JaswantSJoga7“ਪਹਿਲੀਆਂ ਬਰਾਤਾਂ ਭਾਵੇਂ ਪਹਿਲਾਂ ਇੱਕ ਸਮਾਧ ਅਤੇ ਇੱਕ ਮੂਰਤੀ ਨੂੰ ਨਤਮਸਤਕ ਹੋ ਕਿ ਚੜ੍ਹਦੀਆਂ ਸਨ ਪਰ ਮੈਂ ...
(6 ਜਨਵਰੀ 2024)
ਇਸ ਸਮੇਂ ਪਾਠਕ: 115.


ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੇਰੇ ਵਿਆਹ ਦਾ ਦਿਨ ਪੱਕਾ ਕੀਤਾ ਹੋਇਆ ਸੀ। ਮੈਂ ਆਪਣੇ ਵਿਆਹ ’ਤੇ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਖਰਚਾ ਘੱਟੋ ਘੱਟ ਕੀਤਾ ਜਾਵੇ ਪਰ ਅਜਿਹਾ ਹੋ ਨਹੀਂ ਸਕਿਆ। ਕਾਰਨ ਇਹ ਸੀ, “ਕੀ ਕਹਿਣਗੇ ਲੋਕ”। ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਮੁੰਡੇ ਕੁੜੀ ਵਿੱਚ ਵਿਆਹ ਤੋਂ ਪਹਿਲਾਂ ਗੱਲਾਂ ਨਾ ਹੋਣ। ਅਸੀਂ ਕਦੇ ਕਦਾਈਂ ਆਪਸ ਵਿੱਚ ਗੱਲ ਕਰ ਲਿਆ ਕਰਦੇ ਸੀ। ਜਿਹੜੀ ਗੱਲ ਮੇਰੇ ਦਿਮਾਗ ਵਿੱਚ ਆਉਣੀ, ਮੈਂ ਉਹ ਆਪਣੀ ਮੰਗੇਤਰ ਨਾਲ ਸਾਂਝੀ ਕਰ ਲੈਣੀ
ਇੱਕ ਵਾਰ ਮੈਂ ਕਿਹਾ ਕਿ ਆਪਾਂ ਦੋਹਾਂ ਪਰਿਵਾਰਾਂ ਦਾ ਸੂਟਾਂ ਵਾਲਾ ਲੈਣ ਦੇਣ ਬੰਦ ਕਰ ਦੇਈਏ। ਮੈਂ ਆਪਣੇ ਰਿਸਤੇਦਾਰਾਂ ਨਾਲ ਗੱਲ ਕੀਤੀ। ਉਹ ਕਹਿੰਦੇ. “ਲੈ ਦੱਸ, ਅਗਲੇ ਕੀ ਕਹਿਣਗੇ ਬਈ ਇਹਨਾਂ ਕੋਲ ਕੁਝ ਹੈ ਨੀ?” ਇਹੀ ਜਵਾਬ ਸਹੁਰੇ ਪਰਿਵਾਰ ਵਾਲਿਆਂ ਦਾ ਆਇਆ ਪਰ ਉਂਝ ਸਭ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਸੂਟ ਕੋਈ ਪਹਿਨਦਾ ਹੈ ਨਹੀਂ, ਸਗੋਂ ਨਘੋਚਾਂ ਕੱਢਣੀਆਂ ਹੁੰਦੀਆਂ ਲੋਕਾਂ ਨੇ ਪਰ ਫਿਰ ਵੀ ਸਾਰੇ ਇਸ ਗੱਲ ਦੇ ਹੱਕ ਵਿੱਚ ਸਨ ਮੈਂ ਸਮਝਦਾ ਸੀ ਕਿ ਇਸ ਵਾਧੂ ਖਰਚੇ ਤੋਂ ਦੋਹਾਂ ਪਰਿਵਾਰਾਂ ਦਾ ਛੁਟਕਾਰਾ ਹੋਣਾ ਚਾਹੀਦਾ ਪਰ ਇਹ ਪਰੰਪਰਾ ਜਿਉਂ ਦੀ ਤਿਉਂ ਪੂਰੀ ਕਰਨੀ ਪਈ

ਹਰ ਕਸੇ ਦੀ ਸੋਚਣੀ ਹੈ ਕਿ ਦਾਜ ਬੰਦ ਹੋਣਾ ਚਾਹੀਦਾ ਪਰ ਜਿੱਥੇ ਕੋਈ ਪਰਿਵਾਰ ਚੰਗਾ ਮਿਲਦਾ ਹੈ, ਉੱਥੇ ਲੋਕ ਉਸ ਪਰਿਵਾਰ ਦੇ ਪੈਰ ਹੀ ਨਹੀਂ ਲੱਗਣ ਦਿੰਦੇ। ਹਾਂ, ਉਂਝ ਇਹ ਗੱਲ ਸਾਰੇ ਬੜੇ ਠਰੰਮੇ ਨਾਲ ਕਹਿ ਦਿੰਦੇ ਹਨ ਕਿ ਜਿਸਨੇ ਧੀ ਦੇ ਦਿੱਤੀ, ਉਸਨੇ ਕੀ ਰੱਖ ਲਿਆ। ਪਰ ਅਸਲ ਵਿੱਚ ਉਹਨਾਂ ਹੀ ਲੋਕਾਂ ਦੀ ਝਾਕ ਕੁੜੀ ਨੂੰ ਦਾਜ ਵਿੱਚ ਦਿੱਤੇ ਜਾਣ ਵਾਲੇ ਸਮਾਨ ਵੱਲ ਹੁੰਦੀ ਹੈ

ਅੱਜ ਦੇ ਸਮੇਂ ਵਿੱਚ ਵਿਆਹ ਦਾ ਅੱਧੇ ਤੋਂ ਜ਼ਿਆਦਾ ਖਰਚਾ ਇੱਕਲਾ ਸੋਨਾ ਖਿੱਚ ਕੇ ਲੈ ਜਾਂਦਾ ਹੈ ਗੱਲ ਉਹੀ ਨਿਬੜੀ ਜੋ ਪਹਿਲਾਂ ਸੂਟਾਂ ਵਾਲੇ ਮਾਮਲੇ ਵਿੱਚ ਨਿਬੜੀ ਮੈਂ ਕਹਾਂ ਕਿ ਮੈਂ ਜਦੋਂ ਸੋਨਾ ਪਾਉਣਾ ਹੀ ਨਹੀਂ ਤਾਂ ਮੈਨੂੰ ਸੋਨਾ ਦੇਣਾ ਕਿਉਂ ਹੈ? ਪਰ ਜਵਾਬ ਸੀ ਜੇ ਅਸੀਂ ਕੁਝ ਨਾ ਦਿੱਤਾ ਤਾਂ ਰਿਸ਼ਤੇਦਾਰ ਕੀ ਕਹਿਣਗੇ ਬਵੀ ’ਕੱਲੀ ’ਕੱਲੀ ਧੀ ਸੀ, ਕੁਝ ਪਾਇਆ ਹੀ ਨਹੀਂ ਚਲੋ, ਇਸ ਗੱਲ ’ਤੇ ਵੀ ਮੈਂਨੂੰ ਹੀ ਹਾਰ ਮੰਨਣੀ ਪਈ। ਮੈਨੂੰ ਫ਼ਖ਼ਰ ਇਸ ਗੱਲ ਦਾ ਸੀ ਕਿ ਚਲੋ ਮੇਰੀ ਗੱਲ ਸੁਣੀ ਜਾ ਰਹੀ ਹੈ, ਮੰਨੀ ਨਹੀਂ ਜਾ ਰਹੀ, ਉਹ ਅਲੱਗ ਗੱਲ ਹੈ

ਬਰਾਤ ਵਾਲਾ ਦਿਨ ਆਇਆ। ਮੈਂ ਅੰਧ ਵਿਸ਼ਵਾਸ ਅਤੇ ਮੂਰਤੀ ਪੂਜਾ ਦੇ ਸਖਤ ਖਿਲਾਫ ਸੀ ਮੇਰੀ ਦਿਲੀ ਇੱਛਾ ਸੀ ਕਿ ਮੇਰੀ ਬਰਾਤ ਸਿਰਫ ਤੇ ਸਿਰਫ ਗੁਰਦੁਆਰਾ ਸਾਹਿਬ ਨੂੰ ਸਿਜਦਾ ਕਰਕੇ ਪਿੰਡੋਂ ਰਵਾਨਾ ਹੋਵੇ। ਸੋ ਉਸ ਦਿਨ ਮੇਰੀ ਜਿੱਤ ਹੋਈ ਭਾਵੇਂ ਕਿ ਇਸ ਤੋਂ ਪਹਿਲੀਆਂ ਬਰਾਤਾਂ ਭਾਵੇਂ ਪਹਿਲਾਂ ਇੱਕ ਸਮਾਧ ਅਤੇ ਇੱਕ ਮੂਰਤੀ ਨੂੰ ਨਤਮਸਤਕ ਹੋ ਕਿ ਚੜ੍ਹਦੀਆਂ ਸਨ ਪਰ ਮੈਂ ਪੂਰੀ ਬਰਾਤ ਨੂੰ ਉਸ ਰਸਤੇ ’ਤੇ ਜਾਣੋ ਰੋਕ ਦਿੱਤਾ। ਸਾਰੇ ਬਹੁਤ ਖਫ਼ਾ ਹੋਏ। ਮੈਂ ਸਿਰਫ ਗੁਰਦੁਆਰਾ ਸਾਹਿਬ ਨੂੰ ਸਿਜਦਾ ਕਰਕੇ ਰਵਾਨਗੀ ਪਾ ਦਿੱਤੀ ਇੱਥੇ ਮੇਰੇ ਮਨ ਵਿੱਚ ਇਸ ਗੱਲ ਦਾ ਕੋਈ ਡਰ ਨਹੀ ਸੀ ਕਿ ਲੋਕ ਕੀ ਕਹਿਣਗੇ ਅਗਲਾ ਦਿਨ ਸਾਡੇ ਪਿੰਡਾਂ ਵੱਲ ਛਟੀਆਂ ਖੇਡਣ ਟੋਭਿਆਂ ਵਿੱਚੋਂ ਮਿੱਟੀ ਕੱਢਣ ਦਾ ਹੁੰਦਾ ਸੀ, ਉਸ ਉੱਤੇ ਵੀ ਆਪਾਂ ਕਾਟਾ ਮਾਰ ਦਿੱਤਾ ਕਿਉਂਕਿ ਇਸ ਨੂੰ ਵੀ ਮੈਂ ਆਪਣੀ ਸੋਚ ਦੇ ਖਿਲਾਫ ਸਮਝਿਆ

ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਜਿੰਨਾ ਹੋ ਸਕੇ, ਵਿਆਹਾਂ ਉੱਤੇ ਖਰਚਾ ਘੱਟ ਕੀਤਾ ਜਾਵੇ। ਜਦੋਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਜਾਂ ਲੋਕ ਕੀ ਕਹਿਣਗੇ ਵਾਲੀਆਂ ਗੱਲਾਂ ਵਿੱਚ ਆ ਕੇ ਤੁਸੀਂ ਖਰਚਾ ਕਰ ਦਿੰਦੇ ਹਾਂ ਤਾਂ ਉਹੀ ਲੋਕ ਕਦੇ ਤੁਹਾਡੀ ਸਾਰ ਨਹੀਂ ਲੈਂਦੇ ਜਦੋਂ ਤੁਹਾਡੇ ਸਿਰ ਕਰਜ਼ਾ ਚੜ੍ਹ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4604)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ਜੋਗਾ

ਜਸਵੰਤ ਸਿੰਘ ਜੋਗਾ

Phone: (91 - 62396 - 43306)
Email: (jaswantsinghjoga@gmail.com)