“ਨਰਿੰਦਰ ਮੋਦੀ ਦੀ ਮੌਜੂਦਾ ਐੱਨ.ਡੀ.ਏ ਸਰਕਾਰ ਥੋੜ੍ਹੇ ਕੁ ਦਿਨ ਬਾਹਰੋਂ ਵਿਖਾਵੇਗੀ ਕਿ ਹੁਣ ਇਹ ...
(12 ਜੂਨ 2024)
ਇਸ ਸਮੇਂ ਪਾਠਕ: 335.
ਨਤੀਜਿਆਂ ਨੂੰ ਵੇਖ ਵੇਖ ਦੋਵੇਂ ਧਿਰਾਂ ਹੀ ਬਾਹਰੋਂ ਖੁਸ਼ ਹੋਣ ਦਾ ਵਿਖਾਵਾ ਕਰ ਰਹੀਆਂ ਹਨ ਅਤੇ ਅੰਦਰੋਂ ਦੁਖੀ ਵੀ ਹਨ। 2024 ਦੀ ਪਾਰਲੀਮੈਂਟ ਚੋਣ ਵਿੱਚ ਬਰਾਬਰ ਦੀ ਟੱਕਰ ਉਪਰੰਤ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਿੱਚ ਸਫਲ ਰਹੇ ਹਨ। 2014 ਵਿੱਚ 282, 2019 ਵਿੱਚ 303 ਅਤੇ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ 240 ਸੀਟਾਂ ਜਿੱਤੀਆਂ ਅਤੇ ਐੱਨ.ਡੀ.ਏ ਭਾਈਵਾਲਾਂ ਨਾਲ ਮਿਲ ਕੇ ਗਠਜੋੜ ਸਰਕਾਰ ਬਣਾਈ ਹੈ। ਹੁਣ ਇਕੱਲਾ ਮੋਦੀ ਖੁਦ ਹੀ ਪੂਰੀ ਭਾਜਪਾ ਵਰਗੀ ਹੈਸੀਅਤ ਰੱਖਦਾ ਹੈ। ਮੋਦੀ ਦੀ ਗਰੰਟੀ ਉੱਤੇ ਹੀ ਚੋਣ ਲੜੀ ਗਈ। ਲੀਡਰ ਚੁਣੇ ਜਾਣ ਵਾਲੀ ਮੀਟਿੰਗ ਵਿੱਚ ਭਾਸ਼ਨ ਕਰਦਿਆਂ ਮੋਦੀ ਨੇ ਭਾਜਪਾ ਦਾ ਕੋਈ ਨਾਮ ਨਾ ਲਿਆ। ਯੂ.ਪੀ ਅਤੇ ਅਯੁੱਧਿਆ ਦੀ ਕਰਾਰੀ ਹਾਰ ਉਪਰੰਤ ਹੁਣ ਭਾਜਪਾ ਨੇ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣਾ ਬੰਦ ਕਰ ਦਿੱਤਾ ਹੈ। ਹੁਣ ਮੋਦੀ ‘ਜੈ ਜਗਨਨਾਥ’ ਦਾ ਨਾਅਰਾ ਲਾਉਂਦੇ ਹਨ, ਉੜੀਸਾ ਵਿੱਚੋਂ ਜਿੱਤੇ ਹੋਣ ਕਰਕੇ। ਉਹੀ ਜਗਨਨਾਥ ਮੰਦਰ ਜਿਸ ਵਿੱਚ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕ ਸਦੀਆਂ ਤੋਂ ਜਗਨਨਾਥ ਦੀਆਂ ਮੂਰਤੀਆਂ ਦੇ ਦਰਸ਼ਨ ਕਰਨ ਲਈ ਅੰਦਰ ਨਹੀਂ ਸੀ ਜਾ ਸਕਦੇ, ਬਾਹਰੋਂ ਮੋਰੀਆਂ ਵਿੱਚੋਂ ਦੀ ਹੀ ਦਰਸ਼ਨ ਕਰ ਸਕਦੇ ਸਨ। 15-20 ਸਾਲ ਪਹਿਲਾਂ ਬੜਾ ਵਾਵੇਲਾ ਮਚਿਆ ਸੀ ਜਦੋਂ ਅਦਾਲਤ ਦੇ ਹੁਕਮ ਨਾਲ ਪ੍ਰਸ਼ਾਸਨ ਨੇ ਸਭ ਲੋਕ ਅੰਦਰ ਵਾੜੇ ਤਾਂ ਪੁਜਾਰੀ ਮਗਰੋਂ ਮੰਦਰ ਨੂੰ ਦੁੱਧ ਨਾਲ ਧੋ ਕੇ ਸੁੱਚਾ ਕਰਨ ਲੱਗ ਪਏ ਸਨ।
ਇਹ ਖਬਰਾਂ ਉੱਡੀਆਂ ਸਨ ਕਿ ਜੇ ਇਸ ਵਾਰ ਸੀਟਾਂ ਘਟ ਆਈਆਂ ਤਾਂ ਪਾਰਟੀ/ਆਰ.ਐੱਸ.ਐੱਸ ਮੋਦੀ ਦੀ ਥਾਂ ਨਿਤਿਨ ਗਡਕਰੀ ਵਰਗੇ ਨੂੰ ਅੱਗੇ ਲਾ ਸਕਦੀ। ਕੋਸ਼ਿਸ਼ਾਂ ਹੋਈਆਂ ਸੁਣੀਆਂ, ਪਰ ਮੋਦੀ ਨੇ ਪਹਿਲਾਂ ਭਾਜਪਾ ਸੰਸਦੀ ਦਲ ਵੱਲੋਂ ਨੇਤਾ ਚੁਣੇ ਜਾਣ ਦੀ ਰਵਾਇਤ ਤੋੜਦਿਆਂ ਸਿੱਧੀ ਹੀ ਸਾਂਝੀ ਐੱਨ.ਡੀ.ਏ ਦੀ ਮੀਟਿੰਗ ਵਿੱਚ ਆਪਣੀ ਚੋਣ ਕਰਵਾ ਲਈ ਤੇ ਪਾਰਟੀ ਅੰਦਰਲੀਆਂ ਵਿਰੋਧੀ ਸੁਰਾਂ ਨੂੰ ਉੱਠਣ ਦਾ ਮੌਕਾ ਹੀ ਨਹੀਂ ਦਿੱਤਾ। ਹੁਣ ਚਰਚਾ ਹੈ ਕਿ ਨਰਿੰਦਰ ਮੋਦੀ/ਅਮਿਤ ਸ਼ਾਹ ਦੇ ਸਾਹਮਣੇ ਆਰ.ਐੱਸ.ਐੱਸ ਵੀ ਲਾਚਾਰ ਹੈ।
‘ਇੰਡੀਆ ਗਠਜੋੜ’ 234 ਸੀਟਾਂ ਜਿੱਤ ਕੇ ਜਿੱਤ ਤੋਂ ਜ਼ਰਾ ਪਛੜ ਗਿਆ। ਪਰ ਮੈਂ ਸਮਝਦਾਂ ਕਿ ਆਪਣੀਆਂ ਨਲਾਇਕੀਆਂ ਅਤੇ ਸੁਭਾਅ, ਕਿਰਦਾਰ ਕਰਕੇ ਪਛੜਿਆ ਹੈ। ਇਹਨਾਂ ਦੀਆਂ ਸੁਸਤੀਆਂ ਤੇ ਤਿਕੜਮਬਾਜ਼ੀਆਂ ਨੇ ਹੀ ਬਿਹਾਰੀ ਨਿਤੀਸ਼ ਨੂੰ ਮੋਦੀ ਖੇਮੇ ਵੱਲ ਜਾਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਸ ਦੇ ‘ਇੰਡੀਆ ਗਠਜੋੜ’ ਦਾ ਸੰਯੋਜਕ ਬਣਨ ਵਿੱਚ ਰੁਕਾਵਟ ਪਾਉਣ ਵਾਲਿਆਂ ਨੇ ਇਤਿਹਾਸਕ ਗਲਤੀ ਕੀਤੀ ਸੀ। ਹੁਣ ਨਿਤੀਸ਼ ਕਿਵੇਂ ਯਕੀਨ ਕਰੇ ਕਿ ਜਿਹੜੇ ਮੈਨੂੰ ਸੰਯੋਜਕ ਬਣਾਉਣ ਉੱਤੇ ਛੜੀਆਂ ਮਾਰਨ ਲੱਗ ਪਏ ਸਨ, ਉਹ ਹੁਣ ਪ੍ਰਧਾਨ ਮੰਤਰੀ ਬਣਾਉਣ ਲਈ ਸੁਹਿਰਦ ਹੋਣਗੇ?
ਜਦੋਂ ਉੜੀਸਾ ਵਾਲਾ ਨਵੀਨ ਪਟਨਾਇਕ ਭਾਜਪਾ ਨਾਲ ਸਿੱਧੇ ਮੁਕਾਬਲੇ ਵਿੱਚ ਆ ਗਿਆ ਸੀ ਤਾਂ ਕਾਂਗਰਸ ਕਿਸੇ ਵੀ ਕੀਮਤ ਉੱਤੇ ਨਵੀਨ ਨਾਲ ਗਠਜੋੜ ਕਰ ਲੈਂਦੀ ਤਾਂ ਉੱਥੇ ਇਹਨਾਂ ਦੀਆਂ ਭਾਜਪਾ ਨਾਲੋਂ ਦਸ ਫੀਸਦੀ ਵੋਟਾਂ ਵੱਧ ਹੁੰਦੀਆਂ। … … ਆਂਧਰਾ ਵਾਲਾ ਮੁੱਖ ਮੰਤਰੀ ਰੈਡੀ ਤਾਂ ਕਾਂਗਰਸ ਦੇ ਆਪਣੇ ਮੁੱਖ ਮੰਤਰੀ ਰਹੇ ਵਾਈ.ਐੱਸ.ਆਰ ਰੈਡੀ ਦਾ ਮੁੰਡਾ ਸੀ, ਜਿਸਨੂੰ ਇਹ ਗੋਦ ਵਿੱਚ ਖਿਡਾਉਂਦੇ ਰਹੇ, ਉਸ ਨਾਲ ਕਿਸੇ ਵੀ ਕੀਮਤ ਉੱਤੇ ਸਮਝੌਤਾ ਕਰ ਲੈਂਦੇ। ਪਰ ਆਂਧਰਾ, ਉੜੀਸਾ (46 ਸੀਟਾਂ) ਨੂੰ ਘੋਰ ਸਿਆਸੀ ਨਾਸਮਝੀ ਵਖਾਉਂਦਿਆਂ ਅਣਗੌਲਿਆਂ ਕੀਤਾ ਗਿਆ। ਸਮੇਂ ਸਿਰ ਤਾਂ ਕੋਈ ਕੋਸ਼ਿਸ਼ ਨਾ ਕੀਤੀ ਤੇ ਨਤੀਜਿਆਂ ਉਪਰੰਤ ਨਿਤੀਸ਼/ਨਵੀਨ/ਰੈਡੀ ਬਾਰੇ ਬੇਫਾਇਦਾ ‘ਕੁਵੇਲੇ ਦੀਆਂ ਟੱਕਰਾਂ’ ਮਾਰਦੇ ਰਹੇ। ਤੇ ਅੱਜ ਵੀ ਨਿਤੀਸ਼/ਨਵੀਨ ਬਾਰੇ ਸੰਭਲ ਕੇ ਬੋਲਣ ਦੀ ਘਾਟ ਦਿਸ ਰਹੀ ਹੈ।
‘ਇੰਡੀਆ ਗਠਜੋੜ’ ਵਿੱਚੋਂ ਭਵਿੱਖ ਲਈ ਅਖਿਲੇਸ਼ ਯਾਦਵ ਹੀ ਸਭ ਤੋਂ ਵੱਧ ਸਬਰ ਤਹੱਮਲ ਵਾਲਾ ਬੇਦਾਗ ਦਲੇਰ, ਟਿਕਾਊ, ਸਿਆਣਾ, ਵੱਡੇ ਅਹੁਦੇ ਲਈ ਯੋਗ ਲੀਡਰ ਦਿਸਦਾ ਹੈ। ਅਖਿਲੇਸ਼ ਨੇ ਆਪਣੇ ਦਮ ਤੇ ਯੂ.ਪੀ ਵਿੱਚ 43 (37+6) ਸੀਟਾਂ ਜਿਤਾਈਆਂ। ਕਾਂਗਰਸ ਨੇ ਜ਼ਿਦ ਕੇ 18 ਲਈਆਂ ਤੇ 6 ਜਿੱਤੀਆਂ। ਇਵੇਂ ਪਹਿਲਾਂ ਬਿਹਾਰ ਵਿੱਚ ਤੇਜਸਵੀ ਯਾਦਵ ਕੋਲੋਂ ਜ਼ਿਦ ਕਰਕੇ 70 ਸੀਟਾਂ ਲਈਆਂ ਤੇ 19 ਜਿੱਤੀਆਂ ਸਨ, ਜਿਸ ਕਰਕੇ ਉੱਥੇ ਨਿਤੀਸ਼-ਭਾਜਪਾ 5 ਸੀਟਾਂ ਵੱਧ ਹੋਣ ਕਰਕੇ ਰਾਜ ਕਰ ਰਹੇ ਨੇ। ਕਾਂਗਰਸ ਨੂੰ ਦੇਸ਼ ਹਿਤ ਵਿੱਚ ਆਪਣਾ ਇਹ ਵਤੀਰਾ ਬਦਲਣਾ ਪਵੇਗਾ ਅਤੇ ਭਾਜਪਾ ਨਾਲ ਆਪਣੇ ਸਿੱਧੇ ਮੁਕਾਬਲੇ ਵਾਲੇ ਰਾਜਾਂ (ਗੁਜਰਾਤ, ਮੱਧ ਪ੍ਰਦੇਸ, ਛੱਤੀਸਗੜ੍ਹ, ਉਤਰਾਖੰਡ, ਹਿਮਾਚਲ, ਰਾਜਸਥਾਨ, ਕਰਨਾਟਕ, ਤਿਲੰਗਾਨਾ ਆਦਿ) ਵਿੱਚ ਜ਼ਮੀਨੀ ਲੋਕ ਮੁੱਦਿਆਂ ਉੱਤੇ ਕੇਂਦਰਿਤ ਅਸਰਦਾਰ ਸਰਗਰਮੀ ਕਰਨੀ ਹੋਵੇਗੀ। 100 ਸੀਟਾਂ ਜਿੱਤਣ ਦੀ ਖੁਸ਼ੀ ਨੂੰ ਪਚਾਉਂਦਿਆਂ ਇਹ ਵੀ ਸਦਾ ਚੇਤੇ ਰੱਖਣਾ ਪਵੇਗਾ ਕਿ ਮੱਧ ਪ੍ਰਦੇਸ, ਗੁਜਰਾਤ, ਹਿਮਾਚਲ, ਉਤਰਾਖੰਡ, ਛੱਤੀਸਗੜ੍ਹ, ਦਿੱਲੀ, ਉੜੀਸਾ, ਆਂਧਰਾ ਦੀਆਂ 128 ਸੀਟਾਂ ਵਿੱਚੋਂ ਕਾਂਗਰਸ ਨੇ ਸਿਰਫ ਇੱਕ ਸੀਟ ਜਿੱਤੀ ਹੈ। ਆਂਧਰਾ, ਉੜੀਸਾ, ਤਿਲੰਗਾਨਾ, ਕਰਨਾਟਕ ਵਿੱਚ ‘ਵਿਸ਼ਾਲ ਦੇਸ਼ ਭਗਤ ਮੋਰਚਾ’ ਨੀਤੀ ਨਾਲ ਗਠਜੋੜ ਨਵੇਂ ਸਿਰਿਉਂ ਵੱਡੇ ਦਿਲ ਨਾਲ ਦੂਰ ਦੀ ਸੋਚ ਨਾਲ ਬਣਾਉਣੇ ਹੋਣਗੇ, ਨਹੀਂ ਤਾਂ ਕਾਂਗਰਸ ਇਵੇਂ ਹੀ ਭਾਜਪਾ ਦੇ ਮੁੜ ਮੁੜ ਜਿੱਤਣ ਦੀ ਵਜਾਹ ਬਣਦੀ ਰਹੇਗੀ। ਇਸ ਦੀ ਸਜ਼ਾ ਕਾਂਗਰਸ ਖੁਦ ਵੀ ਭੁਗਤੇਗੀ ਤੇ ਇਹਨਾਂ ਦੀ ਵਜਾਹ ਨਾਲ ਦੇਸ਼ ਵੀ ਭੁਗਤੇਗਾ।
ਪਰ ਦੂਜੇ ਪਾਸੇ ਵੇਖੋ ਕਿਵੇਂ ਮੋਦੀ-ਅਮਿਤਸ਼ਾਹ ਨੇ ਉਸ ਚੰਦਰ ਬਾਬੂ ਨਾਇਡੂ ਨਾਲ ਹੱਥ ਮਿਲਾਉਣ ਨੂੰ ਇੱਕ ਸਕਿੰਟ ਨਾ ਲਾਇਆ, ਜਿਸ ਨੂੰ ਪਹਿਲਾਂ ਜੇਲ੍ਹ ਵਿੱਚ ਸੁੱਟਿਆ, ਤੇ ‘ਸਹੁਰੇ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ’ ਵਰਗੀਆਂ ਨਿੱਜੀ ਪਰਿਵਾਰਿਕ ਗਾਲ੍ਹਾਂ ਵੀ ਕੱਢੀਆਂ ਸਨ। ਇੱਥੋਂ ਤਕ ਕਿ ਨਾਇਡੂ ਤਾਂ ਓ.ਬੀ.ਸੀ ਕੋਟੇ ਵਿੱਚੋਂ 4 ਫੀਸਦੀ ਰਾਖਵਾਂਕਰਨ ਮੁਸਲਮਾਨ ਪਿਛੜਿਆਂ ਨੂੰ ਦੇਣ ਦਾ ਐਲਾਨੀਆਂ ਮੁਦਈ ਹੈ, ਜਿਸ ਬਾਰੇ ਮੋਦੀ ਸਾਰੀ ਚੋਣ ਮੁਹਿੰਮ ਦੌਰਾਨ ਕਹਿੰਦਾ ਰਿਹਾ ਕਿ ਮੈਂ ਆਪਣੇ ਜਿਊਂਦੇ-ਜੀਅ ਇੰਜ ਨਹੀਂ ਹੋਣ ਦਿਆਂਗਾ।
ਬਿਹਾਰ ਵਾਲੇ ਨਿਤੀਸ਼ ਨਾਲ ਓਧਰੋ ਓਧਰੀ ਕੀ ਕੀ ਫੱਕੜ ਤੋਲਦੇ ਰਹੇ, ਨਿਤੀਸ਼ ਦੇ ਸਹਿਯੋਗੀਆਂ ਉੱਤੇ ਈ.ਡੀ ਦੇ ਛਾਪੇ ਮਰਵਾਰੇ। ਉਹਦੇ ਨਾਲ ਵੀ ਹੁਣ ਜੱਫੀਆਂ ਤੇ ਕੱਛਾਂ ਥਾਣੀ ਹਾਸੇ ਨਿਕਲਦੇ ਨੇ। ਜਿਸ ਨਵੀਨ ਪਟਨਾਇਕ ਨੂੰ ਉੜੀਸਾ ਵਿੱਚ ਪਟਕਨੀ ਦੇ ਕੇ ‘ਜੈ ਜਗਨਨਾਥ’ ਦੀਆਂ ਬੁਲਬੁਲੀਆਂ ਮਾਰ ਰਹੇ ਨੇ, ਉਹ ਤਾਂ ਦਸ ਸਾਲ ਪਾਰਲੀਮੈਂਟ ਵਿੱਚ ਹਰ ਮੌਕੇ ਮੋਦੀ ਸਰਕਾਰ ਮਗਰ ਹੱਥ ਖੜ੍ਹਾ ਕਰਦਾ ਰਿਹਾ, ਉਹਦੇ ਨਾਲ ਤਾਂ ਦਾਅ-ਪੇਚ ਨੀਤੀ ਤਹਿਤ ਅਖੀਰ ਤਾਈਂ ਚੋਣ ਸਮਝੌਤਾ ਹੋ ਜਾਣ ਦਾ ਭਰਮ ਵੀ ਬਣਾਈ ਰੱਖਿਆ ਤਾਂ ਕਿ ਉਹ ਕਾਂਗਰਸ ਵੱਲ ਨਾ ਵੇਖੇ, ਤੇ ਫਿਰ ਦਿੱਤੀ ਅਚਨਚੇਤ ਉਹ ਪਟਕਣੀ, ਜਿਹੜੀ ਉਹ ਯਾਦ ਰੱਖੂ। ਵਰਨਣਯੋਗ ਹੈ ਕਿ ਇਹਨਾਂ ਤਿੰਨਾਂ (ਨਿਤੀਸ਼, ਨਵੀਨ, ਚੰਦਰ ਬਾਬੂ ਨਾਇਡੂ) ਨਾਲ ਭਾਜਪਾ ਦਾ ਵਿਚਾਰਾਂ ਦਾ ਕੋਈ ਮੇਲ ਨਹੀਂ। … … ਵੇਖੋ ਇਹਨਾਂ ਦੇ ਡੰਗ ਤੇ ਨਾਲੇ ਵੇਖੋ ਲਚਕਾਂ।
ਬਹੁਤ ਚਰਚਾ ਹੈ ਕਿ ਮੋਦੀ/ਅਮਿਤ ਸ਼ਾਹ ਸਦਾ ਮਨਮਰਜ਼ੀ ਹੀ ਕਰਦੇ ਰਹੇ, ਇਹ ਤਾਂ ਕਿਸੇ ਦੀ ਗੱਲ ਸੁਣਨ ਮੰਨਣ ਗਿੱਝੇ ਹੀ ਨਹੀਂ। ਇਹਨਾਂ ਕੋਲੋਂ ਸਾਂਝੀ ਸਰਕਾਰ ਨਹੀਂ ਚੱਲਣੀ। - ਮੇਰੀ ਜਾਚੇ ਇਹ ਸੱਚ ਨਹੀਂ। ਅਜਿਹਾ ਕਹਿਣ ਵਾਲੇ ਇਹਨਾਂ ਦਾ ਤੇ ਭਾਜਪਾ ਦਾ ਜਮਾਤੀ ਕਿਰਦਾਰ ਨਹੀਂ ਸਮਝਦੇ। ਇਹ ਗਾਹਕ ਨਾਲ ਵਿਗਾੜ ਨਾ ਪਾਉਣ ਵਾਲੀ ਸਿਆਣੀ ਕੌਮ ਹੈ, ਲੜਨ ਝਗੜਨ ਵਾਲੇ ਲੋਕ ਨਹੀਂ। ਇਹ ਆਪਣੇ ਹਿਤ ਲਈ ਹਰੇਕ ਅੱਗੇ ਵਕਤੀ ਤੌਰ ’ਤੇ ਇੰਨਾ ਝੁਕ-ਲਿਫ ਜਾਣਗੇ ਕਿ ਜਿਵੇਂ ਇਹਨਾਂ ਵਿੱਚ ਕੋਈ ਹੱਡੀ ਨਾ ਹੋਵੇ, ਤੇ ਮਗਰੋਂ … … …। ਹੁਣ ਇਹਨਾਂ ਦੇ ਢਿੱਡਾਂ ਵਿੱਚੋਂ ਲੱਭੋ ਭਲਾ ਕਿੱਧਰ ਹਜ਼ਮ ਹੋ ਗਏ ਹਰਿਆਣੇ ਵਾਲਾ ਕੁਲਦੀਪ ਬਿਸ਼ਨੋਈ, ਚੌਟਾਲੇ, ਅਕਾਲੀ, ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ, ਅਸਾਮ ਗਣ ਪ੍ਰੀਸ਼ਦ, ਮਾਇਆਵਤੀ, ਆਂਧਰਾ ਵਾਲਾ ਰੈਡੀ, ਨਵੀਨ ਪਟਨਾਇਕ।
ਭਾਜਪਾ ਨੂੰ ਕੇਂਦਰ ਸਰਕਾਰ ਬਣਾ ਕੇ ਵੀ ਰੋਣਾ ਇਸ ਗੱਲ ਦਾ ਆ ਰਿਹਾ ਕਿ ਇਸਦੇ ਹੱਥ ਮਹਾਰਾਸ਼ਟਰ, ਪੰਜਾਬ, ਕੇਰਲਾ, ਤਾਮਿਲਨਾਡੂ ਦੀਆਂ 120 ਸੀਟਾਂ ਵਿੱਚੋਂ ਸਿਰਫ 11 ਆਈਆਂ। ਇਹਦੇ ਹੱਥੋਂ ਉੱਤਰ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ, ਲਦਾਖ, ਮਹਾਰਾਸ਼ਟਰ ਵਰਗੇ ਵੱਡੇ ਰਾਜਾਂ ਦੀਆਂ ਸਰਕਾਰਾਂ ਵੀ ਚਲੇ ਜਾਣ ਦੀ ਪੂਰੀ ਸੰਭਾਵਨਾ ਹੈ ਤੇ ਬੰਗਾਲ ਨੂੰ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਹੈ। ਅਜਿਹਾ ਦਿਸ ਰਿਹਾ ਹੈ ਕਿ ‘ਇੰਡੀਆ ਗਠਜੋੜ’ ਦੀਆਂ ਤਾਮਿਲਨਾਡੂ, ਬੰਗਾਲ, ਕੇਰਲਾ, ਪੰਜਾਬ, ਕਰਨਾਟਕਾ ਝਾਰਖੰਡ, ਦਿੱਲੀ, ਜੰਮੂ ਕਸ਼ਮੀਰ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ ਵਿੱਚ ਸਰਕਾਰਾਂ ਹੋਣਗੀਆਂ, ਜਿੱਥੇ 300 ਤੋਂ ਵੱਧ ਸੀਟਾਂ ਹਨ।
ਉੜੀਸਾ, ਆਂਧਰਾ, ਰਾਜਸਥਾਨ, ਬਿਹਾਰ ਵਿੱਚ ਵੀ ਸਿਆਸੀ ਸਮੀਕਰਨ ਬਦਲਣ ਦੇ ਆਸਾਰ ਹਨ।
ਨਰਿੰਦਰ ਮੋਦੀ ਦੀ ਮੌਜੂਦਾ ਐੱਨ.ਡੀ.ਏ ਸਰਕਾਰ ਥੋੜ੍ਹੇ ਕੁ ਦਿਨ ਬਾਹਰੋਂ ਵਿਖਾਵੇਗੀ ਕਿ ਹੁਣ ਇਹ ਹਰੇਕ ਨੂੰ ਪਿਆਰ ਨਾਲ ਬੋਲਣ ਵਾਲੀ ਸਰਕਾਰ ਹੈ, ਇੱਥੋਂ ਤਕ ਕਿ ਆਂਧਰਾ ਵਿੱਚ ਨਾਇਡੂ ਨਾਲ ਮਿਲ ਕੇ ਓ.ਬੀ.ਸੀ ਕੋਟੇ ਵਿੱਚੋਂ ਮੁਸਲਮਾਨਾਂ ਨੂੰ 4% ਰਾਖਵਾਂਕਰਨ ਵੀ ਖੁਸ਼ੀ ਨਾਲ ਦੇਵੇਗੀ। ਝੱਬੂ ਪਾ ਕੇ 10 ਕੁ ਸੀਟਾਂ ਦਾ ਹੋਰ ਜੁਗਾੜ ਕਰਨ ਉਪਰੰਤ ਫਿਰ ਨਵਾਂ ਅਸਲੀ ਰੰਗ ਵਖਾਏਗੀ। ਅੰਦਾਜ਼ਾ ਹੈ ਕਿ ਵਿਰੋਧੀ ਪਾਰਟੀਆਂ ਪ੍ਰਤੀ ਪਹਿਲਾਂ ਨਾਲੋਂ ਵੱਧ ਹਮਲਾਵਰ ਰਹੇਗੀ। ਤੇਜਸਵੀ ਯਾਦਵ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਚੱਲ ਰਹੀ ਹੈ। ਵਿਰੋਧੀ ਧਿਰਾਂ ਕਿਸੇ ਬਹੁਤ ਵੱਡੀ ਅਣਕਿਆਸੀ ਘਟਨਾ ਤੋਂ ਪਹਿਲਾਂ ਹੀ ਸੁਚੇਤ ਰਹਿਣ, ਤਾਂ ਹੀ ਬਚਣਗੀਆਂ।
ਭਾਜਪਾ ਦੇ ਅੰਦਰਲੀ ਮੋਦੀ ਨੀਤੀ ਬਾਰੇ ਬੇਵਸੀ ਵੀ ਕੋਈ ਨਾ ਕੋਈ ਰੂਪ ਲਵੇਗੀ।
ਅਗਨੀਵੀਰ, ਜਾਤੀਗਤ ਜਨਗਣਨਾ, ਕਿਸਾਨਾਂ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਭਾਅ (ਐੱਮ.ਐੱਸ.ਪੀ), ਪਟਰੌਲ, ਡੀਜ਼ਲ, ਗੈਸ ਆਦਿ ਮਹਿੰਗਾਈ, ਰੈਗੂਲਰ ਭਰਤੀਆਂ, ਬਿਜਲੀ-ਪਾਣੀ, ਵਾਤਾਵਰਣ ਵਰਗੇ ਮੁੱਦਿਆਂ ਉੱਤੇ ਸੰਘਰਸ਼ ਸਮੇਂ ਦੀ ਲੋੜ ਹੈ। ਜਿਹੜਾ ਇਹ ਸੰਘਰਸ਼ ਕਰੇਗਾ, ਉਹ ਹੀ ਜਿੱਤੇਗਾ। ਭੜਕਾਊ ਏਜੰਡਿਆਂ ਤੋਂ ਬਚਣਾ ਵੀ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5048)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)