“ਪਿੰਡਾਂ ਵਿੱਚ ਸ਼ਰਾਬ ਦੇ ਹੜ੍ਹ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਅਕਸਰ ਹੀ ਸੈਮੀਨਾਰ ਕਰਵਾਏ ਜਾਂਦੇ ਹਨ ਤੇ ਪੰਜਾਬ ਦੀਆਂ ...”
(9 ਅਕਤੂਬਰ 2024)
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਮੋਹਨ ਸ਼ਰਮਾ ਦਾ ਨਾਂ ਸਨਮਾਨਯੋਗ ਲੇਖਕ ਵਜੋਂ ਲਿਆ ਜਾਂਦਾ ਹੈ। ਉਨ੍ਹਾਂ ਦੀ ਕਲਮ ਹਮੇਸ਼ਾ ਹੀ ਸਮਾਜ ਸੁਧਾਰਕ ਯਤਨਾਂ ਲਈ ਪੂਰੀ ਤਰ੍ਹਾਂ ਸਰਗਰਮ ਰਹਿੰਦੀ ਹੈ। ਹੁਣ ਤਕ ਮੋਹਨ ਸ਼ਰਮਾ ਨੇ ਡੇਢ ਦਰਜਨ ਤੋਂ ਵੱਧ ਪੁਸਤਕਾਂ ਨੂੰ ਸ਼ਬਦੀ ਜਾਮਾ ਪਹਿਨਾਇਆ ਹੈ, ਜਿਨ੍ਹਾਂ ਵਿੱਚ ਛੇ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਛੇ ਮਿੰਨੀ ਕਹਾਣੀ ਸੰਗ੍ਰਹਿ, ਪੰਜ ਵਾਰਤਕ, ਇੱਕ ਇਕਾਂਗੀ ਅਤੇ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮੇਰੇ ਵੱਲੋਂ ਸੰਪਾਦਿਤ ਕੀਤੀ ਗਈ ਮੋਹਨ ਸ਼ਰਮਾ ਦੀਆਂ ਮਿੰਨੀ ਕਹਾਣੀਆਂ ਦਾ ਸੰਗ੍ਰਹਿ ‘ਸਰਮਾਇਆ’ ਨਾਲ ਉਨ੍ਹਾਂ ਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ ਇੱਕੀ ਹੋ ਗਈ ਹੈ।
ਸੰਗਰੂਰ ਨੇੜਲੇ ਪਿੰਡ ਕਾਂਝਲਾ ਦੇ ਵਸਨੀਕ ਸਵਰਗੀ ਪੰਡਤ ਹਰੀ ਰਾਮ ਅਤੇ ਮਾਤਾ ਬਚਨੀ ਦੇਵੀ ਦੀ ਸੁਲੱਖਣੀ ਕੁੱਖੋਂ 16 ਫਰਵਰੀ 1948 ਨੂੰ ਜਨਮੇ ਮੋਹਨ ਸ਼ਰਮਾ ਦੀ ਵਿੱਦਿਅਕ ਯੋਗਤਾ ਐੱਮਏ, ਬੀਐੱਡ ਹੈ। ਜ਼ਿੰਦਗੀ ਵਿੱਚ ਮੋਹਨ ਸ਼ਰਮਾ ਨੇ ਉਹ ਦਿਨ ਵੀ ਦੇਖੇ ਜਦੋਂ ਉਸ ਨੂੰ ਪੈਰਾਂ ’ਤੇ ਖੜ੍ਹਾ ਹੋਣ ਲਈ ਸੰਘਰਸ਼ ਵੀ ਕਰਨਾ ਪਿਆ ਤੇ ਇਸੇ ਸੰਘਰਸ਼ਮਈ ਜੱਦੋਜਹਿਦ ਵਿੱਚੋਂ ਉਨ੍ਹਾਂ ਨੇ ਪੂਰਨ ਸੁਖ ਪ੍ਰਾਪਤੀ ਦਾ ਆਨੰਦ ਵੀ ਪ੍ਰਾਪਤ ਕੀਤਾ ਹੈ।
ਪੰਜਾਬੀ ਸਾਹਿਤ ਨਾਲ ਤੰਦਾਂ ਗੂੜ੍ਹੀਆਂ ਹੋਣ ਪਿੱਛੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਜੀ ਸਾਹਿਤ ਰਸੀਏ ਸਨ, ਬੇਸ਼ਕ ਉਹ ਅੱਖੋਂ ਮਨਾਖੇ ਸਨ ਪਰ ਉਨ੍ਹਾਂ ਦੇ ਕਵੀ ਮਨ ਦੇ ਵਲਵਲਿਆਂ ਨੂੰ ਸ਼ਬਦੀ ਰੂਪ ਮੋਹਨ ਸ਼ਰਮਾ ਹੀ ਦਿਆ ਕਰਦੇ ਸਨ ਤੇ ਇੰਜ ਕਰਦਿਆਂ ਕਰਦਿਆਂ ਉਨ੍ਹਾਂ ਦਾ ਮਨ ਵੀ ਘਰ ਵਿੱਚ ਵਗਦੀ ਕਾਵਿ-ਖੁਸ਼ਬੋ ਵਿੱਚ ਰੰਗਿਆ ਗਿਆ ਤੇ ਹੁਣ ਉਨ੍ਹਾਂ ਵੱਲੋਂ ਆਪਣੇ ਸਵਰਗੀ ਪਿਤਾ ਜੀ ਨੂੰ ਹੀ ਉਸਤਾਦ ਮੰਨਦਿਆਂ ਆਪਣੀ ਕਲਮ ਰਾਹੀਂ ਸਮਾਜ ਨੂੰ ਹਮੇਸ਼ਾ ਹੀ ਚੰਗਾ ਸੁਨੇਹਾ ਦੇਣ ਦਾ ਯਤਨ ਜਾਰੀ ਹੈ।
1969 ਤੋਂ ਫਰਵਰੀ 1992 ਤਕ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਉਂਦਿਆਂ ਮੋਹਨ ਸ਼ਰਮਾ ਨੂੰ 1981 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਰੋਮਣੀ ਅਧਿਆਪਕ ਵਜੋਂ ਸਟੇਟ ਅਵਾਰਡ ਵੀ ਦਿੱਤਾ ਗਿਆ। 1992 ਤੋਂ ਫਰਵਰੀ 2006 ਤਕ ਸਮਾਲ ਸੇਵਿੰਗਜ਼ ਵਿਭਾਗ ਵਿੱਚ ਸੀਨੀਅਰ ਜ਼ਿਲ੍ਹਾ ਬੱਚਤ ਅਫਸਰ ਦੇ ਅਹਿਮ ਅਹੁਦੇ ’ਤੇ ਰਹਿੰਦਿਆਂ ਇਸ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਜਿਕ, ਸੱਭਿਆਚਰਕ ਅਤੇ ਸਾਹਿਤ ਸੇਵਾਵਾਂ ਲਈ 2009 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਵੀ ਦਿੱਤਾ ਗਿਆ। ਜ਼ਿਲ੍ਹਾ ਬੱਚਤ ਅਫਸਰ ਦੇ ਅਹੁਦੇ ਤੋਂ ਰਿਟਾਇਰ ਹੁੰਦਿਆਂ ਹੀ ਮੋਹਨ ਸ਼ਰਮਾ ਦੀਆਂ ਜ਼ਿੰਦਗੀ ਭਰ ਦੀਆਂ ਸਲਾਹੁਣਯੋਗ ਸ਼ਾਨਦਾਰ ਕਾਰਗੁਜਾਰੀਆਂ ਸਦਕੇ ਉਨ੍ਹਾਂ ਨੂੰ ਸੰਗਰੂਰ ਸਥਿਤ ਰੈੱਡ ਕਰਾਸ ਨਸ਼ਾ ਛੁਡਾਊ ਹਸਪਤਾਲ ਦਾ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਸੀ ਤੇ ਇਸ ਅਹੁਦੇ ’ਤੇ ਤਾਇਨਾਤ ਰਹਿੰਦੇ ਸਮੇਂ ਤਕ ਉਨ੍ਹਾਂ ਨੇ ਸੈਂਕੜੇ ਹੀ ਪਰਿਵਾਰਾਂ ਦੇ ਖੇਰੂੰ-ਖੇਰੂੰ ਹੁੰਦੇ ਚਾਵਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਦਾ ਹਰ ਉਪਰਾਲਾ ਕਰਕੇ ਘਰਾਂ ਨੂੰ ਉਜੜਣ ਤੋਂ ਬਚਾਇਆ ਸੀ। ਰੈੱਡ ਕਰਾਸ ਨਸ਼ਾ ਛੁਡਾਊ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਦੇ ਅਹੁਦੇ ਤੋਂ ਫਾਰਗ ਹੋਕੇ ਉਹਨਾਂ ਦੀਆਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਵਧ ਗਈਆਂ ਹਨ ਤੇ ਅਨੇਕਾਂ ਹੀ ਸੰਸਥਾਵਾਂ ਦੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣ ਸਦਕੇ ਸਮਾਜ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ।
ਸਮੇਂ ਦੇ ਨਾਲ ਨਾਲ ਮੋਹਨ ਸ਼ਰਮਾ ਨੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਆਪਣੀ ਕਲਮ ਰਾਹੀਂ ਮਿੰਨੀ ਕਹਾਣੀਆਂ, ਗ਼ਜ਼ਲਾਂ ਅਤੇ ਕਵਿਤਾਵਾਂ ਵਿੱਚ ਸਫਲਤਾ ਪੂਰਵਕ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਅੱਜ ਕੱਲ੍ਹ ਪੰਜਾਬ ਵਿੱਚ ਨਸ਼ਿਆਂ ਤੋਂ ਪੀੜਤ ਨੌਜਵਾਨੀ ਦਾ ਜੋ ਘਾਣ ਹੋ ਰਿਹਾ ਹੈ ਉਸ ਤੋਂ ਉਹ ਬੇਹੱਦ ਚਿੰਤਤ ਹਨ। ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨ ਜ਼ਿੰਦਗੀਆਂ ਦੇ ਧਸਣ ਪਿੱਛੇ ਸਰਕਾਰ ਦੀ ਬੇਰੁਖੀ ਵੀ ਉਨ੍ਹਾਂ ਨੂੰ ਰੜਕਦੀ ਰਹਿੰਦੀ ਹੈ। ਨਸ਼ਿਆਂ ਨਾਲ ਪੀੜਤ ਜਵਾਨੀ ਨੂੰ ਬਚਾਉਣ ਲਈ ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਅਖਬਾਰ ਵਿੱਚ ਮੋਹਨ ਸ਼ਰਮਾ ਵੱਲੋਂ ਅੰਕੜਿਆਂ ਸਹਿਤ ਇਕੱਤਰ ਕੀਤੀ ਜਾਣਕਾਰੀ ਭਰਭੂਰ ਲੇਖ ਅਕਸਰ ਹੀ ਛਪਦੇ ਰਹਿੰਦੇ ਹਨ। ਸਿਰਫ ਅਖਬਾਰਾਂ ਵਿੱਚ ਹੀ ਨਹੀਂ ਸਗੋਂ ਦੂਰ-ਦਰਸ਼ਨ ਕੇਂਦਰ ਜਲੰਧਰ, ਰੇਡੀਓ ਸਟੇਸ਼ਨ ਜਲੰਧਰ, ਰੇਡੀਓ ਸਟੇਸ਼ਨ ਪਟਿਆਲਾ ਅਤੇ ਰਾਬਤਾ ਰੇਡੀਓ ਸਟੇਸ਼ਨ ਆਸਟਰੇਲੀਆ ਤੋਂ ਵੀ ਸਮਾਜਿਕ ਸਮੱਸਿਆਵਾਂ ਸੰਬੰਧੀ ਕੀਤੀਆਂ ਜਾਂਦੀਆਂ ਵਿਚਾਰ ਗੋਸ਼ਟੀਆਂ ਵਿੱਚ ਅਕਸਰ ਹੀ ਉਹ ਭਾਗ ਲੈਂਦੇ ਰਹਿੰਦੇ ਹਨ। ਕਲਮ ਰਾਹੀਂ ਨਸ਼ਿਆਂ ਖਿਲਾਫ਼ ਛੇੜੀ ਜੰਗ ਦੀ ਗੱਲ ਕਰਦਿਆਂ ਕਰਦਿਆਂ ਕਈ ਵਾਰ ਮੋਹਨ ਸ਼ਰਮਾ ਬੇਹੱਦ ਭਾਵੁਕ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਸਿਆਸੀ ਅਕਾਵਾਂ ਦੀ ਮੇਹਰ ਸਦਕਾ ਵੇਚੇ ਜਾਂਦੇ ਨਸ਼ਿਆਂ ਕਾਰਨ ਜਦੋਂ ਕਿਸੇ ਮਾਂ ਦਾ ਗੱਭਰੂ ਪੁੱਤ ਜ਼ਹਿਰੀਲੇ ਨਸ਼ੇ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਬਹੁਤ ਹੀ ਘੱਟ ਸਮੇਂ ਵਿੱਚ ਹੀ ਉਸ ਨਸ਼ਈ ਗੱਭਰੂ ਦਾ ਜ਼ਨਾਜਾ ਸਿਵਿਆਂ ਦੇ ਰਾਹ ਪੈ ਜਾਂਦਾ ਹੈ। ਇਨ੍ਹਾਂ ਨਸ਼ਿਆਂ ਨੇ ਮਾਵਾਂ ਤੋਂ ਉਹ ਹੱਕ ਖੋਹ ਲਏ ਹਨ ਕਿ ਉਹ ਆਪਣੇ ਪੁੱਤਰਾਂ ਦੇ ਸਿਰੋਂ ਪਾਣੀ ਵਾਰਕੇ ਪੀ ਸਕਣ ਤੇ ਭੈਣਾਂ ਵੀਰਾਂ ਦੇ ਵਿਆਹ ਦੀ ਖੁਸ਼ੀ ਵਿੱਚ ਸੁਹਾਗ ਦੀਆਂ ਘੋੜੀਆਂ ਗਾ ਸਕਣ। ਉਹ ਵੱਡਾ ਸਾਰਾ ਹਉਕਾ ਲੈਕੇ ਕਹਿੰਦੇ ਹਨ ਕਿ ਬੱਸ ਹੁਣ ਤਾਂ ਘਰਾਂ ਵਿੱਚ ਨਿੱਤ ਸੱਥਰ ਵਿਛ ਰਹੇ ਹਨ ਤੇ ਕੰਨ ਚੀਰਵੇਂ ਵੈਣਾਂ ਦੀਆਂ ਕਰੁਣਾਮਈ ਚੀਕਾਂ ਦਿਲ ਦਹਿਲਾ ਰਹੀਆਂ ਹਨ।
ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਛਾਪੀ ਗਈ ਇਨ੍ਹਾਂ ਦੀ ਨਵੀਂ ਪੁਸਤਕ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ?’ ਕਾਫੀ ਚਰਚਾ ਵਿੱਚ ਹੈ। ਟੀ. ਵੀ. ਚੈਨਲਾਂ ਤੇ ਇਹ ਪੁਸਤਕ ਭਖਵੀਂ ਬਹਿਸ ਦਾ ਹਿੱਸਾ ਬਣ ਚੁੱਕੀ ਹੈ।
ਪਿੰਡਾਂ ਵਿੱਚ ਸ਼ਰਾਬ ਦੇ ਹੜ੍ਹ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਅਕਸਰ ਹੀ ਸੈਮੀਨਾਰ ਕਰਵਾਏ ਜਾਂਦੇ ਹਨ ਤੇ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਠੇਕੇ ਨਾ ਖੋਲ੍ਹਣ ਸੰਬੰਧੀ ਪਾਏ ਮਤਿਆਂ ਵਿੱਚ ਮੋਹਨ ਸ਼ਰਮਾ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਨਸ਼ਿਆਂ ਦੇ ਕਾਰਨ ਹੀ ਪੇਕੇ ਘਰ ਬੈਠੀਆਂ ਮੁਟਿਆਰਾਂ ਜੋ ਵਿਧਵਾਵਾਂ ਵਰਗਾ ਜੀਵਨ ਗੁਜ਼ਾਰ ਰਹੀਆਂ ਸਨ ਦੇ ਘਰ ਵਸਾਉਣ ਲਈ ਵੀ ਉਨ੍ਹਾਂ ਵੱਲੋਂ ਕੀਤੇ ਯਤਨ ਸ਼ਲਾਘਾਯੋਗ ਹਨ।
ਆਪਣੀ ਕਲਮ ਰਾਹੀਂ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦੀ ਗੱਲ ਕਰਦਿਆਂ ਮੋਹਨ ਸ਼ਰਮਾ ਮਾਪਿਆਂ ਨੂੰ ਵੀ ਸੁਚੇਤ ਕਰਦੇ ਰਹਿੰਦੇ ਹਨ ਕਿ ਮਾਪਿਆਂ ਦੀ ਅਸਲ ਪੂੰਜੀ ਤਾਂ ਔਲਾਦ ਹੀ ਹੈ। ਜੇ ਇਹ ਪੂੰਜੀ ਵੀ ਮਾਪਿਆਂ ਦੀ ਬੇਧਿਆਨੀ ਕਾਰਨ ਹੱਥੋਂ ਖਿਸਕ ਗਈ ਤਾਂ ਫਿਰ ਪਦਾਰਥਕ ਦੌੜ ਕਾਹਦੇ ਵਾਸਤੇ? ਮੋਹਨ ਸ਼ਰਮਾ ਸਿਰਫ ਨੌਜਵਾਨ ਪੀੜ੍ਹੀ ਲਈ ਹੀ ਚਿੰਤਾਤੁਰ ਨਹੀਂ ਸਗੋਂ ਪਰਿਵਾਰਕ ਬੇਰੁਖੀ ਦੇ ਸ਼ਿਕਾਰ ਬੁਢਾਪੇ ਨਾਲ ਜੂਝ ਰਹੇ ਮਾਪਿਆਂ ਲਈ ਖੁੱਲ੍ਹੇ ਸ਼ਿਵ ਸ਼ੰਕਰ ਬਿਰਧ ਆਸ਼ਰਮ ਦੇ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰਕ ਕੇਂਦਰ ਸੰਗਰੂਰ ਦੇ ਜਨਰਲ ਸਕੱਤਰ, ਸ਼ਮਸ਼ਾਨ ਭੂਮੀ ਵਿਕਾਸ ਕਮੇਟੀ ਦੇ ਸਰਪ੍ਰਸਤ ਅਤੇ ਸਿਟੀ ਪਾਰਕ ਦੀ ਜ਼ਿੰਮੇਵਾਰੀ ਵੀ ਮੋਹਨ ਸ਼ਰਮਾ ਨੇ ਆਪਣੇ ਮੋਢਿਆਂ ’ਤੇ ਲਈ ਹੋਈ ਸੀ। 25 ਵਿੱਘਿਆਂ ਦੀ ਖੰਡਰ ਪਈ ਸਰਕਾਰੀ ਜ਼ਮੀਨ ਵਿੱਚ ਆਕਸੀਜਨ ਸੈਂਟਰ ਵਜੋਂ ਸਿਟੀ ਪਾਰਕ ਉਸਾਰਨਾ ਮੋਹਨ ਸ਼ਰਮਾ ਦੀ ਇਲਾਕੇ ਨੂੰ ਵਡਮੁੱਲੀ ਦੇਣ ਹੈ। ਗੰਦੀ ਅਤੇ ਘਟੀਆ ਸਿਆਸਤ ਕਾਰਨ ਉਸਨੇ ਇਸ ਪਾਰਕ ਵਿਕਾਸ ਕਮੇਟੀ ਦੇ ਮੁਖੀ ਵਜੋਂ ਆਪਣੇ ਸਾਥੀਆਂ ਸਮੇਤ ਅਸਤੀਫਾ ਦੇ ਦਿੱਤਾ। ਜਿਸ ਪਾਰਕ ਵਿੱਚ ਕਦੇ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਸਨ, ਉਹ ਹੁਣ ਬਦਹਾਲੀ ਦਾ ਸ਼ਿਕਾਰ ਹੋ ਗਿਆ ਹੈ। ਇਸ ਸੰਬੰਧੀ ਮੋਹਨ ਸ਼ਰਮਾ ਹਉਕੇ ਭਰਕੇ ਕਹਿੰਦੇ ਹਨ, “ਜਦੋਂ ਫੁੱਲਾਂ ਦੀ ਵਾਦੀ ਵਿੱਚ ਜੰਗਲੀ ਸੋਚ ਵਾਲੇ ਆ ਵੜਨ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ।” ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਵਾਰ ਵਾਰ ਕਹਿਣ ’ਤੇ ਉਸ ਨੇ ਇਹ ਕਹਿੰਦਿਆਂ ਨਿਮਰਤਾ ਨਾਲ ਜਵਾਬ ਦੇ ਦਿੱਤਾ, “ਇਹ ਕੰਮ ਮੈਂ ਮਨ ਦੀ ਸ਼ਾਂਤੀ ਲਈ ਕਰਦਾ ਰਿਹਾਂ ਹਾਂ। ਸਿਆਸੀ ਘਟੀਆ ਖਲਜਗਣ ਦਾ ਹਿੱਸਾ ਬਣਨਾ ਮੇਰੇ ਵੱਸ ਨਹੀਂ।”
ਮੋਹਨ ਸ਼ਰਮਾ ਜੀ ਆਪਣੀ ਜੀਵਨ ਸਾਥਣ ਸ੍ਰੀਮਤੀ ਊਸ਼ਾ, ਬੇਟਾ ਸੁਖਵਿੰਦਰ (ਐਡਵੋਕੇਟ), ਧੀ ਸਿਮਰਨ ਅਤੇ ਪੋਤਾ-ਪੋਤੀ ਨਾਲ ਸੰਗਰੂਰ ਵਿਖੇ ਸੁੱਖਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਮਰ ਦੇ ਪਝੰਤਰ ਵਰ੍ਹੇ ਪੂਰੇ ਕਰ ਲੈਣ ’ਤੇ ਵੀ ਮੋਹਨ ਸ਼ਰਮਾ ਸਰੀਰਕ ਫਿਟਨਿਸ ਸੰਬੰਧੀ ਦੱਸਦਿਆਂ ਕਹਿੰਦੇ ਹਨ ਕਿ ਉਹ ਸ਼ਾਮ-ਸਵੇਰੇ ਰੋਜ਼ਾਨਾ ਦੋ ਘੰਟੇ ਯੋਗਾ ਜ਼ਰੂਰ ਕਰਦੇ ਹਨ। ਨਸ਼ਾ ਮੁਕਤ ਸਮਾਜ ਸਿਰਜਣ ਲਈ ਕਰੜੀ ਮੁਸ਼ੱਕਤ ਕਰਨ ਦੇ ਨਾਲ ਹੋਰ ਸਮਾਜਿਕ ਕੰਮਾਂ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੇ ਮੋਹਨ ਸ਼ਰਮਾ ਤੋਂ ਜਦੋਂ ਪੁੱਛਿਆ ਗਿਆ ਕਿ ਸਮਾਜਿਕ ਗਤੀਵਿਧੀਆਂ ਦੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਕਾਰਨ ਉਹ ਆਪਣੀਆਂ ਸਾਹਿਤਕ ਸਰਗਰਮੀਆਂ ਲਈ ਸਮਾਂ ਕਿਵੇਂ ਕੱਢ ਲੈਂਦੇ ਹਨ ਤਾਂ ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਨਵੀਂ ਰਚਨਾ ਲਿਖਣ ਲਈ ਉਹ ਦਿਨ ਵਿੱਚ ਤਾਂ ਨਿੱਕੇ ਨਿੱਕੇ ਅੰਸ਼ ਇਕੱਤਰ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਸ਼ਬਦੀ ਰੂਪ ਦੇਣ ਲਈ ਮੁਬਾਇਲ ’ਤੇ ਸਵੇਰੇ ਢਾਈ ਵਜੇ ਦਾ ਅਲਾਰਮ ਲਾ ਲੈਂਦੇ ਹਨ ਤੇ ਫਿਰ ਅੱਠ ਵਜੇ ਤਕ ਇਕਾਗਰ ਮਨ ਦੇ ਨਾਲ ਸਾਹਿਤਕ ਸਰਗਰਮੀਆਂ ਦੀ ਸਿਰਜਣਾ ਕਰਦੇ ਹਨ।
ਮੋਹਨ ਸ਼ਰਮਾ ਨੂੰ ਜਦੋਂ ਉਨ੍ਹਾਂ ਦੇ ਪਾਠਕ ਅਤੇ ਸ਼ੁਭਚਿੰਤਕ ਘਰ ਦਾ ਪਤਾ ਪੁੱਛਦੇ ਹਨ ਤਾਂ ਉਹ ਮੁਸਕਰਾਕੇ ਜਵਾਬ ਦਿੰਦੇ ਹਨ “ਨਾਨਕਿਆਣਾ ਰੋਡ ’ਤੇ ਜਾਂਦਿਆਂ ਜਿਸ ਘਰ ਵਿੱਚੋਂ ਫੁੱਲਾਂ ਦੀ ਮਹਿਕ ਆਵੇ, ਉਹ ਘਰ ਮੇਰਾ ਹੈ।”
ਮੁੱਕਦੀ ਗੱਲ, ਨਿੱਜ ਤੋਂ ਉੱਪਰ ਉੱਠਕੇ ਲੋਕਾਂ ਨੂੰ ਸਮਰਪਿਤ ਮੋਹਨ ਸ਼ਰਮਾ ਦੀ ਜ਼ਿੰਦਗੀ ਸਾਡੇ ਸਾਰਿਆ ਲਈ ਪ੍ਰੇਰਨਾ ਦਾ ਸੋਮਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5347)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.