AmarjitSFauji7ਤੇਰੇ ਵਰਗੇ ਨੌਤੀ ਸੌ ਫਿਰਦੇ ਐ ਇਹ ਬੰਦ ਕਰਾਉਣ ਨੂੰ, ਜਾਹ ਲਾ ਲੈ ਜੋਰ ਜਿੱਥੇ ਲਗਦਾ ਐ ...
(6 ਅਪਰੈਲ 2024)
ਇਸ ਸਮੇਂ ਪਾਠਕ: 325.


ਸਮਾਜ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੂੰ ਗਾਹੇ ਵਗਾਹੇ ਸਫ਼ਰ ਤਾਂ ਕਰਨਾ ਹੀ ਪੈਂਦਾ ਹੈ
, ਚਾਹੇ ਕਿਤੇ ਦੁੱਖ ਸੁਖ ਵਿੱਚ ਜਾਂ ਵਿਆਹ ਸ਼ਾਦੀ ਜਾਣਾ ਹੋਵੇ ਜਾਂ ਫਿਰ ਬਿਮਾਰੀ ਕਾਰਨ ਕਿਸੇ ਵੱਡੇ ਸ਼ਹਿਰ ਦੇ ਵੱਡੇ ਛੋਟੇ ਜਾਂ ਸਰਕਾਰੀ ਹਸਪਤਾਲ ਇਲਾਜ ਲਈ ਜਾਣਾ ਪਵੇਅਮੀਰ ਲੋਕ ਤਾਂ ਆਪਣੇ ਨਿੱਜੀ ਸਾਧਨਾਂ, ਵੱਡੀਆਂ ਵੱਡੀਆਂ ਕਾਰਾਂ ਵਗੈਰਾ ’ਤੇ ਸਫ਼ਰ ਕਰਦੇ ਹਨ ਮੱਧ ਵਰਗੀ ਵੀ ਆਪਣੀ ਜਾਂ ਕਿਰਾਏ ਦੀ ਗੱਡੀ ਵਗੈਰਾ ਲੈ ਕੇ ਸਫ਼ਰ ਕਰਦੇ ਹਨ ਪਰ ਗਰੀਬ, ਮਜ਼ਦੂਰ, ਕਿਰਤੀ, ਦਿਹਾੜੀਦਾਰ, ਆਮ ਲੋਕ ਪੈਸੇ ਦੀ ਤੰਗੀ ਤੁਰਸ਼ੀ ਕਾਰਨ ਬੱਸਾਂ ਵਿੱਚ ਹੀ ਸਫ਼ਰ ਕਰਦੇ ਹਨ ਜਿਸ ਤੋਂ ਸਰਕਾਰ ਅਤੇ ਉਸ ਦੇ ਅਧੀਨ ਆਉਂਦੇ ਹੋਰ ਅਦਾਰਿਆਂ ਨੂੰ ਖੂਬ ਕਮਾਈ ਵੀ ਹੁੰਦੀ ਹੈ ਅਤੇ ਪ੍ਰਾਈਵੇਟ ਟਰਾਂਸਪੋਰਟਰ ਵੀ ਖੂਬ ਕਮਾਈ ਕਰਦੇ ਹਨ ਇਸ ਸਫ਼ਰ ਦੌਰਾਨ ਆਮ ਲੋਕਾਂ ਨੂੰ, ਖ਼ਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਖੱਜਲ਼ ਖੁਆਰ ਹੋਣਾ ਪੈਂਦਾ ਹੈ ਅਤੇ ਸ਼ਰਮਿੰਦਗੀ ਵੀ ਝੱਲਣੀ ਪੈਂਦੀ ਹੈ

ਪਿਛਲੇ ਦਿਨੀਂ ਮੈਂ ਅਤੇ ਮੇਰੀ ਜੀਵਨ ਸਾਥਣ ਬੱਸ ਵਿੱਚ ਸਫ਼ਰ ਰਾਹੀਂ ਲੁਧਿਆਣੇ ਤੋਂ ਪਿੰਡ ਨੂੰ ਆ ਰਹੇ ਸੀਅਸੀਂ ਲੁਧਿਆਣੇ ਤੋਂ ਬਰਨਾਲੇ ਪਹੁੰਚ ਕੇ ਬਰਨਾਲੇ ਬੱਸ ਅੱਡੇ ਉੱਤਰ ਗਏ ਅਤੇ ਪਿੰਡ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗੇ। ਮੈਂ ਆਪਣੀ ਜੀਵਨ ਸਾਥਣ ਨੂੰ ਅੱਡੇ ਵਿੱਚ ਲੱਗੀਆਂ ਸੀਮਿੰਟਡ ਕੁਰਸੀਆਂ ਉੱਤੇ ਬਿਠਾ ਕੇ ਆਪ ਪਿਸ਼ਾਬ ਕਰਨ ਲਈ ਅੱਡੇ ਦੇ ਅੰਦਰ ਬਣੇ ਬਾਥਰੂਮਾਂ ਵੱਲ ਨੂੰ ਚਲਾ ਗਿਆ। ਉੱਥੇ ਦੇਖਿਆ ਇੱਕ ਬਜ਼ੁਰਗ ਔਰਤ ਅਤੇ ਬਾਥਰੂਮ ਦੇ ਕਰਮਚਾਰੀ (ਸ਼ਾਇਦ ਠੇਕੇਦਾਰ ਦਾ ਕਰਿੰਦੇ) ਵਿਚਕਾਰ ਬਹਿਸਬਾਜ਼ੀ ਹੋ ਰਹੀ ਸੀ। ਬਜ਼ੁਰਗ ਔਰਤ ਨੂੰ ਬਾਥਰੂਮ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਕਿਉਂਕਿ ਕਰਮਚਾਰੀ ਉਸ ਔਰਤ ਤੋਂ ਪਿਸ਼ਾਬ ਕਰਨ ਦੇ ਦਸ ਰੁਪਏ ਮੰਗ ਰਿਹਾ ਸੀ। ਔਰਤ ਕਹਿ ਰਹੀ ਸੀ ਕਿ ਮੇਰੇ ਕੋਲ ਸਿਰਫ ਪਿੰਡ ਜਾਣ ਲਈ ਕਿਰਾਏ ਜੋਗੇ ਪੈਸੇ ਹਨ, ਮੈਂ ਤਾਂ ਸਿਰਫ ਪਿਸ਼ਾਬ ਹੀ ਕਰਨਾ ਹੈ, ਟੱਟੀ ਨਹੀਂ ਜਾਣਾ। ਪਰ ਕਰਮਚਾਰੀ ਮੰਨ ਨਹੀਂ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਪਿਸ਼ਾਬ ਕਰਨ ਦੇ ਵੀ ਦਸ ਰੁਪਏ ਹੀ ਲੱਗਣਗੇ

ਬਜ਼ੁਰਗ ਔਰਤ ਮਿੰਨਤਾਂ ਤਰਲੇ ਕਰਦੀ ਰਹੀ ਪਰ ਕਰਮਚਾਰੀ ਨਾ ਮੰਨਿਆ। ਫਿਰ ਬਜ਼ੁਰਗ ਔਰਤ ਬੋਲੀ, ਵੀਰਾ ਪੰਜ ਰੁਪਏ ਲੈ ਲਾ ,ਮੇਰੇ ਕੋਲ ਟੁੱਟੇ ਹੈਗੇ। ਪਰ ਉਹ ਫਿਰ ਵੀ ਟੱਸ ਤੋਂ ਮੱਸ ਨਾ ਹੋਇਆ ਅਤੇ ਦਸ ਰੁਪਏ ਹੀ ਮੰਗੀ ਜਾਵੇਫਿਰ ਮੈਂ ਵੀ ਉਸ ਕਰਮਚਾਰੀ ਨੂੰ ਕਿਹਾ ਕਿ ਯਾਰ ਬਜ਼ੁਰਗ ਔਰਤ ਦਾ ਤਾਂ ਲਿਹਾਜ਼ ਕਰ, ਉਸ ਨੂੰ ਪਿਸ਼ਾਬ ਦਾ ਜ਼ੋਰ ਹੈ, ਇਸ ਨੂੰ ਬਾਥਰੂਮ ਦੇ ਅੰਦਰ ਜਾਣ ਦੇ। ਉਹ ਕਰਮਚਾਰੀ ਮੈਨੂੰ ਵੀ ਰੁੱਖਾ ਜਿਹਾ ਬੋਲਿਆ ਅਤੇ ਨਾ ਮੰਨਿਆ। ਉਹ ਖ਼ੁਦ ਵੀ ਬੋਲਣ ਵਿੱਚ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਸੀ ਹੌਲੀ ਹੌਲੀ ਬੋਲ ਰਿਹਾ ਸੀਫਿਰ ਮੈਂ ਉਸ ਨੂੰ ਆਪਣੀ ਜੇਬ ਵਿੱਚੋਂ ਦਸ ਰੁਪਏ ਕੱਢ ਕੇ ਫੜਾਏ ਤਾਂ ਉਸ ਨੇ ਬਜ਼ੁਰਗ ਔਰਤ ਨੂੰ ਬਾਥਰੂਮ ਅੰਦਰ ਜਾਣ ਦਿੱਤਾ

ਇਸ ਘਟਨਾ ਤੋਂ ਬਾਅਦ ਮੈਂ ਸੋਚਿਆ ਕਿ ਇਸ ਮਸਲੇ ਨੂੰ ਬਰਨਾਲੇ ਦੇ ਬੱਸ ਅੱਡੇ ਦੇ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਔਰਤਾਂ ਅਤੇ ਬਜ਼ੁਰਗਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਮੈਂ ਬਰਨਾਲੇ ਦੇ ਜਿਸ ਕਾਊਂਟਰ ਤੋਂ ਭਦੌੜ, ਭਗਤਾ, ਬਾਜਾਖਾਨਾ, ਫਰੀਦਕੋਟ ਨੂੰ ਬੱਸਾਂ ਚਲਦੀਆਂ ਹਨ, ਉਸ ਕਾਊਂਟਰ ’ਤੇ ਬੈਠੇ ਦੋ ਤਿੰਨ ਸਿਆਣੇ ਬੰਦੇ, ਜੋ ਡਰਾਇਵਰ ਕੰਡਕਟਰ ਹੀ ਸਨ, ਨੂੰ ਸੰਬੋਧਨ ਹੋ ਕੇ ਕਿਹਾ, “ਬਾਈ ਜੀ, ਇਸ ਅੱਡੇ ਦਾ ਪ੍ਰਬੰਧਕ ਕੌਣ ਹੈ ਤੇ ਕਿੱਥੇ ਬਹਿੰਦਾ ਹੈ? ਮੈਂ ਉਸ ਨੂੰ ਮਿਲਣਾ ਹੈ।”

ਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕੋਲ ਖੜ੍ਹਾ ਇੱਕ ਬਣਦਾ ਠਣਦਾ ਕੁੜਤਾ ਪਜਾਮਾ ਪਾਈ ਖੜ੍ਹਾ, ਵਧੀਆ ਢੰਗ ਨਾਲ ਵਾਲ਼ ਵਾਹਿਆਂ ਵਾਲਾ ਬੰਦਾ ਮੇਰੇ ਵੱਲ ਟੇਢਾ ਜਿਹਾ ਝਾਕ ਕੇ ਕਹਿੰਦਾ, “ਮੈਂ ਹੀ ਪ੍ਰਧਾਨ ਹਾਂ ਇਸ ਸਾਰੇ ਅੱਡੇ ਦਾ, ਦੱਸੋ ਕੀ ਕੰਮ ਹੈ?

ਮੈਂ ਸੋਚਣ ਲੱਗ ਪਿਆ ਕਿ ਪ੍ਰਬੰਧਕ ਤਾਂ ਦਫਤਰ ਵਗੈਰਾ ਵਿੱਚ ਬੈਠਾ ਹੁੰਦਾ ਹੈ, ਇਹ? ...” ਉਹ ਬੰਦਾ ਦੁਬਾਰਾ ਬੜੀ ਆਕੜ ਜਿਹੀ ਨਾਲ ਬੋਲਿਆ, “ਹਾਂ, ਹਾਂ, ਮੈਂ ਹੀ ਪ੍ਰਧਾਨ ਹਾਂ ਸਾਰੇ ਅੱਡੇ ਦਾ, ਖੁੱਲ੍ਹ ਕੇ ਦੱਸ ਕੀ ਕੰਮ ਹੈ?

ਮੈਨੂੰ ਮਹਿਸੂਸ ਹੋਇਆ ਕਿ ਉਹ ਝੂਠ ਬੋਲ ਰਿਹਾ ਹੈ। ਫਿਰ ਵੀ ਮੈਂ ਉਸ ਨੂੰ ਕਿਹਾ, “ਪ੍ਰਧਾਨ ਸਾਹਬ ਜੀ, ਤੁਹਾਡਾ ਸ਼ੁਭ ਨਾਮ?” ਉਸ ਨੇ ਸ਼ਾਇਦ ਆਪਣਾ ਨਾਂ ਗੁਰਮੀਤ ਦੱਸਿਆ। ਮੈਂ ਕਿਹਾ, “ਪ੍ਰਧਾਨ ਜੀ, ਤੁਹਾਡੇ ਅੱਡੇ ’ਤੇ ਤੁਹਾਡੀ ਪ੍ਰਧਾਨਗੀ ਹੇਠ ਔਰਤਾਂ ਤੋਂ ਪਿਸ਼ਾਬ ਕਰਨ ਦੇ ਵੀ ਦੱਸ ਰੁਪਏ ਲਏ ਜਾ ਰਹੇ ਹਨ।”

ਉਹ ਜੋ ਬੋਲਿਆ ਉਸਦੇ ਮੂਹੋਂ ਨਿਕਲੇ ਸ਼ਬਦ ਸੁਣ ਕੇ ਮੈਂ ਸੁੰਨ ਹੋ ਗਿਆ। ਉਹ ਸਿੱਧਾ ਹੀ ਭੱਦੀ ਜਿਹੀ ਸ਼ਬਦਾਵਲੀ ਵਿੱਚ ਬੋਲਿਆ, “ਜੇ ਦਸ ਰੁਪਏ ਕੋਲ ਨਹੀਂ ਹਨ ਤਾਂ ਬੁੜ੍ਹੀਆਂ ਨਾ ਮੂਤਣ। ਅਗਲੇ ਨੇ ਸਾਢੇ ਗਿਆਰਾਂ ਲੱਖ ਰੁਪਏ ਠੇਕਾ ਭਰਿਐ, ਘਰੋਂ ਮੂਤ ਕੇ ਆਉਣ

ਮੈਂ ਉਸ ਨੂੰ ਕਿਹਾ, “ਪ੍ਰਧਾਨ ਜੀ ਕਈ ਵਾਰ ਸਵਾਰੀ ਕੋਲ ਸਿਰਫ਼ ਕਿਰਾਏ ਜੋਗੇ ਹੀ ਪੈਸੇ ਹੁੰਦੇ ਹਨ, ਉਹ ਕੀ ਕਰਨ? ਕਈ ਵਾਰ ਬੱਸਾਂ ਲੇਟ ਵੀ ਹੋ ਜਾਂਦੀਆਂ ਹਨ ਅਤੇ ਇਹ ਕੁਦਰਤੀ ਪ੍ਰਕਿਰਿਆ ਹੈ, ਇਸ ਨੂੰ ਬਹੁਤਾ ਚਿਰ ਰੋਕ ਕੇ ਨਹੀਂ ਰੱਖਿਆ ਜਾ ਸਕਦਾ। ਬੁਢਾਪੇ ਵਿੱਚ ਬਿਮਾਰੀਆਂ ਲੱਗ ਜਾਂਦੀਆਂ ਹਨ, ਸ਼ੂਗਰ ਵਗੈਰਾ ਵਾਲੇ ਨੂੰ ਵਾਰ ਵਾਰ ਪਿਸ਼ਾਬ ਆਉਂਦਾ ਹੈ। ਜੇ ਜ਼ਿਆਦਾ ਦੇਰ ਰੋਕਾਂਗੇ ਤਾਂ ਹੋਰ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨਇਸ ਅੰਤਾਂ ਦੀ ਮਹਿੰਗਾਈ ਦੇ ਯੁਗ ਵਿੱਚ ਬਜ਼ੁਰਗਾਂ ਨੂੰ ਪੈਸੇ ਵੀ ਘਰੋਂ ਮੰਗ ਕੇ ਹੀ ਲੈਣੇ ਪੈਂਦੇ ਹਨ। ਕਈ ਵਾਰ ਤਾਂ ਔਲਾਦ ਬਜ਼ੁਰਗਾਂ ਨੂੰ ਪੈਸੇ ਦਿੰਦੀ ਹੀ ਨਹੀਂ। ਜੋ ਸਰਕਾਰ ਵੱਲੋਂ ਹਜ਼ਾਰ ਪੰਦਰਾਂ ਸੌ ਰੁਪਏ ਪੈਨਸ਼ਨ ਮਿਲਦੀ ਹੈ, ਉਸ ਨਾਲ ਬਜ਼ੁਰਗ ਔਰਤਾਂ ਆਪਣੀਆਂ ਧੀਆਂ, ਦੋਹਤੇ ਦੋਹਤੀਆਂ ਨੂੰ ਮਿਲਣ ਜਾਂਦੀਆਂ ਹਨ ਅਤੇ ਹੱਥ ਘੁੱਟ ਕੇ ਹੀ ਖਰਚ ਕਰਨਾ ਪੈਂਦਾ ਹੈ। ਇਹ ਔਰਤਾਂ ਅਤੇ ਬਜ਼ੁਰਗਾਂ ਦੀ ਸਮੱਸਿਆ ਦਾ ਮਸਲਾ ਹੈ, ਇਸ ਲਈ ਤੁਸੀਂ ਇਸ ਸਮੱਸਿਆ ਵੱਲ ਜ਼ਰੂਰ ਧਿਆਨ ਦਿਓ।”

ਇੱਕ ਵਾਰ ਫਿਰ ਉਹ ਉੱਖੜੇ ਕੁਹਾੜੇ ਵਾਂਗ ਬੋਲਿਆ, “ਮੈਂ ਠੇਕਾ ਲਿਐ ਲੋਕਾਂ ਦਾ, ਨਾਲ਼ੇ ਬੁੜ੍ਹੀਆਂ ਦਾ? ਜੇ ਪੈਸੇ ਨਹੀਂ ਹਨ ਤਾਂ ਨਾ ਆਉਣ, ਨਾ ਮੂਤਣ। ਘਰੇ ਰਹਿਣ। ਤੇਰੇ ਵਰਗੇ ਨੌਤੀ ਸੌ ਫਿਰਦੇ ਐ ਇਹ ਬੰਦ ਕਰਾਉਣ ਨੂੰ, ਜਾਹ ਲਾ ਲੈ ਜੋਰ ਜਿੱਥੇ ਲਗਦਾ ਐ। ਜੇ ਬਾਹਲ਼ਾ ਔਖੈਂ ਤਾਂ ਮਿਊਂਸਪਲ ਕਮੇਟੀ ਦੇ ਦਫਤਰ ਚਲਾ ਜਾ।”

ਸਾਡੀ ਇਹ ਬਹਿਸਬਾਜ਼ੀ ਸੁਣ ਕੇ ਬਹੁਤ ਲੋਕ ਇਕੱਠੇ ਹੋ ਗਏ ਅਤੇ ਔਰਤਾਂ ਵੀ ਸਾਡੀ ਗੱਲਬਾਤ ਬੜੇ ਧਿਆਨ ਨਾਲ ਸੁਣ ਰਹੀਆਂ ਸਨ ਪਰ ਵਿਚਾਰੀਆਂ ਮਜਬੂਰੀ ਵੱਸ ਚੁੱਪ ਰਹੀਆਂ। ਇੰਨੇ ਨੂੰ ਸਾਡੀ ਬੱਸ ਤੁਰਨ ਲੱਗੀ ਤਾਂ ਮੈਂ ਬੱਸ ਵਿੱਚ ਚੜ੍ਹ ਕੇ ਆਪਣੀ ਸੀਟ ’ਤੇ ਬੈਠ ਗਿਆ ਅਤੇ ਉਹ ਪ੍ਰਧਾਨ ਸਵਾਰੀਆਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਿਆ, “ਆਜੋ, ਆਜੋ, ਭਦੌੜ, ਭਗਤਾ, ਕੋਟ, ਫਰੀਦਕੋਟ।” ਇਹ ਦੇਖ ਕੇ ਮੈਨੂੰ ਲੱਗਿਆ ਕਿ ਸ਼ਾਇਦ ਉਹ ਆਪੇ ਬਣਿਆ ਅਖੌਤੀ ਪ੍ਰਧਾਨ ਹੋਵੇਹੁਣ ਮੈਂ ਬੱਸ ਵਿੱਚ ਬੈਠਾ ਸੋਚਣ ਲੱਗਾ ਕਿ ਜਿੱਥੇ ਔਰਤ ਨੂੰ ਦੇਵੀ ਸਮਝਿਆ ਜਾਂਦਾ ਹੈ, ਕੰਜਕਾਂ ਪੂਜੀਆਂ ਜਾਂਦੀਆਂ ਹਨ, ਔਰਤ ਨੂੰ ਜਗ ਜਨਨੀ ਕਿਹਾ ਜਾਂਦਾ ਹੈ, ਜਿਸ ਔਰਤ ਨੇ ਸਾਨੂੰ ਸਾਰਿਆਂ ਨੂੰ ਜਨਮ ਦਿੱਤਾ ਹੈ, ਉਸ ਔਰਤ ਤੋਂ ਬੱਸ ਅੱਡਿਆਂ ’ਤੇ ਪਿਸ਼ਾਬ ਕਰਨ ਦੇ ਮਜਬੂਰੀ ਵਿੱਚ ਵੀ ਦਸ ਰੁਪਏ ਲਏ ਜਾਂਦੇ ਹਨ ਇਸ ਤੋਂ ਵੱਡੀ ਔਰਤ ਦੀ ਨਿਰਾਦਰੀ ਹੋਰ ਕੀ ਹੋਵੇਗੀ?

ਮੈਂ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਬਾਥਰੂਮਾਂ ਦੀ ਸਾਫ਼ ਸਫ਼ਾਈ ਲਈ ਰੱਖੇ ਮੁਲਾਜ਼ਮਾਂ ਦੀ ਤਨਖਾਹ ਵਗੈਰਾ ਦਾ ਪ੍ਰਬੰਧ ਹੋਰ ਕਮਾਈ ਦੇ ਸਾਧਨਾਂ ਤੋਂ ਜਿਵੇਂ ਕਿ ਅੱਡੇ ਅੰਦਰ ਦੁਕਾਨਾਂ ਤੋਂ ਕਿਰਾਇਆ, ਜਾਂ ਸ਼ਹਿਰ ਵਿੱਚ ਕਮਾਈ ਦੇ ਹੋਰ ਸਾਧਨਾਂ ਤੋਂ ਪੈਸੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੱਸ ਅੱਡਿਆਂ ’ਤੇ ਆਮ ਲੋਕਾਂ, ਔਰਤਾਂ, ਬਜ਼ੁਰਗਾਂ, ਬਿਮਾਰਾਂ, ਗਰੀਬਾਂ ਮਜ਼ਦੂਰਾਂ ਨੂੰ ਸ਼ਰਮਿੰਦਗੀ, ਬੇਇੱਜ਼ਤੀ, ਅਤੇ ਖੱਜਲ਼ ਖੁਆਰੀ ਤੋਂ ਬਚਾਇਆ ਜਾਵੇਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਟਰਾਂਸਪੋਰਟ ਵਿਭਾਗ ਦੇ ਮੰਤਰੀ ਅਤੇ ਅਫਸਰਾਂ ਅਤੇ ਹੋਰ ਵੱਡੇ ਆਹੁਦੇਦਾਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਬੱਸ ਅੱਡਿਆਂ ਦਾ ਛੇਤੀ ਤੋਂ ਛੇਤੀ ਦੌਰਾ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਉਹ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਰਹੀ ਹੈ, ਉੱਥੇ ਹੀ ਸਰਕਾਰ ਦੇ ਨੱਕ ਹੇਠ ਬੱਸ ਅੱਡਿਆਂ ’ਤੇ ਔਰਤਾਂ, ਬਜ਼ੁਰਗਾਂ ਦੀ ਹੁੰਦੀ ਖੱਜਲਖੁਆਰੀ ਵੱਲੋਂ ਮੂੰਹ ਨਾ ਮੋੜੇ ਅਤੇ ਇਸ ਵੱਲ ਵਿਸ਼ੇਸ਼ ਧਿਆਨ ਦੇਵੇ।

ਜਦੋਂ ਸਰਕਾਰ ਮਿਊਂਸਪਲ ਕਮੇਟੀਆਂ ਨੂੰ ਗਰਾਂਟ ਜਾਂ ਫੰਡ ਵਗੈਰਾ ਭੇਜਦੀ ਹੈ ਤਾਂ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਜ਼ਰੂਰ ਧਿਆਨ ਦੇਵੇ ਅਤੇ ਇਸ ਮਸਲੇ ਵੱਲ ਵੀ ਵਿਸ਼ੇਸ਼ ਧਿਆਨ ਦੇਵੇਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਸਰਕਾਰ ਤੋਂ ਇਹ ਮਸਲਾ ਹੱਲ ਕਰਵਾਉਣ ਲਈ ਇੱਕ ਜੁੱਟ ਹੋਣ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4868)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮਰਜੀਤ ਸਿੰਘ ਫ਼ੌਜੀ

ਅਮਰਜੀਤ ਸਿੰਘ ਫ਼ੌਜੀ

Village: Dina, Moga, Punjab, India.
WhatsApp: (91 - 94174 - 04804)
Email: (amerjitdina59891@gmail.com)