“ਮੈਂ ਤੁਹਾਡੀ ਵਗਾਰ ਕਰਨ ਲਈ ਨੀ ਬੈਠਾ ਇੱਥੇ। ਪਰਚੀ ਬਿਨਾ ਫੋਟੋਸਟੇਟ ਨਹੀਂ ਹੋਣੀ। ਕਹਿ ਦੇਈਂ ਆਪਣੇ ...”
(4 ਅਗਸਤ 2023)
“ਸਰ, ਉਹ ਫੋਟੋਸਟੇਟ ਵਾਲਾ ਕਹਿੰਦਾ, ਪਹਿਲਾ ਪਰਚੀ ਲੈ ਕੇ ਆ, ਫੇਰ ਕਰੂੰ ਫੋਟੋਸਟੇਟ।” ਬੈਂਕ ਦੇ ਪੀਅਨ ਨੇ ਰੋਂਦੂ ਜਿਹਾ ਮੂੰਹ ਬਣਾਉਂਦੇ ਹੋਏ ਕਿਹਾ।
“ਤੂੰ ਕਹਿਣਾ ਸੀ ਕਿ ਪਰਚੀ ਬਾਅਦ ਵਿੱਚ ਭੇਜ ਦਿੰਦੇ ਹਾਂ, ਮੈਨੇਜਰ ਸਾਹਿਬ ਰੁੱਝੇ ਹੋਏ ਸੀ ਕੰਮ ਵਿੱਚ।” ਮੈ ਉਸ ਨੂੰ ਪਿਆਰ ਨਾਲ ਕਿਹਾ।
“ਕਿਹਾ ਸੀ ਜੀ, ਪਰ ਉਹ ਕਹਿੰਦਾ ਕਿ ਮੈਂ ਤੁਹਾਡੀ ਵਗਾਰ ਕਰਨ ਲਈ ਨੀ ਬੈਠਾ ਇੱਥੇ। ਪਰਚੀ ਬਿਨਾ ਫੋਟੋਸਟੇਟ ਨਹੀਂ ਹੋਣੀ। ਕਹਿ ਦੇਈਂ ਆਪਣੇ ਮੈਨੇਜਰ ਨੂੰ।” ਪੀਅਨ ਨੇ ਜਵਾਬ ਦਿੱਤਾ।
ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਫੋਟੋਸਟੇਟ ਵਾਲੀ ਦੁਕਾਨ ਦੇ ਮਾਲਿਕ ਨੂੰ ਫੋਨ ਮਿਲਾਇਆ, “ਸਿੰਘ ਸਾਹਿਬ, ਸਭ ਠੀਕ-ਠਾਕ ਤਾਂ ਹੈ? ਮੁੰਡਾ ਭੇਜਿਆ ਸੀ ਕੁਝ ਕਾਗਜ਼ਾਤ ਫੋਟੋਸਟੇਟ ਕਰਾਉਣ ਲਈ, ਤੁਸੀਂ ਜਵਾਬ ਹੀ ਦੇ ਦਿੱਤਾ। ਕੀ ਗੱਲ, ਨਾਰਾਜ਼ਗੀ ਐ ਜਨਾਬ ਕੁਝ?”
“ਆਹੋ, ... ਨਾਂਹ ਕੀਤੀ ਐ। ਪਰਚੀ ਬਗੈਰ ਮੈਂ ਨਹੀਂ ਕਰਦਾ ਫੋਟੋਸਟੇਟ।” ਦੁਕਾਨ ਦੇ ਮਾਲਿਕ ਨੇ ਕੁਰੱਖਤੀ ਨਾਲ ਜਵਾਬ ਦਿੱਤਾ। ਮੈਨੂੰ ਇਸ ਤਰ੍ਹਾਂ ਦੇ ਜਵਾਬ ਦੀ ਉੱਕਾ ਹੀ ਉਮੀਦ ਨਹੀਂ ਸੀ।
ਇਹ ਗੱਲ 2006-07 ਦੀ ਹੈ। ਉਦੋਂ ਮੈਂ ਮਾਲਵਾ ਗ੍ਰਾਮੀਣ ਬੈਂਕ ਦੀ ਸੰਗਰੂਰ ਸ਼ਾਖਾ ਵਿੱਚ ਮੈਨੇਜਰ ਸੀ। ਉਸ ਸਮੇਂ ਬੈਂਕ ਕੋਲ ਆਪਣੀ ਫੋਟੋਸਟੇਟ ਮਸ਼ੀਨ ਬਗੈਰਾ ਨਹੀਂ ਸੀ ਹੁੰਦੀ। ਪੰਜਾਬ ਸਰਕਾਰ ਵਿੱਚੋ ਰਿਟਾਇਰ ਹੋਏ ਇੱਕ ਅਫਸਰ ਨੇ, ਜਿਸ ਨਾਲ ਮੇਰੀ ਥੋੜ੍ਹੀ ਜਿਹੀ ਜਾਣ-ਪਹਿਚਾਣ ਪਹਿਲਾਂ ਹੀ ਸੀ, ਬੈਂਕ ਤੋਂ ਥੋੜ੍ਹੀ ਦੂਰੀ ’ਤੇ ਫੋਟੋਸਟੇਟ ਦਾ ਕੰਮ ਸ਼ੁਰੂ ਕੀਤਾ ਸੀ।
“ਬਾਂਸਲ ਸਾਹਿਬ, ਮੈਂ ਫੋਟੋਸਟੇਟ ਦਾ ਕੰਮ ਸ਼ੁਰੂ ਕੀਤਾ ਹੈ, ਤੁਹਾਡੀ ਬੈਂਕ ਤੋਂ ਚਾਰ ਦੁਕਾਨਾਂ ਛੱਡਕੇ, ਫੋਟੋਸਟੇਟ ਦੀ ਸੇਵਾ ਮੈਨੂੰ ਦਿਆ ਕਰੋ ਜੀ।” ਇੱਕ ਦਿਨ ਉਸਨੇ ਮੇਰੀ ਕੈਬਿਨ ਵਿੱਚ ਆ ਕੇ ਬੇਨਤੀ ਕਰਦਿਆਂ ਕਿਹਾ ਸੀ।
“ਕੋਈ ਗੱਲ ਨੀ ਸਿੰਘ ਸਾਹਿਬ, ਅਸੀਂ ਤਾਂ ਕੰਮ ਕਰਵਾਉਣਾ ਹੀ ਹੁੰਦਾ ਹੈ। ਤੁਹਾਡੇ ਤੋਂ ਕਰਵਾ ਲਿਆ ਕਰਾਂਗੇ। ਬੈਠੋ, ਚਾਹ ਦਾ ਕੱਪ ਸਾਂਝਾ ਕਰਦੇ ਆਂ। ਮੈਂ ਅਪਣੱਤ ਦਿਖਾਉਂਦਿਆਂ ਕਿਹਾ। ਪੀਅਨ ਨੂੰ ਬੁਲਾਕੇ ਚਾਹ ਲਿਆਉਣ ਲਈ ਕਿਹਾ ਤੇ ਨਾਲ ਹੀ ਉਸ ਨੂੰ ਤਾਕੀਦ ਕੀਤੀ ਕਿ ਅੱਜ ਤੋਂ ਬਾਅਦ ਬੈਂਕ ਦੇ ਕੋਈ ਵੀ ਕਾਗਜ਼ਾਤ ਫੋਟੋਸਟੇਟ ਕਰਾਉਣਾ ਹੋਵੇ ਤਾਂ ਆਹ ਸਿੰਘ ਸਾਹਿਬ ਦੀ ਦੁਕਾਨ ਤੋਂ ਕਰਾਉਣਾ ਹੈ।
ਖੈਰ, ਬੈਂਕ ਦੇ ਕਾਗਜ਼ਾਤ ਦੀ ਫੋਟੋਸਟੇਟ ਅਸੀਂ ਉਨ੍ਹਾਂ ਦੀ ਦੁਕਾਨ ਤੋਂ ਕਰਵਾਉਣ ਲੱਗ ਪਏ। ਫੋਟੋਸਟੇਟ ਕਰਵਾਉਣ ਵਾਲੀਆਂ ਕਾਪੀਆ ਦੀ ਗਿਣਤੀ ਮੁਤਾਬਿਕ ਇੱਕ ਪਰਚੀ ਅਸੀਂ ਭੇਜ ਦਿੰਦੇ ਸੀ ਤੇ ਮਹੀਨੇ ਦੇ ਅੰਤ ’ਤੇ ਹਿਸਾਬ ਕਰਕੇ ਭੁਗਤਾਨ ਕਰ ਦਿੰਦੇ ਸੀ। ਕਾਫੀ ਦੇਰ ਇਹ ਠੀਕ-ਠਾਕ ਚਲਦਾ ਰਿਹਾ।
ਫੋਟੋਸਟੇਟ ਦੁਕਾਨ ਦੇ ਮਾਲਿਕ ਦੇ ਇਸ ਵਰਤਾਓ ਤੋਂ ਮੈਨੂੰ ਕਾਫੀ ਦੁੱਖ ਵੀ ਹੋਇਆ ਤੇ ਗੁੱਸਾ ਵੀ ਆਇਆ। ਜੱਕੋ-ਤੱਕੀ ਵਿੱਚ ਮੈਂ ਦੁਕਾਨ ’ਤੇ ਚਲਾ ਗਿਆ। ਮੇਰਾ ਮਨ ਬੇਸ਼ਕ ਦੁਖੀ ਸੀ ਪਰ ਮੈਂ ਗੱਲ ਵਧਾਉਣ ਦੇ ਮੂਡ ਵਿੱਚ ਨਹੀਂ ਸੀ।
“ਸਿੰਘ ਸਾਹਿਬ, ਗਰਮੀ ਹੀ ਬਹੁਤ ਐ। ਤੁਹਾਡਾ ਵੀ ਕੀ ਕਸੂਰ ਐ। ਸਿਰ ਨੂੰ ਵੀ ਚੜ੍ਹ ਜਾਂਦੀ ਐ ਗਰਮੀ।” ਮੈਂ ਆਪਣੇ ਤਰੀਕੇ ਨਾਲ ਉਸ ਨੂੰ ਸ਼ਾਂਤ ਕਰਨ ਲਈ ਇੱਕ ਕਿਸਮ ਦੀ ਤਨਜ ਮਾਰੀ।
“ਕੀ ਮਤਲਬ ਐ ਤੇਰਾ? ਮੈਨੇਜਰ ਹੋਏਂਗਾ ਆਪਣੇ ਬੈਂਕ ਵਿੱਚ, ਮੈਂ ਵੀ ਗਜਟਿਡ ਅਫਸਰ ਹਾਂ।” ਉਸ ਨੇ ਨਾਸਾਂ ਫੁਲਾਉਂਦੇ ਹੋਏ ਤੇ ਮੇਰੇ ਵੱਲ ਸੂਈ ਕੁੱਤੀ ਵਾਂਗ ਝਾਕਦੇ ਹੋਏ ਕਿਹਾ। ਉਸ ਦੀ ਇਸ ਤਰ੍ਹਾਂ ਦੀ ਬੋਲਬਾਣੀ ਤੋਂ ਮੈਂ ਸਮਝ ਗਿਆ ਕਿ ਇਸ ਨੂੰ ਨਰਮ ਭਾਸ਼ਾ ਸਮਝ ਨਹੀਂ ਆਉਣੀ। ਆਪਣੇ ਸੁਭਾਅ ਮੁਤਾਬਕ ਮੈਂ ਜਲਦੀ ਤੈਸ਼ ਵਿੱਚ ਨਹੀਂ ਆਉਂਦਾ ਪਰ ਜਦੋਂ ਲੱਗੇ ਕਿ ਅਗਲਾ ਮੇਰੀ ਨਰਮੀ ਜਾ ਚੁੱਪ ਨੂੰ ਮੇਰੀ ਕੰਮਜ਼ੋਰੀ ਸਮਝਦਾ ਹੈ ਤਾਂ ਫੇਰ ਮੈਂ ਨਫਾ-ਨੁਕਸਾਨ ਨਹੀਂ ਦੇਖਦਾ।
“ਤੂੰ ਅਫਸਰ ਹੈ ਨਹੀਂ, ਹੁੰਦਾ ਸੀ। ਇੱਥੇ ਹੁਣ ਤੂੰ ਅਫਸਰ ਦੀ ਕੁਰਸੀ ’ਤੇ ਨੀ ਬੈਠਾ, ਤੂੰ ਹੁਣ ਫੋਟੋਸਟੇਟ ਮਸ਼ੀਨ ਚਲਾਉਣ ਵਾਲਾ ਇੱਕ ਦੁਕਾਨਦਾਰ ਐਂ। ਇੱਕ ਇੱਕ ਕਾਪੀ ਪਿੱਛੇ ਪੰਜੀ-ਦਸੀ ਬਚਦੀ ਹੋਊ ਤੈਨੂੰ। ਹੁਣ ਅਫਸਰੀ ਭੁੱਲ ਜਾ। ਮੈਂ ਨਹੀਂ ਸੀ ਆਇਆ ਤੇਰੇ ਕੋਲ, ਤੂੰ ਆਇਆ ਸੀ ਮੇਰੇ ਕੋਲ ਕੰਮ ਮੰਗਣ।” ਹੁਣ ਮੇਰੇ ਅੰਦਰ ਵੀ ਗੁੱਸੇ ਦਾ ਲਾਵਾ ਫੁੱਟ ਚੁੱਕਿਆ ਸੀ।
3-4 ਮਿੰਟ ਗਰਮਾ-ਗਰਮ ਬਹਿਸ ਤੋਂ ਬਾਅਦ ਅਸੀਂ ਦੋਨੋਂ ਚੁੱਪ ਕਰਕੇ ਬੈਠ ਗਏ ਤੇ ਸ਼ਾਂਤ ਵੀ ਹੋ ਗਏ।
“ਸਿੰਘ ਸਾਹਿਬ, ਆਪਣਾ ਛੋਟਾ ਜਿਹਾ ਸ਼ਹਿਰ ਹੈ। ਪਤਾ ਨੀ ਇੱਕ-ਦੂਜੇ ਨੂੰ ਕਦੋਂ ਤੇ ਕਿੱਥੇ ਮਿਲ ਪਈਏ। ਚੰਗਾ ਨੀ ਲੱਗਣਾ ਇਹੋ ਜਿਹੇ ਮੌਕਿਆਂ ’ਤੇ ਇੱਕ ਦੂਜੇ ਤੋਂ ਪਾਸਾ ਵੱਟਦੇ।” ਮੇਰੇ ਦਿਮਾਗ ਵਿੱਚ ਹੁਣ ਸ਼ਹਿਰਦਾਰੀ ਰੱਖਣ ਦੀ ਗੱਲ ਆ ਰਹੀ ਸੀ। ਉਹ ਵੀ ਹੁਣ ਤਕ ਕੁਝ ਠੰਢਾ ਹੋ ਚੁੱਕਿਆ ਸੀ।
“ਮੈਂ 5 ਵਜੇ ਤਕ ਬੈਂਕ ਵਿੱਚ ਹੀ ਹਾਂ., ਜੇ ਤੁਹਾਨੂੰ ਵੀ ਲਗਦਾ ਹੈ ਕਿ ਆਪਸ-ਦਾਰੀ ਰੱਖਣੀ ਹੈ ਤਾਂ ਆ ਜਾਇਓ ਬੈਂਕ ਵਿੱਚ, ਨਹੀਂ ਤਾਂ ਤੁਸੀਂ ਆਪਣੇ ਘਰ ਰਾਜ਼ੀ ਤੇ ਮੈਂ ਆਪਣੇ ਘਰੇ।” ਮੈਂ ਕੁਰਸੀ ਤੋਂ ਉੱਠਦਿਆਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤੇ ਵਾਪਸ ਬੈਂਕ ਵਿੱਚ ਆ ਗਿਆ।
ਉਹ ਘੰਟੇ ਕੁ ਬਾਦ ਹੀ ਬੈਂਕ ਵਿੱਚ ਆ ਗਿਆ ਤੇ ਕਹਿਣ ਲੱਗਾ, “ਮੈਨੇਜਰ ਸਾਹਿਬ, ਤੁਹਾਡੇ ਠਰ੍ਹੰਮੇ, ਸ਼ਹਿਣਸਕਤੀ ਤੇ ਸਬੰਧ ਕਾਇਮ ਰੱਖਣ ਦੀ ਪ੍ਰਵਿਰਤੀ ਨੇ ਮੈਨੂੰ ਕੀਲ ਲਿਆ ਹੈ। ਗਲਤੀ ਮੇਰੀ ਹੀ ਸੀ। ਤੁਹਾਡਾ ਗੁੱਸਾ ਜਾਇਜ਼ ਸੀ।” ਤੇ ਹੱਥ ਵਿੱਚ ਫੜਿਆ ਗਰਮਾ ਗਰਮ ਜਲੇਬੀਆਂ ਦਾ ਭਰਿਆ ਲਿਫਾਫਾ ਉਹਨੇ ਮੇਜ਼ ’ਤੇ ਰੱਖ ਦਿੱਤਾ।
ਮੈਂ ਵੀ ਆਪਣੀ ਸੀਟ ਤੋਂ ਉੱਠਿਆ ਤੇ ਉਸ ਨੂੰ ਘੁੱਟਕੇ ਜੱਫੀ ਪਾ ਲਈ ਤੇ ਸਾਰੇ ਸਟਾਫ ਨਾਲ ਜਲੇਬੀਆਂ ਦਾ ਆਨੰਦ ਮਾਣਿਆ। ਉਸ ਦਿਨ ਤੋਂ ਬਾਦ ਸਾਡੇ ਸਬੰਧ ਨੇੜਲੇ ਦੋਸਤਾਂ ਵਾਲੇ ਬਣ ਗਏ।
ਮੈਨੂੰ ਅੱਜ ਵੀ ਖੁਸ਼ੀ ਦਾ ਅਹਿਸਾਸ ਹੈ ਕਿ ਸ਼ਹਿਰ ਵਿਚਲੇ ਇੱਕ ਬਾਸ਼ਿੰਦੇ ਨਾਲ ਇੱਕ ਰਿਸ਼ਤੇ ਨੂੰ ਮੈਂ ਟੁੱਟਣ ਤੋਂ ਹੀ ਨਹੀਂ ਬਚਾਇਆ, ਬਲਕਿ ਹੋਰ ਮਜ਼ਬੂਤ ਕਰ ਲਿਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4130)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)