“ਆਹ ਕੀ ਬੂਬਣਾ ਸਾਧ ਬਣਿਆ ਫਿਰਦੈਂ ਓਏ?ਕੇਸ ਕਿਉਂ ਕਟਵਾ ਦਿੱਤੇ? ... ਪੱਗ ਨੀ ਬੰਨ੍ਹੀ? ...”
(20 ਦਸੰਬਰ 2023)
ਇਸ ਸਮੇਂ ਪਾਠਕ: 558.
ਇਹ ਗੱਲ 3 ਅਕਤੂਬਰ 1986 ਦੀ ਹੈ। ਮੈਂ 10 ਕੁ ਮਹੀਨੇ ਪਹਿਲਾਂ ਹੀ ਸਟੇਟ ਬੈਂਕ ਆਫ ਪਟਿਆਲਾ ਸੁਨਾਮ ਵਿੱਚ ਬਤੌਰ ਕਲਰਕ-ਕਮ-ਕੈਸ਼ੀਅਰ ਡਿਊਟੀ ਸੰਭਾਲੀ ਸੀ ਤੇ ਉਮਰ ਕਰੀਬ 22 ਕੁ ਸਾਲ ਸੀ। ਕਾਲਜ ਲਾਈਫ ਤੇ ਸਟੂਡੈਂਟ ਜਥੇਬੰਦੀਆਂ ਵਿੱਚ ਮੋਹਰੀ ਕੰਮ ਕਰਨ ਕਾਰਣ ਜੋਸ਼ ਜ਼ਿਆਦਾ ਤੇ ਹੋਸ਼ ਘੱਟ ਹੁੰਦੀ ਸੀ।
ਉਸ ਦਿਨ ਸਵੇਰੇ ਬੈਂਕ ਵਿੱਚ ਗਿਆ ਤਾਂ ਮੇਰਾ ਸੀਨੀਅਰ ਸਾਥੀ ਪਵਨ ਬਾਂਸਲ ਆਪਣੇ ਟੇਬਲ ’ਤੇ ਅਖਬਾਰ ਪੜ੍ਹ ਰਿਹਾ ਸੀ।
“ਬਚ ਗਿਆ ਕੱਲ੍ਹ ਤਾਂ ਰਾਜੀਵ ਗਾਂਧੀ, ਮਾਰ ਦੇਣਾ ਸੀ। ਗੋਲੀਆਂ ਤਾਂ ਚਲਾ ਦਿੱਤੀਆਂ ਸੀ, ਕਿਸਮਤ ਚੰਗੀ ਨਾਲ ਹੀ ਬਚ ਗਿਆ। ਆਹ ਫੋਟੋ ਵੀ ਆਈ ਐ ਅਖਬਾਰ ਵਿੱਚ।” ਪਵਨ ਨੇ ਮੈਨੂੰ ਸੰਬੋਧਨ ਹੁੰਦੇ ਕਿਹਾ।
“ਦਿਖਾਇਓ ਜੀ ਅਖਬਾਰ ਦੀ ਫੋਟੋ।” ਮੈਂ ਪਵਨ ਤੋਂ ਅਖਬਾਰ ਫੜਦੇ ਨੇ ਕਿਹਾ।
“ਕਹਿੰਦੇ ਨੇ ਮੁੰਡਾ ਸੁਨਾਮ ਦਾ ਐ।” ਪਵਨ ਨੇ ਸੁਣੀ-ਸੁਣਾਈ ਗੱਲ ਕਹਿ ਮਾਰੀ।
“ਸੁਨਾਮ ਦਾ ਐ? ਜੇ ਸੁਨਾਮ ਦਾ ਐ, ਤਾਂ ਇਹ ਰਣਬੀਰ ਕਾਲਜ ਦਾ ਮੇਰਾ ਕਲਾਸਮੇਟ ਤੇ ਮਿੱਤਰ ਕਰਮਜੀਤ ਐ।” ਮੈਂ ਬਿਨਾ ਕੁਝ ਸੋਚੇ ਸਮਝੇ ਬਿਆਨ ਦਾਗ ਦਿੱਤਾ।
“ਮੂੰਹ ਬੰਦ ਕਰ ਲੈ ਹੁਣ, ਵੱਡਾ ਆਇਆ ਐ ਮਿੱਤਰ ਵਾਲਾ। ਦੁਬਾਰਾ ਨਾ ਇਹ ਗੱਲ ਮੂੰਹ ਵਿੱਚੋਂ ਕੱਢੀ ਕਿ ਇਹ ਤੇਰਾ ਦੋਸਤ ਐ।” ਪਵਨ ਨੇ ਮੈਨੂੰ ਪਿਆਰ ਭਰੀ ਝਿੜਕ ਮਾਰਦੇ ਹੋਏ ਤਾੜਨਾ ਕੀਤੀ।
“ਕਿਉਂ ਜੀ?” ਮੈਂ ਮੋੜਕੇ ਪੁੱਛਿਆ।
“ਤੈਨੂੰ ਪਤਾ ਐ ਕਿ ਨਹੀਂ, ਕਿਸੇ ਦੇ ਵੀ ਕਰਮਜੀਤ ਨਾਲ ਮਾੜੇ-ਮੋਟੇ ਸਬੰਧਾਂ ਦਾ ਪਤਾ ਪੁਲਿਸ ਨੂੰ ਲਗਦਾ ਐ, ਉਸੇ ਵੇਲੇ ਚੁੱਕ ਕੇ ਲੈ ਜਾਂਦੀ ਐ? ਹੋਰ ਨਾ ਲੱਤਾਂ ਤੁੜਵਾ ਲਵੀਂ ਕਿਤੇ, ਫੁਕਰਪੰਥੀ ਵਿੱਚ।”
ਪਵਨ ਨੇ ਫਿਰ ਮੈਨੂੰ ਚੁੱਪ ਰਹਿਣ ਦੀ ਨਸੀਹਤ ਕੀਤੀ।
ਖੈਰ ਮੈਂ ਉਸ ਤੋਂ ਬਾਦ ਚੁੱਪ ਰਿਹਾ ਪਰ ਮੇਰੇ ਮਨ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਦੀ ਘਟਨਾ ਇੱਕ ਫਿਲਮ ਵਾਂਗ ਘੁੰਮ ਗਈ।
“ਪਾਲੀ! ਪਛਾਣਿਆ ਨੀ ਮੈਨੂੰ?” ਜਾਣੇ-ਪਛਾਣੇ ਚਿਹਰੇ ਵਾਲੇ ਮੁੰਡੇ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਹੈਰਾਨੀ ਨਾਲ ਪੁੱਛਿਆ। ਉਸ ਸਮੇਂ ਉਹ ਤੇ ਮੈਂ ਪੀ.ਏ.ਪੀ. ਜਲੰਧਰ ਵਿੱਚ ਸਹਾਇਕ ਪੁਲਿਸ ਇੰਸਪੈਕਟਰ ਦਾ ਫਿਜ਼ੀਕਲ ਟਰਾਇਲ ਦੇਣ ਗਏ ਸੀ।
ਮੈਂ ਪਛਾਣ ਕੇ ਬੋਲਣ ਹੀ ਲੱਗਿਆ ਸੀ ਕਿ ਉਸਨੇ ਪਹਿਲਾਂ ਹੀ ਕਹਿ ਦਿੱਤਾ, “ਮੈਂ ਕਰਮਜੀਤ, ਸੁਨਾਮ ਵਾਲਾ।”
ਮੈਂ ਹੱਥ ਛੱਡਕੇ ਉਸ ਨੂੰ ਘੁੱਟਕੇ ਜੱਫੀ ਵਿੱਚ ਲੈ ਲਿਆ ਤੇ ਨਾਲ ਹੀ ਉਸਦੇ ਬੇ-ਢੰਗੇ ਤਰੀਕੇ ਨਾਲ ਕੱਟੇ ਵਾਲਾਂ ਨੂੰ ਹੱਥ ਲਾਉਂਦਿਆਂ ਕਿਹਾ, “ਆਹ ਕੀ ਬੂਬਣਾ ਸਾਧ ਬਣਿਆ ਫਿਰਦੈਂ ਓਏ। ਕੇਸ ਕਿਉਂ ਕਟਵਾ ਦਿੱਤੇ? ਪੱਗ ਨੀ ਬੰਨ੍ਹੀ?” ਮੈਂ ਸਵਾਲਾਂ ਦੀ ਝੜੀ ਲਾ ਦਿੱਤੀ।
ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਉਹ ਭੁੱਬਾਂ ਮਾਰਕੇ ਰੋ ਪਿਆ ਤੇ ਮੇਰੇ ਗੱਲ ਲੱਗਕੇ ਹਟਕੋਰੇ ਲੈਂਦਾ ਹੋਇਆ ਕਹਿਣ ਲੱਗਾ, “ਵੀਰੇ, ਦਿੱਲੀ ਦੰਗਿਆਂ ਦੀ ਮਾਰ ਵਿੱਚ ਆ ਗਏ ਸੀ। ਮੇਰੇ ਸਾਹਮਣੇ ਮੇਰਾ ਪਿਆਰਾ ਦੋਸਤ ਦੰਗਾਕਾਰੀਆਂ ਨੇ ਕੋਹ ਕੋਹ ਕੇ ਮਾਰ ਦਿੱਤਾ ਸੀ ਤੇ ਮੈਂ ਬਾਥਰੂਮ ਵਿੱਚ ਲੁਕ ਕੇ ਮਸਾ ਜਾਨ ਬਚਾਈ ਸੀ।
ਉਸ ਸਮੇਂ ਮੇਰੇ ਜ਼ਹਿਨ ਵਿੱਚ ਇਹ ਗੱਲ ਬਿਲਕੁਲ ਨਹੀਂ ਸੀ ਆਈ ਕਿ ਇਹ ਸ਼ਰੀਫ, ਮਿਹਨਤੀ, ਲਾਇਕ ਤੇ ਯਾਰਾਂ ਦਾ ਯਾਰ ਸਾਥੀ ਆਉਣ ਵਾਲੇ ਸਮੇਂ ਵਿੱਚ ਐਨਾ ਵੱਡਾ ਕਦਮ ਚੁੱਕਣ ਦੀ ਵਿਉਂਤ ਬਣਾ ਰਿਹਾ ਹੈ।
ਕਰਮਜੀਤ ਰਣਬੀਰ ਕਾਲਿਜ ਸੰਗਰੂਰ ਵਿੱਚ ਬੀ. ਐੱਸਸੀ (ਨਾਨ-ਮੈਡੀਕਲ) ਕਰਦੇ ਸਮੇਂ ਮੇਰਾ ਸਹਿਪਾਠੀ ਸੀ ਤੇ ਪੜ੍ਹਾਈ ਵਿੱਚ, ਖਾਸ ਕਰਕੇ ਪ੍ਰੈਕਟੀਕਲ ਵਿੱਚ ਬਹੁਤ ਹੁਸ਼ਿਆਰ ਸੀ। ਪਤਾ ਨਹੀਂ ਕੀ ਕਾਰਣ ਸੀ ਕਿ ਬੀ.ਐੱਸਸੀ. ਅੱਧ-ਵਿਚਕਾਰ ਛੱਡਕੇ ਉਹ ਦਿੱਲੀ ਚਲਾ ਗਿਆ ਤੇ ਉੱਥੇ ਹੀ ਕੰਮਕਾਜ ਸ਼ੁਰੂ ਕਰ ਲਿਆ ਤੇ ਨਾਲ ਹੀ ਪੜ੍ਹਾਈ ਵੀ ਕਰਦਾ ਰਿਹਾ। ਇਸ ਤੋਂ ਬਾਅਦ ਤਕਰੀਬਨ 4-5 ਸਾਲ ਸਾਡਾ ਆਪਸ ਵਿੱਚ ਕੋਈ ਸੰਪਰਕ ਨਹੀਂ ਹੋਇਆ ਤੇ ਅਚਾਨਕ ਹੀ 1985 ਵਿੱਚ ਪੀ. ਏ. ਪੀ. ਜਲੰਧਰ ਮਿਲਣ ਹੋਇਆ ਸੀ।
ਜ਼ਿੰਦਗੀ ਵਿੱਚ ਸਮਾਜ ਲਈ ਕੁਝ ਚੰਗਾ ਕਰਨ ਦੀ ਚਾਹਤ ਰੱਖਣ ਵਾਲੇ ਨੌਜਵਾਨ ਨੂੰ ਹਾਲਾਤ ਨੇ ਕਿਸ ਪਾਸੇ ਮੋੜਾ ਦੇ ਦਿੱਤਾ ਸੀ।
ਅੱਜ ਵੀ ਜਦੋਂ ਕਿਸੇ ਗੈਂਗਸਟਰ, ਖਾੜਕੂ ਜਾ ਕਿਸੇ ਅੱਤਵਾਦੀ ਦੀ ਖਬਰ ਦੇਖਦਾ, ਪੜ੍ਹਦਾ ਹਾਂ ਤਾਂ ਹਰੇਕ ਵਿੱਚ ਹੀ ਕਰਮਜੀਤ ਦਿਸਦਾ ਹੈ ਤੇ ਲਗਦਾ ਹੈ ਕਿ ਕੋਈ ਮਜਬੂਰੀ ਜਾਂ ਬੇਇਨਸਾਫ਼ੀ ਕਾਰਣ ਹੀ ਇਸ ਰਸਤੇ ਤੁਰਿਆ ਹੋਵੇਗਾ, ਨਹੀਂ ਤਾਂ ਕਿਸ ਦਾ ਮਨ ਕਰਦਾ ਹੈ ਅਜਾਈਂ ਮੌਤ ਮਰਨ ਦਾ ਜਾ ਜੇਲ੍ਹ ਵਿੱਚ ਕੈਦ ਹੋ ਕੇ ਰਹਿਣ ਦਾ।
ਕਾਸ਼, ਇਹੋ ਜਿਹੇ ਹਾਲਾਤ ਕਿਸੇ ਲਈ ਨਾ ਬਣਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4558)
(ਸਰੋਕਾਰ ਨਾਲ ਸੰਪਰਕ ਲਈ: (