K C Rupana 7“ਸਮਾਂ ਬੀਤਦਾ ਗਿਆ। ਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ...”
(3 ਅਗਸਤ 2023)

ਕੋਈ ਤੀਹ ਬੱਤੀ ਸਾਲ ਪੁਰਾਣੀ ਗੱਲ ਹੈ। ਮੈਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਆਂਢ-ਗੁਆਂਢ ਮਜ਼ਦੂਰਾਂ ਅਤੇ ਛੋਟੀ ਕਿਸਾਨੀ ਵਾਲੇ ਘਰ ਸਨ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ ਕਿ ਮੈਨੂੰ ਗਲੀ ਵਿੱਚ ਸ਼ੋਰ-ਸ਼ਰਾਬੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਬਾਹਰ ਨਿਕਲ ਕੇ ਵੇਖਿਆ ਤਾਂ ਇੱਕ ਮਜ਼ਦੂਰ ਦੇ ਘਰ ਦੇ ਇਕੱਠ ਹੋਇਆ ਪਿਆ ਸੀ। ਪਤਾ ਲੱਗਿਆ ਕਿ ਭੋਲੇ ਨਾਂ ਦੇ ਮਜ਼ਦੂਰ ਨੇ ਚੂਹੇ ਮਾਰ ਦਵਾਈ ਘੋਲ ਕੇ ਪੀ ਲਈ ਸੀ। ਭੋਲਾ ਜ਼ਮੀਨ ’ਤੇ ਪਿਆ ਪਲਸੇਟੇ ਮਾਰ ਰਿਹਾ ਸੀ। ਭੋਲੇ ਦੀ ਪਤਨੀ ਅਤੇ ਆਂਢ-ਗੁਆਂਢ ਦੇ ਲੋਕ ਉਸ ਦੀ ਜਾਨ ਬਚਾਉਣ ਲਈ ਰੌਲਾ ਪਾਉਣ ਦੇ ਨਾਲ ਨਾਲ ਉਹੜ-ਪੋਹੜ ਵੀ ਕਰ ਰਹੇ ਸਨ। ਇੱਕ ਵਿਅਕਤੀ ਟਰੈਕਟਰ ਟਰਾਲੀ ਲੈ ਆਇਆ। ਅਸੀਂ ਪੰਜ ਛੇ ਜਣਿਆਂ ਨੇ ਰਲ ਕੇ ਭੋਲੇ ਨੂੰ ਮੰਜੇ ’ਤੇ ਲਿਟਾ ਕੇ ਮੰਜਾ ਟਰਾਲੀ ਵਿੱਚ ਰੱਖ ਲਿਆ ਅਤੇ ਨੇੜਲੇ ਸ਼ਹਿਰ ਵੱਲ ਚੱਲ ਪਏ। ਰਸਤੇ ਵਿੱਚ ਵੀ ਅਸੀਂ ਮਰੀਜ਼ ਦਾ ਮਾੜਾ ਮੋਟਾ ਉਹੜ-ਪੋਹੜ ਕਰਦੇ ਗਏ।

ਹਸਪਤਾਲ ਪੁੱਜਣ ਸਾਰ ਡਾਕਟਰ ਨੇ ਦਵਾਈਆਂ ਵਾਲੇ ਪਾਣੀ ਨਾਲ ਭੋਲੇ ਦਾ ਮਿਹਦਾ ਧੋ ਦਿੱਤਾ। ਕੰਪਾਉਡਰਾਂ ਨੇ ਕਾਹਲੀ ਕਾਹਲੀ ਟੀਕੇ-ਟੱਲੇ ਲਾਏ। ਤਿੰਨ ਚਾਰ ਘੰਟਿਆਂ ਬਾਅਦ ਸਥਿਤੀ ਖਤਰੇ ਤੋਂ ਬਾਹਰ ਜਾਪਣ ਲੱਗੀ।

ਮੇਰੇ ਮਨ ਅੰਦਰ ਵਾਰ ਵਾਰ ਇੱਕੋ ਪ੍ਰਸ਼ਨ ਉੱਠ ਰਿਹਾ ਸੀ ਕਿ ਇੰਨਾ ਹੱਟਾ ਕੱਟਾ, ਸਿੱਧਾ ਸਾਦਾ, ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਇਹ ਬੰਦਾ ਆਖਰ ਮਰਨਾ ਕਿਉਂ ਚਾਹੁੰਦਾ ਹੈ? ਛਾਣਬੀਣ ਉਪਰੰਤ ਪਤਾ ਲੱਗਿਆ ਕਿ ਭੋਲੇ ਦੀ ਪਤਨੀ ਬਹੁਤ ਚੁਸਤ-ਚਲਾਕ ਤੇ ਲੜਾਕੇ ਸੁਭਾਅ ਦੀ ਹੈ ਅਤੇ ਹੈ ਵੀ ਇਹਦੇ ਤੋਂ ਸੁੰਦਰ। ਇਸਦੀ ਪਤਨੀ ਨੇ ਜ਼ਿਦ ਕਰ ਰੱਖੀ ਐ ਕਿ ਮੈਂ ਤਾਂ ਆਪਣੇ ਕੁਆਰੇ ਦਿਉਰ ਨਾਲ ਹੀ ਰਹਿਣਾ ਹੈ। ਉਹਦਾ ਦਿਉਰ ਸੀ ਵੀ ਚੁਸਤ-ਫੁਰਤ ਤੇ ਡੀਲ ਡੌਲ ਵਾਲਾ। ਸਾਰਾ ਮਾਮਲਾ ਸਮਝ ਵਿੱਚ ਆ ਗਿਆ। ਦੋ-ਚਾਰ ਦਿਨਾਂ ਬਾਅਦ ਭੋਲੇ ਨੂੰ ਹਸਪਤਾਲੋਂ ਛੁੱਟੀ ਮਿਲ ਗਈ। ਇੱਕ ਰਿਸ਼ਤੇਦਾਰ ਭੋਲੇ ਉੱਤੇ ਨਿਗਾਹ ਰੱਖਣ ਲਈ ਹਰ ਵਕਤ ਭੋਲੇ ਕੋਲ ਰਹਿਣ ਲੱਗਾ। ਹੋਰ ਰਿਸ਼ਤੇਦਾਰ, ਆਂਢੀ-ਗੁਆਂਢੀ ਪਤਾ ਲੈ ਲੈ ਮੁੜਦੇ ਰਹੇ। ਮਸਲੇ ਦਾ ਸਭ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਸੀ। ਇਸ ਕਲੇਸ਼ ਨੂੰ ਨਬੇੜਣ ਲਈ ਕਈ ਰਿਸ਼ਤੇਦਾਰਾਂ ਨੇ ਚਾਰਾਜੋਈ ਵੀ ਕੀਤੀ ਪਰ ਅਸਫਲ। ਇੱਕ ਪਾਸੇ ਭੋਲੇ ਦੀ ਪਤਨੀ ਆਪਣੀ ਜ਼ਿਦ ’ਤੇ ਅੜੀ ਹੋਈ ਸੀ ਕਿ ਮੈਂ ਇਸ ਕਮਲੇ ਨਾਲ ਨਹੀਂ ਰਹਿਣਾ, ਦੂਜੇ ਪਾਸੇ ਭੋਲਾ ਮਰਨ ਦੀ ਜਿੱਦ ਦੁਹਰਾਈ ਗਿਆ। ਇੱਕ ਵਾਰੀ ਬਚਾ ਲਿਆ ਤਾਂ ਕੋਈ ਨਾ, ਮੈਂ ਨਹਿਰ ਵਿੱਚ ਡੁੱਬ ਮਰੂੰ ਜਾਂ ਮੌਕਾ ਵੇਖ ਕੇ ਫਾਹਾ ਲਾ ਲਊਂ।

ਗੁਆਂਢ ਵਿੱਚ ਰਹਿੰਦੇ ਇੱਕ ਭੱਦਰ-ਪੁਰਸ਼ ਨੇ ਭੋਲੇ ਨੂੰ ਸਮਝਾਇਆ ਕਿ ਮਰਨਾ ਕੋਈ ਹੱਲ ਨਹੀਂ, ਇਹ ਬੁਜ਼ਦਿਲੀ ਹੈ। ਇਹ ਜੀਵਨ ਵਾਰ ਵਾਰ ਨਹੀਂ ਮਿਲਣਾ। ਆਖਰ ਭੋਲੇ ਨੇ ਮਰਨ ਦਾ ਵਿਚਾਰ ਤਾਂ ਤਿਆਗ ਦਿੱਤਾ ਪਰ ਕਹਿੰਦਾ ਮੈਂ ਕਰਾਂ ਤਾਂ ਕੀ ਕਰਾਂ? ਇੱਕ ਭੱਦਰ ਪੁਰਸ਼ ਨੇ ਭੋਲੇ ਨੂੰ ਰਾਇ ਦਿੱਤੀ ਕਿ ਤੂੰ ਘਰ ਬਾਰ ਹੀ ਛੱਡ ਦੇ ਅਤੇ ਸਾਧ ਬਣ ਜਾ। ਭੱਦਰ ਪੁਰਸ਼ ਨੇ ਭੋਲੇ ਨੂੰ ਦੋ ਭਗਵੇਂ ਰੰਗ ਦੇ ਖੁੱਲ੍ਹੇ-ਡੁੱਲ੍ਹੇ ਚੋਲੇ ਬਣਵਾ ਦਿੱਤੇ। ਦੋ ਚਾਰ ਲੋੜੀਂਦੇ ਭਾਂਡੇ ਦੇ ਕੇ ਨੇੜਲੀ ਗਲੀ ਵਿੱਚ ਬਣੇ ਇੱਕ ਡੇਰੇ ਵਿੱਚ ਜਾ ਮੰਜਾ ਡਾਹਿਆ। ਉਸ ਡੇਰੇ ਵਿੱਚ ਤੁਰਦੇ ਫ਼ਿਰਦੇ ਸਾਧ ਵੀ ਕੁਝ ਦਿਨ ਰਹਿ ਜਾਂਦੇ ਸਨ। ਆਸ-ਪਾਸ ਗਲੀ ਗੁਆਂਢ ਦੀਆਂ ਔਰਤਾਂ ਭੋਲੇ ਲਈ ਰੋਟੀ, ਚਾਹ ਪਾਣੀ ਭੇਜਣ ਦੇ ਨਾਲ ਨਾਲ ਉਸ ਦੀ ਆਓ ਭਗਤ ਵੀ ਕਰ ਛੱਡਦੀਆਂ।

ਸਮਾਂ ਬੀਤਦਾ ਗਿਆ। ਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ਦੇਣੀ ਸ਼ੁਰੂ ਕਰ ਦਿੱਤੀ। ਭਾਵੇਂ ਸਭ ਨੂੰ ਭੋਲੇ ਦੇ ਸਾਧ ਬਣਨ ਦੀ ਅਸਲੀਅਤ ਬਾਰੇ ਪਤਾ ਸੀ ਪ੍ਰੰਤੂ ਫਿਰ ਵੀ ਵਿਹੜੇ ਦੀਆਂ ਅਨਪੜ੍ਹ ਔਰਤਾਂ ਨੂੰ ਮੰਦਬੁੱਧੀ, ਸਿੱਧੜ ਬੰਦੇ ਵਿੱਚੋਂ ‘ਕਰਾਮਾਤੀ ਬਾਬਾ’ ਦਿਖਾਈ ਦੇਣ ਲੱਗਾ। ਔਰਤਾਂ ਨੂੰ ਭਰਮ ਹੋਣ ਲੱਗ ਪਿਆ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸੇ ‘ਕਰਾਮਾਤੀ ਬਾਬੇ’ ਕੋਲ ਹਨ। ਹੈਰਾਨੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਉਸੇ ਦੀ ਪਤਨੀ ਨੇ ਸੰਤਾਨ ਪ੍ਰਾਪਤੀ ਦੇ ਉਪਾਅ ਲਈ ਉਸ ਅੱਗੇ ਜਾ ਮੱਥਾ ਟੇਕਿਆ।

ਹੌਲੀ-ਹੌਲੀ ਔਰਤਾਂ ਨੇ ‘ਕਰਾਮਾਤੀ ਬਾਬੇ’ ਦੀ ‘ਮਹਿਮਾ’ ਗਾਉਣੀ ਸ਼ੁਰੂ ਕਰ ਦਿੱਤੀ।

ਅੱਜ ਕੱਲ੍ਹ ਇਹ ‘ਕਰਾਮਾਤੀ ਬਾਬਾ’ ਨੇੜਲੇ ਇੱਕ ਪਿੰਡ ਦੇ ਡੇਰੇ ਵਿੱਚ ਰਹਿ ਰਿਹਾ ਹੈ। ਲੋਕ ਉਸ ਦੀ ਟਹਿਲ ਸੇਵਾ ਵਿੱਚ ਜੁਟੇ ਰਹਿੰਦੇ ਹਨ। ਇਸ ਸੱਚੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਸਾਡੇ ਅੰਧਵਿਸ਼ਵਾਸੀ ਲੋਕ ਅਤੇ ਕਿਸੇ ਦੇ ਮਾੜੇ ਹਾਲਾਤ ਕਦੋਂ ਅਤੇ ਕਿਵੇਂ ਕਿਸੇ ਨੂੰ ‘ਕਰਾਮਾਤੀ ਬਾਬਾ’ ਬਣਾ ਦਿੰਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4128)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)
 

About the Author

ਕੇ. ਸੀ. ਰੁਪਾਣਾ

ਕੇ. ਸੀ. ਰੁਪਾਣਾ

Village: Rupana, Sri Mukatsar Sahib, Punjab, India.
Phone: (91 - 78140 - 77120)
Email: (kcrupana@gmail.com)