“ਜਦੋਂ ਪਰਿਵਾਰ ਨੂੰ ਚੋਣ ਬਾਂਡ ਸਕੀਮ ਦੇ ਜਨਤਕ ਹੋਣ ਤੋਂ ਬਾਅਦ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ ਤਾਂ ...”
(8 ਮਈ 2024)
ਇਸ ਸਮੇਂ ਪਾਠਕ: 490.
ਸੰਨ 2018 ਵਿੱਚ ਮੋਦੀ ਸਰਕਾਰ ਵੱਲੋਂ ਸਿਆਸੀ ਪਾਰਟੀਆਂ ਨੂੰ ਹੁੰਦੀ ਚੋਣ ਫੰਡਿੰਗ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਂ ’ਤੇ ਕਾਹਲੇ ਕਦਮਾਂ ਨਾਲ ਲਿਆਂਦੀ ਬਹੁ-ਚਰਚਿਤ ਚੋਣ ਬਾਂਡ ਸਕੀਮ ਦਾ ਭਾਂਡਾ ਭਲੇ ਹੀ ਸਟੇਟ ਬੈਂਕ ਆਫ ਇੰਡੀਆ ਅਤੇ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਵੱਲੋਂ ਚਾੜ੍ਹੇ ਸਖ਼ਤ ਹੁਕਮਾਂ ਸਦਕਾ ਫੁੱਟ ਗਿਆ ਹੈ ਪਰ ਇਸ ਤੁੱਥ-ਮੁੱਥ ਖਿੱਦੋ ਦੀਆਂ ਪਰਤਾਂ ਖੁੱਲ੍ਹਣ ਵਿੱਚ ਲੰਮਾ ਸਮਾਂ ਲੱਗੇਗਾ। ਹਾਲੇ ਤਾਂ ਸਿਰਫ਼ ਸ਼ੁਰੂਆਤ ਹੀ ਹੋਈ ਹੈ। ਇਹ ਗੱਲ ਤਾਂ ਸਾਹਮਣੇ ਆ ਹੀ ਚੁੱਕੀ ਹੈ ਕਿ ਕਾਰਪੋਰੇਟ ਕੰਪਨੀਆਂ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਚੋਣ ਬਾਂਡਾਂ ਰਾਹੀਂ ਦਿੱਤੇ ਗਏ ਅਰਬਾਂ ਰੁਪਇਆਂ ਵਿੱਚੋਂ ਸਭ ਤੋਂ ਵੱਧ ਫੰਡ ਭਾਜਪਾ ਦੇ ਖਾਤੇ ਵਿੱਚ ਗਏ ਹਨ। ਇਹ ਗੱਲ ਵੀ ਨੰਗੀ ਹੋ ਚੁੱਕੀ ਹੈ ਕਿ ਚੋਣ ਬਾਂਡ ਖਰੀਦਣ ਵਾਲੀਆਂ ਕੰਪਨੀਆਂ ਨੇ ਜਾਂ ਤਾਂ ਬਾਂਡ ਖਰੀਦਣ ਤੋਂ ਤੁਰੰਤ ਬਾਅਦ ਸਰਕਾਰੀ ਮਿਹਰ ਨਾਲ ਵੱਡੇ ਪ੍ਰੋਜੈਕਟ ਹਾਸਲ ਕੀਤੇ ਅਤੇ ਜਾਂ ਫਿਰ ਕੇਂਦਰੀ ਜਾਂਚ ਏਜੰਸੀਆਂ (ਈ ਡੀ, ਸੀਬੀਆਈ ਵਗੈਰਾ) ਦੀ ਕਾਰਵਾਈ ਬੰਦ ਕਰਵਾਉੁਣ ਬਦਲੇ ਸੱਤਾਧਾਰੀ ਪਾਰਟੀ ਨੂੰ ਚੋਣ ਬਾਂਡਾਂ ਰਾਹੀਂ ਮੋਟੇ ਪੈਸੇ ਦਿੱਤੇ। ਪਰ ਹਾਲੇ ਇਹ ਗੱਲਾਂ ਸਾਹਮਣੇ ਨਹੀਂ ਆਈਆਂ ਕਿ ਚੋਣ ਬਾਂਡ ਖਰੀਦਣ ਵਾਲੇ ਸੱਜਣ ਕੌਣ ਸਨ ਤੇ ਉਨ੍ਹਾਂ ਕੋਲ ਇੰਨੀ ਮਾਇਆ ਕਿੱਥੋਂ ਆਈ।
ਹੁਣ ਉਡਦੀ ਧੂੜ ਵਿੱਚੋਂ ਇੱਕ ਖ਼ਬਰ ਉਸ ਸੂਬੇ ਤੋਂ ਨਿਕਲ ਕੇ ਆਈ ਹੈ ਜਿਸ ਨੂੰ ‘ਵਿਕਾਸ ਦਾ ਗੁਜਰਾਤ ਮਾਡਲ’ ਕਿਹਾ ਜਾਂਦਾ ਹੈ ਅਤੇ ਜਿਸਦੇ ਸਿਰ ’ਤੇ ਕਾਰਪੋਰੇਟਾਂ ਦੇ ਕੰਧਾੜੇ ਚੜ੍ਹ ਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਪਹੁੰਚਦਾ ਸਾਰੇ ਦੇਸ਼ ਨੇ ਦੇਖਿਆ ਸੀ। ਗੁਜਰਾਤ ਨਾਂ ਦੇ ਉਸ ਸੂਬੇ ਤੋਂ ਚੋਣ ਬਾਂਡ ਸਕੀਮ ਨਾਲ ਜੁੜੀ ਅਜਿਹੀ ਖ਼ਬਰ ਆਈ ਹੈ, ਜਿਹੜੀ ਨਾ ਸਿਰਫ਼ ‘ਬਨਾਰਸ ਦੇ ਠੱਗਾਂ’ ਨੂੰ ਮਾਤ ਪਾਉਂਦੀ ਹੈ, ਸਗੋਂ ਇੱਕ ਦਲਿਤ ਪਰਿਵਾਰ ਨੂੰ ਘਰੋਂ-ਬਾਰੋਂ ਉਜਾੜ ਕੇ ਰੱਖ ਦੇਣ ਵਾਲੀ ਵੀ ਹੈ। 11 ਅਕਤੂਬਰ, 2023 ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਅੰਜੀਰ ਨਾਮੀਂ ਸ਼ਹਿਰ ਦੇ ਇੱਕ ਦਲਿਤ ਪਰਿਵਾਰ ਦੇ ਨਾਂ ’ਤੇ 11 ਕਰੋੜ 14 ਹਜ਼ਾਰ ਰੁਪਏ ਦੇ ਚੋਣ ਬਾਂਡ ਖਰੀਦੇ ਗਏ ਸਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ 16 ਅਕਤੂਬਰ ਨੂੰ ਇਨ੍ਹਾਂ ਵਿੱਚੋਂ 10 ਕਰੋੜ ਰੁਪਏ ਭਾਜਪਾ ਦੇ ਖਾਤੇ ਵਿੱਚ ਗਏ ਅਤੇ 1 ਕਰੋੜ 14 ਹਜ਼ਾਰ ਦੇ ਬਾਂਡ ਸ਼ਿਵ ਸੈਨਾ ਨੇ ਤੁੜਾਏ।
ਹੋਇਆ ਇੰਝ ਕਿ ਇਸ ਦਲਿਤ ਪਰਿਵਾਰ ਨੇ ਆਪਣੀ 43000 ਵਰਗ ਮੀਟਰ ਜ਼ਮੀਨ ਅਡਾਨੀ ਸਮੂਹ ਦੀ ਕੰਪਨੀ ਵੈਲਸਪਨ ਐਕਸਪਲੋਰੇਸ਼ਨ ਲਿਮਟਡ ਨੂੰ ਵੇਚੀ ਸੀ। ਇਹ ਰਕਮ ਉਸ ਜ਼ਮੀਨ ਦੇ ਮੁਆਵਜ਼ੇ ਵਜੋਂ ਮਿਲੀ ਸੀ। ਕੰਪਨੀ ਦੇ ਜਨਰਲ ਮੈਨੇਜਰ ਮਹੇਂਦਰ ਸਿੰਘ ਸੋਢਾ ਨੇ ਪਰਿਵਾਰ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਕਿਹਾ ਕਿ ਇੰਨੀ ਵੱਡੀ ਰਕਮ ਜੇ ਤੁਸੀਂ ਬੈਂਕਾਂ ਵਿੱਚ ਜਮ੍ਹਾਂ ਕਰਵਾਓਗੇ ਤਾਂ ਇਨਕਮ ਟੈਕਸ ਵਗੈਰਾ ਦਾ ਚੱਕਰ ਪਵੇਗਾ, ਇਸ ਲਈ ਤੁਸੀਂ ਆਪਣੇ ਪੈਸਿਆਂ ਦੇ ਚੋਣ ਬਾਂਡ ਖਰੀਦ ਲਵੋ, ਤੁਹਾਨੂੰ ਡੇਢ ਗੁਣਾਂ ਪੈਸੇ ਮਿਲ ਸਕਦੇ ਹਨ। ਤੇ ਇੰਝ ਅਡਾਨੀ ਦੇ ਉਸ ਚਹੇਤੇ ਨੇ ਇੱਕ ਗਰੀਬ ਅਤੇ ਅਨਪੜ੍ਹ ਪਰਿਵਾਰ ਦਾ ਝੁੱਗਾ ਚੌੜ ਕਰਵਾ ਕੇ ਰੱਖ ਦਿੱਤਾ।
ਜਦੋਂ ਪਰਿਵਾਰ ਨੂੰ ਚੋਣ ਬਾਂਡ ਸਕੀਮ ਦੇ ਜਨਤਕ ਹੋਣ ਤੋਂ ਬਾਅਦ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ ਤਾਂ ਪਰਿਵਾਰ ਦੇ ਇੱਕ ਮੈਂਬਰ ਹਰੇਸ਼ ਸਾਵਕਾਰਾ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਅੰਜਾਰ ਪੁਲਿਸ ਥਾਣੇ ਵਿੱਚ 18 ਮਾਰਚ, 2024 ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਵਿੱਚ ਉਕਤ ਕੰਪਨੀ ਦੇ ਡਾਇਰੈਕਟਰ ਵਿਸ਼ਵਾਨਾਥਨ, ਸੰਜੇ ਗੁਪਤਾ, ਚਿੰਤਨ ਠਾਕਰ, ਪ੍ਰਵੀਨ ਭੰਸਾਲੀ, ਮਹੇਂਦਰ ਸੋਢਾ ਤੇ ਕਿਸ਼ੋਰ ਜੋਸ਼ੀ ਨੂੰ ਠੱਗੀ ਵਿੱਚ ਸ਼ਾਮਲ ਦੱਸਿਆ ਗਿਆ ਹੈ। ਸ਼ਿਕਾਇਤ ਵਿੱਚ ਅੰਜਾਰ ਦੇ ਭਾਜਪਾ ਪ੍ਰਧਾਨ ਹੇਮੰਤ ਡੈਨੀ ਦਾ ਵੀ ਨਾਂ ਦਰਜ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ 1 ਅਕਤੂਬਰ ਤੋਂ 8 ਅਕਤੂਬਰ ਤਕ ਜ਼ਮੀਨ ਮਾਲਕਾਂ ਦੀਆਂ ਵੈਲਸਪਨ ਕੰਪਨੀ ਦੇ ਗੈਸਟ ਹਾਊਸ ਵਿੱਚ ਚਾਰ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪੈਸਾ ਚੋਣ ਬਾਂਡ ਸਕੀਮ ਵਿੱਚ ਲਾਉਣ ਲਈ ਸਹਿਮਤ ਕਰਵਾਇਆ ਗਿਆ। ਸਾਵਕਾਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਸਤ, 23 ਵਿੱਚ ਉਨ੍ਹਾਂ ਦੀ ਖੇਤੀਯੋਗ ਜ਼ਮੀਨ 16 ਕਰੋੜ 61 ਲੱਖ 21 ਹਜ਼ਾਰ 877 ਰੁਪਏ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਸੀ। 2 ਕਰੋੜ 80 ਲੱਖ 15 ਹਜ਼ਾਰ ਐਡਵਾਂਸ ਤੇ ਬਾਕੀ ਰਕਮ ਸਾਰੇ ਹਿੱਸੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋਏ ਸਨ। ਉਨ੍ਹਾਂ ਕੋਲ ਚੋਣ ਬਾਂਡਾਂ ਦੀਆਂ ਰਸੀਦਾਂ ਸਮੇਤ ਸਾਰੇ ਸਬੂਤ ਹਨ ਪਰ ਪੁਲਿਸ ਨੇ ਅਜੇ ਤਕ ਐੱਫ ਆਈ ਆਰ ਤਕ ਦਰਜ ਨਹੀਂ ਕੀਤੀ। ਸ਼ਾਇਦ ਕਰਨੀ ਵੀ ਨਹੀਂ ਕਿਉਂਕਿ ਸ਼ਿਕਾਇਤ ਕਿਸੇ ਐਰੇ-ਗੈਰੇ ਖਿਲਾਫ਼ ਨਹੀਂ, ਮੋਦੀ ਦੇ ਲੰਗੋਟੀਏ ਯਾਰ ਅਡਾਨੀ ਦੀ ਕੰਪਨੀ ਦੇ ਅਫਸਰਾਂ ਖਿਲਾਫ਼ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4949)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)