“ਮੇਰਾ ਹੱਸਦਾ ਵਸਦਾ ਪਰਿਵਾਰ ਸੀ। ਮੇਰੇ ਦੋ ਬਹੁਤ ਹੀ ਪਿਆਰੇ ਲੜਕੇ ਸਨ। ਵੱਡਾ ਬੇਟਾ ....”
(6 ਦਸੰਬਰ 2024)
ਗੱਲ ਤਕਰੀਬਨ 1992 ਦੀ ਹੈ ਜੋ ਮੇਰੇ ਫ਼ੌਜੀ ਜੀਵਨ ਵਿੱਚ ਵਾਪਰੀ। ਪੰਜਾਬ ਵਿੱਚ ਅਸੈਂਬਲੀ ਲਈ ਵੋਟਾਂ ਪੈਣੀਆਂ ਸਨ ਜਿਸ ਲਈ ਸਾਡੇ ਬ੍ਰਿਗੇਡ ਦੀ ਡਿਊਟੀ ਪੰਜਾਬ ਵਿੱਚ ਲੁਧਿਆਣੇ ਲੱਗੀ ਹੋਈ ਸੀ। ਹੋਇਆ ਇੰਝ ਕਿ ਮੇਰੇ ਇੱਕ ਖਾਸ ਰਿਸ਼ਤੇਦਾਰ ਦਾ ਬੇਟਾ ਆਪਣੇ ਗਵਾਂਢੀ ਦੇ ਬੇਟੇ ਨਾਲ ਕਿਸੇ ਗੱਲੋਂ ਲੜ ਪਿਆ। ਤੂੰ-ਤੂੰ ਮੈਂ-ਮੈਂ ਤੋਂ ਬਾਅਦ ਹੱਥੋਪਾਈ ਦੌਰਾਨ ਗੁਆਂਢੀਆਂ ਦੇ ਮੁੰਡੇ ਦੇ ਥੋੜ੍ਹੀ ਜਿਹੀ ਸੱਟ ਲੱਗ ਗਈ। ਉਹਨਾਂ ਨੇ ਜਾ ਕੇ ਪੁਲਿਸ ਚੌਂਕੀ ਰਿਪੋਰਟ ਲਿਖਵਾ ਦਿੱਤੀ ਅਤੇ ਪੁਲਿਸ ਨੇ ਮੇਰੇ ਰਿਸ਼ਤੇਦਾਰ ਮੁੰਡੇ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਮੇਰੇ ਰਿਸ਼ਤੇਦਾਰ ਮੇਰੇ ਕੋਲ ਘਰ ਆ ਗਏ। ਸੰਜੋਗ ਵੱਸ ਮੈਂ ਉਦੋਂ ਨਾਈਟ ਪਾਸ ਲੈ ਕੇ ਘਰ ਆਇਆ ਹੋਇਆ ਸੀ। ਉਨ੍ਹਾਂ ਮੈਨੂੰ ਸਾਰੀ ਗੱਲ ਦੱਸੀ। ਮੈਂ ਕਿਹਾ, ਕੋਈ ਗੱਲ ਨਹੀਂ, ਕਰਦੇ ਹਾਂ ਕੋਈ ਹੱਲ। ਅਗਲੇ ਦਿਨ ਮੈਂ ਬ੍ਰਿਗੇਡ ਕੈਂਪ ਵਿੱਚ ਹਾਜ਼ਰ ਹੋ ਕੇ ਸਾਰੀ ਗੱਲ ਕੈਂਪ ਕਮਾਂਡਰ ਦੇ ਧਿਆਨ ਵਿੱਚ ਲਿਆਂਦੀ। ਕੈਂਪ ਕਮਾਂਡਰ ਸਾਹਿਬ ਨੇ ਮੈਨੂੰ ਕਿਹਾ ਤੂੰ ਪੁਲਿਸ ਚੌਂਕੀ ਜਾ ਕੇ ਮਸਲਾ ਹੱਲ ਕਰਵਾ ਦੇ ਜੇ ਕੋਈ ਪ੍ਰੋਬਲਮ ਹੋਵੇ ਤਾਂ ਫ਼ੋਨ ’ਤੇ ਗੱਲ ਕਰ ਲੈਣੀ।
ਮੈਂ ਉਸੇ ਟਾਈਮ ਫ਼ੌਜੀ ਵਰਦੀ ਪਾ ਕੇ ਪੁਲਿਸ ਚੌਂਕੀ ਪਹੁੰਚ ਕੇ ਸੰਬੰਧਿਤ ਚੌਕੀ ਇੰਚਾਰਜ, ਜੋ ਕਿ ਏ ਐੱਸ ਆਈ ਸੀ, ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰ ਜੀ, ਬੱਚੇ ਆਪਸ ਵਿੱਚ ਲੜ ਪਏ ਹਨ। ਇਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਜਾਂ ਲੈਣ ਦੇਣ ਦਾ ਰੌਲਾ ਨਹੀਂ ਹੈ ਅਤੇ ਲੜਾਈ ਖਾਹ-ਮਖਾਹ ਅਤੇ ਅਚਾਨਕ ਹੋਈ ਹੈ। ਮੈਂ ਆਪਣੇ ਰਿਸ਼ਤੇਦਾਰ ਮੁੰਡੇ ਅਤੇ ਉਸਦੇ ਮਾਤਾ-ਪਿਤਾ ਤੋਂ ਗਲਤੀ ਮੰਨਵਾ ਦਿੰਦਾ ਹਾਂ। ਜੇਕਰ ਸੱਟ ਲੱਗਣ ਕਾਰਨ ਦੂਸਰੀ ਧਿਰ ਦਾ ਕੋਈ ਖਰਚਾ ਵਗੈਰਾ ਹੋਇਆ ਹੈ ਤਾਂ ਉਹ ਵੀ ਦਿਵਾ ਦਿੰਦਾ ਹਾਂ। ਤੁਸੀਂ ਮਿਹਰਬਾਨੀ ਕਰਕੇ ਰਾਜ਼ੀਨਾਮਾ ਕਰਵਾ ਦਿਓ ਅਤੇ ਮੁੰਡੇ ਨੂੰ ਛੱਡ ਦਿਓ। ਮੇਰੀ ਗੱਲ ਸੁਣ ਕੇ ਠਾਣੇਦਾਰ ਤਾਂ ਮੇਰੇ ਗਲ਼ ਹੀ ਪੈ ਗਿਆ, ਉੱਚਾ ਨੀਵਾਂ ਵੀ ਬੋਲਿਆ ਅਤੇ ਮੇਰੇ ਪਾਈ ਹੋਈ ਫ਼ੌਜੀ ਵਰਦੀ ਦਾ ਵੀ ਕੋਈ ਲਿਹਾਜ਼ ਨਾ ਕੀਤਾ ਅਤੇ ਮੇਰੇ ਨਾਲ ਬੁਰਾ ਵਿਵਹਾਰ ਵੀ ਕੀਤਾ। ਮੈਂ ਸਮਝ ਗਿਆ ਕਿ ਅਸਲ ਵਿੱਚ ਉਹ ਰਿਸ਼ਵਤ ਦੀ ਝਾਕ ਵਿੱਚ ਸੀ।
ਫਿਰ ਮੈਂ ਉੱਥੋਂ ਐੱਸ ਟੀ ਡੀ ਬੂਥ ਤੋਂ ਹੀ ਆਪਣੇ ਅਫਸਰ ਨੂੰ ਸਾਰੀ ਕਹਾਣੀ ਦੱਸੀ ਤਾਂ ਉਨ੍ਹਾਂ ਨੇ ਐੱਸ ਐੱਸ ਪੀ ਸਾਹਿਬ ਨੂੰ ਫੋਨ ਕੀਤਾ ਅਤੇ ਐੱਸ ਐੱਸ ਪੀ ਸਾਹਿਬ ਨੇ ਸੰਬੰਧਿਤ ਐੱਸ ਐੱਚ ਓ ਨੂੰ ਉਸੇ ਟਾਈਮ ਪੁਲਿਸ ਚੌਂਕੀ ਭੇਜ ਕੇ ਮੇਰੇ ਰਿਸ਼ਤੇਦਾਰ ਮੁੰਡੇ ਨੂੰ ਛੁਡਵਾ ਦਿੱਤਾ। ਪਰ ਏ ਐੱਸ ਆਈ ਮੇਰੇ ’ਤੇ ਪੂਰਾ ਗਰਮ ਸੀ ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਉਹ ਮੇਰੇ ਵੱਲ ਲਾਲ ਅੱਖਾਂ ਕੱਢ ਕੇ ਘੂਰ ਘੂਰ ਕੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਦਾ ਰਿਹਾ।
ਅਗਲੇ ਦਿਨ ਸਵੇਰੇ ਜਦੋਂ ਮੈਂ ਬੱਸ ਸਟੈਂਡ ਦੇ ਅੱਗੋਂ ਦੀ ਲੰਘ ਰਿਹਾ ਸੀ ਤਾਂ ਉਹੀ ਏ ਐੱਸ ਆਈ ਬੱਸ ਸਟੈਂਡ ਦੇ ਸਾਹਮਣੇ ਬਣੇ ਛੋਟੇ ਜਿਹੇ ਢਾਬੇ ’ਤੇ ਬੈਠਾ ਸਵੇਰੇ ਨੌਂ ਦਸ ਵਜੇ ਹੀ ਸ਼ਰਾਬ ਪੀ ਰਿਹਾ ਸੀ। ਉਸ ਨੇ ਮੈਨੂੰ ਦੇਖਦਿਆਂ ਹੀ ਆਵਾਜ਼ ਮਾਰੀ। ਜਦੋਂ ਮੈਂ ਕੋਲ ਗਿਆ ਤਾਂ ਸ਼ਰਾਬ ਵਾਲਾ ਗਲਾਸ ਖਾਲੀ ਕਰਕੇ ਟੁੱਟੇ ਜਿਹੇ ਬੈਂਚ ’ਤੇ ਰੱਖਦਾ ਹੋਇਆ ਬੋਲਿਆ, “ਆਉ ਫ਼ੌਜੀ ਸਾਹਿਬ ਪੈੱਗ ਲਾਓ।”
ਉਹ ਕਾਫ਼ੀ ਨਸ਼ੇ ਵਿੱਚ ਲਗਦਾ ਸੀ। ਮੈਂ ਕਿਹਾ, “ਸਰ ਜੀ, ਕੱਲ੍ਹ ਤਾਂ ਤੁਸੀਂ ਮੇਰੇ ਨਾਲ ਬਹੁਤ ਬੁਰਾ ਸਲੂਕ ਕਰ ਰਹੇ ਸੀ, ਅੱਜ ਪੈੱਗ ਲਵਾ ਰਹੇ ਹੋ, ਕਾਰਨ ਕੀ ਹੈ?”
ਮੇਰੇ ਪੁੱਛਦਿਆਂ ਹੀ ਉਹ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਮੈਂ ਪੁੱਛਿਆ, “ਜਨਾਬ ਰੋਂਦੇ ਕਿਉਂ ਹੋ? ਕੋਈ ਦੁੱਖ ਤਕਲੀਫ ਹੈ ਤਾਂ ਮੈਨੂੰ ਦੱਸੋ, ਹੋ ਸਕਦਾ ਹੈ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ?”
ਉਸ ਨੇ ਜੋ ਦੱਸਿਆ ਸੁਣ ਕੇ ਮੈਂ ਸੁੰਨ ਹੋ ਗਿਆ। ਉਸ ਨੇ ਦੱਸਿਆ, “ਮੇਰਾ ਹੱਸਦਾ ਵਸਦਾ ਪਰਿਵਾਰ ਸੀ। ਮੇਰੇ ਦੋ ਬਹੁਤ ਹੀ ਪਿਆਰੇ ਲੜਕੇ ਸਨ। ਵੱਡਾ ਬੇਟਾ ਸਕੂਲ ਪੜ੍ਹਦਾ ਸੀ, ਇੱਕ ਦਿਨ ਅਚਾਨਕ ਸਕੂਲ ਦੀ ਛੱਤ ਡਿਗ ਪਈ, ਜਿਸ ਹੇਠਾਂ ਆਉਣ ਨਾਲ ਹੋਰਾਂ ਬੱਚਿਆਂ ਸਮੇਤ ਮੇਰੇ ਬੇਟੇ ਦੀ ਵੀ ਮੌਤ ਹੋ ਗਈ। ਉਸ ਦਾ ਦੁੱਖ ਅਜੇ ਭੁੱਲੇ ਨਹੀਂ ਸੀ ਕਿ ਛੋਟੇ ਲੜਕੇ ਨੂੰ ਕਾਲ਼ਾ ਪੀਲੀਆ ਹੋ ਗਿਆ। ਬਹੁਤ ਇਲਾਜ ਕਰਵਾਇਆ, ਬਹੁਤ ਖਰਚ ਕੀਤਾ, ਦੂਰ ਦੂਰ ਤਕ ਕੋਈ ਚੰਗਾ ਡਾਕਟਰ ਨਹੀਂ ਛੱਡਿਆ, ਜਿੱਥੋਂ ਇਲਾਜ ਨਾ ਕਰਾਇਆ ਹੋਵੇ ਪਰ ਉਹ ਵੀ ਸਾਨੂੰ ਛੱਡ ਕੇ ਸਦਾ ਦੀ ਨੀਂਦ ਸੌਂ ਗਿਆ। ...”
ਬੋਤਲ ਵਿੱਚੋਂ ਗਲਾਸ ਵਿੱਚ ਪੈੱਗ ਪਾਉਂਦਾ ਹੋਇਆ ਇੱਕ ਵਾਰ ਫਿਰ ਉਹ ਹੁਬਕੀਂ ਰੋਣ ਲੱਗ ਪਿਆ। ਮੈਂ ਸੁੰਨ ਹੋਇਆ ਬੈਠਾ ਸੁਣ ਰਿਹਾ ਸੀ ਅਤੇ ਉਸ ਦੇ ਅੰਦਰਲੇ ਦਰਦ ਨੂੰ ਮਹਿਸੂਸ ਕਰ ਰਿਹਾ ਸੀ। ਪੈੱਗ ਪੀ ਕੇ ਉਸ ਨੇ ਅੱਗੇ ਦੱਸਿਆ, “ਮੈਂ ਤਾਂ ਡਿਊਟੀ ’ਤੇ ਆ ਜਾਂਦਾ ਹਾਂ, ਮੇਰਾ ਦਿਨ ਕੰਮਕਾਰ ਵਿੱਚ ਲੰਘ ਜਾਂਦਾ ਪਰ ਮੇਰੀ ਪਤਨੀ ਬਹੁਤ ਨਿਰਾਸ਼ ਰਹਿਣ ਲੱਗ ਪਈ ਹੈ ਅਤੇ ਬੱਚਿਆਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈ। ਫਿਰ ਸਾਨੂੰ ਸਾਡੇ ਰਿਸ਼ਤੇਦਾਰਾਂ ਅਤੇ ਮੇਰੇ ਦੋਸਤਾਂ ਨੇ ਸਲਾਹ ਦਿੱਤੀ ਕਿ ਤੁਸੀਂ ਫੈਮਿਲੀ ਪਲੈਨਿੰਗ ਦਾ ਆਪ੍ਰੇਸ਼ਨ ਖੁੱਲ੍ਹਵਾ ਲਓ ਜੋ ਕਿ ਦੋਵੇਂ ਲੜਕੇ ਹੋਣ ਤੋਂ ਬਾਅਦ ਮੇਰੀ ਪਤਨੀ ਨੇ ਕਰਵਾ ਲਿਆ ਸੀ ਤਾਂ ਕਿ ਤੁਸੀਂ ਹੋਰ ਬੱਚਾ ਲੈ ਸਕੋ। ਫ਼ੌਜੀ ਸਾਹਿਬ, ਰਿਸ਼ਤੇਦਾਰਾਂ ਦੀ ਗੱਲ ਮੰਨ ਕੇ ਮੈਂ ਆਪਣੀ ਪਤਨੀ ਨੂੰ ਅਪ੍ਰੇਸ਼ਨ ਖੁੱਲ੍ਹਵਾਉਣ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਅਪ੍ਰੇਸ਼ਨ ਕਰਦੇ ਸਮੇਂ ਮੇਰੀ ਪਤਨੀ ਦੇ ਸਰੀਰ ਵਿੱਚ ਕੋਈ ਨੁਕਸ ਪੈ ਗਿਆ, ਜਿਸ ਕਰਕੇ ਸਾਰੇ ਸਰੀਰ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਫੈਲ ਗਈ ਹੈ। ਖ਼ੂਨ ਦੀ ਬਹੁਤ ਘਾਟ ਹੋ ਗਈ ਹੈ। ਸਾਰੇ ਰਿਸ਼ਤੇਦਾਰ ਵੀ ਖ਼ੂਨ ਦੇ ਚੁੱਕੇ ਹਨ ਪਰ ਕੋਈ ਫਰਕ ਨਹੀਂ ਪਿਆ। ਡਾਕਟਰਾਂ ਦੇ ਦੱਸਣ ਅਨੁਸਾਰ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਮੈਂ ਬੱਚਾ ਲੈਂਦਾ ਲੈਂਦਾ ਜੀਵਨ ਸਾਥੀ ਤੋਂ ਵੀ ਹੱਥ ਧੋ ਬੈਠਾਂਗਾ। ਹੁਣ ਮੈਂ ਪਛਤਾ ਰਿਹਾ ਹਾਂ ਕਿ ਗਰੀਬਾਂ, ਮਜ਼ਦੂਰਾਂ ਅਤੇ ਬੇਕਸੂਰਾਂ ਤੋਂ ਲਈ ਰਿਸ਼ਵਤ ਦੇ ਪੈਸੇ ਨੇ ਮੇਰਾ ਸਾਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ। ...”
ਉਸ ਦੀ ਦਰਦ ਭਰੀ ਦਾਸਤਾਨ ਸੁਣ ਕੇ ਮੇਰਾ ਮਨ ਪਸੀਜ ਗਿਆ ਅਤੇ ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਰੱਬ ਤੇ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ ਕਿਉਂਕਿ ਉਸ ਦੇ ਦਰ ’ਤੇ ਹਰ ਮਰਜ਼ ਦਾ ਇਲਾਜ ਹੈ।
ਮੈਂ ਉਸ ਤੋਂ ਵਿਦਾ ਲਈ ਅਤੇ ਰਾਹ ਵਿੱਚ ਜਾਂਦਾ ਹੋਇਆ ਸੋਚੀ ਜਾ ਰਿਹਾ ਸੀ ਕਿ ਲੋਕ ਪਤਾ ਨਹੀਂ ਕਿਉਂ ਪੈਸਾ ਜਾਇਜ਼ ਤੇ ਨਾਜਾਇਜ਼ ਢੰਗ ਨਾਲ ਇਕੱਠਾ ਕਰਨ ਲਈ ਅੰਨ੍ਹੇਵਾਹ ਭੱਜੀ ਜਾ ਰਹੇ ਹਨ ਜਦੋਂ ਕਿ ਹਕੀਕਤ ਇਹ ਹੈ ਕਿ ਇਹ ਧਨ ਦੌਲਤ, ਮਹਿਲ ਮੁਨਾਰੇ ਇੱਥੇ ਹੀ ਰਹਿ ਜਾਣੇ ਹਨ। ਮਨੁੱਖ ਖ਼ਾਲੀ ਹੱਥ ਆਇਆ ਹੈ ਅਤੇ ਖ਼ਾਲੀ ਹੱਥ ਹੀ ਜਾਣਾ ਪੈਣਾ ਹੈ। ਪਤਾ ਨਹੀਂ ਕਿਉਂ ਜ਼ਿਆਦਾਤਰ ਲੋਕ ਪਾਪ ਦੀ ਕਮਾਈ ਕਰੀ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਕਤ ਥਾਣੇਦਾਰ ਵਾਂਗ ਦੁਖੀ ਹੋਣਾ ਤੇ ਪਛਤਾਉਣਾ ਪੈਂਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5507)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)