“ਲੋੜ ਹੈ ਲੋਕਾਂ ਨੂੰ ਚੇਤੰਨ ਹੋਣ ਦੀ, ਆਪਣਾ ਭਲਾ ਬੁਰਾ ਪਛਾਨਣ ਦੀ। ਲੀਡਰਾਂ ਨੂੰ ਆਖਣ ਭਾਈ ਸਾਡੀ ਖੁਸ਼ਹਾਲੀ ਦੀ ਗੱਲ ਕਰੋ ...”
(13 ਮਾਰਚ 2024)
ਇਸ ਸਮੇਂ ਪਾਠਕ: 360.
ਇੱਕ ਪਾਸੇ ਬੀ.ਜੇ.ਪੀ ਦੀ ਅਗਵਾਈ ਵਾਲਾ ਜ਼ੋਰ-ਜੁਗਾੜ ਨਾਲ ਬਣਾਇਆ 40 ਕੁ ਦੇ ਕਰੀਬ ਪਾਰਟੀਆਂ ਦਾ ਐੱਨ.ਡੀ.ਏ ਸਿਆਸੀ ਗਠਜੋੜ ਅਤੇ ਦੂਜੇ ਪਾਸੇ 25 ਕੁ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਫਰੰਟ ਦਰਮਿਆਨ 2024 ਦੀ ਭਾਰਤੀ ਲੋਕ ਸਭਾ ਚੋਣ ਦਾ ਮੁੱਖ ਮੁਕਾਬਲਾ ਹੋ ਰਿਹਾ ਦਿਸਦਾ। ਇਸ ਸਚਾਈ ਦੇ ਹੁੰਦਿਆਂ ਮੋਦੀ ਖੇਮੇ ਵੱਲੋਂ ‘ਏਕ ਅਕੇਲਾ ਸਭ ਪਰ ਭਾਰੀ’ ਦਾ ਪ੍ਰਚਾਰ ਅਤੇ ਦਾਅਵਾ ਝੂਠ ਹੈ। ਢਾਣੀਬਾਜ਼ ਹੋਣਾ ਅੰਦਰੂਨੀ ਕਮਜ਼ੋਰੀ ਦੀ ਨਿਸ਼ਾਨੀ ਵੀ ਹੁੰਦੀ ਹੈ।
ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਵੀ ਤਕਰੀਬਨ ਮੁੜਕੇ ਫਿਰ ਹੋ ਚੁੱਕਾ ਹੈ, ਬੱਸ ਐਲਾਨਣ ਲਈ ਕਿਸਾਨ ਅੰਦੋਲਨ ਦੇ ਮੱਠਾ ਪੈਣ ਦੀ ਉਡੀਕ ਹੋ ਰਹੀ ਹੈ। ਜਿਵੇਂ ਪਹਿਲਾਂ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਦੀ ਸ਼ਿਵ ਸੈਨਾ, ਹਰਿਆਣੇ ਦੇ ਕੁਲਦੀਪ ਬਿਸ਼ਨੋਈ ਦੀ ਪਾਰਟੀ ਅਤੇ ਅਸਾਮ ਗਣ ਪ੍ਰੀਸ਼ਦ ਨੂੰ ਸਮਝੌਤੇ ਕਰਕੇ ਨਿਗਲ ਗਈ ਹੈ, ਠੀਕ ਉਸੇ ਤਰ੍ਹਾਂ ਅਕਾਲੀ ਦਲ, ਨਿਤੀਸ਼ ਦੀ ਜੇ.ਡੀ.ਯੂ, ਯੂ.ਪੀ ਦੇ ਜਯੰਤ ਚੌਧਰੀ ਅਤੇ ਕਰਨਾਟਕਾ ਵਿੱਚ ਦੇਵਗੌੜਾ ਦੀ ਪਾਰਟੀ ਨੂੰ ਨਿਗਲ ਜਾਣ ਦੀ ਰਣਨੀਤੀ ਜਾਪਦੀ ਹੈ। ਕੁੰਡੀ ਵਿੱਚ ਗੰਡੋਆ ਪਰੋ ਕੇ ਅੰਨਾ ਡੀ.ਐੱਮ.ਕੇ ਅਤੇ ਆਂਧਰਾ ਵਾਲੇ ਚੰਦਰ ਬਾਬੂ ਨਾਇਡੂ ਵੱਲ ਵੀ ਸੁੱਟਿਆ ਜਾ ਰਿਹਾ। ਜਿੱਤਣ ਲਈ ਕਿਸੇ ਤੋਂ ਵੀ ਪਰਹੇਜ਼ ਨਹੀਂ।
ਵੈਸੇ ਅਕਾਲੀ ਦਲ ਦੀ ਜਥੇਬੰਦੀ ਅਤੇ ਬਹੁਤੇ ਲੀਡਰਾਂ ਨੂੰ ਤਾਂ ਭਾਜਪਾ ਅੰਦਰੋਂ ਅੰਦਰੀ 25 ਸਾਲਾਂ ਵਿੱਚ ਖਾ ਚੁੱਕੀ ਹੈ, ਸਿਰਫ ਚਿਹਰੇ-ਮੋਹਰੇ ਤੋਂ ਹੀ ਜਾਪਦਾ ਹੈ ਅਕਾਲੀ ਦਲ। ਅਕਾਲੀ ਦਲ ਦੀ ਪੰਜਾਬੀ ਅਣਖ, ਤੜ੍ਹ, ਵਿਚਾਰਧਾਰਾ ਮੁਰਝਾ ਗਈ ਹੈ। ਸਿੱਖੀ, ਪੰਜਾਬੀਅਤ ਅਤੇ ਤਮਾਮ ਇਤਿਹਾਸਕ ਵਿਰਾਸਤ ਦੀ ਆਰ.ਐੱਸ.ਐੱਸ ਨੁਮਾ ਵਿਆਖਿਆ ਦਾ ਅਕਾਲੀ ਦਲ ਮੋਹਰਾ ਬਣ ਚੁੱਕਾ ਅਤੇ ਪਲੇਟਫਾਰਮ ਬਣ ਗਿਆ। ਮੌਜੂਦਾ ਸਮੇਂ ਭਾਜਪਾ ਨਾਲ ਸਮਝੌਤਾ ਅਕਾਲੀਆਂ ਦੇ ਬਚੇ ਖੁਚੇ ਕਿਸਾਨੀ ਅਧਾਰ ਨੂੰ ਹੋਰ ਖੋਰੇਗਾ।
ਵਿਰੋਧੀ ਦਲਾਂ ਦੇ ‘ਇੰਡੀਆ ਫਰੰਟ’ ਨੇ ਅਗਰ ਸਿਆਸੀ ਲਚਕ ਅਤੇ ਫੁਰਤੀ ਸਿੱਖਣੀ ਹੋਵੇ ਤਾਂ ਮੋਦੀ ਹੁਰਾਂ ਤੋਂ ਸਿੱਖੇ। ਅਣਗੌਲੇ ਅਲੱਗ ਖੜ੍ਹੇ ਆਂਧਰਾ ਉੜੀਸਾ ਕੋਲ 50 ਸੀਟਾਂ, ਰੈਡੀ ਤੇ ਪਟਨਾਇਕ ਕਿੰਗ ਮੇਕਰ ਹੋ ਸਕਦੇ ਹਨ। ਵੇਖੋ ਕੌਣ ਤੇ ਕਿਵੇਂ ਇਹਨਾਂ ਨੂੰ ਪਤਿਆਉਣ ਦੀ ਅਕਲਮੰਦੀ ਵਖਾਉਂਦਾ ਹੈ।
ਉਂਜ ਟੀ.ਵੀ ’ਤੇ ਬੜਾ ਧਮੱਚੜਾ ਸੁਣੀਂਦਾ ਕਿ ਫਿਰ ਮੋਦੀ ਸਰਕਾਰ ਆ ਰਹੀ ਹੈ ਕਿਉਂਕਿ ਇਸਨੇ ਫਲਾਣੀ ਫਲਾਣੀ ਇਮਾਰਤ ਬਣਾ ’ਤੀ, ਲੋਕੋ ਜਜ਼ਬਾਤੀ ਹੋ ਜਾਓ, ਹੋਰ ਕੁਛ ਨਾ ਸੋਚੋ। ਪਰ ਜਾਪਦਾ ਹੈ ਕਿ ਭਾਜਪਾ ਨੇ 200 ਸੀਟਾਂ ਦੇ ਆਸ ਪਾਸ ਰਹਿਣਾ ਹੈ।
ਕਿਉਂਕਿ ਹਰੇਕ ਨੂੰ ਤਿੰਨ ਵੇਲੇ ਭੁੱਖ ਵੀ ਲਗਦੀ ਹੈ, ਮਹਿੰਗਾਈ ਨੇ ਲੱਕ ਤੋੜਿਆ ਪਿਆ ਹੈ। ਲੋਕਾਂ ਨੂੰ ਆਪਣੀ ਔਲਾਦ ਦੀ ਪੜ੍ਹਾਈ ਅਤੇ ਰੁਜ਼ਗਾਰ ਦੀ ਚਿੰਤਾ ਹੈ। ਮਰੀਜ਼ ਬੇਇਲਾਜੇ ਮਰ ਰਹੇ ਨੇ, ਕਿਸਾਨੀ ਨੂੰ ਫਸਲਾਂ ਦਾ ਘੱਟੋ ਘੱਟ ਭਾਅ ਦੇਣ ਨੂੰ ਵੀ ਸਰਕਾਰ ਤਿਆਰ ਨਹੀਂ, ਮਜ਼ਦੂਰ ਡੰਗੋ ਡੰਗ ਖਾਣ ਕਮਾਉਣ ਨੂੰ ਤਰਸ ਰਿਹਾ ਹੈ, ਜਿਊਣ ਜੋਗੀ ਬੁਢਾਪਾ ਪੈਨਸ਼ਨ ਕਿਸੇ ਦੇ ਅਜੰਡੇ ਉੱਤੇ ਨਹੀਂ, ਪੈਨਸ਼ਨ ਤਾਂ ਸਰਕਾਰੀ ਮੁਲਾਜ਼ਮਾਂ ਦੀ ਵੀ ਵਾਜਪਾਈ ਸਰਕਾਰ ਬੰਦ ਕਰ ਗਈ ਸੀ। ‘ਅਗਨੀਵੀਰ’ ਨਾਲ ਮੋਦੀ ਨੇ ਫੌਜੀ ਨੌਕਰੀ ਦੀ ਖਿੱਚ ਵੀ ਖਤਮ ਕਰ ਦਿੱਤੀ ਹੈ। ਨਿਰਾਸ਼ਾ ਵਿੱਚ ਬਹੁਤੀ ਪੜ੍ਹੀ ਲਿਖੀ ਨੌਜਵਾਨੀ ਬਾਹਰ ਨੂੰ ਭੱਜ ਤੁਰੀ ਹੈ। ਇਹ ਮੰਦਭਾਗਾ ਬਰੇਨ ਡਰੇਨ ਹੈ।
ਦੇਸ਼ ਵਿੱਚ ਸਨਅਤੀਕਰਨ ਪਹਿਲੇ ਗੇਅਰ ਨੂੰ ਤਰਸ ਰਿਹਾ ਹੈ, ਖੇਤੀ ਅਧਾਰਿਤ ਜਾਂ ਰੁਜ਼ਗਾਰ-ਮੁਖੀ ਵਿਕਾਸ ਮਾਡਲ ਵੱਲ ਮੋਦੀ ਸਰਕਾਰ ਦੀ ਪਿੱਠ ਹੈ। ਵੱਡੇ ਕਾਰੋਬਾਰੀਆਂ ਤੋਂ ਚੋਣ ਫੰਡ ਲੈ ਕੇ ਉਹਨਾਂ ਨੂੰ ਗੱਫੇ, ਸਭ ਸਰਕਾਰੀ ਕੰਮ ਹਿੱਸਾ-ਪੱਤੀ ਲੈ ਕੇ ਠੇਕੇਦਾਰਾਂ ਹਵਾਲੇ, ਫਸਲੀ ਬੀਮਾ ਯੋਜਨਾ ਰਾਹੀਂ ਸਿੱਧੀ ਕਿਸਾਨੀ ਲੁੱਟ, ਮੰਡੀ ਤੰਤਰ ਉੱਤੇ ਆਪਣੇ ਬੇਲਗਾਮ ਵਪਾਰੀਆਂ ਦਾ ਕਬਜ਼ਾ, ਇੱਥੋਂ ਤਕ ਕਿ ਜਿਹੜੀ ਮੋਦੀ ਗੌਰਮਿੰਟ ਸਿਰਫ ਪੰਜ ਸਾਲ ਦੇਸ਼ ਚਲਾਉਣ ਲਈ ਚੁਣੀ ਸੀ, ਉਹ ਦੇਸ਼ ਦੇ ਸਭ ਅਹਿਮ ਸਰਕਾਰੀ ਅਦਾਰੇ ਹੀ ਆਪਣੇ ਬੇਲੀਆਂ ਨੂੰ ਵੇਚਣ ਦੇ ਰਾਹੇ ਪੈ ਗਈ। ਕੇਂਦਰ ਸਰਕਾਰ ਦੇ ਸਿਰ ਚੜ੍ਹੇ ਕਰਜ਼ੇ ਦਾ ਬਿਆਜ ਕੁੱਲ ਬੱਜਟ ਦੇ ਤੀਜੇ ਹਿੱਸਾ ਤੋਂ ਵੀ ਵੱਧ ਹੈ। ‘ਤਰੱਕੀ’ ਤਾਂ ਇੰਨੀ ਹੋ ਚੁੱਕੀ ਕਿ ਦੇਸ਼ ਦੇ 85 ਕਰੋੜ ਲੋਕ ਮਹੀਨੇ ਦਾ ਪੰਜ ਕਿਲੋ ਆਟਾ ਲੈਣ ਲਈ ਮੰਗਤਿਆਂ ਵਾਂਗ ਹਰ ਮਹੀਨੇ ਝੋਲੀ ਫੈਲਾਉਂਦੇ ਹਨ। ਬੀ.ਜੇ.ਪੀ ਦਾ ਆਪਣਾ ਸੀਨੀਅਰ ਐੱਮ.ਪੀ ਸੁਬਰਾਮਨੀਅਮ ਸਵਾਮੀ ਬਾਰ ਬਾਰ ਇੰਟਰਵਿਊਆਂ ਦੇ ਰਿਹਾ ਹੈ ਕਿ “ਇਸ ਮੋਦੀ ਸਰਕਾਰ ਨੂੰ ਆਰਥਕਤਾ ਅਤੇ ਤਰੱਕੀ ਦਾ ਕੋਈ ਗਿਆਨ ਨਹੀਂ ਅਤੇ ਇਹ ਵਿਕਾਸ ਦੇ ਝੂਠੇ ਅੰਕੜੇ ਦੱਸ ਕੇ ਦੇਸ਼ ਨੂੰ ਗੁਮਰਾਹ ਕਰ ਰਹੀ ਹੈ।”
‘ਵਿਕਾਸ’ ਦਾ ਮਤਲਬ ਹੁੰਦਾ ਸਭ ਲੋਕਾਂ ਦੀ ਜ਼ਿੰਦਗੀ ਵਿੱਚ ਚੰਗੇ ਪਾਸੇ ਨੂੰ ਬਦਲਾਵ, ਆਹ ਨਹੀਂ ਜੋ ਸੁਣ ਰਹੇ ਹਾਂ’
ਵੇਖੋ ਹੋਰ ਖਤਰਨਾਕ ਦ੍ਰਿਸ਼ … ਸਰਕਾਰ ਅਤੇ ਉਸਦਾ ਮੀਡੀਆ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਗੰਭੀਰ ਅਸਲੀ ਮੁੱਦਿਆਂ ਦੀ ਵਿਚਾਰ ਚਰਚਾ ਜਾਂ ਫਿਕਰਮੰਦੀ ਕਰਨ ਦੀ ਬਜਾਏ, ਧਰਮ ਅਧਾਰਿਤ ਨਫ਼ਰਤੀ ਗੱਲਾਂ ਨੂੰ ਹਵਾ ਦੇ ਕੇ, ਬਹੁਗਿਣਤੀ ਭਾਈਚਾਰੇ ਨੂੰ ਉਕਸਾ ਡਰਾ ਕੇ ਨਾਲ ਜੋੜਨ ਅਤੇ ਵੋਟਾਂ ਲੈਣ ਨੂੰ ਹੀ ਆਪਣਾ ਮੂਲ ਅਜੰਡਾ ਬਣਾਈ ਬੈਠਾ ਹੈ। ਉਹ ਇੰਜ ਵਕਤੀ ਵੋਟ ਲਾਭ ਲਈ ਇਵੇਂ ਅੱਗ ਨਾਲ ਖੇਡ ਰਿਹਾ ਹੈ ਜਿਵੇਂ ਮੁਲਕ ਦੇ ਵਕਾਰ ਅਤੇ ਅਮਨ ਸ਼ਾਂਤੀ ਦਾ ਕੋਈ ਫਿਕਰ ਹੀ ਨਹੀਂ। ਚੋਣਾਂ ਤਕ ਰੱਬ ਸੁੱਖ ਰੱਖੇ, ਕਿਉਂਕਿ ਬਹੁਤ ਬੇਕਿਰਕ ਹੁੰਦੇ ਹਨ ਰਾਜਗੱਦੀ ਦੇ ਲਾਲਚੀ ਲੋਕ, ਇਨਸਾਨੀਅਤ ਤੋਂ ਲੱਖਾਂ ਕੋਹਾਂ ਦੂਰ। ਸਭ ਮਾਵਾਂ ਆਪਣੇ ਧੀਆਂ ਪੁੱਤਾਂ ਦੀ ਖੈਰ ਮਨਾਉਣ। ਸਰਕਾਰ ਦਾ ਆਪਣਾ ਸਾਬਕਾ ਗਵਰਨਰ ਸਤਪਾਲ ਮਲਿਕ ਦੁਹਾਈ ਦੇ ਰਿਹਾ ਹੈ ਕਿ ਮੋਦੀ ਸਰਕਾਰ ਲੋਕਾਂ ਨੂੰ ਭਾਵੁਕ ਕਰਕੇ ਚੋਣ ਜਿੱਤਣ ਲਈ ਕੋਈ ਵੀ ਵੱਡੀ ਵਾਰਦਾਤ ਖੁਦ ਕਰਵਾ ਸਕਦੀ ਹੈ।
ਜਦੋਂ ਮਜ਼ਹਬ ਪ੍ਰਸਤੀ ਦਾ ਰੂਪ ਧਾਰ ਲੈਂਦੀ ਧਰਮ ਦੀ ਸੰਸਥਾ ਤਾਂ ਲੋਕਰਾਜ ਅਤੇ ਸਮਾਜ ਭਾਈਚਾਰੇ ਲਈ ਮੁਸੀਬਤ ਬਣ ਜਾਂਦੀ ਹੁੰਦੀ ਹੈ। ‘ਧਰਮ’ ਤਾਂ ਧਰਤੀ ਦੇ ਸਹਿਜ ਵਰਤਾਰੇ ਦੀ ਸਮਝ ਹੈ, ਜੋ ਪਿਆਰ ਵਿੱਚੋਂ ਜਨਮ ਦੀ ਹੈ। ਭੋਲੇ ਲੋਕਾਂ ਨੂੰ ਕੌਣ ਸਮਝਾਵੇ। ਮੈਂ ਆਪਣੇ ਕੰਨੀ ਇੱਕ ਹਾਕਮ ਪਾਰਟੀ ਦੇ ਬੁਲਾਰੇ ਨੂੰ ਟੀ.ਵੀ. ਬਹਿਸ ਵਿੱਚ ਬੋਲਦਿਆਂ ਸੁਣਿਆ, ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਵਿਰੋਧੀ ਪਾਰਟੀਆਂ ਖਿਲਾਫ਼ ਸਰਕਾਰੀ ਏਜੰਸੀਆਂ ਈ.ਡੀ, ਇਨਕਮ ਟੈਕਸ ਨੂੰ ਗ਼ਲਤ ਵਰਤਦੇ ਹੋ ਤਾਂ ਉਹ ਜਲਾਲ ਵਿੱਚ ਆ ਕੇ ਕਹਿੰਦਾ, “ਅਸੀਂ ਕ੍ਰਿਸ਼ਨ ਦੇ ਪੈਰੋਕਾਰ ਪਾਂਡਵ ਹਾਂ, ਸਾਡਾ ਮੁਕਾਬਲਾ ਕੌਰਵਾਂ ਨਾਲ ਹੈ, ਅਸੀਂ ਇਹਨਾਂ ਨੂੰ ਹਰਾਉਣ ਲਈ ਸਾਮ ਦਾਮ ਦੰਡ ਭੇਦ ਝੂਠ ਛਲ ਕਪਟ ਸਭ ਕਰਾਂਗੇ, ਜਿਵੇਂ ਕ੍ਰਿਸ਼ਨ ਨੇ ਕੀਤਾ ਸੀ, ਇਹ ਜਾਇਜ਼ ਹੈ।”
ਇੰਜ ਤਾਂ ਸੰਵਿਧਾਨ ਹੀ ਖਤਰੇ ਵਿੱਚ ਲਗਦਾ ਹੈ। ਸਾਬਕਾ ਗਵਰਨਰ ਅਤੇ ਬੀ.ਜੇ.ਪੀ ਲੀਡਰ ਸਤਪਾਲ ਮਲਿਕ ਬਾਰ ਬਾਰ ਕਹਿ ਰਿਹਾ ਹੈ, “ਜੇ ਮੋਦੀ ਤੀਜੀ ਵਾਰ ਹੁਣ ਜਿੱਤ ਗਿਆ ਤਾਂ ਇਸ ਤੋਂ ਬਾਅਦ ਕੋਈ ਚੋਣ ਨਹੀਂ ਹੋਵੇਗੀ।”
ਇਸ ਤੋਂ ਇਲਾਵਾ ਗੁੱਝਾ ਏਜੰਡਾ ਤਾਂ ਅਮਰੀਕਨ ਤਰਜ਼ ਉੱਤੇ ਰਾਸ਼ਟਰਪਤੀ ਪ੍ਰਣਾਲੀ ਲਿਆਉਣ ਦਾ ਵੀ ਝਾਉਲਾ ਜਿਹਾ ਪਾਉਂਦਾ ਹੈ ਤਾਂ ਕਿ ਇੱਕ ਬੰਦਾ ਹੀ ਸਭ ਉੱਤੇ ਭਾਰੂ ਹੋਇਆ ਰਹੇ। ਮਨਸ਼ਾ ਤਾਂ ਇੰਗਲੈਂਡ ਅਮਰੀਕਾ ਵਾਂਗ ਦੋ-ਪਾਰਟੀ ਸਿਸਟਮ ਬਣਾ ਦੇਣ ਦੀਆਂ ਗੋਂਦਾਂ ਗੁੰਦਣ ਦੀ ਵੀ ਲਗਦੀ ਤਾਂ ਕਿ ਅਦਲ ਬਦਲ ਕੇ ਵੱਡੀਆਂ ਪਾਰਟੀਆਂ ਵਾਰੀ ਬੰਨ੍ਹ ਲੈਣ। ਸ਼ਾਇਦ ਤਾਹੀਓਂ ਫੈਡਰਲ ਢਾਂਚੇ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਕੇਂਦਰ ਨੂੰ ਅਸੀਮ ਤਾਕਤਾਂ ਦੇਣ ਵੱਲ ਰੁਝਾਨ ਹੈ। ਵੇਖਿਆ ਗਿਆ ਹੈ ਕਿ ਕਿਸੇ ਸਿਰਫਿਰੇ ਆਗੂ ਵਿੱਚ ਤਾਨਾਸ਼ਾਹੀ ਰੁਝਾਨ ਜਦੋਂ ਝੱਖੜ ਵਾਂਗ ਝੁੱਲਦਾ ਹੈ ਤਾਂ ਉਹ ਕੇਵਲ ਵਿਰੋਧੀਆਂ ਲਈ ਹੀ ਤਬਾਹੀ ਨਹੀਂ ਬਣਦਾ ਸਗੋਂ ਆਪਣੇ ਸਿਰਕੱਢ ਸਾਥੀਆਂ ਨੂੰ ਵੀ ਰਗੜ ਸੁੱਟਦਾ ਹੈ। ਫਿਰ ਸਦੀਆਂ ਤਕ ਕਈ ਪੀੜ੍ਹੀਆਂ ਜ਼ਖਮ ਹੰਢਾਉਂਦੀਆਂ ਹਨ। ਇਸੇ ਲਈ ਜ਼ਰੂਰੀ ਹੈ ਕਿ ਜਾਗਰੂਕ ਲੋਕ ਕਦੇ ਕਿਸੇ ਬੰਦੇ ਨੂੰ ਮੁਲਕ, ਧਰਮ ਨਾਲੋਂ ਵੱਡਾ ਹੋਣ ਦਾ ਭਰਮ ਨਾ ਪਾਲਣ ਦੇਣ।
ਰਾਜਨੀਤੀ ਬੁਰੀ ਨਹੀਂ, ਰਾਜਨੀਤੀ ਨੇ ਹੀ ਕਿਸੇ ਮੁਲਕ ਦੀ ਅਗਵਾਈ ਕਰਨੀ ਅਤੇ ਤਰੱਕੀ ਨੂੰ ਦਿਸ਼ਾ ਦੇਣੀ ਹੁੰਦੀ ਹੈ, ਲੋੜ ਹੈ ਲੋਕਾਂ ਨੂੰ ਚੇਤੰਨ ਹੋਣ ਦੀ, ਆਪਣਾ ਭਲਾ ਬੁਰਾ ਪਛਾਨਣ ਦੀ। ਲੀਡਰਾਂ ਨੂੰ ਆਖਣ ਭਾਈ ਸਾਡੀ ਖੁਸ਼ਹਾਲੀ ਦੀ ਗੱਲ ਕਰੋ, ਸਾਡੀ ਸਮੱਸਿਆਵਾਂ ਦਾ ਹੱਲ ਕਰੋ। ਪਾਠ ਪੂਜਾ ਅਸੀਂ ਆਪੇ ਜਿਵੇਂ ਜੀਅ ਕਰੂ, ਕਰ ਲਵਾਂਗੇ, ਤੁਸੀਂ ਵਿਚੋਲੇ ਨਾ ਬਣੋ। ਰੱਬ ਲਈ ਸਭ ਇੱਕ ਬਰਾਬਰ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4801)
(ਸਰੋਕਾਰ ਨਾਲ ਸੰਪਰਕ ਲਈ: (