“ਬੜੀ ਮੁਸ਼ਕਿਲ ਨਾਲ ਮੈਂ ਆਪਣੇ ਰਹਿਮਦਿਲ ਹਮ ਜਮਾਤੀ ਨੂੰ ਆਪਣਾ ਦੁੱਖ ਦੱਸਿਆ ਤਾਂ ਉਸਨੇ ਆਪਣੇ ਪਿਤਾ ਨੂੰ ...”
(29 ਨਵੰਬਰ 2023)
ਇਸ ਸਮੇਂ ਪਾਠਕ: 220.
ਗੱਲ 1952 ਦੀ ਹੈ। ਉਜਾੜੇ ਨੂੰ ਅਜੇ 5 ਕੁ ਸਾਲ ਹੋਏ ਸਨ। ਮਹੱਲਿਆਂ ਵਿੱਚ ਕਰਿਆਨੇ ਦੀਆਂ ਇੱਕ ਦੁੱਕਾ ਦੁਕਾਨਾਂ ਹੁੰਦੀਆਂ ਸਨ ਜਿੱਥੋਂ ਗਰੀਬੜੇ ਲੋਕ ਪ੍ਰਚੂਨ ਵਿੱਚ ਲੋੜੀਂਦੀ ਵਸਤ ਖਰੀਦ ਲੈਂਦੇ। ਜ਼ਿਆਦਾਤਰ ਮੁਸਲਿਮ ਅਬਾਦੀ ਪਠਾਣਾ ਦੇ ਇੱਥੋਂ ਪਾਕਿਸਤਾਨ ਚਲੇ ਜਾਣ ਕਾਰਨ ਘੁੱਗ ਵਸਦਾ ਰਿਆਸਤ ਪਟਿਆਲਾ ਦਾ ਇਹ ਸ਼ਹਿਰ (ਬੱਸੀ ਪਠਾਣਾ) ਲਗਭਗ ਵੀਰਾਨ ਹੋ ਚੁੱਕਾ ਸੀ। ਪੱਛਮੀ ਪੰਜਾਬ ਤੋਂ ਹਿਜਰਤ ਕਰਕੇ ਇੱਥੇ ਆਉਣ ਵਾਲੇ ਸ਼ਰਨਾਰਥੀ ਅਜੇ ਆਪਣੇ ਮੁੜ ਵਸੇਬੇ ਲਈ ਜੱਦੋਜਹਿਦ ਕਰ ਰਹੇ ਸਨ। ਮੈਂ ਉਦੋਂ ਸ਼ਾਇਦ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਅੰਤਾਂ ਦੀ ਗਰੀਬੀ ਵਿੱਚ ਗੁਜ਼ਾਰਾ ਕਰਦੇ ਹੋਏ ਮੇਰੀ ਮਾਂ ਨੇ ਮੈਨੂੰ ਹਰ ਤੀਜੇ ਚੌਥੇ ਦਿਨ ਇੱਕ ਆਨਾ ਜਾਂ ਅਧਿਆਨੀ (ਦੋ ਪੈਸੇ ਦਾ ਸਿੱਕਾ) ਆਪਣੀ ਚੁੰਨੀ ਦੇ ਲੜ ਵਿੱਚੋਂ ਗੰਢ ਖੋਲ੍ਹ ਕੇ ਦਿੰਦੇ ਹੋਏ ਕਹਿਣਾ, “ਜਾਹ ਚਾਹ ਪੱਤੀ ਲੈ ਆ।” ਬੰਦ ਚਾਹ ਦੀ ਪੁੜੀ ਉਸ ਵੇਲੇ ਪੀਲੇ ਰੰਗ ਵਿੱਚ ਬਰੁੱਕ ਬਾਂਡ ਦੀ ਹੁੰਦੀ ਸੀ ਜਿਸ ਉੱਪਰ ਹਲ ਵਾਹੁੰਦੇ ਕਿਸਾਨ ਦੀ ਛਪੀ ਤਸਵੀਰ ਅੱਜ ਵੀ ਮੇਰੇ ਜ਼ਿਹਨ ਵਿੱਚ ਹੈ। ਪਰ ਉਹ ਪੁੜੀ ਇੱਕ ਆਨੇ ਦੀ ਹੁੰਦੀ ਤੇ ਹੁੰਦੀ ਵੀ ਥੋੜ੍ਹੀ। ਸਾਡੇ ਨੇੜੇ ਹੀ ਤਾਏ ਪੋਹੂ ਰਾਮ ਦੀ ਹੱਟੀ ਹੁੰਦੀ ਸੀ। ਉੱਥੋਂ ਖੁੱਲ੍ਹੀ ਚਾਹ ਬਰੁੱਕ ਬਾਂਡ ਦੀ ਪੁੜੀ ਨਾਲੋਂ ਵੱਧ ਮਿਲਦੀ ਸੀ ਕਿਉਂਕਿ ਤਾਏ ਬਾਰੇ ਕਿਹਾ ਜਾਂਦਾ ਸੀ ਕਿ ਉਹ ਚਾਹ ਦੀ ਪੇਟੀ ਥੋਕ ਵਿੱਚ ਮੰਗਵਾਉਂਦਾ ਹੈ ਤੇ ਮੇਰੀ ਮਾਂ ਉਸ ਖੁੱਲ੍ਹੀ ਚਾਹ ਨਾਲ ਹੀ ਚਾਰ ਦਿਨ ਬੁੱਤਾ ਸਾਰ ਲੈਂਦੀ ਸੀ। ਤਾਏ ਪੋਹੂ ਰਾਮ ਬਾਰੇ ਕਿਹਾ ਜਾਂਦਾ ਸੀ ਕਿ ਉਹ ਤਿੰਬਰਪੁਰ ਦਾ ਸੀ ਪਰ ਜਦੋਂ ਉਹਨਾਂ ਦੇ ਘਰ ਡਾਕਾ ਪਿਆ ਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਉਹ ਸ਼ਹਿਰ ਆ ਗਏ ਤੇ ਇੱਥੇ ਦੁਕਾਨ ਕਰ ਲਈ।
ਤਾਏ ਪੋਹੂ ਰਾਮ ਦੇ ਤਿੰਨ ਜੀਆਂ ਦੇ ਪਰਿਵਾਰ ਵਿੱਚ ਉਸਦਾ ਇੱਕ ਪੁੱਤਰ ਅਤੇ ਇੱਕ ਧੀ ਹੀ ਸਨ। ਉਸ ਦੀ ਦੁਕਾਨ ਵਧੀਆ ਚੱਲ ਪਈ ਸੀ ਕਿਉਂਕਿ ਦੁਕਾਨ ਦੇ ਨੇੜੇ ਹੀ ਲਾਇਲਪੁਰ (ਪਾਕਿਸਤਾਨ) ਤੋਂ ਆ ਕੇ ਵਸੇ ਤੀਹ ਚਾਲ਼ੀ ਮਿਹਨਤਕਸ਼ਾਂ ਦੇ ਪਰਿਵਾਰ ਸਨ ਜੋ ਖੇਤ ਮਜ਼ਦੂਰੀ ਕਰਕੇ ਆਪਣੇ ਪੇਟ ਦੀ ਅੱਗ ਨੂੰ ਝੁਲਕਾ ਦਿੰਦੇ ਸਨ ਅਤੇ ਪ੍ਰਚੂਨ ਵਿੱਚ ਕਰਿਆਨਾ ਉਹਨਾਂ ਤੋਂ ਹੀ ਖਰੀਦਦੇ ਸਨ।
ਹਰ ਤੀਜੇ ਚੌਥੇ ਦਿਨ ਮੈਨੂੰ ਤਾਏ ਪੋਹੂ ਰਾਮ ਦੀ ਦੁਕਾਨ ’ਤੇ ਜਾਣ ਸਮੇਂ ਇੱਕ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਸੀ। ਜਦੋਂ ਮੈਂ ਚਾਹ ਪੱਤੀ ਲੈਣ ਜਾਣਾ ਤਾਂ ਅੱਗੋਂ ਤਾਏ ਨੇ ਸਵਾਲ ਕਰਨਾ, “ਦੱਸ ਓਏ! ਤਿੰਨ ਪੌਣੇ ਕਿੰਨੇ ਹੋਏ?” ਮੈਂ ਅੱਗੋਂ ਨੀਵੀਂ ਪਾਕੇ ਖੜ੍ਹਾ ਰਹਿਣਾ ਕਿਉਂਕਿ ਵੀਹ ਤਕ ਦੇ ਪਹਾੜਿਆਂ ਦੀ ਮੁਹਾਰਨੀ ਤਾਂ ਰੋਜ਼ ਕਲਾਸ ਵਿੱਚ ਮਾਸਟਰ ਅਮਰ ਨਾਥ ਸ਼ਰਮਾ ਡਕੌਂਦੇ ਵਾਲੇ ਸਾਥੋਂ ਸੁਣਦੇ ਹੁੰਦੇ ਸਨ ਪਰ ਇਹ ‘ਪੌਣੇ’ ਵੀ ਪਹਾੜਿਆਂ ਵਿੱਚ ਸ਼ਾਮਲ ਨੇ? ਇਹ ਮੈਨੂੰ ਤਾਏ ਪੋਹੂ ਰਾਮ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਮੈਂ ਘਰ ਆ ਕੇ ਆਪਣੀ ਮਾਂ ਨੂੰ ਕਹਿਣਾ ਕਿ ਮੈਨੂੰ ਤਾਂ ਚਾਹ ਪੱਤੀ ਲਿਆਉਣੀ ਆਫ਼ਤ ਤੋਂ ਘੱਟ ਨਹੀਂ ਲਗਦੀ ਕਿਉਂਕਿ ਜਦੋਂ ਮੈਂ ਸ਼ਰਮਿੰਦਾ ਹੋ ਕੇ ਖੜ੍ਹਾ ਰਹਿੰਦਾ ਹਾਂ ਤਾਂ ਤਾਇਆ ਅੱਗੋਂ ਇਹ ਕਹਿਕੇ ਠਿੱਠ ਕਰਦਾ ਏ ਕਿ ਮਾਂ ਵਿਚਾਰੀ ਰੋਜ਼ ਪਰੌਂਠੇ ਪਕਾ ਕੇ ਖੁਆਉਂਦੀ ਹੋਣੀ ਹੈ ਬਈ ਮੇਰਾ ਪੁੱਤ ਸਕੂਲ ਪੜ੍ਹਨ ਜਾਂਦਾ ਹੈ ਪਰ ਉਸ ਵਿਚਾਰੀ ਨੂੰ ਕੀ ਪਤਾ ਕਿ ਉਸਦਾ ਪੁੱਤ ‘ਪੌਣੇ-ਡਿਓਢੇ’ ਦੇ ਪਹਾੜੇ ਤਾਂ ਜਾਣਦਾ ਨਹੀਂ।
ਆਖਰ ਤੰਗ ਆ ਕੇ ਮੈਂ ਇੱਕ ਦਿਨ ਕਿਤਾਬਾਂ ਦੀ ਦੁਕਾਨ ਵਾਲੇ ਪੰਡਿਤ ਦੇਵਕੀ ਨੰਦਨ ਸ਼ਰਮਾ ਨੂੰ ਪੁੱਛ ਹੀ ਲਿਆ ਤਾਂ ਉਸਨੇ ਦੱਸਿਆ ‘ਪੌਣੇ, ਡਿਉਢੇ ਅਤੇ ਸਵਾਏ” ਦੇ ਪਹਾੜੇ ਵੀ ਹੁੰਦੇ ਹਨ ਅਤੇ ਉਹ ਪਹਾੜਾ ਚਾਰ ਆਨੇ ਦਾ ਮਿਲਦਾ ਹੈ। ਹੁਣ ਸਮੱਸਿਆ ਦਾ ਹੱਲ ਤਾਂ ਮਿਲ ਗਿਆ ਪਰ ਚਾਰ ਆਨੇ ਕਿੱਥੋਂ ਆਉਂਦੇ? ਸਾਰੀ ਪੜ੍ਹਾਈ ਦੌਰਾਨ ਕਲਮ ਵਾਲਾ ਪੱਕਾ ਕਾਨਾ, ਜਿਲਦ ਵਾਲੀ ਕਾਪੀ, ਜ਼ੈੱਡ, ਅਤੇ ਵੈਵਰਲੀ ਦੀ ਨਿਬ ਖਰੀਦਣ ਲਈ ਮੈਨੂੰ ਪੈਸੇ ਨਸੀਬ ਨਹੀਂ ਹੋਏ। ਬੜੀ ਮੁਸ਼ਕਿਲ ਨਾਲ ਮੈਂ ਆਪਣੇ ਰਹਿਮਦਿਲ ਹਮ ਜਮਾਤੀ ਨੂੰ ਆਪਣਾ ਦੁੱਖ ਦੱਸਿਆ ਤਾਂ ਉਸਨੇ ਆਪਣੇ ਪਿਤਾ ਨੂੰ ਕਹਿਕੇ ਉਹ ਪਹਾੜਾ ਖਰੀਦ ਲਿਆ। ਹੁਣ ਮੈਂ ਰੋਜ਼ ਉਸ ਪਹਾੜੇ ਦੀ ਮੁਹਾਰਨੀ ਰਟਣ ਲੱਗਾ।
15 ਦਿਨਾਂ ਵਿੱਚ ਮੈਨੂੰ ਆਤਮ ਵਿਸ਼ਵਾਸ ਹੋ ਗਿਆ ਪਰ ਤਾਇਆ ਮੇਰੀ ਇਸ ਪ੍ਰਾਪਤੀ ਤੋਂ ਅਣਜਾਣ ਸੀ। ਹੁਣ ਮੈਂ ਪੂਰੀ ਤਰ੍ਹਾਂ ਸਮਰੱਥ ਸੀ। ਇਸ ਵਾਰੀ ਵੀ ਤਾਏ ਨੇ ਪਹਿਲਾਂ ਵਾਂਗ ਫੇਰ ਸਵਾਲ ਕੀਤਾ। ਹੁਣ ਮੈਂ ‘ਤਿੰਨ ਪੌਣੇ’ ਸਮਝ ਚੁੱਕਾ ਸੀ ਕਿ ਸਵਾ ਦੋ ਹੁੰਦੇ ਹਨ। ਹੁਣ ਮੇਰੀ ਪੋਜ਼ੀਸ਼ਨ ਉਸ ਜੇਤੂ ਵਰਗੀ ਸੀ ਜੋ ਪੂਰੇ ਵਿਸ਼ਵਾਸ ਨਾਲ ਹਰ ਸਵਾਲ ਦੇ ਜਵਾਬ ਲਈ ਖੜ੍ਹਾ ਹੋਵੇ। ਉਸ ਪਹਾੜੇ ਦੀ ਬਦੌਲਤ ਜਿੰਨਾ ਚਿਰ 16 ਆਨੇ ਦਾ ਰੁਪਇਆ ਅਤੇ 16 ਛਟਾਂਕਾਂ ਦਾ ਸੇਰ ਵਾਲਾ ਵਿਹਾਰ ਚਲਦਾ ਰਿਹਾ, ਦੇ ਬਾਰੇ ਮੈਂ ਪੂਰੇ ਮਾਣ ਨਾਲ ਜਮਾਤ ਵਿੱਚੋਂ ਅੱਗੇ ਰਿਹਾ। ਸਾਡੇ ਵੱਲੋਂ ਬਾਜ਼ਾਰੋਂ ਖਰੀਦੇ ਉਸ ਪਹਾੜੇ ਦੀ ਖਰੀਦ ਦੀ ਸੂਹ ਮਾਸਟਰ ਜੀ ਨੂੰ ਵੀ ਮਿਲ ਗਈ। ਉਸਨੇ ਇਸ ਲਈ ਅੱਧਾ ਘੰਟਾ ਸਾਡੇ ਕੰਨ ਫੜਾਏ ਕਿਉਂਕਿ ਸਿਲੇਬਸ ਤੋਂ ਬਾਹਰ ਜਾਂ ਕਿਸੇ ਕਿਤਾਬ ਦਾ ਖੁਲਾਸਾ ਖਰੀਦਣ ਵਿੱਚ ਉਸ ਵੇਲੇ ਦੇ ਉਸਤਾਦ ਆਪਣੀ ਤੌਹੀਨ ਸਮਝਦੇ ਸਨ। ਪਰ ਮਾਸਟਰ ਮੂਲ ਰਾਜ ਆਹਲੂਵਾਲੀਆ ਨੇ ਜਦੋਂ ਮੈਥੋਂ ਉਹ ਤਿੰਨੇ ਪਹਾੜੇ ਸੁਣੇ ਤਾਂ ਉਸਨੇ ਖੁਸ਼ ਹੁੰਦਿਆਂ ਮੈਨੂੰ ਬੁੱਕਲ ਵਿੱਚ ਲੈ ਕੇ ਬਹੁਤ ਪਿਆਰ ਦਿੱਤਾ। ਇਸ ਤਰ੍ਹਾਂ ਮੈਨੂੰ ਤਾਏ ਅਤੇ ਮੇਰੇ ਪਿਆਰੇ ਹਮ ਜਮਾਤੀ ਵੱਲੋਂ ਕੀਤਾ ਗਿਆ ਉਹ ਉਪਕਾਰ ਅੱਜ ਵੀ ਯਾਦ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4511)
(ਸਰੋਕਾਰ ਨਾਲ ਸੰਪਰਕ ਲਈ: (