“ਡਾਕਟਰੀ ਵਿਗਿਆਨ ਅਨੁਸਾਰ ਕਿਸੇ ਵਿਅਕਤੀ ਵੱਲੋਂ ਡਾਕਟਰੀ ਦੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗ਼ੈਰ ਕਿਸੇ ...”
(25 ਅਕਤੂਬਰ 2023)
ਅਖੌਤੀ ਦੈਵੀ ਸ਼ਕਤੀ ਸਿੱਧ ਕਰਕੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦਾ ਸੱਦਾ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਧਾਰਮਿਕ ਆਸਥਾ ਦੀ ਆੜ ਹੇਠ ਭੋਲੇ ਭਾਲੇ ਲੋਕਾਂ ਵਿੱਚ ਅੰਧ ਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਫੈਲਾਉਣ ਵਾਲੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਢੌਂਗੀ ਬਾਬੇ ਧਿਰੇਂਦਰ ਸ਼ਾਸਤਰੀ ਨੂੰ ਪੰਜਾਬ ਵਿੱਚ ਕਿਸੇ ਵੀ ਜਗ੍ਹਾ ਉੱਤੇ ਆਪਣੀ ਅਖੌਤੀ ਦੈਵੀ ਸ਼ਕਤੀ ਸਿੱਧ ਕਰਕੇ ਸੁਸਾਇਟੀ ਦਾ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ ਅਤੇ ਲੋਕਾਂ ਨੂੰ ਅਜਿਹੇ ਪਖੰਡੀਆਂ ਦੇ ਝਾਂਸੇ ਤੋਂ ਬਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਬਲਬੀਰ ਲੋਂਗੋਵਾਲ, ਰਾਜਪਾਲ ਸਿੰਘ, ਸੁਮੀਤ ਸਿੰਘ ਅਤੇ ਜੋਗਿੰਦਰ ਕੁੱਲੇਵਾਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਬਾਬੇ ਵੱਲੋਂ ਆਪਣੀ ਅਖੌਤੀ ਦੈਵੀ ਸ਼ਕਤੀ ਨਾਲ ਸ਼ਰਧਾਂਲੂਆਂ ਦਾ ਚਿਹਰਾ ਵੇਖ ਕੇ ਪਰਚਾ ਲਿਖਣ, ਸਮੱਸਿਆਵਾਂ ਦੱਸਣ ਅਤੇ ਉਨ੍ਹਾਂ ਦਾ ਚਮਤਕਾਰੀ ਹੱਲ ਕਰਨ ਦਾ ਦਾਅਵਾ ਕਰਕੇ ਜਿੱਥੇ ਧਾਰਮਿਕ ਆਸਥਾ ਦੀ ਆੜ ਹੇਠ ਸ਼ਰਧਾਲੂਆਂ ਨੂੰ ਗੁਮਰਾਹ ਕਰਕੇ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਉੱਥੇ ਹੀ ਭਾਜਪਾ-ਸੰਘ ਦੇ ਹਿੰਦੂਤਵੀ ਏਜੰਡੇ ਹੇਠ ਦੇਸ਼ ਵਿੱਚ ਫ਼ਿਰਕੂ ਨਫਰਤ ਦਾ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਗੈਰ ਸੰਵਿਧਾਨਕ ਅਤੇ ਸਜ਼ਾਯੋਗ ਅਪਰਾਧ ਹੈ ਪਰ ਪੁਲੀਸ ਵੱਲੋਂ ਹਕੂਮਤੀ ਦਬਾਅ ਹੇਠ ਇਸਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਤਰਕਸ਼ੀਲ਼ ਆਗੂਆਂ ਨੇ ਬਾਬੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਵੱਲੋਂ ਇਸ ਸਾਲ ਮਹਾਰਾਸ਼ਟਰ ਵਿੱਚ ਬਾਗੇਸ਼ਵਰ ਬਾਬੇ ਨੂੰ ਆਪਣੀ ਅਖੌਤੀ ਦੈਵੀ ਸ਼ਕਤੀ ਸਿੱਧ ਕਰਕੇ 30 ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੱਤੀ ਗਈ ਸੀ ਪਰ ਇਹ ਬਾਬਾ ਚੁਣੌਤੀ ਕਬੂਲ ਕਰਨ ਦੀ ਥਾਂ ਆਪਣਾ ਸਮਾਗਮ ਦੋ ਦਿਨ ਪਹਿਲਾਂ ਹੀ ਖਤਮ ਕਰਕੇ ਭਗੌੜਾ ਹੋ ਗਿਆ ਸੀ।
ਤਰਕਸ਼ੀਲ ਆਗੂਆਂ ਨੇ ਸਪਸ਼ਟ ਕੀਤਾ ਕਿ ਡਾਕਟਰੀ ਵਿਗਿਆਨ ਅਨੁਸਾਰ ਕਿਸੇ ਵਿਅਕਤੀ ਵੱਲੋਂ ਡਾਕਟਰੀ ਦੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗ਼ੈਰ ਕਿਸੇ ਆਮ ਜਾਂ ਗੰਭੀਰ ਬਿਮਾਰੀ ਦੇ ਮਰੀਜ਼ ਦਾ ਜੰਤਰ-ਮੰਤਰ, ਪਾਠ ਪੂਜਾ, ਟੂਣੇ-ਟੋਟਕੇ, ਹਵਨ ਜਾਂ ਕਿਸੇ ਅਖੌਤੀ ਅਧਿਆਤਮਕ ਸ਼ਕਤੀ ਨਾਲ ਇਲਾਜ ਜਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ ਦਾ ਦਾਅਵਾ ਕਰਨ ਵਾਲੇ ਨੂੰ ਮੈਡੀਕਲ ਰਜਿਸਟ੍ਰੇਸ਼ਨ ਐਕਟ ਤਹਿਤ ਗ੍ਰਿਫਤਾਰ ਕਰਕੇ ਉਸ ਉੱਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਪਰ ਮੌਜੂਦਾ ਹਕੂਮਤਾਂ ਪਖੰਡੀ ਬਾਬਿਆਂ ਅਤੇ ਤਾਂਤਰਿਕਾਂ ਵੱਲੋਂ ਆਮ ਲੋਕਾਂ ਦੀ ਸ਼ਰੇਆਮ ਕੀਤੀ ਜਾ ਰਹੀ ਲੁੱਟ ਅਤੇ ਸ਼ੋਸ਼ਣ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ, ਰਾਮ ਸਵਰਨ ਲੱਖੇਵਾਲੀ, ਜਸਵੰਤ ਮੋਹਾਲੀ, ਜਸਵਿੰਦਰ ਫਗਵਾੜਾ, ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਧਾਰੀਵਾਲ ਭੋਜਾਂ ਨੇ ਦੋਸ਼ ਲਾਇਆ ਕਿ ਸਾਮਰਾਜ ਪੱਖੀ ਅਤੇ ਫ਼ਿਰਕੂ ਹਾਕਮ ਜਮਾਤਾਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਤੋਂ ਪਾਸੇ ਹਟਾਉਣ ਲਈ ਇੱਕ ਸਾਜ਼ਿਸ਼ ਹੇਠ ਦੇਸ਼ ਵਿੱਚ ਬਾਬਾਵਾਦ, ਡੇਰਾਵਾਦ, ਪਖੰਡਵਾਦ, ਅੰਧ ਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਫੈਲਾਏ ਜਾ ਰਹੇ ਹਨ, ਜਿਸ ਤੋਂ ਦੇਸ਼ ਦੀ ਜਨਤਾ ਅਤੇ ਲੋਕਪੱਖੀ ਜਮਹੂਰੀ ਤਾਕਤਾਂ ਨੂੰ ਵਿਗਿਆਨਕ ਪੱਧਰ ’ਤੇ ਸੁਚੇਤ ਹੋ ਕੇ ਇਸਦੇ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ।
ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਪਖੰਡੀ ਬਾਬਿਆਂ, ਮਿਸ਼ਨਰੀਆਂ, ਮੌਲਵੀਆਂ, ਭਾਈਆਂ, ਤਾਂਤਰਿਕਾਂ ਅਤੇ ਡੇਰਾਵਾਦੀਆਂ ਵੱਲੋਂ ਧਾਰਮਿਕ ਆਸਥਾ ਦੀ ਆੜ ਹੇਠ ਫੈਲਾਏ ਜਾ ਰਹੇ ਅੰਧ ਵਿਸ਼ਵਾਸ ਨੂੰ ਰੋਕਣ ਲਈ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਵਿੱਚ ਇੱਕ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ।
**
(ਸੁਮੀਤ ਸਿੰਘ, ਸੂਬਾਈ ਮੀਡੀਆ ਮੁਖੀ। (ਸੰਪਰਕ 91 – 76960 – 30173)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4421)
(ਸਰੋਕਾਰ ਨਾਲ ਸੰਪਰਕ ਲਈ: (