਹਿਬਜ਼ਾਦੇ ਅਤੇ ਮਾਤਾ ਜੀ ਚੜ੍ਹਦੀ ਕਲਾ ਵਿੱਚ ਹਨ।”
ਇਹ ਗੱਲ ਸੁਣ ਕੇ ਬਾਬਾ ਜੀ ਦੀ ਪਤਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਹਾਲਾਂਕਿ ਵਜ਼ੀਰ ਖਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਵੀ ਗੁਰੂ ਪਰਿਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ, ਉਸ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਪਰ ਫਿਰ ਵੀ ਬਾਬਾ ਮੋਤੀ ਰਾਮ ਜੀ ਦੀ ਪਤਨੀ ਨੇ ਮੋਤੀ ਰਾਮ ਮਹਿਰਾ ਜੀ ਨੂੰ ਘਰ ਦੀ ਗਾਂ ਦਾ ਦੁੱਧ ਗਰਮ ਕਰਕੇ ਗੜਵਾ ਭਰ ਕੇ ਦੇ ਦਿੱਤਾ ਤੇ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਕੇ ਆਉ ਉਹ ਭੁੱਖਣਭਾਣੇ ਹੋਣਗੇ। ਆਪਣੀ ਪਤਨੀ ਦੀ ਗੱਲ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਪਹਿਰੇਦਾਰਾਂ ਨੇ ਮੈਨੂੰ ਦੁੱਧ ਲੈ ਕੇ ਅੰਦਰ ਨਹੀਂ ਜਾਣ ਦੇਣਾ। ਬਾਬਾ ਜੀ ਦੀ ਮਾਤਾ ਅਤੇ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਅਤੇ ਕਿਹਾ, “ਇਹ ਲੈ ਜਾਓ, ਪਹਿਰੇਦਾਰ ਨੂੰ ਇਹ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਓ।”
ਬਾਬਾ ਜੀ ਦੁੱਧ ਲੈ ਕੇ ਠੰਢੇ ਬੁਰਜ ਪਹੁੰਚੇ ਅਤੇ ਪਹਿਰੇਦਾਰ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣਾ ਹੈ ਤਾਂ ਪਹਿਰੇਦਾਰ ਨੇ ਅੱਗਿਓਂ ਸੂਬਾ ਸਰਹਿੰਦ ਦਾ ਹੁਕਮ ਯਾਦ ਕਰਾਉਂਦਿਆਂ ਅੰਦਰ ਜਾਣ ਤੋਂ ਰੋਕ ਦਿੱਤਾ। ਫਿਰ ਬਾਬਾ ਜੀ ਨੇ ਪਹਿਰੇਦਾਰ ਨੂੰ ਗਹਿਣੇ ਲਾਲਚ ਵਜੋਂ ਦਿੱਤੇ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਿੱਚ ਕਾਮਯਾਬ ਹੋ ਗਏ। ਪੋਹ ਦਾ ਮਹੀਨਾ ਅਤੇ ਅੰਤਾਂ ਦੀ ਠੰਢ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਗਰਮ ਦੁੱਧ ਛਕਿਆ ਅਤੇ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਬੇਅੰਤ ਅਸੀਸਾਂ ਦਿੱਤੀਆਂ। ਇਹ ਵਰਤਾਰਾ ਲਗਾਤਾਰ ਤਿੰਨ ਰਾਤਾਂ ਚੱਲਿਆ, ਜਿਸ ਰਾਹੀਂ ਦੁੱਧ ਅਤੇ ਪਰਸ਼ਾਦੇ ਦੀ ਸੇਵਾ ਬਾਬਾ ਮੋਤੀ ਰਾਮ ਮਹਿਰਾ ਜੀ ਕਰਦੇ ਰਹੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਜੀ ਵੀ ਸਰੀਰ ਤਿਆਗ ਗਏ।
ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰਕੇ ਮੋਤੀ ਰਾਮ ਮਹਿਰਾ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ਲਕੜੀ ਖਰੀਦੀ ਅਤੇ ਦੀਵਾਨ ਟੋਡਰ ਮੱਲ ਜੀ ਨੇ ਮੋਹਰਾਂ ਵਿਛਾ ਕੇ ਸਸਕਾਰ ਕਰਨ ਲਈ ਜਗ੍ਹਾ ਖਰੀਦੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਹੱਥੀਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉੱਧਰ ਕਿਸੇ ਚੁਗ਼ਲਖੋਰ ਨੇ ਵਜ਼ੀਰ ਖਾਂ ਕੋਲ ਚੁਗਲੀ ਕੀਤੀ ਕਿ ਮੋਤੀ ਰਾਮ ਮਹਿਰਾ ਜੀ ਨੇ ਗੁਰੂ ਮਾਤਾ ਅਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਅਤੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਹੈ। ਗੁੱਸੇ ਵਿੱਚ ਆਏ ਵਜ਼ੀਰ ਖਾਂ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਪੇਸ਼ ਹੋਣ ਲਈ ਹੁਕਮ ਕੀਤਾ। ਜਦੋਂ ਬਾਬਾ ਜੀ ਵਜ਼ੀਰ ਖਾਂ ਦੇ ਪੇਸ਼ ਹੋਏ ਤਾਂ ਉਸ ਨੇ ਪੁੱਛਿਆ ਕਿ ਤੂੰ ਮੇਰਾ ਹੁਕਮ ਤੋੜ ਕੇ ਬਾਗੀਆਂ ਦੀ ਸੇਵਾ ਕੀਤੀ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਡੋਲ ਰਹਿ ਕੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ, ਇਸ ਲਈ ਮੈਂ ਅਪਣਾ ਫਰਜ਼ ਸਮਝ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ। ਵਜ਼ੀਰ ਖਾਂ ਨੇ ਅੱਗ ਬਗੋਲ਼ਾ ਹੋ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਨ ਦਾ ਹੁਕਮ ਦੇ ਦਿੱਤਾ। ਜਲਾਦਾਂ ਨੇ ਪਹਿਲਾਂ ਬਾਬਾ ਜੀ ਦੇ ਸੱਤ ਸਾਲ ਦੇ ਪੁੱਤਰ ਫਿਰ ਮਾਤਾ ਜੀ ਫਿਰ ਪਤਨੀ ਅਤੇ ਅਖੀਰ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸਾਰਾ ਪਰਿਵਾਰ ਆਪਣਾ ਜੀਵਨ ਗੁਰੂ ਅਤੇ ਕੌਮ ਦੇ ਲੇਖੇ ਲਾ ਕੇ ਅਮਰ ਸ਼ਹੀਦ ਹੋ ਗਏ।
ਇਤਿਹਾਸਕਾਰਾਂ ਦੇ ਮੁਤਾਬਕ ਸਤਿਕਾਰ ਯੋਗ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ 30 ਦਸੰਬਰ 1704 ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਇੱਕ ਜਨਵਰੀ ਨੂੰ ਵਜ਼ੀਦ ਖਾਨ ਕੋਲ ਪੇਸ਼ੀ ਹੋਈ ਅਤੇ ਤਿੰਨ ਜਨਵਰੀ 1705 ਨੂੰ ਪਰਿਵਾਰ ਸਮੇਤ ਵਜ਼ੀਦ ਖਾਨ ਦੇ ਹੁਕਮਾਂ ਤੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।
ਧੰਨ ਮੋਤੀ ਮਹਿਰਾ ਜਿਸ ਪੁੰਨ ਕਮਾਇਆ,
ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5565)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)