“ਖੈਰ! ਰਿਸ਼ਤੇਦਾਰਾਂ ਦੇ ਵੱਲੋਂ ਜ਼ੋਰ ਦੇਣ ’ਤੇ ਸਾਨੂੰ ਲਾਵਾਰਿਸਾਂ ਨੂੰ ਬਾਬਾ ਜੀ ਦੀ ਸੁਰੱਖਿਆ ਛਤਰੀ ਮਿਲੀ, ਜਿਨ੍ਹਾਂ ਨੇ ਸਾਨੂੰ ...”
(ਤਕਨੀਕੀ ਗੜਬੜ ਕਾਰਨ ਕੁਝ ਲੇਖਕਾਂ ਦੀਆਂ ਤਸਵੀਰਾਂ ਮੁੱਖ ਪੰਨੇ ਉੱਤੇ ਨਹੀਂ ਲੱਗ ਰਹੀਆਂ।)
(13 ਅਗਸਤ 2024)
ਅਣਵੰਡੇ ਪੰਜਾਬ ਦੇ ਭੁੱਲੇ ਵਿਸਰੇ ਕਵੀ ਮੁਹੰਮਦ ਬਖਸ਼ ਦੇ ਇਹ ਬੋਲ “ਸਦਾ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ” ਜੀਵਨ ਦੀ ਉਹ ਸਚਾਈ ਹੈ ਜਿਸਨੂੰ ਅੱਜ ਤਾਈਂ ਕੋਈ ਰੱਦ ਨਹੀਂ ਸਕਿਆ। ਆਪਣੇ ਜੀਵਨ ਵਿੱਚ ਮੈਨੂੰ ਹਰ ਪਲ ਇਸ ਸੱਚ ਦਾ ਅਹਿਸਾਸ ਹੋ ਰਿਹਾ ਹੈ। ਮੇਰੇ ਪਿਛਲੇ ਨਿਵਾਸ ਵਿਖੇ ਚੱਕਰੀ ਮੁਹੱਲੇ ਵਿੱਚ 12-13 ਪਰਿਵਾਰ ਤਰਖਾਣਾਂ, ਸੁਨਿਆਰਿਆਂ, ਖੱਤਰੀਆਂ, ਬ੍ਰਾਹਮਣਾਂ, ਰਾਜ ਮਿਸਤਰੀ, ਹਲਵਾਈ, ਲੱਕੜ ਦਾ ਕੰਮ ਕਰਨ ਵਾਲੇ ਅਤੇ ਸਿਲਾਈ ਮਸ਼ੀਨਾਂ ਦੇ ਪੁਰਜ਼ੇ ਬਣਾਉਣ ਵਾਲਿਆਂ ਦੇ ਵਸਦੇ ਸਨ। ਇਹਨਾਂ ਵਿੱਚ ਕੁਝ ਪਰਿਵਾਰ ਸਰਦੇ ਪੁੱਜਦੇ ਜੀਵਨ ਵਾਲੇ ਵੀ ਸਨ ਜਦਕਿ ਇਨ੍ਹਾਂ ਵਿੱਚ ਹੀ ਉਹ ਪਰਿਵਾਰ ਵੀ ਸਨ, ਜਿਨ੍ਹਾਂ ਦੀ ਗੁੱਡੀ ਕਿਸੇ ਵੇਲੇ ਅਸਮਾਨ ਵਿੱਚ ਚੜ੍ਹੀ ਹੋਈ ਸੀ ਪਰ ਵਕਤ ਦੀਆਂ ਥਪੇੜਾਂ ਖਾ ਕੇ ਉਹ ਬੇਹੱਦ ਤੰਗੀ ਤੁਰਸ਼ੀ ਦਾ ਜੀਵਨ ਜਿਊਣ ਲਈ ਮਜਬੂਰ ਸਨ, ਜਿਨ੍ਹਾਂ ਨੂੰ ਪਰਿਵਾਰ ਦਾ ਪੇਟ ਪਾਲਣ ਦੇ ਲਈ ਕਰੜੀ ਘਾਲਣਾ ਘਾਲਣੀ ਪੈ ਰਹੀ ਸੀ।
ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਾਡੇ ਪਰਿਵਾਰ ਵਿੱਚ ਮੇਰੇ ਪਿਤਾ ਜੀ ਮਾਸਟਰ ਲੱਭੂ ਰਾਮ ਸਿੰਘ, ਮਾਤਾ ਜੀ ਬੀਬੀ ਹਰਨਾਮ ਕੌਰ, ਅਤੇ ਮੇਰੇ ਸਮੇਤ ਅਸੀਂ 3 ਭੈਣ ਭਰਾ ਜ਼ਿੰਦਗੀ ਦੇ ਬਹੁਤ ਵਧੀਆ ਅਤੇ ਸੌਖੇ ਦਿਨ ਬਤੀਤ ਕਰਦੇ ਹੋਏ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰ ਰਹੇ ਸਾਂ। ਮੇਰੇ ਪਿਤਾ ਜੀ ਪਹਿਲਾਂ ਮਹਾਰਾਜਾ ਭੂਪਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਵਿਖੇ ਸਰਵਿਸ ਕਰਦੇ ਸਨ, ਜਿਨ੍ਹਾਂ ਦਾ ਤਬਾਦਲਾ ਬੱਸੀ ਪਠਾਣਾ ਦੇ ਰਿਆਸਤੀ ਹਾਈ ਸਕੂਲ (ਲੜਕਿਆਂ) ਵਿੱਚ, ਜੋ ਅੱਜ ਕੱਲ੍ਹ ਲੜਕੀਆਂ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜੋਂ ਜਾਣਿਆ ਜਾਣਦਾ ਹੈ, ਬਤੌਰ ਮੈਨੂਅਲ ਟਰੇਨਿੰਗ ਇੰਸਟਰੱਕਟਰ (ਐੱਮ ਟੀ ਆਈ) ਕਰ ਦਿੱਤਾ ਗਿਆ। ਇੱਥੇ ਆਕੇ ਕੁਝ ਹੀ ਮਹੀਨੇ ਬੀਤੇ, ਵਕਤ ਨੇ ਅਜਿਹਾ ਪਲਟਾ ਖਾਧਾ ਕਿ ਉਹਨਾਂ ਨੂੰ ਪੇਟ ਦਾ ਅਜਿਹਾ ਰੋਗ ਲੱਗ ਗਿਆ, ਜਿਸ ਨੇ ਦੋ ਸਾਲ ਅਣਥੱਕ ਤੇ ਕੀਮਤੀ ਇਲਾਜ ਦੇ ਬਾਵਜੂਦ ਉਹਨਾਂ ਦੀ ਜਾਨ ਲੈਕੇ ਹੀ ਖਹਿੜਾ ਛੱਡਿਆ। ਪਰਿਵਾਰ ਉੱਤੇ ਪਿਤਾ ਜੀ ਦੀ ਮੌਤ ਦੀ ਘਟਨਾ ਅਸਮਾਨੀ ਬਿਜਲੀ ਦੀ ਤਰ੍ਹਾਂ ਡਿਗੀ, ਜਿਸਨੇ ਸਾਨੂੰ ਅਰਸ਼ ਤੋਂ ਫਰਸ਼ ਤੇ ਪਟਕਾਅ ਮਾਰਿਆ। 28 ਰੁਪਏ ਮਾਹਵਾਰ ਤਨਖਾਹ ਨਾਲ ਵਧੀਆ ਜ਼ਿੰਦਗੀ ਬਿਤਾਉਣ ਵਾਲਾ ਪਰਿਵਾਰ ਆਮਦਨ ਤੋਂ ਵਾਂਝਾ ਅਤੇ ਲਾਵਾਰਿਸ ਹੋ ਗਿਆ। ਉਸ ਵੇਲੇ ਪੈਨਸ਼ਨ ਨਹੀਂ ਸੀ ਮਿਲਦੀ।
ਮੇਰੇ ਪਿਤਾ ਜੀ ਵੀ ਤਿੰਨ ਪਰਿਵਾਰਾਂ ਵਿੱਚ ਇਕੱਲੇ ਹੀ ਪੁੱਤਰ ਸਨ। ਮੇਰੇ ਪਿਤਾ ਜੀ ਦੇ ਤਾਇਆ ਸ੍ਰੀ ਰਾਮਲਾਲ ਜੀ ਵੀ ਸਾਡੇ ਨਾਲ ਦੇ ਮਕਾਨ ਵਿੱਚ ਇਕੱਲੇ ਵੱਖਰੇ ਰਹਿੰਦੇ ਸਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਅਤੇ ਨਾ ਹੀ ਦੋਵੇਂ ਪਤਨੀਆਂ ਹੀ ਬਚੀਆਂ। ਉਹ ਕਿੱਕਰ ਦੀ ਲੱਕੜ ਦੇ ਗੱਡੇ ਇਕੱਲੇ ਹੀ ਤਿਆਰ ਕਰਦੇ ਹੁੰਦੇ ਸਨ। ਇਹ ਗੱਡਾ, ਜੋ 6 ਮਹੀਨੇ ਵਿੱਚ ਤਿਆਰ ਹੁੰਦਾ ਸੀ, ਲਗਭਗ 140 ਰੁਪਏ ਵਿੱਚ ਵਿਕਣ ਮਗਰੋਂ ਘਰ ਦਾ ਗੁਜ਼ਾਰਾ ਚਲਦਾ ਸੀ।
ਦਾਦਾ ਜੀ ਨੂੰ ਉਸ ਵੇਲੇ “ਬਾਬਾ ਜੀ” ਕਿਹਾ ਜਾਂਦਾ ਸੀ, ਜਿਹਨਾਂ ਦੀ ਬਰਾਦਰੀ ਵਿੱਚ ਚੰਗੀ ਪ੍ਰਤੀਤ ਸੀ ਅਤੇ ਲੋਕ 20-20 ਮੀਲ ਤੋਂ ਪੈਦਲ ਚਲਕੇ ਉਹਨਾਂ ਕੋਲ ਸਲਾਹ ਮਸ਼ਵਰੇ ਲਈ ਆਉਂਦੇ ਸਨ। ਬਾਬਾ ਜੀ ਨੂੰ ਸਾਧੂਆਂ ਨਾਲ ਬੜਾ ਪਿਆਰ ਹੁੰਦਾ ਸੀ। ਕਦੇ ਕਦੇ ਰਮਤੇ ਸਾਧੂ ਉਨ੍ਹਾਂ ਕੋਲ ਕਾਰਖਾਨੇ (ਕੰਮ ਕਰਨ ਵਾਲੀ ਜਗ੍ਹਾ) ਵਿੱਚ ਰੁਕਦੇ, ਸਾਧੂ ਰਾਤ ਨੂੰ ਆਪ ਭੋਜਨ ਤਿਆਰ ਕਰਦੇ, ਛਕਦੇ ਅਤੇ ਫਿਰ ਸਤਸੰਗ ਚਲਦਾ, ਜਿਸਦਾ ਮੈਂ ਵੀ ਅਨੰਦ ਮਾਣਦਾ।
ਖੈਰ! ਰਿਸ਼ਤੇਦਾਰਾਂ ਦੇ ਵੱਲੋਂ ਜ਼ੋਰ ਦੇਣ ’ਤੇ ਸਾਨੂੰ ਲਾਵਾਰਿਸਾਂ ਨੂੰ ਬਾਬਾ ਜੀ ਦੀ ਸੁਰੱਖਿਆ ਛਤਰੀ ਮਿਲੀ, ਜਿਨ੍ਹਾਂ ਨੇ ਸਾਨੂੰ ਪਾਲ਼ਿਆ ਪੋਸਿਆ, ਤਿੰਨਾਂ ਭੈਣ ਭਰਾਵਾਂ ਦੇ ਵਿਆਹ ਕੀਤੇ ਅਤੇ ਆਖ਼ਿਰ ਇੱਕ ਦਿਨ ਇਹ ਸਾਇਆ ਵੀ ਆਪਣੇ ਜੀਵਨ ਦੇ 80 ਵਰ੍ਹੇ ਸਖਤ ਮਿਹਨਤ ਭਰੀ ਜ਼ਿੰਦਗੀ ਬਤੀਤ ਕਰਦਾ ਹੋਇਆ ਸਾਡੇ ਸਿਰ ਤੋਂ ਉੱਠ ਗਿਆ।
ਚੰਗੇ ਸਮੇਂ ਸਨ ਉਦੋਂ ਹਰ ਕੋਈ ਦੁੱਖ ਵਿੱਚ ਇੱਕ ਦੂਜੇ ਦਾ ਸਹਾਇਕ ਬਣਦਾ ਸੀ। ਖਰਚੇ ਸੀਮਤ ਸਨ। ਤੀਲਾਂ ਵਾਲੀ ਡੱਬੀ ਤਕ ਗਰੀਬ ਨਹੀਂ ਸਨ ਰੱਖਦੇ, ਸਗੋਂ ਮੁਹੱਲੇ ਵਿੱਚ ਇੱਕ ਘਰ ਮਾਤਾ ਲਛਮੀ ਦੇਵੀ ਦਾ ਹੁੰਦਾ ਸੀ, ਜਿੱਥੋਂ ਤਮਾਮ ਲੋੜਵੰਦ ਮੁਹੱਲਾ ਨਿਵਾਸੀ ਅੱਗ ਲੈਣ ਲਈ ਕੜਛੀ ਲੈਕੇ ਸ਼ਾਮ ਸਵੇਰੇ ਜਾਂਦੇ ਹੁੰਦੇ ਸਨ। ਕਈ ਵਾਰੀ ਤਾਂ ਜੇ ਕਿਸੇ ਨੂੰ ਦਾਲ ਸਬਜ਼ੀ ਨਾ ਜੁੜਦੀ ਤਾਂ ਉਸ ਨੂੰ ਮਾਤਾ ਲਛਮੀ ਦੇ ਘਰੋਂ ਇੱਕ ਕੌਲੀ ਦਾਲ ਸਬਜ਼ੀ ਦੀ ਜ਼ਰੂਰ ਮਿਲ ਜਾਂਦੀ। ਇਸ ਮਾਮਲੇ ਵਿੱਚ ਇਸ ਘਰ ਪਰਿਵਾਰ ਦੀ ਬਹੁਤ ਮਾਨਤਾ ਸੀ। ਲਾਲਾ ਆਤਮਾ ਰਾਮ ਦੀ ਵਿਧਵਾ ਲਛਮੀ ਦੇ ਦੋ ਪੁੱਤਰ ਕਿਸ਼ੋਰੀ ਲਾਲ, ਬਲਵੰਤ ਰਾਏ ਉਰਫ ਬੰਤ ਅਤੇ ਇੱਕ ਦਿਵਿਆਂਗ ਧੀ ਸੀਤਾ ਸਨ। ਲਛਮੀ ਦਾ ਪਤੀ ਸਵਰਗ ਸਿਧਾਰ ਚੁੱਕਾ ਸੀ। ਕਿਸ਼ੋਰੀ ਲਾਲ ਇੱਕ ਹੋਰ ਕਿਸ਼ੋਰੀ ਲਾਲ ਨਾਲ ਬਜ਼ਾਰ ਵਿੱਚ ਡਾਕਖਾਨੇ ਨੇੜੇ ਹਲਵਾਈ ਦੀ ਦੁਕਾਨ ਕਰਦਾ ਸੀ ਅਤੇ ਬਲਵੰਤ ਰਾਏ ਨੂੰ ਇੱਥੇ ਐੱਸ ਡੀ ਐੱਮ ਦਫਤਰ ਵਿੱਚ ਸੇਵਾਦਾਰ ਦੀ ਨੌਕਰੀ ਮਿਲੀ ਹੋਈ ਸੀ। ਬਲਵੰਤ ਨੂੰ ਤਨਖਾਹ ਬੱਝਵੀਂ ਮਿਲਣ ਕਰਕੇ ਮੁਹੱਲੇ ਵਿੱਚ ਇਹ ਖਾਂਦਾ ਪੀਂਦਾ ਪਰਿਵਾਰ ਸੀ।
ਇਹ ਗੱਲ 1952 ਦੀ ਹੈ ਜਦੋਂ ਸਾਡੇ ਮੁਹੱਲੇ ਵਿੱਚ ਪਹਿਲੀ ਵਾਰੀ ਬੈਟਰੀ ਵਾਲਾ ਰੇਡੀਓ ਆਇਆ। ਇਲੈਕਟ੍ਰਾਨਿਕਾ ਕੰਪਨੀ ਦਾ ਬੈਟਰੀ ਨਾਲ ਚੱਲਣ ਵਾਲਾ ਇਹ ਰੇਡੀਓ ਬਲਵੰਤ ਕਿਸ਼ਤਾਂ ਉੱਤੇ ਲਿਆਇਆ ਦੱਸਦੇ ਸਨ। ਸਾਰੇ ਮੁਹੱਲੇ ਦੇ ਲੋਕ ਖੁਸ਼ੀ ਖੁਸ਼ੀ ਇਸ ਨਵੀਂ ਚੀਜ਼ ਨੂੰ ਵੇਖਣ ਲਈ ਗਏ ਅਤੇ ਹੈਰਾਨ ਸਨ ਕਿ ਇੰਨੇ ਕੁ ਡੱਬੇ ਵਿੱਚ ਦਿੱਲੀ, ਜਲੰਧਰ, ਕਲਕੱਤਾ ਦੇ ਬੰਦੇ ਕਿਵੇਂ ਬਿਠਾਏ ਹੋਏ ਹਨ? ਇਹ ਰੇਡੀਓ ਉਸ ਵੇਲੇ 237 ਰੁਪਏ ਦਾ ਆਇਆ ਦੱਸਦੇ ਸਨ, ਜਿਸਦੀ ਵੱਡੀ ਐਵਰਡੀ ਬੈਟਰੀ ਕਈ ਕਈ ਮਹੀਨੇ ਚਲਦੀ ਸੀ। ਮੈਂ ਵੀ ਰੋਜ਼ ਉਸ ਵੇਲੇ ਦਾ ਦਿਹਾਤੀ ਪ੍ਰੋਗਰਾਮ ਜ਼ਰੂਰ ਸੁਣਨ ਜਾਂਦਾ ਹੁੰਦਾ ਸੀ, ਜਿਸ ਵਿੱਚ ਮੁਨਸ਼ੀ ਜੀ, ਠੁਣੀਆ ਰਾਮ ਅਤੇ ਚਾਚਾ ਕੁਮੇਦਾਨ ਬੜੀਆਂ ਕੰਮ ਦੇ ਕਬਿੱਤ ਤੇ ਮਨੋਰੰਜਕ ਗੱਲਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹੁੰਦੇ ਸਨ। ਚਾਚਾ ਕੁਮੇਦਾਨ ਦੇ ਵਡਮੁੱਲੇ ਕਬਿੱਤ ਨਾ ਭੁੱਲਣ ਯੋਗ ਹੁੰਦੇ ਸਨ।
ਸਮਾਂ ਬੀਤਦਾ ਗਿਆ। ਕਿਸਮਤ ਦੀ ਗੱਲ ਕਿਸ਼ੋਰੀ ਲਾਲ ਦੇ ਇੱਕ ਪੁੱਤਰ ਹੋਇਆ, ਉਹ ਬਚਿਆ ਨਾ ਪਰ ਕੁੜੀਆਂ 3 ਸਨ। ਸਮਾਂ ਪਾਕੇ ਉਹ ਆਪ ਅਤੇ ਉਸਦੀ ਪਤਨੀ ਲਾਜੋ, ਜਿਸਨੂੰ ਮੈਂ ਚਾਚੀ ਕਿਹਾ ਕਰਦਾ ਸੀ, ਮੇਰੇ ਜੀਵਨ ਸਫ਼ਰ ਦੀ ਗੱਡੀ ਦੇ ਡੱਬੇ ਵਿੱਚੋਂ ਆਪੋ ਆਪਣਾ ਸਟੇਸ਼ਨ ਆਉਣ ’ਤੇ ਵਿਛੜਦੇ ਗਏ। ਬਲਵੰਤ ਰਾਏ ਦਾ ਵਿਆਹ ਤਾਂ ਹੋਇਆ ਪਰ ਉਸਦੇ ਘਰ ਵੀ ਜਾਇਦਾਦ ਦਾ ਕੋਈ ਵਾਰਿਸ ਨਾ ਜਨਮਿਆ। ਬਲਵੰਤ ਦੇ ਵੱਲੋਂ 1958 ਵਿੱਚ 3000 ਰੁਪਏ ਦੇ ਸਰਕਾਰੀ ਲੋਨ ਨਾਲ ਬਣਾਇਆ ਗਿਆ ਮਕਾਨ ਅੱਜ ਆਪਣਾ ਰੂਪ ਬਦਲ ਚੁੱਕਾ ਹੈ ਅਤੇ ਉੱਥੇ ਹੋਰ ਮੁਸਾਫ਼ਿਰ ਆਪਣੇ ਜੀਵਨ ਦੇ ਸਫ਼ਰ ਦੀ “ਰਾਤ” ਬਤੀਤ ਕਰ ਰਹੇ ਹਨ।
ਮੇਰੇ ਜੀਵਨ-ਯਾਤਰਾ ਰੂਪੀ ਉਸ ਗੱਡੀ ਦੇ ਡੱਬਿਆਂ ਵਿੱਚ ਅੱਜ ਜਦੋਂ ਮੈਂ ਉੱਥੇ ਜਾਕੇ ਵੇਖਦਾ ਹਾਂ ਤਾਂ ਨਾ ਪਚਰੰਗੀ ਸੁਨਿਆਰ, ਨਾ ਛੱਜੂ ਸੁਨਿਆਰ, ਨਾ ਖਾਲਸਪੁਰ ਵਾਲਾ ਮਿਸਤਰੀ ਭਗਤ ਸਿੰਘ, ਨਾ ਪਾਨ ਸੋਡੇ ਵਾਲਾ ਹਰੀ ਰਾਮ, ਨਾ ਇੱਕੋ ਪੁੱਤਰ ਦੀ ਮਾਂ ਵਿਧਵਾ ਗਣੇਸ਼ੀ ਖਤ੍ਰਾਣੀ, ਨਾ ਜੱਟੋ ਸੁਨਿਆਰੀ, ਨਾ ਚਾਚੀ ਭਾਗਵੰਤੀ, ਨਾ ਤਾਇਆ ਫ਼ਕੀਰੀਆਂ ਤੇ ਤਾਈ ਗੌਰਾਂ, ਸਾਡੀ ਬੋਬੋ (ਦਾਦੀ) ਪਰਮੇਸ਼ਰੀ, ਨਾ ਬਾਬਾ ਚੇਤ ਰਾਮ, ਬੋਬੋ ਪਾਰੋ, ਚਾਚਾ ਰਾਮ ਸਰੂਪ, ਤਾਇਆ ਭਾਨ ਮੱਲ, ਤਾਈ ਸੱਤਿਆ ਕਿਤੇ ਨਜ਼ਰ ਆਉਂਦੇ ਹਨ ਪਰ ਜੀਵਨ ਦੀ ਰੇਲ ਗੱਡੀ ਦੇ ਸਾਰੇ ਡੱਬਾ ਰੂਪੀ ਘਰਾਂ ਵਿੱਚ ਨਵੇਂ ਨਵੇਂ ਮੁਸਾਫ਼ਰ ਸਫ਼ਰ ਕਰ ਰਹੇ ਹਨ। ਇੱਥੇ ਕਿਸੇ ਭੁੱਲੇ ਵਿਸਰੇ ਕਵੀ ਦੇ ਇਹ ਬੋਲ ਅਮਰ ਲਗਦੇ ਹਨ- “ਇਹ ਜੱਗ ਸਰਾਏ ਮੁਸਾਫ਼ਰਾਂ ਦੀ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5209)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: