“ਉਦੋਂ ਹੁਣ ਵਾਂਗ ਖੁੰਬਾਂ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਕਾਲਜ ਨਹੀਂ ਸਨ ਹੁੰਦੇ। ਕਿਤੇ ਕਿਤੇ ਆਰੀਆ ਸਮਾਜੀਆਂ ਦੇ ...”
(20 ਦਸੰਬਰ 2023)
ਇਸ ਸਮੇਂ ਪਾਠਕ: 315.
ਕੋਈ ਸਮਾਂ ਸੀ ਜਦੋਂ ਉਸਤਾਦ (ਮਾਸਟਰ) ਸਕੂਲ ਦੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰ ਮੰਨ ਕੇ ਪੜ੍ਹਾਉਂਦੇ ਹੁੰਦੇ ਸਨ। ਉਸ ਵੇਲੇ ਮਾਪਿਆਂ ਨੂੰ ਬੱਚਿਆਂ ਦੇ ਪਾਸ ਹੋਣ ਦਾ ਇੰਨਾ ਫਿਕਰ ਨਹੀਂ ਸੀ ਹੁੰਦਾ ਜਿਵੇਂ ਅੱਜ ਕੱਲ੍ਹ ਹੈ। ਇੱਥੋਂ ਤਕ ਕਿ ਬਹੁਤੇ ਮਾਪਿਆਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਉਹਨਾਂ ਦਾ ਬੱਚਾ ਕਿੰਨਵੀਂ ਜਮਾਤ ਵਿੱਚ ਪੜ੍ਹਦਾ ਹੈ? ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਾਂ ਜਦੋਂ ਗਰੀਬ ਬੱਚਿਆਂ ਨੂੰ ਕੋਈ ਸੰਸਥਾ ਮਾਲੀ ਮਦਦ (ਕੱਪੜੇ ਜਾਂ ਹੋਰ ਸਹਾਇਤਾ) ਦੇਣ ਲਈ ਸਮਾਜ ਵਿੱਚ ਨਹੀਂ ਹੁੰਦੀ ਸੀ। ਗੱਲ ਵੀਹਵੀਂ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਦੀ ਹੈ। ਮੈਨੂੰ ਯਾਦ ਹੈ ਜਦੋਂ ਦੋ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਪੂਰੀਆਂ ਕਰਕੇ ਅਸੀਂ ਸਕੂਲ ਜਾਂਦੇ ਸਾਂ ਤਾਂ ਕਈ ਕਈ ਦਿਨ ਸਕੂਲ ਵਿੱਚੋਂ ਘਾਹ ਬੂਟਿਆਂ ਦੀ ਸਫਾਈ ਕਰਨ ’ਤੇ ਹੀ ਲੱਗ ਜਾਂਦੇ ਸਨ। ਕਈ ਵਾਰੀ ਸਫਾਈ ਲਈ ਸਾਨੂੰ ਮਾਸਟਰ ਜੀਆਂ ਨੇ ਕਹਿਣਾ ਕਿ ਇੰਸਪੈਕਟਰ ਸਾਹਿਬ ਨੇ ਮੁਆਇਨਾ ਕਰਨ ਆਉਣਾ ਹੈ, ਇਸ ਲਈ ਵੱਧ ਤੋਂ ਵੱਧ ਕਿਆਰੀਆਂ ਬਣਾਕੇ ਫੁੱਲਾਂ ਵਾਲੇ ਬੂਟੇ ਲਗਾਏ ਜਾਣ। ਅਸੀਂ ਹੱਡ ਭੰਨਵੀਂ ਮਿਹਨਤ ਕਰਦੇ। ਹਰ ਵਾਰੀ ਇੰਸਪੈਕਟਰ ਨੇ ਤਾਂ ਨਾ ਆਉਣਾ ਪਰ ਸਕੂਲ ਦੀ ਖੂਬਸੂਰਤੀ ਨੂੰ ਚਾਰ ਚੰਨ ਜ਼ਰੂਰ ਲੱਗ ਜਾਂਦੇ ਸਨ।
ਅੱਜਕੱਲ੍ਹ ਬੜੀ ਹੈਰਾਨੀ ਹੁੰਦੀ ਹੈ ਅਖਬਾਰਾਂ ਦੀਆਂ ਖਬਰਾਂ ਪੜ੍ਹਕੇ ਕਿ ਫਲਾਣੇ ਸਕੂਲ ਵਿੱਚ ਬੱਚਿਆਂ ਪਾਸੋਂ ਉਹਨਾਂ ਦੇ ਜੂਠੇ ਬਰਤਨ ਸਾਫ ਕਰਵਾਏ ਜਾਂਦੇ ਹਨ। ਹਾਲਾਂਕਿ ਬਰਤਨ ਸਾਫ ਕਰਨੇ ਕੋਈ ਬੁਰਾ ਕੰਮ ਨਹੀਂ, ਸੇਵਾ ਹੈ। ਪਰ ਜਦੋਂ ਅਸੀਂ ਪ੍ਰਸ਼ਾਸਨ ਉੱਤੇ ਜ਼ੋਰ ਦੇ ਕੇ ਅਜਿਹਾ ਕੰਮ ਬੰਦ ਕਰਵਾ ਦਿੰਦੇ ਹਾਂ ਤਾਂ ਜ਼ਰਾ ਸੋਚੋ! ਕੀ ਅਸੀਂ ਬੱਚਿਆਂ ਵਿੱਚ ਸੇਵਾ ਦੀ ਭਾਵਨਾ ਤੋਂ ਦੂਰੀ ਨਹੀਂ ਪੈਦਾ ਕਰ ਰਹੇ ਹੁੰਦੇ? ਕੀ ਬਰਤਨਾਂ ਦੀ ਸਫਾਈ ਕਰਨ ਵਾਲੇ ਲੋਕਾਂ ਵਿੱਚ ਹੀਣ ਭਾਵਨਾ ਨਹੀਂ ਪੈਦਾ ਹੋਵੇਗੀ? ਇਹੋ ਵਜਾਹ ਹੈ ਅੱਜ ਹਰ ਨੌਜਵਾਨ ਵੱਡੀ ਪੜ੍ਹਾਈ ਕਰਕੇ ਹੱਥੀਂ ਕੰਮ ਕਰਨ ਨੂੰ ਘ੍ਰਿਣਾ ਦੀ ਨਜ਼ਰ ਨਾਲ ਵੇਖਦੇ ਹੋਏ ਦਫਤਰੀ ਬਾਬੂ ਜਾਂ ਵੱਡਾ ਅਫਸਰ ਬਣਨਾ ਲੋਚਦਾ ਹੈ। ਇਸ ਲਈ ਵੀ ਕਿਉਂਕਿ ਸਾਡੇ ਮੁਲਕ ਦੀ ਪੜ੍ਹਾਈ ਜ਼ਿਆਦਾਤਰ ਖੋਜੀ ਜਾਂ ਫਰਜ਼ ਸ਼ਨਾਸ ਨਹੀਂ, ਪੈਂਟਾਂ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਖੜ੍ਹਨ ਜਾਂ ਦਫਤਰ ਦੀ ਘੁੰਮਣ ਵਾਲੀ ਕੁਰਸੀ ਉੱਤੇ ਬੈਠਣ ਵਾਲੇ ਹੀ ਤਿਆਰ ਕਰਦੀ ਹੈ। ਕੁਝ ਸਾਲ ਹੋਏ ਜਦੋਂ ਸਾਡੇ ਹਲਕੇ ਦਾ ਐੱਮ ਐੱਲ ਏ ਕੈਨੇਡਾ ਯਾਤਰਾ ’ਤੇ ਗਿਆ ਤਾਂ ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਬਾਥਰੂਮ ਸਾਫ ਕਰਦੇ ਅਤੇ ਜੱਟਾਂ ਦੇ ਪੁੱਤਰਾਂ ਨੂੰ ਜਲੇਬੀਆਂ ਦਾ ਸਟਾਲ ਲਾਉਂਦੇ ਵੇਖਕੇ ਹੈਰਾਨੀ ਨਾਲ ਪੁੱਛਿਆ “ਕੀ ਇਹ ਕੰਮ ਤੁਸੀਂ ਇੰਡੀਆ ਵਿੱਚ ਨਹੀਂ ਕਰ ਸਕਦੇ ਸੀ?” ਉਨ੍ਹਾਂ ਦਾ ਜਵਾਬ ਸੀ ਕਿ ਇੱਥੇ ਸਾਨੂੰ ਕੋਈ ਨੀ ਜਾਣਦਾ ਕਿ ਇਹ ਜੱਟਾਂ ਦੇ ਮੁੰਡੇ ਹਨ।
ਉਦੋਂ ਹੁਣ ਵਾਂਗ ਖੁੰਬਾਂ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਕਾਲਜ ਨਹੀਂ ਸਨ ਹੁੰਦੇ। ਕਿਤੇ ਕਿਤੇ ਆਰੀਆ ਸਮਾਜੀਆਂ ਦੇ ਪ੍ਰਾਈਵੇਟ ਸਕੂਲ ਹੁੰਦੇ, ਪ੍ਰੰਤੂ ਸਰਕਾਰੀ ਸਕੂਲਾਂ ਦੀ ਆਪਣੀ ਹੀ ਸ਼ਾਨ ਹੁੰਦੀ ਸੀ। ਉਸ ਵੇਲੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦੀ ਲੋੜ ਨਹੀਂ ਸੀ ਪੈਂਦੀ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਸਕੂਲ ਛੱਡਣ ਜਾਂ ਉੱਥੋਂ ਵਾਪਸ ਲਿਆਉਂਦਾ ਸੀ। ਬਲਕਿ ਪਿੰਡਾਂ ਦੇ ਵਿਦਿਆਰਥੀ 6-7 ਕਿਲੋਮੀਟਰ ਤੋਂ ਪੈਦਲ ਚੱਲ ਕੇ ਸਕੂਲ ਪੜ੍ਹਨ ਆਇਆ ਕਰਦੇ ਸਨ। ਸਗੋਂ ਸਾਈਕਲ ਵੀ ਕੇਵਲ ਕਿਸੇ ਕਿਸੇ ਕੋਲ ਹੁੰਦਾ ਸੀ।
ਉਸ ਵੇਲੇ ਦੇ ਉਸਤਾਦ ਮਾਸਟਰ ਸੱਤ ਪ੍ਰਕਾਸ਼ ਆਹਲੂਵਾਲੀਆ, ਮਾਸਟਰ ਕੌਰ ਸੈਨ, ਮਾਸਟਰ ਅਮਰਨਾਥ ਸ਼ਰਮਾ ਜੀ ਡਕੌਂਦੇ ਵਾਲੇ, ਮਾਸਟਰ ਮੂਲ ਰਾਜ ਆਹਲੂਵਾਲੀਆ, ਮਾਸਟਰ ਬਾਲ ਕ੍ਰਿਸ਼ਨ ਸ਼ਰਮਾ, ਗਿਆਨੀ ਸੰਤ ਸਿੰਘ, ਸ਼ੰਭੂ ਦੱਤ ਸ਼ਾਸਤਰੀ, ਅਤੇ ਕਿਰਪਾਲ ਸਿੰਘ ਸੇਠੀ ਸਨ ਜਿਨ੍ਹਾਂ ਦਾ ਨਾਮ ਲੈਂਦਿਆਂ ਸਤਿਕਾਰ ਵਿੱਚ ਸਿਰ ਖੁਦਬਖ਼ੁਦ ਝੁਕ ਜਾਂਦਾ ਹੈ। ਮੈਨੂੰ ਯਾਦ ਹੈ! ਇੱਕ ਵਾਰੀ ਬੀਮਾਰੀ ਸ਼ਬਦ ਲਿਖਣ ਲੱਗਿਆਂ ਮੈਂ ਬੱਬੇ ਨੂੰ ਸਿਹਾਰੀ ਨਾਲ ਬਿਮਾਰੀ ਲਿਖ ਬੈਠਾ ਤੇ ਬੀਮਾਰੀ ਨਾ ਲਿਖਣ ’ਤੇ ਮੈਨੂੰ ਮਾਸਟਰ ਮੂਲ ਰਾਜ ਆਹਲੂਵਾਲੀਆ ਜੀ ਰਾਹੀਂ ਚਾਰ ਡੰਡਿਆਂ ਦੀ ਮਿਲੀ ਸਜ਼ਾ ਨਾਲ ਗਰਮ ਹੋਏ ਦੋਵੇਂ ਹੱਥਾਂ ਦਾ ਇਹਸਾਸ ਅੱਜ ਵੀ ਹੈ। ਪ੍ਰੰਤੂ ਅੱਜ ਵੇਖਦਾ ਹਾਂ ਕਿ ਲਗਾਂ ਮਾਤਰਾ ਦੀਆਂ ਬੇਸ਼ੁਮਾਰ ਗ਼ਲਤੀਆਂ ਇੱਕ “ਆਮ” ਜਿਹੀ ਗੱਲ ਬਣਕੇ ਰਹਿ ਗਈ ਹੈ। ਜਿਵੇਂ ਅਜਾਇਬ ਸਿੰਘ ਨੂੰ ਅਜੈਬ ਸਿੰਘ, ਰਾਇਲੀ ਨੂੰ ਰੈਲੀ ਅਤੇ ਨਾਇਬ ਸਿੰਘ ਨੂੰ ਨੈਬ ਸਿੰਘ ਲਿਖਣਾ ਕੋਈ ਗਲਤੀ ਨਹੀਂ ਮੰਨੀ ਜਾਂਦੀ। ਰਹੀ ਗੱਲ ਬਿੰਦੀਆਂ ਦੀ, ਉਹ ਕਸ਼ਮੀਰ ਲਿਖਣ ਲੱਗਿਆਂ ਭਾਵੇਂ ਸੱਸੇ ਦੇ ਪੈਰ ਵਿੱਚ ਬਿੰਦੀ ਭਾਵੇਂ ਨਾ ਪਾਈਏ ਪਰ ਤਜਰਬੇ ਅਤੇ ਮਜਬੂਰ ਦੇ ਜੱਜੇ ਦੇ ਪੈਰ ਵਿੱਚ ਜ਼ਬਰਦਸਤੀ ਬਿੰਦੀ ਪਾਉਣ ਵਿੱਚ ਆਪਣੀ ਵਿਦਵਤਾ ਦਾ ਵਿਖਾਵਾ ਕਰਨੋ ਨਹੀਂ ਟਲਦੇ। ਕਾਲਜ ਨੂੰ ਕਾਲਜ਼, ਤਜਰਬੇ ਨੂੰ ਤਜ਼ਰਬਾ, ਇਜਾਜ਼ਤ ਨੂੰ ਇਜ਼ਾਜ਼ਤ, ਜਜ਼ਬੇ ਨੂੰ ਜ਼ਜ਼ਬਾ, ਮੈਰਿਜ ਨੂੰ ਮੈਰਿਜ਼, ਮਾਰਗੇਜ ਨੂੰ ਮਾਰਗੇਜ਼, ਮਜ਼ਦੂਰ ਨੂੰ ਮਜਦੂਰ ਅਤੇ ਫੋਟੋ ਸਟੈਟ ਨੂੰ ਫੋਟੋ ਸਟੇਟ ਲਿਖਣਾ ਕੋਈ ਗਲਤੀ ਨਹੀਂ ਮੰਨੀ ਜਾ ਰਹੀ। ਹੁਣ ਜਿਹੜਾ ਟੀਚਰ ਆਪ ਇਹ ਗ਼ਲਤੀਆਂ ਕਰਦਾ ਹੋਵੇ, ਉਹ ਪੇਪਰ ਚੈੱਕ ਕਰਨ ਸਮੇਂ ਉਪਰੋਕਤ ਗਲਤੀਆਂ ਨੂੰ ਕਿਵੇਂ ਗਲਤ ਮੰਨੇਗਾ? ਇਹੋ ਵਜਾਹ ਹੈ ਕਿ 76 ਵਰ੍ਹੇ ਬੀਤ ਜਾਣ ’ਤੇ ਵੀ ਸਾਡਾ ਦੇਸ਼ ਪਾਕਿਸਤਾਨ ਨੂੰ ਛੱਡਕੇ ਚੀਨ ਅਤੇ ਜਪਾਨ ਵਰਗੇ ਤਰੱਕੀ ਪਸੰਦ ਦੇਸ਼ਾਂ ਤੋਂ ਕਿਤੇ ਪਛੜ ਗਿਆ ਹੈ, ਜਿਹੜੇ ਸਾਡੇ ਤੋਂ ਬਾਅਦ ਆਜ਼ਾਦ ਹੋਏ ਹਨ। ਪਰ ਇੱਥੇ ਬੇਰੋਜ਼ਗਾਰੀ, ਬੇਚੈਨੀ ਅਤੇ ਮਹਿੰਗਾਈ ਸਿਖਰਾਂ ’ਤੇ ਹਨ। ਸਾਡਾ ਵਿੱਦਿਅਕ ਸਿਸਟਮ ਬਹੁਤ ਸੁਧਾਰ ਦੀ ਮੰਗ ਕਰਦਾ ਹੈ। ਅਸੀਂ ਕਾਲਜਾਂ, ਯੂਨੀਵਰਸਟੀਆਂ ਵਿੱਚੋਂ ਵਿਦਵਾਨ ਨਹੀਂ ਸਗੋਂ ‘ਵਿਦਵਾਨ’ ਪ੍ਰੋਫੈਸਰਾਂ ਦੀ ਸਰਪ੍ਰਸਤੀ ਵਿੱਚ ਜ਼ਿਆਦਾਤਰ ਕੇਵਲ ਨੰਬਰਾਂ ਵਿੱਚ ਟਾੱਪਰ ਪੈਦਾ ਕੀਤੇ ਹੋਏ ਹਨ ਜਿਨ੍ਹਾਂ ਕੋਲ ਨੰਬਰਾਂ ਤੋਂ ਵਧਕੇ ਸਬੰਧਤ ਵਿਸ਼ੇ ਬਾਰੇ ਕੋਈ ਜਾਣਕਾਰੀ ਨਹੀਂ।
ਪੁਰਾਣੇ ਉਸਤਾਦਾਂ ਦੀ ਸੋਚ ਇੰਨੀ ਪਾਰਖੂ ਹੁੰਦੀ ਸੀ, ਜਿਸਦਾ ਅੱਜ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇੱਕ ਵਾਰੀ ਮੈਂ ਸੋਚਿਆ, ਵੱਡੇ ਬੇਟੇ ਨੂੰ ਮੈਡੀਕਲ ਦੀ ਪੜ੍ਹਾਈ ਲਈ ਇੰਗਲਿਸ਼ ਦੀ ਮੁਹਾਰਤ ਜ਼ਰੂਰੀ ਹੈ। ਮੈਂ ਆਪਣੇ ਉਸਤਾਦ ਬਾਲ ਕ੍ਰਿਸ਼ਨ ਸ਼ਰਮਾ ਨੂੰ ਬੇਨਤੀ ਕੀਤੀ ਕਿ ਤੁਹਾਡੀ ਅੰਗਰੇਜ਼ੀ ਬਹੁਤ ਹਾਈ ਹੈ, ਤੁਸੀਂ ਦੋਵੇਂ ਬੱਚਿਆਂ ਨੂੰ ਇੱਕ ਘੰਟਾ ਪੜ੍ਹਾ ਦਿਆ ਕਰੋ। ਸ਼ਰਮਾ ਜੀ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ, ਮੇਰਾ ਭਤੀਜਾ ਬਾਲ ਮੁਕੰਦ ਸ਼ਰਮਾ ਇਨ੍ਹਾਂ ਦੇ ਸਕੂਲ ਵਿੱਚ ਪ੍ਰਿੰਸੀਪਲ ਹੈ, ਮੈਂ ਉਸ ਨੂੰ ਕਹਿ ਦਿੰਦਾ ਹਾਂ ਕਿ ਉਹ ਜਮਾਤ ਦੇ ਬੱਚਿਆਂ ਨੂੰ ਘਰ ਕਰਨ ਲਈ ਦਿੱਤੇ ਗਏ ਕੰਮ ਬਾਰੇ ਜਮਾਤ ਵਿੱਚ ਤੁਹਾਡੇ ਬੱਚਿਆਂ ਤੋਂ ਹੀ ਸਵਾਲਾਂ ਦੇ ਜਵਾਬ ਪੁੱਛਿਆ ਕਰੇ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੱਚੇ ਹਮੇਸ਼ਾ ਰੋਜ਼ਾਨਾ ਘਰੋਂ ਹੀ ਪੜ੍ਹਾਈ ਦੀ ਤਿਆਰੀ ਕਰਕੇ ਸਕੂਲ ਜਾਣਗੇ। ਤੁਸੀਂ ਜਾਣਕੇ ਹੈਰਾਨ ਹੋਵੋਂਗੇ ਕਿ ਉਸ ਵੇਲੇ ਕਿਸੇ ਵੀ ਵਿਸ਼ੇ ਦਾ ਖੁਲਾਸਾ ਨਹੀਂ ਸੀ ਹੁੰਦਾ ਅਤੇ ਨਾ ਹੀ ਮਿਲਦਾ ਸੀ। ਸਗੋਂ ਖੁਲਾਸਾ ਫੜੇ ਜਾਣ ’ਤੇ ਵਿਦਿਆਰਥੀਆਂ ਦੀ ਚੰਗੀ ਮਾਰ ਕੁਟਾਈ ਹੁੰਦੀ ਸੀ। ਪਰ ਅੱਜ ਜੇਕਰ ਟੀਚਰ ਕਿਸੇ ਦੇ ਬੱਚੇ ਨੂੰ ਮਾੜਾ ਜਿਹਾ ਵੀ ਘੂਰ ਘੱਪ ਜਾਂ ਡਾਂਟ ਦੇਵੇ ਤਾਂ ਹੰਗਾਮਾ ਖੜ੍ਹਾ ਹੋ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4559)
(ਸਰੋਕਾਰ ਨਾਲ ਸੰਪਰਕ ਲਈ: (