“ਤੂੰ ਉਹੀ ਐਂ ਜਿਹੜਾ ਕੱਲ੍ਹ ਤਾਸ਼ ਖੇਡਦਿਆਂ ਭੱਜਿਆ ਸੀ? ...”
(13 ਅਕਤੂਬਰ 2020)
“ਅੰਦਰ ਕੌਣ ਐ?” ਮੇਰੇ ਜਾਗੋ-ਮੀਚੀ ਵਿੱਚ ਪਏ ਦੇ ਮੇਰੇ ਕੰਨਾਂ ਵਿੱਚ ਕੜਕਵੀਂ ਆਵਾਜ਼ ਪਈ। ਬਾਹਰ ਵਿਹੜੇ ਵਿੱਚ ਮੂੰਹ-ਹਨੇਰੇ ਰੋਟੀ ਬਣਾ ਰਹੀ ਮੇਰੀ ਮਾਤਾ ਜੀ ਨੂੰ ਕੋਈ ਪੁੱਛ ਰਿਹਾ ਸੀ।
ਪਿੰਡ ਵਿੱਚ ਸਾਡੀ ਰਿਹਾਇਸ਼ ਵੀ ਪਹਿਲੀ ਮੰਜ਼ਿਲ ਚੁਬਾਰਿਆ ਵਿੱਚ ਸੀ। ਹੇਠੋਂ ਗਲੀ ਵਿੱਚੋਂ ਵੀ ਆਵਾਜਾਂ ਆ ਰਹੀਆਂ ਸੀ, “ਇਹੀ ਘਰ ਐ, ਜਾਣ ਨਾ ਦਿਓ। ਘੇਰਾ ਪਾ ਕੇ ਰੱਖਿਓ।”
ਇਹ ਪੰਜਾਬ ਦੇ ਕਾਲੇ ਦਿਨਾਂ ਦੀ ਘਟਨਾ ਹੈ। ਆਮ ਇਨਸਾਨ ਚੱਕੀ ਦੇ ਦੋਂਹ ਪੁੜਾਂ ਵਿੱਚ ਪਿਸ ਰਿਹਾ ਸੀ। ਕਿਸੇ ਨੂੰ ਖਾੜਕੂਆਂ ਦਾ ਡਰ ਤੇ ਕਿਸੇ ਨੂੰ ਪੁਲਿਸ ਦੇ ਝੂਠੇ ਮੁਕਾਬਲਿਆਂ ਦਾ। ਜ਼ਿਆਦਾਤਰ ਹਿੰਦੂ, ਖਾਸ ਕਰਕੇ ਅਗਰਵਾਲ ਜਾਤੀ ਦੇ ਪਰਿਵਾਰ ਪਿੰਡਾਂ ਵਿੱਚੋਂ ਹਿਜਰਤ ਕਰ ਗਏ ਸੀ। ਸਾਡੇ ਪਰਿਵਾਰ ਨੂੰ ਵੀ ਮਿੱਤਰ-ਦੋਸਤ ਤੇ ਸਕੇ-ਸਬੰਧੀ ਪਿੰਡ ਵਿੱਚੋਂ ਕਿਸੇ ਸ਼ਹਿਰ ਜਾ ਫੇਰ ਪੰਜਾਬ ਤੋਂ ਹੀ ਬਾਹਰ ਸ਼ਿਫਟ ਕਰਨ ਲਈ ਕਹਿ ਰਹੇ ਸੀ। ਪਰ ਪਿੰਡ ਵਿੱਚ ਹੀ ਖੇਤੀ ਕਰਦੇ ਹੋਣ ਕਾਰਣ ਤੇ ਇਸ ਵਿਸ਼ਵਾਸ ਨਾਲ ਕਿ ਜਿੱਥੇ ਲਿਖੀ ਐ, ਮੌਤ ਨੇ ਉੱਥੇ ਹੀ ਆਉਣੈ, ਅਸੀਂ ਪਿੰਡ ਵਿੱਚ ਹੀ ਟਿਕੇ ਰਹੇ।
ਮੈਂ ਅੰਦਰ ਪਿਆ ਸੀ। ਬੇਸ਼ਕ ਦਰਵਾਜਾ ਬੰਦ ਸੀ ਪਰ ਕੁੰਡੀ ਨਹੀਂ ਲੱਗੀ ਹੋਈ ਸੀ। ਇੱਕ ਦਮ ਹੀ ਤਿੰਨ ਚਾਰ ਨੌਜਵਾਨ ਦਰਵਾਜੇ ਨੂੰ ਧੱਕਾ ਮਾਰ ਕੇ ਅੰਦਰ ਆ ਵੜੇ। ਮੈਂ ਤ੍ਰਬਕ ਕੇ ਉੱਠਿਆ ਤਾਂ ਤਿੰਨ-ਚਾਰ ਏਕੇ-47 ਦੇ ਮੂੰਹ ਮੇਰੇ ਵੱਲ ਸੀ।
"ਹੈਂਡਜ਼ ਅੱਪ।” ਇੱਕ ਪੁਲਸੀਆ ਗਰਜਿਆ ਤੇ ਮੈਂ ਹੱਥ ਉੱਪਰ ਖੜ੍ਹੇ ਕਰ ਦਿੱਤੇ।
"ਤੂੰ ਉਹੀ ਐਂ ਜਿਹੜਾ ਕੱਲ੍ਹ ਤਾਸ਼ ਖੇਡਦਿਆਂ ਭੱਜਿਆ ਸੀ?”
“ਜੀ ਹਾਂ।” ਹੁਣ ਮੈਂ ਪੁਲਿਸ ਵਾਲੇ ਨੂੰ ਪਹਿਚਾਣਦਿਆਂ ਤੇ ਖੌਫ ਤੋਂ ਕੁਝ ਹੱਦ ਤਕ ਬਾਹਰ ਆਉਂਦਿਆ ਜਵਾਬ ਦਿੱਤਾ। ਮੇਰੇ ਮਨ ਨੂੰ ਕੁਝ ਤਸੱਲੀ ਹੋਈ ਇਹ ਕਿ ਪੁਲਿਸ ਵਾਲੇ ਨੇ।
“ਆਹ ਕੀ ਐ?” ਇੱਕ ਸਿਪਾਹੀ ਨੇ ਕਮਰੇ ਦੇ ਨਾਲ ਹੀ ਬਣੇ ਹੋਏ ਭੋਰੇ ਦੇ ਖਿੜਕੀ-ਨੁਮਾ ਦਰਵਾਜੇ ਨੂੰ ਹੱਥ ਪਾਉਂਦਿਆ ਮੈਨੂੰ ਪੁੱਛਿਆ।
"ਇਹ ਤਾਂ ਭੋਰਾ ਐ ਜੀ।”
“ਕੌਣ ਐ ਇਹਦੇ ’ਚ?” ਸਿਪਾਹੀ ਨੇ ਫਿਰ ਪੁਲਸੀਆ ਅੰਦਾਜ਼ ਵਿੱਚ ਪੁੱਛਿਆ।
“ਕੋਈ ਨਹੀਂ ਜੀ, ਵਾਧੂ-ਘਾਟੂ ਦਾ ਸਾਮਾਨ ਰੱਖ ਦਿੰਨੇ ਆਂ ਜੀ ਇਹਦੇ ’ਚ।” ਮੈਂ ਸਫਾਈ ਦਿੱਤੀ।
ਪੁਲਿਸ ਵਾਲਿਆਂ ਦਾ ਸ਼ੱਕ ਵਧ ਰਿਹਾ ਸੀ। ਇੱਕ ਪੁਲਿਸ ਵਾਲਾ ਫੁਰਤੀ ਨਾਲ ਭੋਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਜਾ ਵੜਿਆ ਤੇ ਬਾਕੀ ਦੋ ਪੁਲਿਸ ਵਾਲੇ ਪੁਜੀਸ਼ਨਾ ਲੈ ਕੇ ਬਾਹਰ ਖੜ੍ਹੇ ਰਹੇ।
"ਅੰਦਰ ਤਾਂ ਕੋਈ ਨਹੀ"ਅੰਦਰ ਗਏ ਸਿਪਾਹੀ ਨੇ ਭੋਰੇ ਵਿੱਚੋਂ ਬਾਹਰ ਨਿਕਲਦਿਆ ਕਿਹਾ। ਹੁਣ ਮੈਂ ਵੀ ਬੇ-ਫਿਕਰ ਹੋ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਕੋਈ ਗਲਤ-ਫਹਿਮੀ ਹੋਈ ਐ ਪੁਲਿਸ ਨੂੰ।
“ਬੈਠੋ ਬਾਈ ਜੀ, ਚਾਹ ਪੀਨੇ ਆਂ ਘੁੱਟ-ਘੁੱਟ।” ਮੈਂ ਪੰਜਾਬੀ ਪਰਾਹੁਣਚਾਰੀ ਦਿਖਾਉਂਦਿਆ ਕਿਹਾ।
ਉਹ ਬਗੈਰ ਹਾਂ-ਨਖ਼ਹ ਕੀਤੇ ਪੌੜੀਆਂ ਉੱਤਰ ਕੇ ਥੱਲੇ ਚਲੇ ਗਏ।
ਪੁਲਿਸ ਵਾਲਿਆਂ ਵਲੋਂ ਮੈਂਨੂੰ ਇਹ ਪੁੱਛਣਾ ਕਿ ਤੂੰ ਉਹੀ ਹੈਂ ਜਿਹੜਾ ਤਾਸ਼ ਖੇਡਦਿਆਂ ਭੱਜਿਆ ਸੀ, ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ 1992 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਤੇ ਗਰਮ-ਖਿਆਲੀਆਂ ਨੇ ਵੋਟਾਂ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਵੀ ਵੋਟ ਪਾਉਣ ਗਿਆ, ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਇੱਕਾ-ਦੁੱਕਾ ਵਿਅਕਤੀਆਂ ਨੇ ਹੀ ਵੋਟ ਪਾਉਣ ਦੀ ਜੁਰਅਤ ਕੀਤੀ ਸੀ। ਵੋਟਾਂ ਵਾਲੇ ਦਿਨ ਅਸੀਂ ਪਿੰਡ ਵਿਚਲੀ ਧਰਮਸ਼ਾਲਾ ਵਿੱਚ ਤਾਸ਼ ਖੇਡ ਰਹੇ ਸੀ। ਉਸੇ ਸਮੇਂ ਪੁਲਿਸ ਦਾ ਇੱਕ ਟੈਂਪੂ ਭਰਕੇ ਆਇਆ ਤੇ ਸਾਨੂੰ ਕਹਿਣ ਲੱਗੇ, “ਚਲੋ ਵੋਟਾਂ ਪਾ ਕੇ ਆਓ।”
ਸਾਰਿਆਂ ਨੇ ਉਹਨਾਂ ਦੀ ਗੱਲ ਅਣ-ਸੁਣੀ ਕਰਕੇ ਸੀਪ ਦੀ ਬਾਜ਼ੀ ਵਿੱਚ ਮਸਰੂਫ ਰਹੇ।
“ਮੈਨੇਜਰ ਸਾਹਿਬ, ਤੁਸੀਂ ਤਾਂ ਸਿਆਣੇ ਹੋ, ਤੁਸੀਂ ਤਾਂ ਚੱਲੋ ਵੋਣ ਪਾਉਣ।” ਇੱਕ ਛੋਟੇ ਥਾਣੇਦਾਰ ਨੇ ਮੈਂਨੂੰ ਪਹਿਚਾਣਦਿਆਂ ਕਿਹਾ।
“ਬਾਈ ਜੀ, ਅਸੀਂ ਤਾਂ ਕਮਲੇ ਹੀ ਚੰਗੇ ਹਾਂ, ਜੇ ਕਮਲੇ ਰਹਿ ਕੇ ਜਾਨ ਬਚਦੀ ਐ।” ਮੈਂ ਟਕੋਰ ਮਾਰਦਿਆਂ ਜਵਾਬ ਦਿੱਤਾ।
ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡਿਪਟੀ “ਕਾਲੇ” ਨੇ ਹੁਕਮ ਚਾੜ੍ਹਿਆ, “ਫੜਕੇ ਸੁੱਟ ਲਓ ਸਾਰਿਆ ਨੂੰ ਟੈਂਪੂ ’ਚ, ਤੇ ਲੈ ਚੱਲੋ ਪੋਲਿੰਗ ਸੈਂਟਰ।”
ਸੁਣਦੇ ਸਾਰ ਹੀ ਪੁਲਿਸ ਟੀਮ ਸਾਡੇ ’ਤੇ ਟੁੱਟ ਪਈ। ਅਸੀਂ ਜਿਹੜੇ ਜਵਾਨ ਤੇ ਫੁਰਤੀਲੇ ਸੀ, ਉਹ ਤਾਂ ਕੰਧਾਂ-ਕੋਠੇ ਟੱਪ ਕੇ ਭੱਜ ਗਏ ਪਰ ਸਿਆਣੀ ਉਮਰ ਦੇ ਬੰਦਿਆਂ ਨੂੰ ਪੁਲਿਸ ਧੱਕੇ ਨਾਲ ਟੈਂਪੂ ਵਿੱਚ ਸੁੱਟ ਕੇ ਪੋਲਿੰਗ ਸਟੇਸ਼ਨ ਲੈ ਗਈ। ਮੇਰੇ ਘਰ ਪਈ “ਰੇਡ” ਚੋਣਾਂ ਵਾਲੇ ਦਿਨ ਤੋਂ ਅਗਲੇ ਦਿਨ ਦੀ ਹੀ ਹੈ।
ਅਸਲੀਅਤ ਇਹ ਸੀ ਕਿ ਪਿੰਡ ਵਿੱਚ ਸਾਡੇ ਘਰ ਦੇ ਨਾਲ ਸਾਂਝੀ ਕੰਧ ਵਾਲਾ ਪੰਡਿਤਾ ਦਾ ਇੱਕ ਮਕਾਨ ਸੀ ਤੇ ਉਸ ਘਰ ਵਿੱਚ ਨਾ ਬਦਲ ਕੇ ਇੱਕ ਖਾੜਕੂ ਰਹਿ ਰਿਹਾ ਸੀ। ਪਿੰਡ ਵਿੱਚ ਕਿਸੇ ਨੂੰ ਵੀ ਉਸ ’ਤੇ ਕਦੇ ਸ਼ੱਕ ਨਹੀਂ ਸੀ ਹੋਇਆ। ਕਿਸੇ ਮੁਖਬਰੀ ਦੇ ਆਧਾਰ ’ਤੇ ਪੁਲਿਸ ਨੇ ਛਾਪਾ ਤਾਂ ਉਸ ਘਰ ਮਾਰਿਆ ਸੀ ਪਰ ਸਾਡਾ ਘਰ ਨਾਲ ਲਗਦਾ ਹੋਣ ਕਾਰਣ ਘੇਰੇ ਵਿੱਚ ਲੈ ਲਿਆ ਗਿਆ ਸੀ।
ਮੌਤ ਨਾਲ ਸਾਹਮਣਾ ਤਾਂ ਉਹਨਾਂ ਦਿਨਾਂ ਵਿੱਚ ਹੋਰ ਵੀ ਕਈ ਵਾਰ ਹੋਇਆ ਪਰ ਇਸ ਘਟਨਾ ਨੇ ਮੇਰੇ ਮਨ ਵਿੱਚ ਸਭ ਤੋਂ ਵੱਧ ਖੌਫ ਪੈਦਾ ਕੀਤਾ ਸੀ। ਹੁਣ ਵੀ ਜਦੋਂ ਕਦੇ ਪਿੰਡ ਜਾਂਦੇ ਹਾਂ ਤਾਂ 28 ਸਾਲ ਬਾਦ ਵੀ ਅੱਜ ਉਹ ਘਟਨਾ ਇੱਕ ਫਿਲਮ ਵਾਂਗ ਸਾਹਮਣੇ ਆ ਜਾਂਦੀ ਹੈ।
ਸ਼ਾਲਾ, ਮੁੜ ਤੋਂ ਪੰਜਾਬ ਨੂੰ ਉਹ ਦਿਨ ਨਾ ਦੇਖਣੇ ਪੈਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2374)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)