“ਜ਼ਿੰਦਗੀ ਵਿੱਚ ਇੱਕ ਆਦਤ ਜ਼ਰੂਰ ਪਾਵੋ ਕਿ ਜਿਹੜੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ, ਉਸ ਨੂੰ ਆਪਣੇ ਉਨ੍ਹਾਂ ਦੋਸਤਾਂ”
(11 ਨਵੰਬਰ 2023)
ਇਸ ਸਮੇਂ ਪਾਠਕ: 100.
ਅੱਜ ਦੇ ਹਾਲਾਤ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਕਿਸੇ ਨਾ ਕਿਸੇ ਕਾਰਨ ਚਿੰਤਾ, ਤਨਾਵ, ਡਿਪਰੈਸ਼ਨ ਦਾ ਸ਼ਿਕਾਰ ਹੈ। ਕੋਈ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਹੈ, ਕੋਈ ਪਿਓ ਆਪਣੇ ਪੁੱਤ ਤੋਂ ਪਰੇਸ਼ਾਨ ਹੈ ਕਿ ਉਹ ਕੰਮ ਨਹੀਂ ਕਰਦਾ, ਨਸ਼ੇ ਕਰਦਾ ਹੈ, ਵਿਹਲੜਪੁਣੇ ਦਾ ਸ਼ਿਕਾਰ ਹੈ। ਕਿਤੇ ਪਿਉ ਆਪਣੀ ਧੀ ਤੋਂ ਪਰੇਸਾਨ ਹੈ ਕਿਉਂਕਿ ਉਹ ਸਹੁਰਿਆਂ ਘਰੇ ਸੁਖੀ ਨਹੀਂ, ਉਸ ਨੂੰ ਉਸਦੇ ਸੱਸ ਸਹੁਰਾ ਤੰਗ ਕਰਦੇ ਹਨ ਜਾਂ ਘਰਵਾਲਾ ਦਾਜ ਪਿੱਛੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।
ਹੋਰ ਕਿੰਨੀਆਂ ਹੀ ਐਹੋ ਜਿਹੀਆਂ ਸਮਾਜਕ ਸਥਿਤੀਆਂ ਹਨ ਜਿਨ੍ਹਾਂ ਕਰਕੇ ਹਰ ਕੋਈ ਕਿਸੇ ਨਾ ਕਿਸੇ ਮੁਸ਼ਕਿਲ ਵਿੱਚ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇਨ੍ਹਾਂ ਮੁਸ਼ਕਿਲਾਂ, ਮੁਸੀਬਤਾਂ ਤੋਂ ਹਾਰ ਮੰਨ ਕੇ ਖੁਦਕੁਸ਼ੀ ਕਰ ਲੈਣਾ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ? ਮੇਰਾ ਜਵਾਬ ਹੈ, ਨਹੀਂ, ਬਿਲਕੁਲ ਨਹੀਂ, ਇਸ ਨਾਲ ਕਿਸੇ ਮੁਸੀਬਤ ਦਾ ਹੱਲ ਤਾਂ ਨਹੀਂ ਹੁੰਦਾ। ਅਸੀਂ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਹੋਰਨਾਂ ਜੀਆਂ ਨੂੰ ਦੁੱਖਾਂ ਵਿੱਚ ਸੁੱਟ ਕਿ ਚਲੇ ਜਾਂਦੇ ਹਾਂ। ਖੁਦਕੁਸ਼ੀ ਜੇ ਹੱਲ ਨਹੀਂ, ਤਾਂ ਹੋਰ ਕੀ ਹੱਲ ਹੈ? ਇੱਕੋ ਹੱਲ ਹੈ, ਜੋ ਕਦੇ ਮੈਂ ਲੱਭਿਆ ਸੀ। ਮੇਰੀ ਜ਼ਿੰਦਗੀ ਵਿੱਚ ਦੋ ਵਾਰੀ ਇਹੋ ਜਿਹੇ ਮੋੜ ਆਏ ਜਦੋਂ ਮੈਂ ਖੁਦਕੁਸ਼ੀ ਕਰਨ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਚਾਹਿਆ।
ਇੱਕ ਵਾਰੀ ਮੈਂ ਘਰੇਲੂ ਲੜਾਈ ਕਰਕੇ ਇੰਝ ਸੋਚਿਆ, ਦੂਜੀ ਵਾਰੀ ਉਦੋਂ ਜਦੋਂ ਮੈਂ ਚਮੜੀ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਇਆ। ਮੈਨੂੰ ਇਸ ਸਮੇਂ ਅਜਿਹਾ ਕਰਨ ਤੋਂ ਸਿਰਫ ਦੋ ਹੀ ਗੱਲਾਂ ਨੇ ਰੋਕਿਆ। ਇੱਕ, ਮੈਂ ਕਬੂਲ ਕੀਤਾ ਕਿ ਮੇਰੇ ਤੋਂ ਬਾਅਦ ਮੇਰੇ ਮਾਂ ਬਾਪ ਨੂੰ ਕਿਸੇ ਨੇ ਨਹੀਂ ਪੁੱਛਣਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੇਰੇ ਆਪਣੇ ਮਾਂ ਪਿਓ ਦੀ ਬੁਢਾਪੇ ਵਿੱਚ ਰੁਲ਼ ਜਾਣਗੇ। ਇਸ ਵਿੱਚ ਮੇਰੇ ਮਾਪਿਆਂ ਦਾ ਤਾਂ ਕੋਈ ਕਸੂਰ ਨਹੀਂ, ਫੇਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜਾਂ? ਦੂਜੀ ਗੱਲ ਜਿਸਨੇ ਮੈਨੂੰ ਉਦੋਂ ਰੋਕਿਆ ਜਦੋਂ ਮੈਂ ਚਮੜੀ ਦੇ ਰੋਗ ਦਾ ਸ਼ਿਕਾਰ ਹੋਇਆ ਸੀ। ਹਾਲਤ ਇਹੋ ਜਿਹੇ ਸਨ ਕਿ ਤਨ ਉੱਤੇ ਕੱਪੜਾ ਪਹਿਨਣਾ ਵੀ ਮੁਸ਼ਕਿਲ ਹੋ ਗਿਆ ਸੀ। ਮੈਂ ਆਪਣੇ ਆਪ ਨੂੰ ਭਾਗਾਂਵਾਲਾ ਸਮਝਦਾ ਕਿ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਪਾਸੇ ਵਿਅਸਤ ਰੱਖਦਾ ਤਾਂ ਜੋ ਮਾੜੀ ਸੋਚ ਤੇ ਮਾੜੀ ਸੰਗਤ ਕਰਨ ਦਾ ਵਿਚਾਰ ਮਨ ਵਿੱਚ ਨਾ ਆਵੇ।
ਜਦੋਂ ਮੈਂ ਬਿਮਾਰ ਸੀ, ਮੈਂ ਉਸੇ ਹਾਲ ਕੱਪੜੇ ਪਾ ਕੇ ਗੁਰੂਘਰ ਚਲੇ ਜਾਣਾ। ਰਿਸ਼ਤੇਦਾਰ ਬੜਾ ਕਹਿਣ ਕਿ ਫਲਾਣੇ ਥਾਂ ਜਾ, ਢੀਂਗੜੇ ਥਾਂ ਮੱਥਾ ਟੇਕ ਕੇ ਆ, ਪਰ ਮੈਂ ਸ਼ੁਰੂ ਤੋਂ ਹੀ ਵਹਿਮਾਂ ਭਰਮਾਂ ਖਿਲਾਫ ਰਿਹਾ ਹਾਂ। ਮੈਂ ਆਕੜ ਵਿੱਚ ਕਹਿਣਾ ਕਿ ਮੈਂਨੂੰ ਜਿਸਨੇ ਬਿਮਾਰ ਕੀਤਾ ਹੈ, ਉਹੀ ਠੀਕ ਕਰੂ। ਮੈਂ ਇਹਨੀਂ ਦਿਨੀਂ ਆਪਣੇ ਨਾਨਕੇ ਘਰ ਸੀ। ਉੱਥੇ ਸਾਰੇ ਧਾਰਮਿਕ ਵਿਚਾਰਾਂ ਵਾਲੇ ਸੀ, ਮੈਂ ਵੀ ਹੌਲੀ ਹੌਲੀ ਉਨ੍ਹਾਂ ਵਰਗਾ ਬਣਦਾ ਗਿਆ। ਮੈਂ ਵਿਹਲੇ ਸਮੇਂ ਕਿਤਾਬਾਂ ਪੜ੍ਹਨੀਆਂ, ਧਾਰਮਿਕ ਵਿਚਾਰਾਂ ਸੁਣਨੀਆਂ। ਇਸ ਨਾਲ ਮੈਨੂੰ ਬੇਹੱਦ ਹੌਸਲਾ ਮਿਲਿਆ। ਮੈਂ ਜਦੋਂ ਵੀ ਇਸ ਬਿਮਾਰੀ ਦੇ ਡਰੋਂ ਮਰਨ ਬਾਰੇ ਸੋਚਣਾ ਤਾਂ ਸਾਡਾ ਇਤਿਹਾਸ ਮੈਂਨੂੰ ਜ਼ੋਰ ਜ਼ੋਰ ਦੀ ਕਹਿੰਦਾ ਕਿ ਤੂੰ ਬਿਮਾਰੀ ਤੋਂ ਡਰ ਕਿ ਮਰਨ ਚੱਲਿਆ ਹੈਂ? ਤੂੰ ਉਹਨਾਂ ਦਾ ਵਾਰਿਸ ਏਂ ਜੋ ਤੱਤੀਆਂ ਤਵੀਆਂ ’ਤੇ ਬੈਠ ਗਏ, ਬੰਦ ਬੰਦ ਕਟਵਾ ਲਏ, ਪੂਰਾ ਪਰਿਵਾਰ ਸਾਡੇ ਲੇਖੇ ਲਾ ਦਿੱਤਾ, ਫਿਰ ਵੀ ਰੱਬ ਦਾ ਸ਼ੁਕਰ ਮਨਾਇਆ। ਬੱਸ ਇਸੇ ਗੱਲ ਨੇ ਮੈਨੂੰ ਹਰ ਵਾਰੀ ਹੌਸਲਾ ਦਿੱਤਾ ਤੇ ਮੈਂ ਕਦੇ ਖੁਦਕੁਸ਼ੀ ਵੱਲ ਨਹੀਂ ਗਿਆ।
ਹੁਣ ਜ਼ਿੰਦਗੀ ਨੇ ਇਹੋ ਜਿਹਾ ਬਣਾ ਦਿੱਤਾ ਹੈ ਕਿ ਪੱਲੇ ਚਾਹੇ ਕੁਝ ਵੀ ਨਾ ਰਹੇ, ਫਿਰ ਵੀ ਸਬਰ ਕਰਨਾ ਚੰਗਾ ਲੱਗਦਾ ਹੈ। ਹਰ ਪਲ ਹਰ ਗੱਲ ਵਿੱਚੋਂ ਖੁਸ਼ ਹੋਣ ਦਾ ਮੌਕਾ ਲੱਭੀਦਾ ਹੈ। ਖੁਦਕੁਸ਼ੀ ਬਾਰੇ ਅਕਸਰ ਇਨਸਾਨ ਉਦੋਂ ਹੀ ਸੋਚਦਾ ਹੈ ਜਦੋਂ ਉਸ ਨੂੰ ਲੱਗਦਾ ਕਿ ਜੋ ਮੁਸੀਬਤ ਉਸਦੇ ਸਿਰ ’ਤੇ ਹੈ, ਉਸਦਾ ਉਸ ਕੋਲ ਕੋਈ ਗੱਲ ਨਹੀਂ। ਪਰ ਸੋਚਣਾ ਤਾਂ ਇਹ ਵੀ ਚਾਹੀਦਾ ਕਿ ਜੇ ਉਸ ਕੋਲ ਹੱਲ ਨਹੀਂ, ਤਾਂ ਹੋ ਸਕਦਾ ਉਸਦਾ ਹੱਲ ਕਿਸੇ ਹੋਰ ਕੋਲ ਹੋਵੇ। ਜ਼ਿੰਦਗੀ ਵਿੱਚ ਇੱਕ ਆਦਤ ਜ਼ਰੂਰ ਪਾਵੋ ਕਿ ਜਿਹੜੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ, ਉਸ ਨੂੰ ਆਪਣੇ ਉਨ੍ਹਾਂ ਦੋਸਤਾਂ ਨਾਲ ਸਾਂਝੀ ਜ਼ਰੂਰ ਕਰੋ, ਜਿਨ੍ਹਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਮੁਸ਼ਕਿਲ ਹੱਲ ਕਰ ਸਕਦੇ ਹਨ। ਆਪਣੇ ਆਪ ਉੱਤੇ ਹਮੇਸ਼ਾ ਵਿਸ਼ਵਾਸ ਕਰੋ। ਜਿੰਨਾ ਕੁਝ ਤੁਹਾਡੇ ਕੋਲ ਹੈ, ਉਸ ਨਾਲ ਸਬਰ ਕਰਨਾ ਸਿੱਖੋ। ਸਬਰ ਕਰਨ ਨਾਲ ਭਟਕਣ ਮੁੱਕ ਜਾਂਦੀ ਹੈ। ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਕੰਮ ਨਾ ਕਰੋ, ਜੋ ਤੁਹਾਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰੇ। ਜ਼ਿੰਦਗੀ ਵਿੱਚ ਖੂਬ ਮਿਹਨਤ ਕਰੋ। ਕੋਈ ਵੀ ਕੰਮ, ਕਿਰਤ ਕਰਦੇ ਸਮੇਂ ਕਦੇ ਵੀ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4468)
(ਸਰੋਕਾਰ ਨਾਲ ਸੰਪਰਕ ਲਈ: (