“ਹੁਣ ਇਕੱਲੇ ਬੰਦੇ ਦੀ ਕਮਾਈ ਨਾਲ ਘਰ ਨਹੀਂ ਚੱਲਦੇ।ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਦਾ ਸਰਕਾਰੀ ਨੌਕਰੀ ਤੋਂ ਵੀ ...”
(20 ਅਕਤੂਬਰ 2023)
ਅੱਜਕੱਲ੍ਹ ਹਰ ਕੋਈ ਇਹ ਗੱਲ ਕਹਿੰਦਾ ਹੈ ਕਿ ਇਹ ਸਾਡੇ ਹੀ ਨਿਆਣੇ ਨੇ ਜੋ ਬਾਹਰਲੇ ਦੇਸਾਂ ਵਿੱਚ ਜਾ ਕੇ ਉਹ ਕੰਮ ਕਰਦੇ ਨੇ ਜਿਨ੍ਹਾਂ ਕੰਮਾਂ ਨੂੰ ਉਹ ਪੰਜਾਬ ਵਿੱਚ ਕਰਨ ’ਤੇ ਸ਼ਰਮ ਮੰਨਦੇ ਨੇ। ਸਾਡਿਆਂ ਘਰਾਂ ਵਿੱਚ ਮੈਂ ਜਦੋਂ ਦੀ ਸੁਰਤ ਸੰਭਲੀ ਹੈ, ਦੇਖਦਾ ਆਇਆ ਹਾਂ ਕਿ ਅਸੀਂ ਪੜ੍ਹਦੇ ਪੜ੍ਹਦੇ ਨਾਲ ਹੀ ਛੁੱਟੀਆਂ ਵਿੱਚ ਝੋਨਾ ਲਾਈ ਜਾਣਾ, ਛੁੱਟੀ ਵਾਲੇ ਦਿਨ ਬਾਪੂ ਜੀ ਨਾਲ ਦਿਹਾੜੀ ਚਲੇ ਜਾਣਾ। ਕਦੇ ਮਾਤਾ ਜੀ ਨਾਲ ਨਰਮਾ ਚੁਗਣ ਚਲੇ ਜਾਣਾ। ਇੰਝ ਹੀ ਹੋਰਾਂ ਜਿਮੀਦਾਰਾਂ ਦੇ ਮੁੰਡੇ ਕਰਦੇ ਸੀ, ਸਕੂਲੋਂ ਕਾਲਜੋਂ ਆ ਕੇ ਖੇਤਾਂ ਵਿੱਚ ਚਲੇ ਜਾਂਦੇ ਸੀ।
ਜ਼ਿਆਦਾ ਦੂਰ ਨਾ ਜਾਵਾਂ, ਮੇਰੀ ਮਾਂ ਨੇ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕੀਤਾ। ਮੇਰੀਆਂ ਭੈਣਾਂ ਵੀ ਨਰਮੇ ਕਪਾਹਾਂ ਚੁਗਦੀਆਂ, ਝੋਨਾ ਲਾਉਂਦੀਆਂ ਸੀ ਪਰ ਕਦੇ ਕੰਮ ਦੀ ਸ਼ਰਮ ਨਹੀਂ ਕੀਤੀ। ਕਰਦੀਆਂ ਵੀ ਕਿਉਂ, ਆਖਿਰ ਨੂੰ ਕੰਮ ਤਾਂ ਕੰਮ ਹੈ।
ਹੁਣ ਉਹ ਸਮਾਂ ਨਹੀਂ ਕਿ ਇਹ ਕੰਮ ਕੁੜੀ ਹੀ ਕਰ ਸਕਦੀ ਹੈ, ਇਹ ਕੰਮ ਮੁੰਡਾ ਹੀ ਕਰ ਸਕਦਾ ਹੈ, ਜਿਸ ਨੇ ਆਪਣਾ ਟੱਬਰ ਪਾਲਣਾ ਹੈ, ਘਰ ਚਲਾਉਣਾ ਹੈ, ਉਹਦੇ ਲਈ ਕੋਈ ਕੰਮ ਚੰਗਾ, ਮਾੜਾ ਜਾਂ ਛੋਟਾ ਨਹੀਂ ਹੁੰਦਾ ਅਤੇ ਹੋਣਾ ਵੀ ਨਹੀਂ ਚਾਹੀਦਾ। ਬਾਹਰਲਿਆਂ ਮੁਲਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁਲਕ ਤਾਂ ਕਾਮਜਾਬ ਨੇ ਕਿਉਂਕਿ ਉੱਥੇ ਹਰ ਕੋਈ ਕੰਮ ਕਰਕੇ ਖਾਂਦਾ ਹੈ। ਹੁਣ ਸਵਾਲ ਇਹ ਹੈ ਕਿ ਸਾਡੇ ਮੁਲਕ ਵਿੱਚ ਇੱਕ ਕਮਾਉਂਦਾ ਤੇ ਖਾਣ ਵਾਲੇ ਛੇ ਸੱਤ ਹੁੰਦੇ ਹਨ। ਹੁਣ ਇਕੱਲੇ ਬੰਦੇ ਦੀ ਕਮਾਈ ਨਾਲ ਘਰ ਨਹੀਂ ਚੱਲਦੇ। ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਦਾ ਸਰਕਾਰੀ ਨੌਕਰੀ ਤੋਂ ਵੀ ਮਨ ਭਰ ਗਿਆ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਨੌਜਵਾਨਾਂ ਵਿੱਚ ਬਾਹਰ ਜਾਣ ਲਈ ਮਜਬੂਰ ਹੋਣ ਦਾ। ਹੁਣੇ ਹੁਣੇ ਮੇਰਾ ਇੱਕ ਦੋਸਤ ਸਰਕਾਰੀ ਨੌਕਰੀ ਛੱਡ ਕੈਨੇਡਾ ਚਲਾ ਗਿਆ ਹੈ।
ਜੇ ਕੋਈ ਮੈਨੂੰ ਕਦੇ ਫੋਨ ਕਰਕੇ ਕਹਿੰਦਾ ਹੈ ਕਿ ਮੈਂ ਕੰਮ ’ਤੇ ਲੱਗਣਾ ਹੈ ਤਾਂ ਮੈਂ ਹਮੇਸ਼ਾ ਉਸ ਨੁੰ ਕੁਝ ਬਣਨ ਨਣਨ ਬਾਰੇ ਜ਼ਰੂਰ ਪੁੱਛਦਾ ਪੁੱਛਦਾ ਹਾਂ, ਬਾਅਦ ਵਿੱਚ ਕਹਿੰਦਾ ਹਾਂ ਕਿ ਉਹ ਮੇਰੇ ਕੋਲ ਆ ਕੇ ਕੰਮ ਕਰ ਸਕਦਾ ਹੈ, ਜੀ ਸਦਕੇ ਕਰੇ, ਪਰ ਜੇ ਉਸ ਵਿੱਚ ਕੋਈ ਹੋਰ ਖਾਸ ਕਾਬਲੀਅਤ ਹੈ ਤਾਂ ਉਹ ਉਸ ਪਾਸੇ ਧਿਆਨ ਦੇਵੇ। ਅੱਜ ਦਾ ਸਮਾਂ ਇਹੋ ਜਿਹਾ ਕਿ ਤੁਹਾਨੂੰ ਪੜ੍ਹਨ ਦੇ ਨਾਲ ਨਾਲ ਕੋਈ ਕੰਮ ਕਰਨਾ ਵੀ ਆਉਣਾ ਚਾਹੀਦਾ ਹੈ। ਅਰਥਾਤ ਕਿਸੇ ਕੰਮ ਦਾ ਹੁਨਰ ਆਉਣਾ ਵੀ ਜ਼ਰੂਰੀ ਹੈ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੇ ਤੁਹਾਡਾ ਬੱਚਾ ਪੜ੍ਹਾਈ ਵਿੱਚ ਹੁਸ਼ਿਆਰ ਹੈ ਤਾਂ ਉਸ ਨੂੰ ਚੰਗਾ ਪੜ੍ਹਾਓ। ਘੱਟ ਪੜ੍ਹਦਾ ਹੈ ਤਾਂ ਘੱਟੋ ਘੱਟ ਬਾਰਾਂ ਤਾਂ ਜ਼ਰੂਰ ਪੜ੍ਹਾਓ। ਜੇ ਤੁਹਾਨੂੰ ਲੱਗਦਾ ਹੈ ਕਿ ਉਸਦਾ ਪੜ੍ਹਾਈ ਵਾਲੇ ਪਾਸੇ ਨਹੀਂ ਤੁਰਦਾ ਪਰ ਹੈ ਮਿਹਨਤੀ, ਤਾਂ ਤੁਸੀਂ ਉਸ ਨੂੰ ਕੋਈ ਕੰਮ ਸਿਖਾਓ। ਚੜ੍ਹਦੀ ਉਮਰ ਵਿੱਚ ਉਹ ਚੰਗਾ ਕਾਰੀਗਰ ਬਣ ਜਵੇਗਾ। ਮੇਰਾ ਇੱਕ ਦੋਸਤ ਸੀ। ਪਹਿਲਾਂ ਉਹ ਹੋਟਲ ’ਤੇ ਵਰਤਣ ਸਾਫ ਕਰਦਾ ਹੁੰਦਾ ਸੀ, ਫਿਰ ਉਹ ਮਠਿਆਈਆਂ ਬਣਾਉਣ ਦੇ ਕੰਮ ਵਿੱਚ ਮਸਤ ਹੋ ਗਿਆ। ਹੁਣ ਉਹ ਚੰਗਾ ਹਲਵਾਈ ਹੈ ਤੇ ਪਿੰਡ ਵਿੱਚ ਚੰਗੀ ਦੁਕਾਨ ਚਲਾ ਰਿਹਾ ਹੈ। ਸਾਰਾ ਪਰਿਵਾਰ ਉਸਨੇ ਇਸੇ ਕੰਮ ਵਿੱਚ ਲਾ ਲਿਆ ਹੈ। ਉਸਨੇ ਸਹੀ ਵਕਤ ’ਤੇ ਸਹੀ ਪਹੁੰਚ ਅਪਣਾ ਲਈ ਤੇ ਚੰਗਾ ਕਾਰੀਗਰ ਬਣ ਗਿਆ।
ਮੈਂ ਆਪਣੇ ਪੁਰਾਣੇ ਦਫਤਰ ਵਿੱਚ ਇੱਕ ਅਪਾਹਿਜ ਗੱਭਰੂ ਵੇਖਿਆ ਸੀ ਜੋ ਪਹਿਲਾਂ ਨੌ ਘੰਟੇ ਸਾਡੀ ਕੰਪਨੀ ਵਿੱਚ ਕੰਮ ਕਰਦਾ ਸੀ, ਫਿਰ ਆਪਣੀ ਸਕੂਟਰੀ ’ਤੇ ਘਰ ਘਰ ਫੂਡ ਸਪਲਾਈ ਕਰਦਾ ਸੀ। ਮੈਨੂੰ ਇੱਕ ਲੜਕੀ ਬਾਰੇ ਪਤਾ ਹੈ, ਜਿਹੜੀ ਪਹਿਲਾਂ ਆਪਣੀ ਸਰਕਾਰੀ ਨੌਕਰੀ ਲਈ ਪੜ੍ਹਾਈ ਕਰਦੀ, ਫਿਰ ਕਿਸੇ ਆਫਿਸ ਵਿੱਚ ਕੰਮ ਕਰਦੀ, ਫਿਰ ਆਪਣਾ ਘਰ ਦਾ ਕੰਮ ਕਰਦੀ। ਇਵੇਂ ਹੀ ਇੱਕ ਗੱਭਰੂ ਦਿਨੇ ਮੇਰੀ ਟੀਮ ਲਈ ਨੌ ਘੰਟੇ ਆਫਿਸ ਵਿੱਚ ਕੰਮ ਕਰਦਾ, ਫਿਰ ਕਿਸੇ ਆਪ ਕਿਰਾਏ ’ਤੇ ਲਏ ਹੋਟਲ ਦਾ ਕੰਮ ਵੇਖਦਾ। ਹੋਰ ਕਿੰਨੀਆਂ ਹੀ ਉਦਾਹਰਣਾਂ ਨੇ ਪਰ ਗੱਲ ਇੱਕੋ ਹੀ ਸਾਹਮਣੇ ਆਉਂਦੀ ਹੈ ਕਿ ਕਿਰਤ ਕਰਨ ਦੀ ਕੋਈ ਸ਼ਰਮ ਨਹੀਂ। ਜ਼ਿਆਦਾਤਰ ਕਾਮਯਾਬ ਲੋਕਾਂ ਦੀ ਇਹੋ ਖੂਬੀ ਰਹੀ ਹੈ ਕਿ ਉਹ ਕਦੇ ਕੰਮ ਕਰਨ ਤੋਂ ਸ਼ਰਮ ਨਹੀਂ ਕਰਦੇ ਸੀ। ਹੁਣ ਬਹੁਤੀਆਂ ਮਹਿਲਾਵਾਂ ਰਿਕਸ਼ਾ ਜਾਂ ਆਟੋ ਚਲਾਉਂਦੀਆਂ ਹਨ, ਬੱਸਾਂ ਵਿੱਚ ਕੰਡਕਟਰੀ ਕਰਦੀਆਂ ਹਨ। ਸੋ, ਕਦੇ ਕਿਸੇ ਕੰਮ ਨੂੰ ਛੋਟਾ ਜਾਂ ਵੱਡਾ ਨਾ ਸਮਝੋ, ਕਿਸੇ ਵੀ ਕੰਮ ਨੂੰ ਧਰਮਾਂ ਜਾਂ ਜਾਤਾਂ ਵਿੱਚ ਨਾ ਵੰਡੋ, ਜਿਸ ਕੰਮ ਨਾਲ ਤੁਹਾਡਾ ਘਰ ਚੱਲ ਸਕਦਾ, ਉਹ ਕਰ ਲਵੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4406)
(ਸਰੋਕਾਰ ਨਾਲ ਸੰਪਰਕ ਲਈ: (